Friday , 24 May 2019
Breaking News
You are here: Home » EDITORIALS » ਪਾਕਿਸਤਾਨ ਅਤੇ ਭਾਰਤ ਦੇ ਵਪਾਰਕ ਹਿੱਤ

ਪਾਕਿਸਤਾਨ ਅਤੇ ਭਾਰਤ ਦੇ ਵਪਾਰਕ ਹਿੱਤ

ਭਾਰਤ ਅਤੇ ਪਾਕਿਸਤਾਨ ਦਰਮਿਆਨ ਵਪਾਰਕ ਸਬੰਧ ਦਹਾਕਿਆਂ ਬਾਅਦ ਵੀ ਆਮ ਵਰਗੇ ਨਹੀਂ ਹੋ ਸਕੇ। ਭਾਰਤ ਨੇ 1997 ਵਿੱਚ ਪਾਕਿਸਤਾਨ ਨੂੰ ਤਰਜੀਹੀ ਦੇਸ਼ ਦਾ ਦਰਜਾ ਦੇ ਦਿੱਤਾ ਸੀ, ਪ੍ਰੰਤੂ ਪਾਕਿਸਤਾਨ ਅਜਿਹਾ ਕਰਨ ਵਿੱਚ ਅਸਫਲ ਰਿਹਾ ਹੈ। ਪਾਕਿਸਤਾਨ ਨੇ ਪਹਿਲਾਂ ਇਹ ਐਲਾਨ ਕੀਤਾ ਸੀ ਕਿ ਉਸ ਨੇ ਭਾਰਤ ਨੂੰ ਤਰਜੀਹੀ ਦੇਸ਼ ਦਾ ਦਰਜਾ ਦੇਣ ਦਾ ਫੈਸਲਾ ਲਿਆ ਹੈ, ਪ੍ਰੰਤੂ ਬਾਅਦ ਵਿੱਚ ਸਰਕਾਰ ਇਸ ਤੋਂ ਮੁਕਰ ਗਈ। ਜੇਕਰ ਪਾਕਿਸਤਾਨ ਭਾਰਤ ਨੂੰ ਵਪਾਰਕ ਤੌਰ ਤੇ ਤਰਜੀਹੀ ਦੇਸ਼ ਮੰਨ ਲੈਂਦਾ ਹੈ ਤਾਂ ਇਸ ਦਾ ਭਾਰਤ, ਪਾਕਿਸਤਾਨ ਅਤੇ ਸਮੁਚੇ ਦਖਣੀ ਏਸ਼ਿਆਈ ਖਿਤੇ ਨੂੰ ਵੱਡਾ ਲਾਭ ਹੋਵੇਗਾ। ਵਪਾਰਕ ਸਬੰਧਾਂ ਦੇ ਵੱਧਣ ਨਾਲ ਭਾਰਤ- ਪਾਕਿਸਤਾਨ ਰਿਸ਼ਤੇ ਵੀ ਸੁਧਰਨਗੇ, ਜੋ ਇਸ ਖਿਤੇ ਵਿਚ ਅਮਨ-ਸ਼ਾਂਤੀ ਤੇ ਖ਼ੁਸ਼ਹਾਲੀ ਦਾ ਆਧਾਰ ਬਣ ਸਕਦੇ ਹਨ। ਅਸੁਰਖਿਆ ਅਤੇ ਅਸਥਿਰਤਾ ਦੇ ਮਾਹੌਲ ਕਾਰਨ ਹੀ ਇਹ ਖਿਤਾ ਆਪਣੀ ਸਮਰਥਾ ਅਨੁਸਾਰ ਵਿਕਾਸ ਨਹੀਂ ਕਰ ਸਕਿਆ। ਦੋਵੇਂ ਦੇਸ਼ਾਂ ਦਰਮਿਆਨ 1947 ਦੀ ਵੰਡ ਤੋਂ ਬਾਅਦ ਦੋ ਜੰਗਾਂ ਹੋ ਚੁੱਕੀਆਂ ਹਨ, ਹੁਣ ਫਿਰ ਦੋਵੇਂ ਦੇਸ਼ਾਂ ਦਰਮਿਆਨ ਇਕ ਭਿਆਨਕ ਪਰਮਾਣੂ ਜੰਗ ਦਾ ਖਦਸ਼ਾ ਬਣਿਆ ਹੋਇਆ ਹੈ। ਜੇਕਰ ਭਾਰਤ ਅਤੇ ਪਾਕਿਸਤਾਨ ਦਰਮਿਆਨ ਟਕਰਾਅ ਹੁੰਦਾ ਹੈ ਤਾਂ ਤੀਜੀ ਦੁਨੀਆਂ ਭਿਅੰਕਰ ਯੁਧ ਦਾ ਅਖਾੜਾ ਬਣ ਜਾਵੇਗੀ। ਅਮਰੀਕਾ ਅਤੇ ਪਛਮੀ ਦੇਸ਼ ਆਪਣੇ ਫੌਜੀ ਅਤੇ ਵਪਾਰਕ ਮਨਸੂਬਿਆਂ ਲਈ ਭਾਰਤ ਅਤੇ ਪਾਕਿਸਤਾਨ ਦਰਮਿਆਨ ਟਕਰਾਅ ਨੂੰ ਬਣਾਈ ਰੱਖਣਾ ਚਾਹੁੰਦੇ ਹਨ। ਇਸ ਖੇਤਰ ਵਿੱਚ ਹੱਥਿਆਰਾਂ ਦੀ ਦੌੜ ਵੀ ਇਨ੍ਹਾਂ ਦੇਸ਼ਾਂ ਦੇ ਹਿੱਤਾਂ ਕਾਰਨ ਹੀ ਪੈਦਾ ਹੋਈ ਹੈ। ਇਹ ਦੁੱਖ ਦੀ ਗੱਲ ਹੈ ਕਿ ਪਾਕਿਸਤਾਨ ਇਸ ਸਥਿਤੀ ਨੂੰ ਸਮਝ ਨਹੀਂ ਰਿਹਾ ਅਤੇ ਉਸ ਵੱਲੋਂ ਅਮਰੀਕੀ ਨੀਤੀਆਂ ਦੀ ਅੰਨ੍ਹੀ ਪੈਰਵੀ ਕੀਤੀ ਜਾ ਰਹੀ ਹੈ। ਅਮਰੀਕਾ ਅਤੇ ਪੱਛਮੀ ਦੇਸ਼ਾਂ ਨੇ ਭਾਰਤ ਅਤੇ ਪਾਕਿਸਤਾਨ ਦੀ ਵੰਡ ਵੀ ਆਪਣੇ ਇਨ੍ਹਾਂ ਹਿੱਤਾਂ ਨੂੰ ਸਾਹਮਣੇ ਰੱਖਦੇ ਹੋਏ ਕੀਤੀ ਸੀ। ਇਸ ਵੰਡ ਦੇ ਨਤੀਜੇ ਕਾਰਨ ਹੀ ਦੱਖਣੀ ਏਸ਼ੀਆ ਦੇ ਇਹ ਦੇਸ਼ ਆਰਥਿਕ ਤੌਰ ਤੇ ਬੁਰੀ ਤਰ੍ਹਾਂ ਪੱਛੜ ਗਏ ਹਨ। ਜੇਕਰ ਭਾਰਤ ਅਤੇ ਪਾਕਿਸਤਾਨ ਦੀ ਵੰਡ ਨਾ ਹੁੰਦੀ ਤਾਂ ਅੱਜ ਇਸ ਖੇਤਰ ਦੇ ਹਾਲਾਤ ਹੋਰ ਹੋਣੇ ਸਨ। ਇਸ ਸਿਲਸਿਲੇ ਵਿੱਚ ਅਮਰੀਕਾ ਤੇ ਪਛਮੀ ਦੇਸ਼ਾਂ ਦੀਆਂ ਨੀਤੀਆਂ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ, ਤਾਂ ਜੋ ਇਸ ਖਿਤੇ ਨੂੰ ਯੁਧ ਅਤੇ ਸੰਭਾਵਿਤ ਤਬਾਹੀ ਤੋਂ ਬਚਾਇਆ ਜਾ ਸਕੇ। ਇਸ ਖੇਤਰ ਵਿੱਚ ਜੰਗ ਦੀ ਥਾਂ ਵਿਕਾਸ ਦਾ ਮਾਹੌਲ ਬਣਾਉਣ ਲਈ ਸਾਰੇ ਦੇਸ਼ਾਂ ਨੂੰ ਰਲ ਮਿਲ ਕੇ ਉੱਦਮ ਕਰਨਾ ਹੋਵੇਗਾ। ਭਾਰਤ ਅਤੇ ਪਾਕਿਸਤਾਨ ਵਿਚ ਸਬੰਧ ਸੁਧਰਨ ਨਾਲ ਨਾ ਸਿਰਫ਼ ਦਖਣੀ ਏਸ਼ਿਆਈ ਲੋਕਾਂ ਸਗੋਂ ਏਸ਼ੀਆ ਅਤੇ ਤੀਜੇ ਸੰਸਾਰ ਨੂੰ ਭਾਰੀ ਲਾਭ ਹੋਵੇਗਾ। ਇਸ ਨਾਲ ਮੌਜੂਦਾ ਪਛਮੀ ਪ੍ਰਬਲਤਾ ਵਾਲੇ ਇਕ ਧਰੁਵੀ ਸੰਸਾਰ ਦੇ ਬਹੁਧਰੁਵੀ ਸੰਸਾਰ ਵਿਚ ਸ਼ਾਂਤੀਪੂਰਬਕ ਬਦਲ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ। ਭਾਰਤ ਅਤੇ ਪਾਕਿਸਤਾਨ ਵਿਚ ਨਾ ਸਿਰਫ਼ ਕੁਦਰਤੀ ਤੌਰ ‘ਤੇ ਵਿਕਸਤ ਆਰਥਿਕ ਸਾਂਝ ਹੈ ਸਗੋਂ ਭੂਗੋਲਿਕ, ਇਤਿਹਾਸਕ ਅਤੇ ਸਭਿਆਚਾਰਕ ਸਾਂਝ ਵੀ ਹੈ। ਸਚਾਈ ਤਾਂ ਇਹ ਹੈ ਕਿ ਸਮੁਚਾ ਦਖਣੀ ਏਸ਼ੀਆ ਕੁਦਰਤੀ ਤੌਰ ‘ਤੇ ਇਕ ਆਰਥਿਕ ਇਕਾਈ ਵਜੋਂ ਵਿਕਸਿਤ ਹੋਇਆ ਸੀ, ਪ੍ਰੰਤੂ ਬਸਤੀਵਾਦੀ ਅਤੇ ਸਾਮਰਾਜੀ ਤਾਕਤਾਂ ਨੇ ਇਸ ਦੀ ਗੈਰ-ਕੁਦਰਤੀ ਵੰਡ ਕਰ ਦਿਤੀ। ਇਹ ਗੈਰ-ਕੁਦਰਤੀ ਵੰਡ ਹੀ ਇਸ ਖਿਤੇ ਦੇ ਆਰਥਿਕ ਵਿਕਾਸ ਪਖੋਂ ਪਛੜ ਜਾਣ ਦਾ ਮੁਖ ਕਾਰਨ ਬਣ ਗਈ। ਭਾਰਤ ਅਤੇ ਪਾਕਿਸਤਾਨ ਨੂੰ ਇਸ ਸਿਲਸਿਲੇ ਵਿੱਚ ਹੁਣ ਨਵੇਂ ਸਿਰੇ ਤੋਂ ਪਹਿਲਕਦਮੀ ਲੈਣੀ ਚਾਹੀਦੀ ਹੈ ਤਾਂ ਜੋ ਯੂਰਪੀਅਨ ਯੂਨੀਅਨ ਦੀ ਤਰ੍ਹਾਂ ਦਖਣ ਏਸ਼ਿਆਈ ਦੀ ਇੱਕ ਮਜ਼ਬੂਤ ਆਰਥਿਕ ਸੰਘ ਬਣ ਸਕੇ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11