Sunday , 19 January 2020
Breaking News
You are here: Home » EDITORIALS » ਨੇਤਾਵਾਂ ਦੀ ਨਿੱਜੀ ਸੁਰੱਖਿਆ ਦੇਸ਼ ‘ਤੇ ਭਾਰ

ਨੇਤਾਵਾਂ ਦੀ ਨਿੱਜੀ ਸੁਰੱਖਿਆ ਦੇਸ਼ ‘ਤੇ ਭਾਰ

ਭਾਰਤ ਵਿੱਚ ਕਰੋੜਾਂ ਲੋਕ ਗਰੀਬੀ ਭੋਗ ਰਹੇ ਹਨ। ਪ੍ਰੰਤੂ ਸਰਕਾਰ ਹਰ ਸਾਲ ਨੇਤਾਵਾਂ ਅਤੇ ਅਧਿਕਾਰੀਆਂ ਦੀ ਸੁਰੱਖਿਆ ਉੱਪਰ ਕਰੋੜਾਂ ਰੁਪਏ ਰੋਹੜ ਰਹੀ ਹੈ। ਸਿਤਮ ਦੀ ਗੱਲ ਤਾਂ ਇਹ ਹੈ ਕਿ ਨੇਤਾਵਾਂ ਲਈ ਖਤਰੇ ਦੇ ਨਕਲੀ ਅਤੇ ਫਰਜ਼ੀ ਹਾਲਾਤ ਪੈਦਾ ਕੀਤੇ ਜਾਂਦੇ ਹਨ। ਫਿਰ ਇਸ ਖਤਰੇ ਦੇ ਆਧਾਰ ਉੱਪਰ ਉਨ੍ਹਾਂ ਨੂੰ ਦਰਜਨਾਂ ਸੁਰੱਖਿਆ ਕਰਮਚਾਰੀ, ਗੱਡੀਆਂ ਅਤੇ ਤੇਲ-ਪਾਣੀ ਮੁਹੱਈਆ ਕਰਵਾਇਆ ਜਾਂਦਾ ਹੈ। ਨੇਤਾਵਾਂ ਦੀ ਸੁਰੱਖਿਆ ਜਨਤਕ ਖਜਾਨੇ ਉੱਪਰ ਵੱਡਾ ਬੋਝ ਬਣੀ ਹੋਈ ਹੈ। ਨੇਤਾ ਅਤੇ ਹੋਰ ਪ੍ਰਭਾਵਸ਼ਾਲੀ ਲੋਕ ਇਸ ਸੁਰੱਖਿਆ ਛੱਤਰੀ ਨਾਲ ਹੀ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਹਨ ਅਤੇ ਕਾਰੋਬਾਰ ਵਧਾਉਂਦੇ ਹਨ। ਕੇਂਦਰ ਸਰਕਾਰ ਵੱਲੋਂ ਬੇਸ਼ਕ ਨੇਤਾਵਾਂ ਦੀ ਸੁਰੱਖਿਆ ਲਈ ਨਵੇਂ ਨਿਯਮ ਬਣਾਏ ਗਏ ਹਨ ਪ੍ਰੰਤੂ ਨਵੇਂ ਨਿਯਮਾਂ ਦੇ ਬਾਵਜੂਦ ਖਜਾਨੇ ਉੱਪਰ ਨੇਤਾਵਾਂ ਦੀ ਨਿੱਜੀ ਸੁਰੱਖਿਆ ਦਾ ਬੋਝ ਘੱਟਣ ਵਾਲਾ ਨਹੀਂ ਹੈ। ਸਰਕਾਰ ਵੱਲੋਂ ਪਹਿਲਾਂ ਗਾਂਧੀ ਪਰਿਵਾਰ ਦੀ ਸੁਰੱਖਿਆ ਵਿੱਚ ਲਾਏ ਨੈਸ਼ਨਲ ਸੁਰੱਖਿਆ ਗਾਰਡ (ਐੱਨਐੱਸਜੀ) ਕਮਾਂਡੋ ਨੂੰ ਵਾਪਿਸ ਲੈਣ ਦਾ ਫੈਸਲਾ ਲਿਆ ਗਿਆ ਸੀ। ਹੁਣ ਕੁਝ ਹੋਰ ਨੇਤਾਵਾਂ ਦੀ ਸੁਰੱਖਿਆ ਵਿੱਚ ਲੱਗੇ ਐਨ.ਐਸ.ਜੀ. ਕਮਾਂਡੋਜ਼ ਨੂੰ ਹਟਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਦੇ ਬਦਲੇ ਵਿੱਚ ਨੇਤਾਵਾਂ ਨੂੰ ਹੁਣ ਸੀਆਰਪੀਐਫ, ਦੂਸਰੇ ਨੀਮ ਫੌਜੀ ਦਸਤਿਆਂ ਅਤੇ ਪੁਲਿਸ ਦੀ ਸੁਰੱਖਿਆ ਜਾਰੀ ਰਹੇਗੀ। ਸਰਕਾਰ ਨੇਤਾਵਾਂ ਲਈ ਕਥਿਤ ਖਤਰੇ ਦੀ ਸਮੀਖਿਆ ਕਰਨ ਨੂੰ ਤਿਆਰ ਨਹੀਂ ਹੈ। ਪਿਛਲੇ ਤਿੰਨ ਦਹਾਕਿਆਂ ਤੋਂ ਨੇਤਾਵਾਂ ਦੀ ਸੁਰੱਖਿਆ ਦੇ ਲਗਾਤਾਰ ਖਰਚੇ ਵੱਧ ਰਹੇ ਹਨ। ਖੁਫੀਆ ਏਜੰਸੀਆਂ ਅਤੇ ਗ੍ਰਹਿ ਮੰਤਰਾਲੇ ਵੱਲੋਂ ਨੇਤਾਵਾਂ ਦੀ ਜਾਨ ਨੂੰ ਕਥਿਤ ਖਤਰੇ ਬਾਰੇ ਮੀਡੀਆ ਵਿੱਚ ਫਰਜ਼ੀ ਖਬਰਾਂ ਅਤੇ ਸਟੋਰੀਆਂ ਲਗਵਾਈਆਂ ਜਾਂਦੀਆਂ ਹਨ ਤਾਂ ਜੋ ਸੁਰੱਖਿਆ ਛੱਤਰੀ ਦੇਣ ਲਈ ਬਹਾਨੇ ਬਣਾਏ ਜਾ ਸਕਣ। ਇਸ ਤਰ੍ਹਾਂ ਦੀ ਪ੍ਰਕਿਰਿਆ ਦਹਾਕਿਆਂ ਤੋਂ ਜਾਰੀ ਹੈ। ਇਕ-ਦੋ ਉਦਾਹਰਣਾਂ ਨੂੰ ਛੱਡ ਕੇ ਪਿਛਲੇ ਤਿੰਨ ਦਹਾਕਿਆਂ ਦੌਰਾਨ ਕਿਸੇ ਵੀ ਪਾਰਟੀ ਦੇ ਵੱਡੇ ਨੇਤਾ ਉੱਪਰ ਕੋਈ ਅੱਤਵਾਦੀ ਜਾਂ ਦੂਸਰਾ ਹਮਲਾ ਨਹੀਂ ਹੋਇਆ। ਨੇਤਾਵਾਂ ਨੂੰ ਦਿੱਤੀ ਗਈ ਸੁਰੱਖਿਆ ਕਈ ਹਿੱਸਿਆਂ ਵਿੱਚ ਵੰਡੀ ਹੋਈ ਹੈ। ਨੇਤਾਵਾਂ ਦੇ ਦਫਤਰਾਂ, ਘਰਾਂ ਅਤੇ ਕਾਰੋਬਾਰ ਦੀ ਸੁਰੱਖਿਆ ਵੀ ਕੀਤੀ ਜਾ ਰਹੀ ਹੈ। ਹੋਰ ਤਾਂ ਹੋਰ ਸੁਰੱਖਿਆ ਕਰਮੀਆਂ ਤੋਂ ਨੇਤਾਵਾਂ ਅਤੇ ਅਧਿਕਾਰੀਆਂ ਵੱਲੋਂ ਵੰਗਾਰਾਂ ਵੀ ਲਈਆਂ ਜਾ ਰਹੀਆਂ ਹਨ। ਇਸ ਸਮੁੱਚੇ ਹਾਲਾਤ ਦੀ ਸਮੀਖਿਆ ਕਰਨ ਦੀ ਜ਼ਰੂਰਤ ਹੈ। ਚੰਗਾ ਹੋਵੇਗਾ ਜੇਕਰ ਨੇਤਾਵਾਂ ਅਤੇ ਅਧਿਕਾਰੀਆਂ ਨੂੰ ਦਿੱਤੀ ਜਾ ਰਹੀ ਸੁਰੱਖਿਆ ਨੂੰ ‘ਪੇਡ’ ਕਰ ਦਿੱਤਾ ਜਾਵੇ। ਇਸ ਨਾਲ ਦੇਸ਼ ਦੇ ਖਜ਼ਾਨੇ ਉੱਪਰ ਬੋਝ ਘਟੇਗਾ ਅਤੇ ਸੁਰੱਖਿਆ ਦੀ ਬੇਲੋੜੀ ਵਰਤੋਂ ਨੂੰ ਠੱਲ੍ਹ ਪਵੇਗੀ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11