Tuesday , 20 August 2019
Breaking News
You are here: Home » EDITORIALS » ਨੇਤਾਵਾਂ ਦੀ ਦਲ-ਬਦਲੀ ਦਾ ਸਿਲਸਿਲਾ

ਨੇਤਾਵਾਂ ਦੀ ਦਲ-ਬਦਲੀ ਦਾ ਸਿਲਸਿਲਾ

ਚੋਣਾਂ ਦੇ ਮੌਕੇ ਨੇਤਾਵਾਂ ਦੀ ਦਲ-ਬਦਲੀ ਦਾ ਸਿਲਸਿਲਾ ਕੋਈ ਨਵਾਂ ਨਹੀਂ ਹੈ। ਹਰ ਚੋਣ ਵਿੱਚ ਇਸ ਤਰ੍ਹਾਂ ਦੀ ਅਦਲਾ-ਬਦਲੀ ਦੇਖਣ ਨੂੰ ਮਿਲਦੀ ਹੈ। ਇਹ ਗੱਲ ਵੱਖਰੀ ਹੈ ਕਿ ਕੁਝ ਨੇਤਾਵਾਂ ਦੇ ਖੂਨ ਵਿੱਚ ਦਲ-ਬਦਲੀ ਘਰ ਕਰ ਗਈ ਹੈ। ਕੋਈ ਸਮਾਂ ਸੀ ਜਦੋਂ ਦਲ-ਬਦਲੀਆਂ ਸਿਧਾਂਤਕ ਆਧਾਰ ਉਪਰ ਹੁੰਦੀਆਂ ਸਨ। ਹੁਣ ਨੇਤਾ ਅਕਸਰ ਵਿਰੋਧੀ ਵਿਚਾਰਾਂ ਵਾਲੀਆਂ ਪਾਰਟੀਆਂ ਵਿੱਚ ਵੀ ਬਿਨਾਂ ਕੋਈ ਕਿੰਤੂ ਪ੍ਰੰਤੂ ਸ਼ਾਮਿਲ ਹੋ ਜਾਂਦੇ ਹਨ। ਨੇਤਾਵਾਂ ਦੀ ਲਾਲਸਾ ਵੀ ਪਹਿਲਾਂ ਦੇ ਮੁਕਾਬਲੇ ਵਧੀ ਹੈ। ਦਲ-ਬਦਲੀ ਹੁਣ ਇਕ ਵੱਡੀ ਸਿਆਸੀ ਸੌਦੇਬਾਜ਼ੀ ਬਣ ਗਈ ਹੈ। ਸੀਟਾਂ, ਕੁਰਸੀਆਂ, ਟਿਕਟਾਂ ਅਤੇ ਮਾਇਆ ਲਈ ਸਿਆਸੀ ਨੇਤਾ ਰਾਤੋ-ਰਾਤ ਆਪਣਾ ਰੰਗ ਬਦਲ ਜਾਂਦੇ ਹਨ। ਇਸ ਵਾਰ ਲੋਕ ਸਭਾ ਦੀਆਂ ਚੋਣਾਂ ਦੌਰਾਨ ਪੰਜਾਬ ਵਿੱਚ ਵੀ ਕਈ ਦਿਲਚਸਪ ਦਲ-ਬਦਲੀਆਂ ਹੋਈਆਂ ਹਨ। ਇਸ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਦੇ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਹਰਿੰਦਰ ਸਿੰਘ ਖਾਲਸਾ ਵੱਲੋਂ ਕੀਤੀ ਗਈ। ਉਹ ‘ਆਪ’ ਦੀ ਵਿਚਾਰਧਾਰਾ ਤੋਂ ਨਾਬਰ ਹੋ ਕੇ ਇਕਦਮ ਭਾਰਤੀ ਜਨਤਾ ਪਾਰਟੀ ’ਚ ਜਾ ਪਹੁੰਚੇ। ਇਹ ਗੱਲ ਵੱਖਰੀ ਹੈ ਕਿ ਉਨ੍ਹਾਂ ਨੂੰ ਇੱਛਾ ਮੁਤਾਬਿਕ ਭਾਜਪਾ ਵੱਲੋਂ ਕਿਸੇ ਵੀ ਹਲਕੇ ਤੋਂ ਟਿਕਟ ਨਹੀਂ ਦਿੱਤੀ ਗਈ। ਇਹ ਦਲ-ਬਦਲੀ ਉਂਝ ਹੈਰਾਨੀਜਨਕ ਨਹੀਂ ਸੀ, ਕਿਉਂਕਿ ਖਾਲਸਾ ਦਲ- ਬਦਲੀਆਂ ਲਈ ਜਾਣੇ ਜਾਂਦੇ ਹਨ। ਆਪਣੇ ਲਗਭਗ ਤਿੰਨ ਦਹਾਕੇ ਦੇ ਸਿਆਸੀ ਸਫਰ ਵਿੱਚ ਉਨ੍ਹਾਂ ਨੇ ਕਈ ਪਲਟੀਆਂ ਮਾਰੀਆਂ ਹਨ। ਭਾਜਪਾ ਵੀ ਸ਼ਾਇਦ ਉਨ੍ਹਾਂ ਦਾ ਆਖਰੀ ਮੁਕਾਮ ਨਹੀਂ ਹੈ। ਦਲ- ਬਦਲੀਆਂ ਦੇ ਸਿਲਸਿਲੇ ਵਿੱਚ ਕਈ ਨਾਮ ਜੁੜ ਗਏ ਹਨ। ਸਭ ਤੋਂ ਹੈਰਾਨੀਜਨਕ ਦਲ-ਬਦਲੀ ਕਾਂਗਰਸ ਦੇ ਸਾਬਕਾ ਕੌਮੀ ਆਗੂ ਅਤੇ ਮੈਂਬਰ ਪਾਰਲੀਮੈਂਟ ਸ. ਜਗਮੀਤ ਸਿੰਘ ਬਰਾੜ ਦੀ ਕਹੀ ਜਾ ਸਕਦੀ ਹੈ। ਚਾਰ ਦਹਾਕੇ ਤੱਕ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਨੂੰ ਮੋਟੀਆਂ-ਮੋਟੀਆਂ ਗਾਲ੍ਹਾਂ ਕੱਢਣ ਵਾਲੇ ਸ. ਬਰਾੜ ਰਾਤੋ-ਰਾਤ ਬਦਲ ਕੇ ਅਕਾਲੀ ਬਣ ਗਏ। ਉਨ੍ਹਾਂ ਦੀ ਇਸ ਦਲ-ਬਦਲੀ ਦੀ ਚੁਫੇਰੇ ਤੋਂ ਭਾਰੀ ਨਿੰਦਾ ਵੀ ਹੋਈ ਹੈ। ਸ. ਬਰਾੜ ਅਤੇ ਅਕਾਲੀ ਦਲ ਦਾ ਕੋਈ ਮੇਲ ਨਹੀਂ ਹੈ। ਦੋਹਾਂ ’ਚ ਵਿਚਾਰਧਾਰਕ ਤੌਰ ’ਤੇ ਕੋਈ ਸਾਂਝ ਨਹੀਂ ਬਣਦੀ। ਸ. ਬਰਾੜ ਲੋਕਾਂ ਨੂੰ ਆਪਣੇ ਇਸ ਫੈਸਲੇ ’ਤੇ ਕੋਈ ਤਰਕਪੂਰਨ ਜਵਾਬ ਦੇਣ ਦੀ ਥਾਂ ਇਸ ਨੂੰ ‘ਘਰ ਵਾਪਸੀ’ ਆਖ ਰਹੇ ਹਨ। ਇਹ ਉਹ ‘ਘਰ’ ਹੈ ਜਿਸ ਉਪਰ ਉਹ ਦਹਾਕਿਆਂ ਤੋਂ ਆਪਣੇ ਪਿਤਾ ਦੇ ਕਤਲ ਦਾ ਦੋਸ਼ ਲਗਾ ਰਹੇ ਹਨ। ਸ. ਬਰਾੜ ਵੀ ਦਲ- ਬਦਲੀਆਂ ਲਈ ਮਸ਼ਹੂਰ ਹੋ ਗਏ ਹਨ। ਉਨ੍ਹਾਂ ਨੇ ਪਿਛਲੇ ਇਕ ਦਹਾਕੇ ਵਿੱਚ ਕਈ ਵਾਰ ਦਲ-ਬਦਲੀ ਕੀਤੀ ਹੈ। ਹੁਣ ਤਾਂ ਉਨ੍ਹਾਂ ’ਤੇ ਇਹ ਯਕੀਨ ਕਰਨਾ ਵੀ ਔਖਾ ਹੋ ਗਿਆ ਹੈ ਕਿ ਉਹ ਆਪਣੀ ਨਵੀਂ ਪਾਰਟੀ ਵਿੱਚ ਕਿੰਨਾ ਸਮਾਂ ਠਹਿਰਨਗੇ। ਪਹਿਲਾਂ ਇਹ ਚਰਚਾ ਸੀ ਕਿ ਉਨ੍ਹਾਂ ਨੂੰ ਅਕਾਲੀ ਦਲ ਵੱਲੋਂ ਲੋਕ ਸਭਾ ਦੀ ਇਸ ਚੋਣ ’ਚ ਕਿਸੇ ਹਲਕੇ ਤੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ, ਪਰ ਉਨ੍ਹਾਂ ਦੇ ਪੱਲੇ ਕੁਝ ਨਹੀਂ ਪਿਆ। ਉਂਝ ਹਰੇਕ ਸਿਆਸੀ ਨੇਤਾ ਨੂੰ ਆਪਣੀ ਪਸੰਦ ਦੀ ਪਾਰਟੀ ’ਚ ਜਾਣ ਦਾ ਪੂਰਾ ਹੱਕ ਹੈ। ਆਪਣੀ ਸਿਆਸੀ ਬਹਾਲੀ ਲਈ ਉਹ ਕੋਈ ਵੀ ਫੈਸਲਾ ਲੈ ਸਕਦੇ ਹਨ। ਪ੍ਰੰਤੂ ਵੱਡਾ ਸਵਾਲ ਤਾਂ ਇਹ ਹੈ ਕਿ ਉਹ ਇਹ ਦਲ-ਬਦਲੀ ਲੋਕ ਹਿੱਤਾਂ ਲਈ ਕਰਦੇ ਹਨ ਜਾਂ ਨਿੱਜੀ ਹਿੱਤਾਂ ਲਈ। ਉਨ੍ਹਾਂ ਨੂੰ ਆਪਣੀ ਦਲ-ਬਦਲੀ ਲਈ ਲੋਕਾਂ ਸਾਹਮਣੇ ਜਵਾਬਦੇਹ ਹੋਣਾ ਪਵੇਗਾ। ਉਂਝ ਲੋਕਤੰਤਰ ਦੀ ਇਹ ਇਕ ਚੰਗੀ ਪਿਰਤ ਹੈ। ਇਸ ਨੂੰ ਸਿਹਤਮੰਦ ਬਣਾਉਣ ਦੀ ਜ਼ਰੂਰਤ ਹੈ। ਇਸ ਵਿੱਚ ਸਾਰੇ ਲੋਭ ਲਾਲਚ ਲਾਂਭੇ ਰੱਖੇ ਜਾਣੇ ਚਾਹੀਦੇ ਹਨ। ਫੈਸਲਾ ਫਿਰ ਵੀ ਲੋਕਾਂ ਹੱਥ ਹੁੰਦਾ ਹੈ, ਉਹ ਦਲ-ਬਦਲ ਕਰਕੇ ਆਏ ਆਗੂ ਨੂੰ ਕਿਸ ਤਰ੍ਹਾਂ ਦਾ ਜਵਾਬ ਦਿੰਦੇ ਹਨ। ਨਵੀਆਂ ਦਲ-ਬਦਲੀਆਂ ਕਰਨ ਵਾਲੇ ਨੇਤਾਵਾਂ ਨੂੰ ਵੀ ਇਸ ਜਵਾਬਦੇਹੀ ਦਾ ਸਾਹਮਣਾ ਕਰਨਾ ਪਵੇਗਾ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11