Tuesday , 23 April 2019
Breaking News
You are here: Home » INTERNATIONAL NEWS » ਪਾਕਿਸਤਾਨ ਵਿਖੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ

ਪਾਕਿਸਤਾਨ ਵਿਖੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ

ਜੰਗ ਦੀ ਗੱਲ ਹੀ ਨਾ ਕਰੋ, ਗੱਲਬਾਤ ਹਰ ਮਸਲੇ ਦਾ ਹੱਲ : ਇਮਰਾਨ ਖ਼ਾਨ

ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ), 28 ਨਵੰਬਰ – ਪਾਕਿਸਤਾਨ ਦੇ ਵਜ਼ੀਰੇ ਆਜ਼ਮ ਜਨਾਬ ਇਮਰਾਨ ਖ਼ਾਨ ਦੀ ਅਗਵਾਈ ਹੇਠ ਬੁੱਧਵਾਰ ਨੂੰ ਇਥੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਰਸਮੀ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਭਾਰਤ ’ਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ, ਸ਼੍ਰੀ ਹਰਦੀਪ ਸਿੰਘ ਪੁਰੀ, ਭਾਰਤੀ ਪੰਜਾਬ ਦੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿਧੂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸੰਸਦ ਮੈਂਬਰ ਸ. ਗੁਰਜੀਤ ਸਿੰਘ ਔਜਲਾ, ਪਾਕਿਸਤਾਨੀ ਫ਼ੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਸਮੇਤ ਭਾਰਤ ਅਤੇ ਪਾਕਿਸਤਾਨ ਦੇ ਰਾਜਸੀ ਆਗੂ ਤੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ॥ ਭਾਰਤ ਵਾਲੇ ਪਾਸੇ ਇਸ ਲਾਂਘੇ ਦਾ ਨੀਂਹ ਪੱਥਰ ਬੀਤੀ 26 ਨਵੰਬਰ ਨੂੰ ਉਪ-ਰਾਸ਼ਟਰਪਤੀ ਸ੍ਰੀ ਵੈਂਕਈਆ ਨਾਇਡੂ ਵੱਲੋਂ ਰੱਖਿਆ ਗਿਆ ਸੀ। ਦੇਸ਼-ਵਿਦੇਸ਼ ’ਚ ਹਰ ਥਾਂ ’ਤੇ ਇਸ ਪਹਿਲਕਦਮੀ ਦਾ ਸੁਆਗਤ ਕੀਤਾ ਜਾ ਰਿਹਾ ਹੈ। ਇਹ ਲਾਂਘਾ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ’ਚ ਕਰਤਾਰਪੁਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਨੂੰ ਭਾਰਤੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਸ਼ਹਿਰ ਡੇਰਾ ਬਾਬਾ ਨਾਨਕ ਨਾਲ ਜੋੜ ਦੇਵੇਗਾ, ਜਿਥੇ ਸ਼ਰਧਾਲੂ ਬਿਨਾ ਕਿਸੇ ਵੀਜ਼ੇ ਤੇ ਪਾਸਪੋਰਟ ਤੋਂ ਦਰਸ਼ਨਾਂ ਲਈ ਜਾ ਸਕਣਗੇ। ਇਸ ਸਮਾਗਮ ਮੌਕੇ ਪਾਕਿਸਤਾਨ ਵਿਚ ਨੀਂਹ ਪਥਰ ਤੋਂ ਬਾਅਦ ਮਹਿਮਾਨਾਂ ਨੂੰ ਸਟੇਜ ਤੋਂ ਬੋਲਣ ਦਾ ਮੌਕਾ ਦਿੱਤਾ ਗਿਆ। ਇਸ ਤੋਂ ਬਾਅਦ ਪਾਕਿਸਤਾਨੀ ਵਜ਼ੀਰੇ ਆਜ਼ਮ ਜਨਾਬ ਇਮਰਾਨ ਖ਼ਾਨ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਬੇਸ਼ਕ ਭਾਰਤ ਅਤੇ ਪਾਕਿਸਤਾਨ ਕੋਲ ਐਟਮੀ ਸ਼ਕਤੀ ਹੈ ਪ੍ਰੰਤੂ ਫਿਰ ਵੀ ਦੋਹਾਂ ਮੁਲਕਾਂ ਵਿੱਚ ਜੰਗ ਹੋਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਵਿੱਚ ਇਕੋ-ਇਕ ਰਸਤਾ ਪਿਆਰ ਅਤੇ ਅਮਨ ਸ਼ਾਂਤੀ ਦਾ ਹੈ ਤਾਂ ਫਿਰ ਕਿਉਂ ਨਹੀਂ ਪਿਆਰ ਨਾਲ ਗੱਲਬਾਤ ਚਲਾਈ ਜਾਵੇ। ਉਨ੍ਹਾਂ ਨੇ ਆਪਣੇ ਭਾਸ਼ਣ ਦੌਰਾਨ ਸ. ਨਵਜੋਤ ਸਿੱਧੂ ਦਾ ਕਈ ਵਾਰ ਨਾਮ ਲਿਆ। ਉਨ੍ਹਾਂ ਨੇ ਭਾਰਤ ਵਿੱਚ ਪਿਛਲੀ ਫੇਰੀ ਤੋਂ ਬਾਅਦ ਸਿੱਧੂ ਦੀ ਆਲੋਚਨਾ ਕਰਨ ਵਾਲਿਆਂ ਨੂੰ ਵੀ ਕਰਾਰੇ ਹੱਥੀਂ ਲਿਆ। ਉਨ੍ਹਾਂ ਨੇ ਕਿਹਾ ਕਿ ਉਹ ਦੋ ਦਿਨ ਤੋਂ ਵੇਖ ਰਹੇ ਹਨ ਕਿ ਪਾਕਿਸਤਾਨ ਦੇ ਲੋਕ ਸਿਧੂ ਨੂੰ ਕਿੰਨਾ ਪਿਆਰ ਦੇ ਰਹੇ ਹਨ। ਇਸ ਲਈ ਸਿਧੂ ਜੇਕਰ ਇਥੇ ਆ ਕੇ ਚੋਣ ਲੜ ਲੈਣ ਤਾਂ ਕਦੇ ਹਾਰ ਹੀ ਨਹੀਂ ਸਕਦੇ। ਕਾਬਿਲ-ਏ-ਗੌਰ ਹੈ ਕਿ ਖਾਨ ਨੇ ਆਪਣੇ ਗੁਆਂਢੀ ਦੇਸ਼ ਦੀ ਸ਼ਾਨ ਵਿਰੁਧ ਇਕ ਲਫ਼ਜ਼ ਵੀ ਨਾ ਬੋਲਿਆ। ਜਦੋਂ ਕਿ ਭਾਰਤ ਵਿਚ ਨੀਂਹ ਪਥਰ ਰੱਖਣ ਵੇਲੇ ਸਿਆਸਤਦਾਨਾਂ ਨੇ ਪਾਕਿਸਤਾਨ ਨੂੰ ਖ਼ੂਬ ਭੰਡਿਆ ਸੀ।

Comments are closed.

COMING SOON .....


Scroll To Top
11