Friday , 19 July 2019
Breaking News
You are here: Home » Editororial Page » ਪਾਣੀ ਦੀ ਸੰਭਾਲ ਤੇ ਬਚਤ ਬਾਰੇ ਕਾਗਜ਼ੀ ਪਹੁੰਚ

ਪਾਣੀ ਦੀ ਸੰਭਾਲ ਤੇ ਬਚਤ ਬਾਰੇ ਕਾਗਜ਼ੀ ਪਹੁੰਚ

ਪੰਜਾਬ ਸਰਕਾਰ ਵੱਲੋਂ ਪਾਣੀ ਦੇ ਸੰਕਟ ਨਾਲ ਨਿਪਟਣ ਲਈ ਕੋਈ ਕਾਰਗਰ ਕਾਰਵਾਈ ਨਹੀਂ ਹੋ ਰਹੀ। ਸਿਰਫ ਬਿਆਨਬਾਜ਼ੀ ਨਾਲ ਇਸ ਗੰਭੀਰ ਸਥਿਤੀ ਨੂੰ ਬਦਿਲਆ ਨਹੀਂ ਜਾ ਸਕਦਾ। ਪਾਣੀ ਦੀ ਸੰਭਾਲ ਅਤੇ ਬਚਤ ਵੱਡੇ ਮੁੱਦੇ ਹਨ। ਦੁੱਖ ਦੀ ਗੱਲ ਤਾਂ ਇਹ ਹੈ ਕਿ ਪੰਜਾਬ ਵਿੱਚ ਪਾਣੀ ਦੇ ਕੁਦਰਤੀ ਸੋਮਿਆਂ ਨੂੰ ਬੇਦਰਦੀ ਨਾਲ ਉਜਾੜਿਆ ਜਾ ਰਿਹਾ ਹੈ। ਦਰਿਆਈ ਪਾਣੀ ਅਤੇ ਧਰਤੀ ਹੇਠਲੇ ਪਾਣੀ ਨੂੰ ਪਲੀਤ ਕਰਨ ਵਾਲਿਆਂ ਖਿਲਾਫ਼ ਹਾਲੇ ਤੱਕ ਕੋਈ ਕਾਰਗਰ ਕਦਮ ਨਹੀਂ ਚੁੱਕੇ ਗਏ। ਪਾਣੀ ਦੀ ਬੇਦਰਦੀ ਨਾਲ ਦੁਰਵਰਤੋਂ ਇਕ ਦੂਸਰਾ ਮਸਲਾ ਹੈ। ਇਸ ਮੁੱਦੇ ‘ਤੇ ਨਾ ਸਰਕਾਰ ਗੰਭੀਰ ਹੈ ਨਾ ਲੋਕ। ਬੇਸ਼ਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਣੀ ਦੀ ਬਰਬਾਦੀ ਵਿਰੁੱਧ ਤਿੱਖਾ ਰੁਖ਼ ਅਪਣਾਉਂਦੇ ਹੋਏ ਇਸ ਅਹਿਮ ਕੁਦਰਤੀ ਸਰੋਤ ਦੀ ਸੰਭਾਲ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਜਾਰੀ ਕੀਤੇ ਹਨ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਪਾਣੀ ਦੇ ਬਿੱਲਾਂ ਦਾ ਭੁਗਤਾਨ ਨਾ ਕਰਨ ਵਾਲਿਆਂ ਲਈ ਦੰਡ ਦੀ ਵਿਵਸਥਾ ਕਰਨ ਦੀ ਵਕਾਲਤ ਕੀਤੀ ਹੈ। ਮੁੱਖ ਮੰਤਰੀ ਨੇ ਅਰਬਨ ਰੀਨਿਉਵਲ ਐਾਡ ਰਿਫੋਰਮਜ ਕੋਂਸਲਟੇਟਿਵ ਗਰੁੱਪ ਦੀ ਦੂਜੀ ਮੀਟਿੰਗ ‘ਚ ਪਾਣੀ ਦੀ ਸੂਬੇ ਵਿੱਚ ਬਹੁਤ ਜ਼ਿਆਦਾ ਕਮੀ ਦੀ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਪਾਣੀ ਦੀ ਬਰਬਾਦੀ ਵਿਰੁੱਧ ਜੰਗ ਸ਼ੁਰੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਸਬੰਧ ‘ਚ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ‘ਤੇ ਜ਼ੋਰ ਦਿੱਤਾ ਗਿਆ ਹੈ। ਇਸ ਮੀਟਿੰਗ ‘ਚ ਸਾਰਾ ਜੋਰ ਇਸ ਗੱਲ ‘ਤੇ ਹੀ ਲਗਾਇਆ ਗਿਆ ਕਿ ਸ਼ਹਿਰਾਂ ਵਿੱਚ ਪਾਣੀ ਦੇ ਬਿਲਾਂ ਦੇ ਬਕਾਏ ਕਿੰਨੇ ਵਸੂਲ ਕੀਤੇ ਜਾਣ ਅਤੇ ਪਾਣੀ ਦੀ ਦੁਰਵਰਤੋਂ ਨੂੰ ਰੋਕਣ ਲਈ ਪਾਣੀ ਮਹਿੰਗਾ ਕੀਤਾ ਜਾਵੇ। ਇਹ ਦੋਵਾਂ ਹੀ ਗੱਲਾਂ ਦਾ ਪਾਣੀ ਦੀ ਸੰਭਾਲ ਅਤੇ ਬਚਤ ਨਾਲ ਕੋਈ ਸਬੰਧ ਨਹੀਂ ਹੈ। ਦੁੱਖ ਦੀ ਗੱਲ ਤਾਂ ਇਹ ਹੈ ਕਿ ਸਰਕਾਰੀ ਦਫ਼ਤਰਾਂ ਵਿੱਚ ਵੀ ਪਾਣੀ ਨੂੰ ਸੰਭਾਲਿਆ ਨਹੀਂ ਜਾ ਰਿਹਾ। ਸ਼ਹਿਰਾਂ ਵਿੱਚ ਪਾਣੀ ਦੇ ਬਿਲਾਂ ਦੀ ਵਸੂਲੀ ਅਤੇ ਪਾਣੀ ਦੀਆਂ ਦਰਾਂ ਵਿੱਚ ਵਾਧੇ ਨਾਲ ਪਾਣੀ ਦੀ ਬਚਤ ਹੋਣ ਦੀ ਕੋਈ ਉਮੀਦ ਨਹੀਂ ਹੈ। ਸਰਕਾਰ ਅਤੇ ਸਰਕਾਰੀ ਵਿਭਾਗ ਇਸ ਮੁੱਦੇ ‘ਤੇ ਹਕੀਕੀ ਪਹੁੰਚ ਨਹੀਂ ਅਪਣਾ ਰਹੀ। ਮੌਜੂਦਾ ਸੰਕਟ ਦੇ ਸਮੇਂ ਵੀ ਸਿਰਫ ਬਿਆਨਬਾਜ਼ੀ ਅਤੇ ਕਾਗ਼ਜ਼ੀ ਪਹੁੰਚ ਨਾਲ ਸਾਰਿਆ ਜਾ ਰਿਹਾ ਹੈ। ਲੋੜ ਇਸ ਗੱਲ ਦੀ ਹੈ ਕਿ ਸਰਕਾਰ ਕੁਦਰਤੀ ਪਾਣੀ ਦੇ ਸੋਮਿਆਂ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਤੁਰੰਤ ਪ੍ਰਭਾਵੀ ਕਦਮ ਚੁੱਕੇ। ਦਰਿਆਈ ਪਾਣੀਆਂ ‘ਚ ਪਾਏ ਜਾ ਰਹੇ ਸੀਵਰੇਜ ਤੁਰੰਤ ਬੰਦ ਕਰਵਾਏ ਜਾਣ। ਇਸੇ ਤਰ੍ਹਾਂ ਕਾਰਖਾਨਿਆਂ ਦਾ ਰਸਾਇਣਕ ਪਾਣੀ ਵੀ ਦਰਿਆਵਾਂ ਨਹਿਰਾਂ ਵਿੱਚ ਪਾਉਣ ‘ਤੇ ਪਾਬੰਦੀ ਲਗਾਈ ਜਾਵੇ। ਧਰਤੀ ਹੇਠਲੇ ਪਾਣੀ ਵਿੱਚ ਰਸਾਇਣ ਮਿਲਾਉਣ ਵਾਲੇ ਕਾਰਖਾਨਿਆਂ ਖਿਲਾਫ਼ ਤੁਰੰਤ ਅਪਰਾਧਕ ਕਾਰਵਾਈ ਕੀਤੀ ਜਾਵੇ। ਇਸ ਦਿਸ਼ਾ ਵਿੱਚ ਹਾਲੇ ਇਕ ਫੀਸਦੀ ਵੀ ਕੰਮ ਨਹੀਂ ਹੋਇਆ। ਪਾਣੀ ਦੇ ਕੁਦਰਤੀ ਸੋਮਿਆਂ ਨੂੰ ਸੰਭਾਲੇ ਤੋਂ ਬਿਨਾਂ ਸਰਕਾਰ ਦੀ ਹਰ ਕਾਰਵਾਈ ਬੇਲੋੜੀ ਹੈ। ਜਿਥੋਂ ਤੱਕ ਪਾਣੀ ਦੀ ਬਚਤ ਦਾ ਸਵਾਲ ਹੈ ਇਸ ਮੁੱਦੇ ‘ਤੇ ਸਖਤੀ ਵਰਤਣੀ ਚਾਹੀਦੀ ਹੈ। ਘਰਾਂ ਨੂੰ ਪਾਣੀ ਦੀ ਸਪਲਾਈ ਦਾ ਬਿੱਲ ਵਰਤੋਂ ਦੇ ਆਧਾਰ ਉੱਪਰ ਆਉਣਾ ਚਾਹੀਦਾ ਹੈ। ਪਾਣੀ ਦੇ ਹਰ ਕੁਨੈਕਸ਼ਨ ‘ਤੇ ਮੀਟਰ ਲਗਾਇਆ ਜਾਵੇ। ਬਿਜਲੀ ਦੀ ਤਰ੍ਹਾਂ ਪਾਣੀ ਦਾ ਵੀ ਦੋਹਰਾ ਹਿਸਾਬ ਰੱਖਿਆ ਜਾਵੇ। ਇਸ ਮਕਸਦ ਲਈ ਸਰਕਾਰ ਤਕਨੀਕੀ ਮਾਹਰਾਂ ਦੀ ਮੱਦਦ ਲੈ ਸਕਦੀ ਹੈ। ਤਕਨੀਕ ਦੀ ਵਰਤੋਂ ਨਾਲ ਪਾਣੀ ਦੀ ਦੁਰਵਰਤੋਂ ਕਰਨ ਵਾਲੇ ਵਿਅਕਤੀਆਂ ਜਾ ਅਦਾਰਿਆਂ ਦਾ ਆਸਾਨੀ ਨਾਲ ਪਤਾ ਲਗਾਇਆ ਜਾ ਸਕਦਾ ਹੈ। ਸਰਕਾਰ ਨੂੰ ਘੱਟੋ-ਘੱਟ ਇਸ ਮੁੱਦੇ ‘ਤੇ ਗੰਭੀਰ ਹੋਣ ਦੀ ਜ਼ਰੂਰਤ ਹੈ। ਮੀਟਿੰਗਾਂ ਦਾ ਸਿਲਸਿਲਾ ਬੰਦ ਕਰਕੇ ਤੁਰੰਤ ਜ਼ਮੀਨੀ ਪੱਧਰ ‘ਤੇ ਕਾਰਜ ਸ਼ੁਰੂ ਕੀਤਾ ਜਾਵੇ।

– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11