Tuesday , 18 June 2019
Breaking News
You are here: Home » Editororial Page » ਪਰਮਾਤਮਾ ਪ੍ਰੇਮ ’ਚ ਗੂੜ੍ਹੇ ਰੰਗੇ ਭਗਤ ਰਵਿਦਾਸ ਜੀ

ਪਰਮਾਤਮਾ ਪ੍ਰੇਮ ’ਚ ਗੂੜ੍ਹੇ ਰੰਗੇ ਭਗਤ ਰਵਿਦਾਸ ਜੀ

ਪਰਮਾਤਮਾ ਨਾਲ ਪ੍ਰੀਤਿ ਸਦਾ ਹੀ ਵਿਲਖਣ ਤੇ ਵਿਸਮਾਦ ਪੈਦਾ ਕਰਨ ਵਾਲੀ ਹੈ। ਪਰ ਇਸ ਪ੍ਰੀਤਿ ’ਚ ਭਿਜ ਕੇ ਜਦੋਂ ਆਪਣੀ ਹੋਂਦ ਹੀ ਅਭੇਦ ਕਰ ਦਿਤੀ ਜਾਵੇ ਤਾਂ ਇਕ ਸਤਰੰਗੀ ਸੂਰਜ ਮਨੁਖਤਾ ਦੇ ਗਗਨ ਤੇ ਉਦੈ ਹੁੰਦਾ ਹੈ ਤੇ ਪੂਰੀ ਕਾਇਨਾਤ ਰੰਗੀ ਜਾਂਦੀ ਹੈ। ਭਗਤ ਰਵਿਦਾਸ ਜੀ ਭਗਤੀ ਦੇ ਆਕਾਸ਼ ਤੇ ਅਜਿਹੇ ਹੀ ਸਤਰੰਗੀ ਸੂਰਜ ਹਨ ਜੋ ਕਦੇ ਅਸਤ ਨਾ ਹੋਣ ਵਾਲੇ ਤੇ ਧਰਮ ਦੀ ਰਾਹ ਤੇ ਚਲਣ ਵਾਲੇ ਹਰ ਮਨ ਨੂੰ ਰੰਗ ਰਹੇ ਹਨ। ਭਗਤ ਰਵਿਦਾਸ ਜੀ ਭਗਤੀ ਦੇ ਸ਼ਿਖਰ ਤੇ ਜਾ ਪੁਜੇ ਸਨ ਜਿਥੇ ਪਰਮਾਤਮਾ ਤੇ ਭਗਤ ਵਿਚਕਾਰ ਕੋਈ ਦੂਰੀ ਨਹੀਂ ਰਹਿੰਦੀ “ ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ। ਇਹ ਸੰਸਾਰ ਅੰਦਰ ਦੁਰਲਭ ਪ੍ਰਾਪਤੀ ਹੈ ਜੋ ਕਿਸੇ ਵਿਰਲੇ ਵਡਭਾਗੀ ਹਿਸੇ ਹੀ ਆਉਂਦੀ ਹੈ। ਆਮ ਮਨੁਖ ਮਾਇਆ ਦੇ ਹਨੇਰੇ ਖੂਹ ਅੰਦਰ ਭਟਕਦਾ ਰਹਿੰਦਾ ਹੈ। ਉਸ ਨੂੰ ਉਬਰਨ ਦੀ ਰਾਹ ਹੀ ਨਹੀਂ ਵਿਖਾਈ ਦਿੰਦੀ ਐਸੇ ਮੇਰਾ ਮਨੁ ਬਿਖਿਆ ਬਿਮੋਹਿਆ ਕਛੁ ਆਰਾ ਪਾਰੁ ਨ ਸੂਝ । ਪਰਮਾਤਮਾ ਜਿਸ ਤੇ ਮਿਹਰ ਕਰਦਾ ਹੈ ਉਸ ਨੂੰ ਧਰਮ ਦਾ ਪੈਂਡਾ ਪ੍ਰਤਖ ਹੋ ਜਾਂਦਾ ਹੈ। ਭਗਤ ਰਵਿਦਾਸ ਜੀ ਧੁਰੋਂ ਹੀ ਇਲਾਹੀ ਦ੍ਰਿਸ਼ਟੀ ਨਾਲ ਨਿਵਾਜੇ ਹੋਏ ਸੰਸਾਰ ਅੰਦਰ ਆਏ ਸਨ “ ਮੇਰੇ ਰਮਈਏ ਰੰਗੁ ਮਜੀਠ ਕਾ ਕਹੁ ਰਵਿਦਾਸ ਚਮਾਰ।
ਭਗਤ ਰਵਿਦਾਸ ਜੀ ਦਾ ਜਨਮ ਉਤਰ ਭਾਰਤ ਦੇ ਪ੍ਰਮੁਖ ਧਾਰਮਕ ਨਗਰ ਬਨਾਰਸ ਵਿਖੇ ਹੋਇਆ ਸੀ। ਆਪ ਨੂੰ ਬਾਲ ਅਵਸਥਾ ’ਚ ਹੀ ਪ੍ਰਸਿਧ ਸੰਤ ਰਾਮਾਨੰਦ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦਾ ਸੁਭਾਗ ਮਿਲਿਆ। ਭਗਤ ਜੀ ਦਾ ਪਰਿਵਾਰ ਚਮੜੇ ਦੇ ਕੰਮ ‘ਚ ਲਗਿਆ ਹੋਇਆ ਸੀ। ਪਰ ਉਨ੍ਹਾਂ ਦਾ ਮਨ ਪਰਮਾਤਮਾ ਦੇ ਸਿਮਰਨ ‘ਚ ਹੀ ਲਗਦਾ। ਆਪ ਸੰਤਾਂ , ਸਾਧੂਆਂ ਦੀ ਸੇਵਾ ਕਰ ਬਹੁਤੇ ਪ੍ਰਸੰਨ ਹੁੰਦੇ। ਆਪਣੀ ਅਧਿਆਤਮਕ ਬਿਰਤੀ ਕਾਰਨ ਭਗਤ ਰਵਿਦਾਸ ਜੀ ਪਰਿਵਾਰ ਤੋਂ ਵਖ ਹੋ ਕੇ ਆਪਣੀ ਪਤਨੀ ਨਾਲ ਇਕ ਨਿਕੀ ਜਿਹੀ ਕੁਟਿਆ ‘ਚ ਰਹਿਣ ਲਗ ਪਏ . ਕੁਟਿਆ ਦੇ ਬਾਹਰ ਆਪ ਨੇ ਜੁਤੀਆਂ ਗੰਢਨ ਦੀ ਦੁਕਾਨ ਖੋਲ ਲਈ। ਆਪ ਈਮਾਨਦਾਰੀ ਦੀ ਕਿਰਤ ਵੀ ਕਰਦੇ ਤੇ ਪਰਮਾਤਮਾ ਦਾ ਸਿਮਰਨ ਵੀ। ਆਪਣੀ ਭਗਤੀ ਲਈ ਭਗਤ ਜੀ ਦਾ ਦੂਰ ਦੂਰ ਤਕ ਸਤਿਕਾਰ ਹੋਣ ਲਗ ਪਿਆ ਤੇ ਲੋਗ ਆਪ ਦੀ ਨਿਮਰਤਾ ਤੇ ਸੁਹਿਰਦਤਾ ਦੇ ਕਾਇਲ ਹੋਣ ਲਗ ਪਏ। ਆਪ ਦਾ ਜੀਵਨ ਪਰਮਾਤਮਾ ਨੂੰ ਸਮਰਪਿਤ ਹੋ ਭਗਤੀ ਦਾ ਪ੍ਰੇਰਨਾ ਸ੍ਰੋਤ ਬਣ ਗਿਆ।
ਚਿਤ ਸਿਮਰਨੁ ਕਰਉ ਨੈਨ ਅਵਿਲੋਕਨੋ ਸ੍ਰਵਣ ਬਾਨੀ ਸੁਜਸੁ ਪੂਰਿ ਰਾਖਉ॥
ਮਨੁ ਸੁ ਮਧੁਕਰੁ ਕਰਉ ਚਰਨ ਹਿਰਦੇ ਧਰਉ ਰਸਨ ਅੰਮ੍ਰਿਤ ਰਾਮ ਨਾਮ ਭਾਖਉ॥ ( ਪੰਨਾ 694)
ਇਹ ਪਰਮਾਤਮਾ ਦੀ ਭਗਤੀ ਦੀ ਵਿਲਖਣ ਵਿਧੀ ਸੀ। ਮਨ ਤੇ ਤਨ ਦੁਹਾਂ ਦੇ ਸੰਜੋਗ ਨਾਲ ਪਰਮਾਤਮਾ ਦੀ ਅਰਾਧਨਾ ਜੀਵਨ ਦੀ ਅਭਿੰਨ ਅਵਸਥਾ ਬਣ ਗਈ। ਭਗਤ ਰਵਿਦਾਸ ਜੀ ਲਈ ਪਰਮਾਤਮਾ ਭਗਤੀ ਸਭ ਤੋਂ ਅਨਮੋਲ ਸੀ “ ਮੈ ਤਉ ਮੋਲਿ ਮਹਗੀ ਲਈ ਜੀਅ ਸਟੇ “। ਜਿਸ ਨੂੰ ਇਸ ਦਾ ਮੋਲ ਗਿਆਤ ਹੋ ਜਾਂਦਾ ਹੈ ਉਸ ਦੇ ਮਨ ਦੀਆਂ ਸਾਰੀਆਂ ਕਾਮਨਾਵਾਂ ਸ਼ਾਂਤ ਹੋ ਜਾਂਦੀਆਂ ਹਨ ਤੇ ਸੰਸਾਰ ਦਾ ਸਚ ਵਿਖਾਈ ਦੇਣ ਲਗਦਾ ਹੈ “ ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ “। ਭਗਤ ਸਾਹਿਬ ਦੀ ਬਾਣੀ ਸੁਣ ਕੇ ਲੋਕਾਂ ਨੂੰ ਆਤਮਕ ਤ੍ਰਿਪਤੀ ਪ੍ਰਾਪਤ ਹੁੰਦੀ ਤੇ ਜੀਵਨ ਅੰਦਰ ਧਰਮ ਦੀ ਪ੍ਰੇਰਨਾ ਮਿਲਦੀ। ਬਨਾਰਸ ਧਾਰਮਕ ਵਿਦਵਾਨਾਂ ਤੇ ਗਿਆਨਵਾਨ ਲੋਕਾਂ ਨਾਲ ਭਰਿਆ ਪਿਆ ਸੀ ਪਰ ਭਗਤ ਰਵਿਦਾਸ ਜੀ ਦੀ ਗਿਣਤੀ ਸ਼ਿਰੋਮਣੀ ਸੰਤਾਂ ‘ਚ ਹੋਣ ਲਗ ਪਈ। ਆਪ ਸਮਾਜਕ ਤੌਰ ਤੇ ਭਾਵੇਂ ਕਥਿਤ ਨੀਚ ਮੰਨੀ ਜਾਣ ਵਾਲੀ ਜਾਤ ਤੋਂ ਸਨ ਪਰ ਉਚੀਆਂ ਮੰਨੀਆਂ ਜਾਣ ਵਾਲੀਆਂ ਜਾਤਾਂ ਦੇ ਲੋਗ ਵੀ ਵਡੀ ਤਦਾਦ ‘ਚ ਆਪ ਦੇ ਸ਼ਰਧਾਵਾਨ ਤੇ ਅਨੁਆਈ ਬਣ ਗਏ ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ। ਭਗਤ ਜੀ ਭਜਨ ਬੰਦਗੀ ਕਰਦਿਆਂ ਜਿੰਨਾ ਕਮਾ ਪਾਉਂਦੇ ਉਸ ਨਾਲ ਘਰ ਬਾਰ ਮੁਸ਼ਕਲ ਨਾਲ ਹੀ ਚਲਦਾ। ਇਹ ਵੇਖ ਕੇ ਇਕ ਸ਼ਰਧਾਲੂ ਆਪ ਕੋਲ ਬਿਨਾ ਦਸੀਆਂ ਪਾਰਸ ਪਥਰ ਛਡ ਗਿਆ। ਉਸ ਦਾ ਖਿਆਲ ਸੀ ਕਿ ਭਗਤ ਰਵਿਦਾਸ ਜੀ ਦੀ ਗਰੀਬੀ ਪਾਰਸ ਪਥਰ ਨਾਲ ਦੂਰ ਹੋ ਜਾਏਗੀ। ਕਹਿੰਦੇ ਹਨ ਕਿ ਸਾਲ ਭਰ ਬਾਅਦ ਜਦੋਂ ਉਹ ਵਾਪਸ ਆਇਆ ਤਾਂ ਭਗਤ ਜੀ ਦੀ ਉਹੀ ਦਸ਼ਾ ਵੇਖ ਕੇ ਹੈਰਾਨ ਰਹਿ ਗਿਆ। ਉਸ ਨੂੰ ਲਗਿਆ ਕਿ ਸ਼ਾਇਦ ਭਗਤ ਜੀ ਦੀ ਨਜਰ ਪਾਰਸ ਤੇ ਨਾ ਪਈ ਹੋਵੇਗੀ। ਜਦੋਂ ਉਸ ਸ਼ਰਧਾਲੂ ਨੇ ਭਗਤ ਜੀ ਦੇ ਦਰਸ਼ਨ ਕੀਤੇ ਤਾਂ ਭਗਤ ਜੀ ਨੇ ਕੋਲੋਂ ਉਹ ਪਥਰ ਕਢ੍ਹ ਕੇ ਉਸ ਨੂੰ ਦਿੰਦਿਆਂ ਕਿਹਾ ਕਿ ਤੁਸੀਂ ਇਹ ਬੇਸ਼ਕੀਮਤੀ ਪਥਰ ਇਥੇ ਭੁਲ ਗਏ ਸੀ। ਉਸ ਸ਼ਰਧਾਲੂ ਨੂੰ ਭਗਤ ਰਵਿਦਾਸ ਜੀ ਅੰਦਰ ਪਰਮਾਤਮਾ ਦੀ ਜੋਤ ਦੇ ਦਰਸ਼ਨ ਹੋਏ ਤੇ ਉਹ ਨਿਹਾਲ ਹੋ ਗਿਆ।
ਭਗਤ ਰਵਿਦਾਸ ਦੇ ਸ਼ਰਧਾਲੂ ਅਨੁਆਈਆਂ ’ਚ ਚਿਤੌੜ ਦੀ ਮਹਾਰਾਨੀ ਤੇ ਮਹਾਰਾਜਾ ਦਾ ਨਾਮ ਵੀ ਸ਼ਾਮਲ ਮਿਲਦਾ ਹੈ। ਭਗਤ ਜੀ ਰਾਜ ਪਰਿਵਾਰ ਦੇ ਸਦੇ ਤੇ ਚਿਤੌੜ ਗਏ ਤਾਂ ਕੁਲੀਨ ਹੋਣ ਦਾ ਹੰਕਾਰ ਨਾਲ ਭਰੇ ਬ੍ਰਾਹਮਣਾਂ ਨੇ ਆਪ ਨਾਲ ਪੰਗਤ ‘ਚ ਬਹਿ ਕੇ ਭੋਜਨ ਕਰਨ ਤੋਂ ਇਨਕਾਰ ਕਰ ਦਿਤਾ। ਨਿਮਰਤਾ ਦੀ ਮੂਰਤ ਭਗਤ ਰਵਿਦਾਸ ਜੀ ਆਪ ਹੀ ਉਸ ਭੋਜ ‘ਚ ਸ਼ਾਮਲ ਨਹੀਂ ਹੋਏ। ਜਦੋਂ ਸਾਰੇ ਬ੍ਰਾਹਮਣ ਭੋਜਨ ਕਰਨ ਬੈਠੇ ਤਾਂ ਹਰ ਦੂਜਾ ਵਿਅਕਤੀ ਭਗਤ ਰਵਿਦਾਸ ਜੀ ਨਜਰ ਆਉਣ ਲਗ ਪਿਆ। ਇਹ ਭਗਤ ਰਵਿਦਾਸ ਜੀ ਦੀ ਰੂਹਾਨੀਅਤ ਦਾ ਸਭ ਤੋਂ ਵਡਾ ਪ੍ਰਮਾਣ ਸੀ ਜਿਸ ਨੇ ਸਾਰੀਆਂ ਸ਼ੰਕਾਵਾਂ ਦੀ ਨਿਵਰਤੀ ਕਰ ਦਿਤੀ। ਕਹਿੰਦੇ ਹਨ ਪ੍ਰੇਮ ਭਗਤੀ ਦੀ ਪ੍ਰਤੀਕ ਮੀਰਾ ਬਾਈ ਆਪ ਦੀ ਹੀ ਅਨੁਆਈ ਸੀ। ਆਪ ਬਨਾਰਸ ਅੰਦਰ ਧਰਮ ਦੀ ਧੁਜਾ ਫਹਿਰਾਉਂਦੇ ਰਹੇ ਤੇ ਸਮਾਜਕ ਬੁਰਿਆਈਆਂ ਵਿਰੁਧ ਚੇਤਨਾ ਜਗਾਉਣ ‘ਚ ਮਹਤਵਪੂਰਨ ਭੂਮਿਕਾ ਨਿਭਾਈ।
ਆਪ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਸੁਸ਼ੋਭਿਤ ਅਨਮੋਲ ਬਾਣੀ ਨਿਮਾਨਤਾ, ਪ੍ਰੇਮ ਤੇ ਸਮਰਪਣ ਦਾ ਸੁਨੇਹਾ ਦੇਣ ਵਾਲੀ ਹੈ। ਅਨੇਕਾਂ ਜੂਨੀਆਂ ’ਚ ਭਟਕਨ ਤੋਂ ਬਾਅਦ ਮਿਲਿਆ ਮਨੁਖੀ ਜੀਵਨ ਭਗਤ ਰਵਿਦਾਸ ਜੀ ਅਨੁਸਾਰ ਪਰਮਾਤਮਾ ਦੀ ਭਗਤੀ ਲਈ ਹੈ “ ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਰਾੇ ਲੇਖੇ “। ਮਨੁਖੀ ਜੀਵਨ ਦਾ ਮਨੋਰਥ ਹੀ ਪਰਮਾਤਮਾ ਨਾਲ ਮੇਲ ਹੈ। ਇਸ ਮਨੋਰਥ ਨੂੰ ਹਾਸਲ ਕਰਨਾ ਸੌਖਾ ਨਹੀਂ ਕਿਉਂਕਿ ਮਨੁਖ ਤਾਂ ਅਗਿਆਨਤਾ ਤੇ ਮਾਇਆ ਦੇ , ਵਿਕਾਰਾਂ ਦੇ ਮੋਹ ‘ਚ ਫਸਿਆ ਹੋਇਆ ਹੈ ਨਾਥ ਕਛੂਅ ਨ ਜਾਨਉ , ਮਨੁ ਮਾਇਆ ਕੈ ਹਾਥਿ ਬਿਕਨਉ। ਅਗਿਆਨਤਾ ਤੋਂ ਨਿਕਲਣ ਤੇ ਮੋਹ , ਵਿਕਾਰਾਂ ਤੋਂ ਪਾਰ ਪਾਉਣ ਦਾ ਨਿਦਾਨ ਪਰਮਾਤਮਾ ਦੀ ਸ਼ਰਨ ਅੰਦਰ ਹੀ ਹੈ “ ਕਹਿ ਰਵਿਦਾਸ ਕਹਾ ਕੈਸੇ ਕੀਜੈ, ਬਿਨੁ ਰਘੁਨਾਥ ਸਰਨਿ ਕਾ ਕੀ ਲੀਜੈ “। ਮਨੁਖ ਕੋਲ ਦੂਜਾ ਕੋਈ ਨਿਦਾਨ ਨਹੀਂ ਹੈ। ਭਰਮ ‘ਚ ਪਿਆ ਹੋਇਆ ਮਨੁਖ ਪਰਮਾਤਮਾ ਨੂੰ ਵਿਸਾਰ ਕੇ ਹੋਰ ਥਾਵਾਂ ਤੇ ਭਟਕਦਾ ਰਹਿੰਦਾ ਹੈ ਤੇ ਵਡੇ ਭਾਗਾਂ ਨਾਲ ਮਿਲਿਆ ਜੀਵਨ ਬਿਰਥਾ ਗੁਆ ਦਿੰਦਾ ਹੈ “ ਦੁਲਭ ਜਨਮੁ ਪੁੰਨ ਫਲ ਪਾਇਓ ਬਿਰਥਾ ਜਾਤ ਅਬਿਬੇਕੈ “। ਭਗਤ ਜੀ ਨੇ ਮਨੁਖ ਜੋਨੀ ਦੀ ਵਿਖਾਇਆ ਕਰਦਿਆਂ ਵਚਨ ਕੀਤੇ ਕਿ ਮਨੁਖ ਦਾ ਤਨ ਜਲ ਦੀਆਂ ਕੰਧਾਂ , ਪਵਨ ਦੇ ਥੰਮਾਂ ਤੇ ਮਾਤਾ ਦੇ ਰਕਤ , ਪਿਤਾ ਦੇ ਵੀਰਜ ਦੇ ਗਾਰੇ – ਮਸਾਲੇ ਨਾਲ ਬਣਿਆ ਹੈ। ਇਸ ਅੰਦਰ ਹਡੀਆਂ ਤੇ ਮਾਸ ਦਾ ਪਿੰਜਰ ਬਣਾ ਕੇ ਪਰਮਾਤਮਾ ਨੇ ਜੀਵ ਆਤਮਾ ਨੂੰ ਟਿਕਾ ਦਿਤਾ ਹੈ। ਜਿਸ ਤਨ ਨੂੰ ਮਨੁਖ ਆਪਣਾ ਕਰ ਕੇ ਮੰਨ ਰਿਹਾ ਹੈ ਉਸ ਅੰਦਰ ਕੁਝ ਵੀ ਉਸ ਦਾ ਨਹੀਂ ਹੈ। ਫਿਰ ਕਿਸ ਗਲ ਦਾ ਮਾਣ – ਹੰਕਾਰ। ਤਨ ਨੇ ਤਾਂ ਅੰਤ ਭਸਮ ਦਾ ਢੇਰ ਹੋ ਜਾਣਾ ਹੈ “ ਇਹੁ ਤਨੁ ਹੋਇਗੋ ਭਸਮ ਕੀ ਢੇਰੀ“। ਭਗਤ ਜੀ ਨੇ ਜਾਤ , ਵਰਣ ਦੇ ਹੰਕਾਰ ਨੂੰ ਵੀ ਨਿਸ਼ਾਨੇ ਤੇ ਲੈਂਦੀਆਂ ਵਚਨ ਕੀਤੇ ਕਿ ਸ੍ਰੇਸ਼ਟਤਾਈ ਤਾਂ ਪਰਮਾਤਮਾ ਦੀ ਸ਼ਰਨ ਤੇ ਮਿਹਰ ‘ਚ ਹੈ “ ਮੇਰੀ ਜਾਤਿ ਕਮੀਨੀ ਪਾਂਤਿ ਕਮੀਨੀ ਓਛਾ ਜਨਮੁ ਹਮਾਰਾ , ਤੁਮ ਸਰਨਾਗਤਿ ਰਾਜਾ ਰਾਮਚੰਦ ਕਹਿ ਰਵਿਦਾਸ ਚਮਾਰਾ “। ਭਗਤ ਜੀ ਨੇ ਧਨ ਦੌਲਤ , ਜਾਇਦਾਦ ਤੇ ਮਾਣ ਕਰਨ ਨੂੰ ਵੀ ਮੂੜ੍ਹਤਾ ਦੀ ਨਿਸ਼ਾਨੀ ਦਸਦਿਆਂ ਕਿਹਾ ਕਿ ਅੰਤ ਜਮੀਨ ਦਾ ਨਿਕਾ ਜਿਹਾ ਹਿਸਾ ਹੀ ਨਸੀਬ ਹੋਣਾ ਹੈ “ ਸਾਢੇ ਤੀਨਿ ਹਾਥ ਤੇਰੀ ਸੀਵਾਂ “। ਪਾਖੰਡ ਭੋਗ ਵਿਲਾਸ ਵੀ ਜੀਵਨ ਮਨੋਰਥ ‘ਚ ਸਹਾਈ ਨਹੀ ਹਨ “ ਉਚੇ ਮੰਦਰ ਸੁੰਦਰ ਨਾਰੀ , ਰਾਮ ਨਾਮ ਬਿਨੁ ਬਾਜੀ ਹਾਰੀ “। ਜੀਵਨ ਸਫਲਤਾ ਦੀ ਰਾਹ ਪਰਮਾਤਮਾ ਦੀ ਪ੍ਰੇਮ ਭਗਤੀ ਤੋਂ ਹੀ ਨਿਕਲਦੀ ਹੈ।
ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ॥
ਤੁਮ ਸਿਉ ਜੋਰਿ ਅਵਰ ਸੰਗਿ ਤੋਰੀ॥
( ਪੰਨਾ 659)
ਸੰਸਾਰ ਨਾਲ ਪ੍ਰੀਤਿ ਝੂਠੀ ਹੈ ਜੋ ਜੀਵਨ ਖੁਆਰ ਕਰਦੀ ਹੈ। ਇਸ ਨੂੰ ਤੋੜ ਕੇ ਹੀ ਪਰਮਾਤਮਾ ਨਾਲ ਪ੍ਰੀਤਿ ਬਣਦੀ ਹੈ। ਪਰਮਾਤਮਾ ਨੂੰ ਪਰਵਤ ਮੰਨ ਕੇ ਮਨੁਖ ਮੋਰ ਬਣ ਜਾਏ , ਪਰਮਾਤਮਾ ਨੂੰ ਚੰਨ ਮੰਨ ਕੇ ਮਨੁਖ ਚਕੋਰ ਬਣ ਜਾਏ , ਪਰਮਾਤਮਾ ਨੂੰ ਦੀਵਾ ਮੰਨ ਕੇ ਮਨੁਖ ਉਸ ਦੀ ਬਤੀ ਬਣ ਜਾਏ , ਪਰਮਾਤਮਾ ਨੂੰ ਤੀਰਥ ਮੰਨ ਕੇ ਮਨੁਖ ਤੀਰਥ ਯਾਤਰੀ ਬਣ ਜਾਏ। ਮਨੁਖ ਇਸ ਅਵਸਥਾ ਤੋਂ ਵੀ ਅਗੇ ਵਧ ਕੇ ਆਪਣੇ ਆਪ ਨੂੰ ਪਰਮਾਤਮਾ ‘ਚ ਲੀਨ ਕਰ ਦੇਵੇ “ ਅਨਲ ਅਗਮ ਜੈਸੇ ਲਹਰਿ ਮਇ ਓਦਧਿ ਜਲ ਕੇਵਲ ਮਾਂਹੀ “। ਮਨੁਖੀ ਜੀਵਨ ਭਾਂਵੇ ਵਖ ਵਿਖਾਈ ਦਿੰਦਾ ਹੋਵੇ ਪਰ ਪਰਮਾਤਮਾ ‘ਚ ਅਭੇਦ ਹੋ ਜਾਵੇ ਜਿਵੇਂ ਤੇਜ ਹਵਾਵਾਂ ਕਾਰਨ ਸਾਗਰ ਅੰਦਰ ਲਹਿਰਾਂ ਉਠਦੀਆਂ ਹਨ ਪਰ ਉਹ ਜਲ ਹੀ ਹਨ ਤੇ ਜਲ ‘ਚ ਹੀ ਸਮੋ ਜਾਂਦੀਆਂ ਹਨ। ਭਗਤ ਰਵਿਦਾਸ ਜੀ ਮਨੁਖ ਨੂੰ ਉਸ ਅਵਸਥਾ ਅੰਦਰ ਲਿਜਾਣਾ ਚਾਹੁੰਦੇ ਸਨ ਜਦੋਂ ਇਹ ਅਹਿਸਾਸ ਜਨਮ ਲਵੇ ਕਿ “ ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ “। ਭਗਤ ਰਵਿਦਾਸ ਜੀ ਨੇ 120 ਵਰ੍ਹੇ ਆਯੁ ਭੋਗੀ ਤੇ ਅਧਿਆਤਮਕ ਜਗਤ ਨੂੰ ਆਪਣੀ ਬਾਣੀ ਰਾਹੀਂ ਸਦੀਵੀ ਪ੍ਰਕਾਸ਼ਮਾਨ ਕਰਨ ਦਾ ਉਪਕਾਰ ਕੀਤਾ। ਗੁਰੂ ਅਰਜਨ ਸਾਹਿਬ ਨੇ ਭਗਤ ਜੀ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਸ਼ਾਮਲ ਕਰ ਅਦੁਤੀ ਸਨਮਾਨ ਬਖਸ਼ਿਆ।

Comments are closed.

COMING SOON .....


Scroll To Top
11