Friday , 19 April 2019
Breaking News
You are here: Home » EDITORIALS » ਨਿੱਜੀ ਸਕੂਲਾਂ ਦੇ ਖਰਚੇ

ਨਿੱਜੀ ਸਕੂਲਾਂ ਦੇ ਖਰਚੇ

ਪੰਜਾਬ ਵਿੱਚ ਨਿੱਜੀ ਸਕੂਲਾਂ ਅੰਦਰ ਵਿਦਿਆਰਥੀਆਂ ਦੀ ਲੁੱਟ ਦਾ ਮੁੱਦਾ ਦਿਨੋ-ਦਿਨ ਗਰਮ ਹੁੰਦਾ ਜਾ ਰਿਹਾ ਹੈ। ਇਸ ਕਰਕੇ ਸਕੂਲਾਂ ਅੰਦਰ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਕੁਝ ਥਾਵਾਂ ’ਤੇ ਮਾਪੇ ਅਤੇ ਸਮਾਜ ਦੇ ਹੋਰ ਵਰਗ ਇਸ ਸਬੰਧੀ ਅੰਦੋਲਨ ਵੀ ਚਲਾ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਸਕੂਲਾਂ ਵਿੱਚ ਫੀਸਾਂ ਅਤੇ ਹੋਰ ਖਰਚਿਆਂ ਵਿੱਚ ਬੇਲੋੜੇ ਵਾਧੇ ਨੂੰ ਰੋਕਿਆ ਜਾਵੇ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਨਿੱਜੀ ਸਕੂਲਾਂ ਵਿੱਚ ਫੀਸਾਂ ਅਤੇ ਹੋਰ ਖਰਚਿਆਂ ਸਬੰਧੀ ਕੋਈ ਵਾਜਿਬ ਹੱਲ ਕੱਢੇ। ਮੌਜੂਦਾ ਸਮੇਂ ਮਾਪਿਆਂ ਲਈ ਨਿੱਜੀ ਸਕੂਲਾਂ ਦੇ ਖਰਚੇ ਤਾਰਨੇ ਮੁਸ਼ਕਿਲ ਹੋ ਗਏ ਹਨ। ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਸਹੂਲਤਾਂ ਅਤੇ ਅਧਿਆਪਕਾਂ ਦੀ ਕਮੀ ਕਾਰਨ ਹੀ ਮਾਪਿਆਂ ਨੂੰ ਆਪਣੇ ਬੱਚੇ ਨਿੱਜੀ ਸਕੂਲਾਂ ’ਚ ਪੜ੍ਹਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਬੇਸ਼ਕ ਨਿੱਜੀ ਕਾਰੋਬਾਰ ਮੁਨਾਫੇ ਲਈ ਹੀ ਖੋਲ੍ਹੇ ਜਾਂਦੇ ਹਨ ਪ੍ਰੰਤੂ ਸਕੂਲ ਇਕ ਸਮਾਜਿਕ ਜ਼ਿੰਮੇਵਾਰੀ ਵੀ ਹੈ ਇਸ ਲਈ ਕਿਸੇ ਵੀ ਸਕੂਲ ਨੂੰ ਫੀਸਾਂ ਅਤੇ ਹੋਰ ਖਰਚਿਆਂ ਦੀ ਵਸੂਲੀ ਦੇ ਮਾਮਲੇ ਵਿੱਚ ਖੁੱਲ੍ਹ ਨਹੀਂ ਦਿੱਤੀ ਜਾ ਸਕਦੀ। ਸਾਰੇ ਬੱਚਿਆਂ ਨੂੰ ਪੜ੍ਹਨ ਦਾ ਬਰਾਬਰ ਹੱਕ ਹੈ। ਨਿੱਜੀ ਅਤੇ ਸਰਕਾਰੀ ਸਕੂਲਾਂ ਵਿੱਚ ਇਕੋ ਜਿਹਾ ਪ੍ਰਬੰਧ ਹੋਣਾ ਚਾਹੀਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਮ ਲੋਕਾਂ ਦੀ ਸਹੂਲਤ ਲਈ ਨਿੱਜੀ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ ਨੂੰ ਵੀ ਸਮਾਰਟ ਬਣਾਉਣ ਦੀ ਕੋਸ਼ਿਸ਼ ਕਰੇ। ਹਰ ਸਕੂਲ ਵਿੱਚ ਲੋੜੀਂਦੇ ਅਧਿਆਪਕਾਂ ਦੀ ਤਾਇਨਾਤੀ ਦੇ ਨਾਲ-ਨਾਲ ਪੜ੍ਹਾਈ ਲਈ ਦੂਜੀਆਂ ਸਾਰੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਹਰ ਸਕੂਲ ਵਿੱਚ 20 ਵਿਦਿਆਰਥੀਆਂ ਪਿੱਛੇ 1 ਅਧਿਆਪਕ ਦਾ ਅਨੁਪਾਤ ਲਾਜ਼ਮੀ ਬਣਾਇਆ ਜਾਵੇ। ਅਧਿਆਪਕਾਂ ਨੂੰ ਆਪਣੇ ਆਪਣੇ ਵਿਸ਼ਿਆਂ ਵਿੱਚ ਵਧੇਰੇ ਮਾਹਿਰ ਅਤੇ ਨਿਪੁੰਨ ਬਣਾਉਣ ਲਈ ਵੀ ਯਤਨ ਆਰੰਭਣੇ ਚਾਹੀਦੇ ਹਨ। ਹਰ ਕਲਾਸ ਰੂਮ ਵਿੱਚ ਨਵੇਂ ਤਕਨੀਕੀ ਸਾਧਨਾਂ ਦਾ ਪ੍ਰਬੰਧ ਹੋਵੇ ਤਾਂ ਜੋ ਵਿਦਿਆਰਥੀ ਸੌਖ ਨਾਲ ਸਿੱਖ ਸਕਣ। ਸਿੱਖਿਆ ਲਈ ਹੁਣ ਕੰਪਉਟਰ, ਇੰਟਰਨੈਟ, ਸਪੀਕਰ- ਮਾਈਕ, ਸਾਊਂਡ ਸਿਸਟਮ, ਪ੍ਰਿੰਟਰ, ਪ੍ਰਜੈਕਟਰ, ਲਾਇਬਰੇਰੀ, ਟੈਲੀਵਿਜ਼ਨ ਆਦਿ ਦੀ ਵਰਤੋਂ ਆਮ ਹੋ ਗਈ ਹੈ। ਇਸ ਲਈ ਸਾਰੇ ਸਰਕਾਰੀ ਸਕੂਲਾਂ ਵਿੱਚ ਇਸ ਦਾ ਪ੍ਰਬੰਧ ਕੀਤਾ ਜਾਵੇ। ਸਕੂਲਾਂ ਨੂੰ ਲੋੜੀਂਦੀ ਮਾਤਰਾ ਵਿੱਚ ਫਰਨੀਚਰ ਅਤੇ ਬਲੈਕ ਬੋਰਡ ਆਦਿ ਵੀ ਮੁਹੱਈਆ ਕਰਵਾਉਣੇ ਚਾਹੀਦੇ ਹਨ। ਚੰਗਾ ਹੋਵੇਗਾ ਜੇਕਰ ਨਿੱਜੀ ਅਤੇ ਸਰਕਾਰੀ ਸਕੂਲਾਂ ਦਾ ਪਾਠ ਕ੍ਰਮ ਵੀ ਇਕੋ ਜਿਹਾ ਕੀਤਾ ਜਾਵੇ। ਸਿੱਖਿਆ ਦੇ ਪੱਖ ਤੋਂ ਕਿਸੇ ਵੀ ਵਿਦਿਆਰਥੀ ਨਾਲ ਕੋਈ ਪੱਖਪਾਤ ਨਹੀਂ ਹੋਣਾ ਚਾਹੀਦਾ। ਸਮਾਜਿਕ ਸਮਾਨਤਾ ਦਾ ਇਹੋ ਮੂਲ ਅਧਾਰ ਹੈ। ਸਰਕਾਰ ਨੂੰ ਸਾਰੇ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ਨੂੰ ਭਰੋਸੇ ਵਿੱਚ ਲੈ ਕੇ ਫੀਸਾਂ ਨੂੰ ਵਾਜ੍ਹਿਬ ਕਰਨ ਲਈ ਵੀ ਯਤਨ ਕਰਨੇ ਚਾਹੀਦੇ ਹਨ। ਪਾਠਕ੍ਰਮ ਨੂੰ ਵਿਕਸਤ ਕਰਨ ਦਾ ਕੰਮ ਅਕਸਰ ਸਿਫਰ ਹੁੰਦਾ ਹੈ, ਇਸ ਖੇਤਰ ਵਿਚ ਸਕੂਲ ਰਜ ਕੇ ਇਧਰੋਂ-ਉਧਰੋਂ ਨਕਲ ਮਾਰ ਕੇ ਬੁਤਾ ਸਾਰਨ ਦੀ ਗਲ ਕਰਦੇ ਹਨ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11