Thursday , 27 June 2019
Breaking News
You are here: Home » Carrier » ਪਟਿਆਲਾ ਵਿੱਚ ਏਅਰੋਨੋਟਿਕਲ ਇੰਜਨੀਅਰਿੰਗ ਕਾਲਜ ਦੀ ਸਥਾਪਨਾ ਲਈ ਰਾਹ ਪੱਧਰਾ

ਪਟਿਆਲਾ ਵਿੱਚ ਏਅਰੋਨੋਟਿਕਲ ਇੰਜਨੀਅਰਿੰਗ ਕਾਲਜ ਦੀ ਸਥਾਪਨਾ ਲਈ ਰਾਹ ਪੱਧਰਾ

ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਹੋਇਆ ਸਮਝੌਤਾ ਸਹੀਬੰਦ

ਚੰਡੀਗੜ੍ਹ, 17 ਅਪ੍ਰੈਲ- ਅੱਜ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਸਮਝੌਤਾ ਸਹੀਬੰਦ (ਐਮ.ਓ.ਯੂ.) ਹੋਣ ਨਾਲ ਪਟਿਆਲਾ ਵਿੱਚ ਪੰਜਾਬ ਸਟੇਟ ਏਅਰੋਨੋਟਿਕਲ ਇੰਜਨੀਅਰਿੰਗ ਕਾਲਜ (ਪੀ.ਐਸ.ਏ.ਈ.ਸੀ) ਦੀ ਸਥਾਪਨਾ ਲਈ ਰਾਹ ਪਧਰਾ ਹੋ ਗਿਆ ਹੈ। ਇਹ ਐਮ.ਓ.ਯੂ. ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ ਬਠਿੰਡਾ ਅਤੇ ਪੰਜਾਬ ਰਾਜ ਸ਼ਹਿਰੀ ਹਵਾਬਾਜ਼ੀ ਕੌਂਸਲ ਦਰਮਿਆਨ ਹੋਇਆ ਜਿਸ ਤਹਿਤ ਪੀ.ਐਸ.ਏ.ਈ.ਸੀ. ਨੂੰ ਮਹਾਰਾਜ ਰਣਜੀਤ ਸਿੰਘ ਤਕਨੀਕੀ ਯੂਨੀਵਰਸਿਟੀ ਦੇ ਕਾਂਸਟੀਚੂਐਂਟ ਕਾਲਜ ਬਣਾਉਣ ਵਜੋਂ ਸਥਾਪਤ ਕਰਨ ਲਈ ਦੋਵੇਂ ਧਿਰਾਂ ਆਪਸੀ ਸਹਿਯੋਗ ਨਾਲ ਕੰਮ ਕਰਨਗੀਆਂ। ਇਸ ਸਮਝੌਤੇ ’ਤੇ ਸਕਤਰ ਸ਼ਹਿਰੀ ਹਵਾਬਾਜ਼ੀ-ਕਮ-ਚੇਅਰਮੈਨ ਐਗਜ਼ੈਕਟਿਵ ਕਮੇਟੀ ਸ਼ਹਿਰੀ ਹਵਾਬਾਜ਼ੀ ਕੌਂਸਲ ਤੇਜਵੀਰ ਸਿੰਘ ਅਤੇ ਮਹਾਰਾਜਾ ਰਣਜੀਤ ਸਿੰਘ ਤਕਨੀਕੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮੋਹਨ ਪਾਲ ਸਿੰਘ ਈਸ਼ਰ ਸਿੰਘ ਨੇ ਹਸਤਾਖਰ ਕੀਤੇ। ਇਸ ਮੌਕੇ ਮੁਖ ਮੰਤਰੀ ਨੇ ਭਰੋਸਾ ਦਿੱਤਾ ਕਿ ਇਸ ਤਜਵੀਜ਼ਤ ਸੰਸਥਾ ਨੂੰ ਮੁਲਕ ਦੇ ਮੋਹਰੀ ਏਅਰਨੋਟੀਕਲ ਇੰਜਨੀਅਰਿੰਗ ਕਾਲਜ ਵਜੋਂ ਵਿਕਸਤ ਕਰਨ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕਾਲਜ ਪਟਿਆਲਾ ਏਵੀਏਸ਼ਨ ਕਲਬ ਨਾਲ ਬਣਨ ਕਰਕੇ ਵਿਦਿਆਰਥੀਆਂ ਨੂੰ ਵਿਹਾਰਕ ਗਿਆਨ ਅਤੇ ਉਡਾਨ ਦੇ ਤਜਰਬੇ ਲਈ ਬਿਹਤਰ ਮੌਕੇ ਹਾਸਲ ਹੋਣਗੇ। ਇਸ ਸਮਝੌਤੇ ਤਹਿਤ ਪਟਿਆਲਾ ਹਵਾਈ ਅੱਡਾ ਹਵਾਈ ਖੇਤਰ ਖਾਸ ਕਰਕੇ ਪੰਜਾਬ ਸਟੇਟ ਏਅਰੋਨੋਟਿਕਲ ਇੰਜਨੀਅਰਿੰਗ ਕਾਲਜ ਵਿਖੇ ਸਿਖਲਾਈ ਸਹੂਲਤਾਂ ਵਿਕਸਤ ਕਰਨ ਲਈ ਆਪਸੀ ਸਾਂਝ ਕਾਇਮ ਕੀਤੀ ਜਾਵੇਗੀ ਅਤੇ ਕਾਲਜ ਦੀ ਸਥਾਪਨਾ ਦੇ ਮਿੱਥੇ ਟੀਚੇ ਹਾਸਲ ਕਰਨ ਲਈ ਇਸ ਨੂੰ ਅਕਾਦਮਿਕ, ਪ੍ਰਸ਼ਾਸਨਿਕ ਅਤੇ ਵਿੱਤੀ ਸਹਿਯੋਗ ਦਿੱਤਾ ਜਾਵੇਗਾ। ਇਸ ਸਮਝੌਤੇ ਤਹਿਤ ਪੰਜਾਬ ਸਟੇਟ ਏਅਰੋਨੋਟਿਕਲ ਇੰਜਨੀਅਰਿੰਗ ਕਾਲਜ, ਪੰਜਾਬ ਏਅਰਕਰਾਫਟ ਮੇਨਟੀਨੈਂਸ ਇੰਜਨੀਅਰਿੰਗ ਕਾਲਜ ਅਤੇ ਪਟਿਆਲਾ ਏਵੀਏਸ਼ਨ ਕਲੱਬ ਦੇ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਅਤੇ ਸਿਖਲਾਈ ਦਾ ਮਾਹੌਲ ਦੇਣ ਦੇ ਉਦੇਸ਼ ਨਾਲ ਸਾਰੇ ਵਸੀਲਿਆਂ ਦੀ ਢੁਕਵੀਂ ਵਰਤੋਂ ਕੀਤੀ ਜਾਵੇਗੀ। ਇਸ ਸੰਸਥਾ ਦਾ ਪੱਧਰ ਹਵਾਬਾਜ਼ੀ ਉਦਯੋਗ ਦੇ ਤੈਅ ਮਾਪਦੰਡਾਂ ਤੱਕ ਲਿਜਾਣ ਤੋਂ ਇਲਾਵਾ ਪਟਿਆਲਾ ਨੂੰ ਹਵਾਬਾਜ਼ੀ ਦੀ ਸਿਖਲਾਈ ਦੇ ਧੁਰੇ ਵਜੋਂ ਵਿਕਸਤ ਕੀਤਾ ਜਾਵੇਗਾ। ਮੁੱਖ ਮੰਤਰੀ ਨੂੰ ਜਾਣਕਾਰੀ ਦਿੰਦਿਅਆਂ. ਡਾ. ਈਸ਼ਰ ਨੇ ਦੱਸਿਆ ਕਿ ਨਵਾਂ ਬਣਨ ਵਾਲਾ ਕਾਲਜ ਮੌਜੂਦਾ ਅਕਾਦਮਿਕ ਸੈਸ਼ਨ ਤੋਂ ਸ਼ੁਰੂ ਹੋ ਜਾਵੇਗਾ ਜਿੱਥੇ ਅਗਸਤ ਮਹੀਨੇ ਵਿੱਚ ਬੀ.ਟੈਕ. (ਏਅਰੋਨੋਟਿਕਲ) ਅਤੇ ਬੀ.ਟੈਕ (ਏਅਰੋਸਪੇਸ) ਦੀਆਂ ਕਲਾਸਾਂ ਆਰੰਭ ਹੋ ਜਾਣਗੀਆਂ ਕਿਉਂਕਿ ਯੂਨੀਵਰਸਿਟੀ ਨੇ ਇਨ੍ਹਾਂ ਦੋਵਾਂ ਕੋਰਸਾਂ ਦੇ ਸਿਲੇਬਸ ਨੂੰ ਅੰਤਮ ਰੂਪ ਦੇ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਰਸਾਂ ਵਿੱਚ ਦਾਖਲਾ ਲੈਣ ਲਈ ਨੋਟਿਸ ਛੇਤੀ ਜਾਰੀ ਕਰ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਮਈ ਮਹੀਨੇ ਤੱਕ ਦਾਖਲੇ ਦੀ ਸਮੁੱਚੀ ਪ੍ਰਕ੍ਰਿਆ ਪੂਰੀ ਕਰ ਲਈ ਜਾਵੇਗੀ। ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਵਧੀਕ ਸਕੱਤਰ ਗਿਰੀਸ਼ ਦਯਾਲਨ, ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਜਸਬੀਰ ਸਿੰਘ ਹੁੰਦਲ ਅਤੇ ਪੰਜਾਬ ਰਾਜ ਸ਼ਹਿਰੀ ਹਵਾਬਾਜ਼ੀ ਕੌਂਸਲ ਦੇ ਪ੍ਰਸ਼ਾਸਕੀ ਅਫਸਰ ਰਾਜੀਵ ਬੱਗਾ ਹਾਜ਼ਰ ਸਨ।

Comments are closed.

COMING SOON .....


Scroll To Top
11