Sunday , 16 December 2018
Breaking News
You are here: Home » EDITORIALS » ਨੌਕਰੀ ’ਚ ਵਾਧੇ ਦੀ ਨੀਤੀ ਗਲਤ

ਨੌਕਰੀ ’ਚ ਵਾਧੇ ਦੀ ਨੀਤੀ ਗਲਤ

ਪੰਜਾਬ ਸਰਕਾਰ ਵੱਲੋਂ ਸੇਵਾ ਮੁਕਤ ਸਰਕਾਰੀ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਮੁੜ ਨੌਕਰੀ ’ਤੇ ਰੱਖਣ ਦੀ ਪਿਰਤ ਸਹੀ ਨਹੀਂ ਹੈ। ਸਾਲ 2012 ਵਿਚ ਸਰਕਾਰੀ ਕਰਮਚਾਰੀਆਂ ਦੇ ਸੇਵਾ ਕਾਲ ਦੇ 58 ਸਾਲ ਦੀ ਨਿਰਧਾਰਤ ਸੇਵਾਮੁਕਤੀ ’ਚ ਸਾਲ-ਸਾਲ ਕਰਕੇ 2 ਸਾਲ ਦੇ ਵਾਧੇ ਦਾ ਫੈਸਲਾ ਲਿਆ ਸੀ। ਇਹ ਨੀਤੀ ਹਾਲੇ ਵੀ ਜਾਰੀ ਹੈ। ਜਦੋਂ ਫੈਸਲਾ ਲਿਆ ਸੀ ਉਦੋਂ ਤਰਕ ਇਹ ਦਿੱਤਾ ਗਿਆ ਸੀ ਕਿ ਸਰਕਾਰ ਕੋਲ ਸੇਵਾ ਮੁਕਤ ਕਰਮਚਾਰੀਆਂ ਨੂੰ ਬਕਾਏ ਦੇਣ ਲਈ ਲੋੜੀਂਦੇ ਫੰਡ ਨਹੀਂ ਹਨ, ਇਸ ਲਈ ਉਨ੍ਹਾਂ ਦੇ ਸੇਵਾ ਕਾਲ ਵਿੱਚ ਵਾਧਾ ਕਰ ਦਿੱਤਾ ਜਾਵੇ। ਇਸ ਨੀਤੀ ਦਾ ਪ੍ਰਸ਼ਾਸਨ ਉਪਰ ਬਹੁਤ ਮਾੜਾ ਅਸਰ ਪਿਆ ਹੈ। ਦੂਸਰੇ ਪਾਸੇ ਇਸ ਨੀਤੀ ਕਾਰਨ ਬੇਰੁਜ਼ਗਾਰੀ ਵਧੀ ਹੈ। ਜੇਕਰ ਖਾਲੀ ਹੋਣ ਵਾਲੀਆਂ ਅਸਾਮੀਆਂ ’ਤੇ ਨਵੇਂ ਸਰਕਾਰੀ ਮੁਲਾਜ਼ਮ ਭਰਤੀ ਕੀਤੇ ਜਾਣ ਤਦ ਬੇਰੁਜ਼ਗਾਰੀ ਨੂੰ ਕੁਝ ਨਾ ਕੁਝ ਠੱਲ ਪੈ ਸਕਦੀ ਹੈ। ਇਸ ਨਾਲ ਸਰਕਾਰ ਉਪਰ ਆਰਥਿਕ ਬੋਝ ਵੀ ਘੱਟ ਪੈਂਦਾ ਹੈ ਕਿਉਂਕਿ ਸੇਵਾ ਮੁਕਤ ਕਰਮਚਾਰੀਆਂ ਦਾ ਤਨਖਾਹ ਸਕੇਲ ਵੱਡਾ ਹੋਣ ਕਾਰਨ ਉਨ੍ਹਾਂ ਨੂੰ 2 ਸਾਲਾ ਵਾਧੇ ਦੌਰਾਨ ਇਸੇ ਦਰ ਨਾਲ ਮੋਟੀ ਤਨਖਾਹ ਦੇਣੀ ਪੈਂਦੀ ਹੈ। ਸੇਵਾ ਮੁਕਤ ਕਰਮਚਾਰੀਆਂ ਦਾ ਕੰਮ ਪ੍ਰਤੀ ਰਵੱਈਆ ਵੀ ਉਤਸ਼ਾਹਪੂਰਵਕ ਨਹੀਂ ਹੁੰਦਾ। ਉਹ ਕੰਮ ਦੀ ਜ਼ਿੰਮੇਵਾਰੀ ਤੋਂ ਵੀ ਮੁਕਤ ਹੁੰਦੇ ਹਨ। ਇਸ ਰੁਝਾਨ ਕਾਰਨ ਸਰਕਾਰ ਨੂੰ ਇਸ ਦੀ ਭਾਰੀ ਕੀਮਤ ਤਾਰਨੀ ਪੈਂਦੀ ਹੈ। ਕੇਵਲ ਵਿਸ਼ੇਸ਼ ਤਕਨੀਕੀ ਮੁਹਾਰਤ ਵਾਲੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਛੱਡ ਕੇ ਦੂਸਰੇ ਕਰਮਚਾਰੀਆਂ, ਅਧਿਕਾਰੀਆਂ ਨੂੰ ਨੌਕਰੀ ਵਿੱਚ ਵਾਧਾ ਨਹੀਂ ਦਿੱਤਾ ਜਾਣਾ ਚਾਹੀਦਾ। ਮਹਿਜ ਵਿੱਤੀ ਸੰਕਟ ਨੂੰ ਮਦੇਨਜ਼ਰ ਰਖਦੇ ਹੋਏ ਇਸ ਨੀਤੀ ਨੂੰ ਜਾਰੀ ਰਖਣਾ ਬੇਰੁਜ਼ਗਾਰ ਨੌਜਵਾਨਾਂ ਨਾਲ ਜ਼ਿਆਦਤੀ ਹੈ। ਇਸ ਦਾ ਸਰਕਾਰੀ ਖਜ਼ਾਨਿਆਂ ਉਪਰ ਵੀ ਬੇਲੋੜਾ ਬੋਝ ਪੈਂਦਾ ਹੈ। ਸਰਕਾਰੀ ਕੰਮਕਾਜ ਨੂੰ ਮਿਆਰੀ ਬਣਾਉਣ ਲਈ ਨਵੇਂ ਕਰਮਚਾਰੀ ਰੱਖੇ ਜਾਣੇ ਚਾਹੀਦੇ ਹਨ। ਪੁਰਾਣੇ ਕਰਮਚਾਰੀਆਂ ਦੇ ਮੁਕਾਬਲੇ ਉਹ ਬੇਹਤਰ ਕਾਰਗੁਜ਼ਾਰੀ ਦਿਖਾ ਸਕਦੇ ਹਨ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਨੌਕਰੀ ਵਿੱਚ 2 ਸਾਲ ਦਾ ਵਾਧਾ ਕਰਨ ਦੀ ਨੀਤੀ ਨੂੰ ਤੁਰੰਤ ਖਤਮ ਕਰੇ ਤਾਂ ਜੋ ਬੇਰੁਜ਼ਗਾਰਾਂ ਲਈ ਵਧੇਰੇ ਨੌਕਰੀਆਂ ਉਪਲੱਬਧ ਕਰਵਾਈਆਂ ਜਾ ਸਕਣ। ਪੁਰਾਣੇ ਕਰਮਚਾਰੀਆਂ ਦੇ ਬਕਾਏ ਦੀ ਅਦਾਇਗੀ ਲਈ ਹੋਰ ਬਦਲਵੇਂ ਪ੍ਰਬੰਧ ਕੀਤੇ ਜਾ ਸਕਦੇ ਹਨ। ਚੰਗਾ ਹੋਵੇਗਾ ਜੇਕਰ ਸੇਵਾ ਮੁਕਤੀ ਦੀ ਉਮਰ 58 ਸਾਲ ਦੀ ਰੱਖੀ ਜਾਵੇ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11