Saturday , 20 April 2019
Breaking News
You are here: Home » Editororial Page » ਨਿਰਾਸ਼ਾ ਦੇ ਦੌਰ ’ਚੋਂ ਗੁਜ਼ਰ ਰਹੇ ਪੰਜਾਬੀਆਂ ਦੀ ਫਿੱਕੀ ਦੀਵਾਲੀ

ਨਿਰਾਸ਼ਾ ਦੇ ਦੌਰ ’ਚੋਂ ਗੁਜ਼ਰ ਰਹੇ ਪੰਜਾਬੀਆਂ ਦੀ ਫਿੱਕੀ ਦੀਵਾਲੀ

ਇਸ ਵਾਰ ਦੀਵਾਲੀ ਦਾ ਤਿਉਹਾਰ ਪੰਜਾਬੀਆਂ ਲਈ ਨੀਰਸਤਾ ਵਾਲਾ ਸੀ।ਹਰ ਪਾਸੇ ਫੈਲੀ ਹੋਈ ਅਸ਼ਾਂਤੀ ਤੇ ਅਸਹਿਣਸ਼ੀਲਤਾ ਨੇ ਡਰ ਵਾਲਾ ਮਾਹੌਲ ਪੈਦਾ ਕੀਤਾ ਹੋਇਆ ਹੈ। ਹਰ ਬੰਦੇ ਦੇ ਅੰਦਰ ਚਾਅ ਤੇ ਉਮੰਗਾਂ ਹੁੰਦੀਆਂ ਹਨ ਜੋ ਵਿਅਕਤੀ ਤਿੱਥ-ਤਿਉਹਾਰਾਂ ਦੇ ਬਹਾਨੇ ਬਾਹਰ ਕੱਢਦਾ ਹੈ।ਜੇਕਰ ਅਸੀਂ ਪੰਜਾਬੀਆਂ ਦੇ ਸੁਭਾਅ ਦੀ ਗੱਲ ਕਰੀਏ ਤਾਂ ਉਹਨਾਂ ਅੰਦਰ ਖੁਸ਼ੀਆਂ ਹੀ ਇੰਨੀਆਂ ਮਚਲਦੀਆਂ ਹਨ ਕਿ ਉਹ ਤਾਂ ਨੱਚਣ ਟੱਪਣ ਦਾ ਬਹਾਨਾ ਹੀ ਭਾਲਦੇ ਰਹਿੰਦੇ ਹਨ।ਪਰ ਪੰਜਾਬ ਦੀ ਧਰਤੀ ‘ਤੇ ਆਰਥਿਕ,ਸਮਾਜਿਕ, ਰਾਜਨੀਤਕ ਤੇ ਸਮਾਜਿਕ ਖੇਤਰਾਂ ‘ਚ ਚੱਲ ਰਹੇ ਤਨਾਅ ਨੇ ਲੋਕਾਂ ਦੇ ਸਾਰੇ ਚਾਅ ਫਿੱਕੇ ਪਾ ਦਿੱਤੇ ਹਨ।ਧਾਰਮਿਕ ਖੇਤਰ ਦੀ ਗੱਲ ਕਰੀਏ ਤਾਂ ਸਿੱਖ ਧਰਮ ਦੇ ਸੁਪਰੀਮੋ ਤੇ ਲੋਕਾਂ ਲਈ ਅਥਾਹ ਸ਼ਰਧਾ ਦੇ ਪ੍ਰਤੀਕ ਸ਼੍ਰੀ ਗੁਰੁ ਗਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਜੁੜੀਆਂ ਖਬਰਾਂ ਦੀਆਂ ਸੁਰਖੀਆਂ ਦੀ ਸਿਆਹੀ ਅਜੇ ਸੁੱਕੀ ਨਹੀਂ।ਬਹਿਬਲ ਕਲਾਂ ਵਿਖੇ ਦੋ ਸਿੱਖ ਸੇਵਕਾਂ ਦੀ ਪੁਲਿਸ ਦੀਆਂ ਗੋਲੀਆਂ ਨਾਲ ਹੱਤਿਆ ਕਰਨ ਤੋਂ ਲੈਕੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦੇ ਵਿਧਾਨ ਸਭਾ ‘ਚ ਪੇਸ਼ ਕੀਤੇ ਜਾਣ ਤੱਕ ਵਾਪਰੇ ਘਟਨਾਕ੍ਰਮ ਦਾ ਵੱਡਾ ਚਿੱਠਾ ਹੈ ਜਿਸ ਬਾਰੇ ਜੋ ਵੀ ਪੰਜਾਬੀ ਘੋਖ ਕਰਦਾ ਹੈ ਤਾਂ ਉਸ ਅੰਦਰ ਰੋਹ ਭਰ ਜਾਂਦਾ ਹੈ। ਇਸ ਮੰਦਭਾਗੀ ਦੁਰਘਟਨਾ ਲਈ ਦੋਸ਼ੀ ਕਰਾਰ ਦਿੱਤੇ ਜਾ ਰਹੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਤੇ ਉਹਨਾਂ ਦਾ ਪਰਿਵਾਰ ਪੰਜਾਬੀ ਭਾਈਚਾਰੇ ‘ਚ ਆਪਣੀ ਗੁਆਚੀ ਸ਼ਾਖ ਬਹਾਲ ਕਰਨ ਲਈ ਨਿੱਤ ਨਵੇਂ ਪਾਪੜ ਵੇਲ ਰਿਹਾ ਹੈ।ਇਸ ਕੁਤਾਹੀ ਕਰਕੇ ਜਿੱਥੇ ਅਕਾਲੀ ਦਲ ਦੇ ਵੱਡੇ ਜਰਨੈਲ ਬਾਦਲ ਦਲ ਦਾ ਸਾਥ ਛੱਡ ਰਹੇ ਹਨ ਉਥੇ ਅਕਾਲੀ ਦਲ ਦੇ ਰਾਜਨੀਤਕ ਭਵਿੱਖ ‘ਤੇ ਵੀ ਪ੍ਰਸ਼ਨ ਚਿੰਨ੍ਹ ਲੱਗ ਚੁੱਕਾ ਹੈ।ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਪੰਥਕ ਧਿਰਾਂ ਵੱਲੋਂ ਬਰਗਾੜੀ ਵਿਖੇ ਚਲਾਏ ਜਾ ਰਹੇ ਮੋਰਚੇ ਨੂੰ ਪੰਜ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ ਪਰ ਗੱਲ ਅਜੇ ਕਿਸੇ ਤਣ-ਪੱਤਣ ਨਹੀਂ ਲੱਗੀ ਤੇ ਲੋਕ ਦੁਬਿਧਾ ਦੇ ਆਲਮ ‘ਚ ਹਨ ਕਿ ਉਹਨਾਂ ਦੇ ਸਤਿਕਾਰਤ ਗ੍ਰੰਥ ਦੀ ਬੇ-ਅਦਬੀ ਕਰਨ ਵਾਲਆਂਿ ਨੂੰ ਸਜ਼ਾ ਕਦੋਂ ਮਿਲੇਗੀ ? ਪੰਜਾਬ ਦੀ ਮੁੱਖ ਵਿਰੋਧੀ ਰਾਜਨੀਤਕ ਧਿਰ ਆਮ ਆਦਮੀ ਪਾਰਟੀ ਜਿਸ ਤੋਂ ਲੋਕਾਂ ਬਹੁਤ ਉਮੀਦਾਂ ਸਨ ਵੀ ਬੁਰੀ ਤਰਾਂ ਖਾਨਾਜੰਗੀ ਦਾ ਸ਼ਿਕਾਰ ਹੋ ਖਾਤਮੇ ਦੀਆਂ ਬਰੂਹਾਂ ‘ਤੇ ਹੈ ।ਆਰਥਿਕ ਖੇਤਰ ਦੀ ਗੱਲ ਕਰੀਏ ਤਾਂ ਮਹਿੰਗਾਈ ਨੇ ਸਮਾਜ ਦੇ ਹਰ ਵਰਗ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ ਤੇ ਵੱਧਦੀਆਂ ਕੀਮਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਤੇ ਲੋਕ ਮੋਦੀ ਦੇ ਅੱਛੇ ਦਿਨਾਂ ਨੂੰ ਕੋਸ ਰਹੇ ਹਨ।ਪੰਜਾਬ ਦਾ ਮੁਲਾਜ਼ਮ,ਮਜ਼ਦੂਰ ਤੇ ਕਿਸਾਨ ਵਰਗ ਘੋਰ ਨਿਰਾਸ਼ਾ ਦੇ ਦੌਰ ‘ਚੋਂ ਗੁਜ਼ਰ ਰਿਹਾ ਹੈ। ਅਧਿਆਪਕ ਆਪਣੀਆਂ ਘਟਾਈਆਂ ਤਨਖਾਹਾਂ ਨੂੰ ਬਹਾਲ ਕਰਵਾਉਣ ਲਈ ਸੜਕਾਂ ‘ਤੇ ਹਨ ਤੇ ਦੁਸਰੇ ਪਾਸੇ ਪੰਜਾਬ ਦਾ ਸਮੁੱਚਾ ਮੁਲਾਜ਼ਮ ਵਰਗ ਕੈਪਟਨ ਸਰਕਾਰ ਵੱਲੋਂ ਜਾਮ ਕੀਤੀਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜ਼ਾਰੀ ਕਰਵਾਉਣ ਲਈ ਸੰਘਰਸ਼ ਕਰ ਰਿਹਾ ਹੈ। ਉਤੋਂ ਸਿਤਮਜੀਫੀ ਇਹ ਹੈ ਕਿ ਸਰਕਾਰ ਹਰ ਮੁਲਾਜ਼ਮ ਦੀ ਜੇਬ ‘ਤੇ 200 ਰੁਪਏ ਦੀ ਕੈਂਚੀ ਪਹਿਲਾਂ ਹੀ ਚਲਾ ਚੁੱਕੀ ਹੈ ਤੇ ਇਹ ਜ਼ਜ਼ੀਆ ਕਰ 1000 ਰੁਪਏ ਤੱਕ ਲਾਗੂ ਕਰਨ ਦੀਆਂ ਅਫਵਾਹਾਂ ਦਾ ਬਜ਼ਾਰ ਵੀ ਗਰਮ ਹੈ।ਸਰਕਾਰੀ ਵਿਭਾਗਾਂ ‘ਚ ਵੱਡੀ ਗਿਣਤੀ ‘ਚ ਪੋਸਟਾਂ ਦੀ ਘਾਟ ਕਾਰਨ ਲੋਕਾਂ ਦੇ ਜ਼ਰੂਰੀ ਕੰਮਾਂ ਵਾਲੀਆਂ ਫਾਈਲਾਂ ਬਾਬੂਆਂ ਦੇ ਮੇਜ਼ਾਂ ‘ਤੇ ਧੀਮੀ ਗਤੀ ਨਾਲ ਚੱਲ ਰਹੀਆਂ ਹਨ। ਕਿਸਾਨ ਵਰਗ ਦੀ ਗੱਲ ਕਰੀਏ ਤਾਂ ਸਰਕਾਰ ਪਰਾਲੀ ਨਾ ਸਾੜਨ ਲਈ ਕਹਿ ਰਹੀ ਹੈ ਤੇ ਇਸ ਨੂੰ ਰੋਕਣ ਲਈ ਫੀਲਡ ‘ਚ ਅਫਸਰਾਂ ਤੇ ਮੁਲਾਜ਼ਮਾਂ ਦੀ ਵੱਡੀ ਗਿਣਤੀ ‘ਚ ਡਿਊਟੀ ਵੀ ਲਾਈ ਹੈ ਪਰ ਹਾਲ ਦੀ ਘੜੀ ਸ਼ਿਵਾਏ ਟਕਰਾਅ ਤੋਂ ਇਸ ਮਸਲੇ ‘ਤੇ ਕੋਈ ਸਾਰਥਿਕ ਪ੍ਰਣਾਮ ਸਾਹਮਣੇ ਨਹੀਂ ਆਏ ਤੇ ਅੰਬਰ ‘ਤੇ ਮੋਟੇ ਧੂੰਏਂ ਦਾ ਗਿਲਾਫ ਚੜ੍ਹਿਆ ਪਿਆ ਹੈ ਜਿਸ ਨਾਲ ਰੋਜ਼ ਸੜਕ ਹਾਦਸੇ ਹੋ ਰਹੇ ਹਨ ਤੇ ਪ੍ਰਦੂਸ਼ਣ ਕਾਰਨ ਡਾਕਟਰਾਂ ਕੋਲ ਸਾਹ,ਦਮੇਂ ,ਬੁਖਾਰ ਆਦਿ ਬੀਮਾਰੀਆਂ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ ।ਤਿਉਹਾਰਾਂ ਦੀ ਗੱਲ ਕਰੀਏ ਤਾਂ ਇਹ ਹੁੰਦੇ ਤਾਂ ਲੋਕਾਂ ਦੀ ਜ਼ਿੰਦਗੀ ‘ਚ ਖੁਸ਼ੀ ਭਰਨ ਲਈ ਪਰ ਅੰਮ੍ਰਿਤਸਰ ਦੇ ਦੁਸ਼ਹਿਰੇ ਦੌਰਾਨ ਵਾਪਰੀ ਰੇਲ ਦੁਰਘਟਨਾ ਦੀ ਚੀਸ ਲੋਕਾਂ ਦੇ ਮਨਾਂ ਅੰਦਰੋਂ ਅਜੇ ਗਈ ਨਹੀਂ ਜਿੱਥੇ ਅਨੇਕਾਂ ਬੇਕਸੂਰ ਰੇਲ ਗੱਡੀ ਨੇ ਦਰੜ ਦਿੱਤੇ।ਤਿਉਹਾਰਾਂ ਦੇ ‘ਕੱਠਾਂ ਸਮੇਂ ਵਾਪਰਦੀਆਂ ਅਜਿਹੀਆਂ ਘਟਨਾਵਾਂ ਨੇ ਆਮ ਆਦਮੀ ਦੇ ਮਨ ਅੰਦਰ ਇਂਨਾਂ ਕੁ ਖੌਫ ਪੈਦਾ ਕੀਤਾ ਹੈ ਕਿ ਲੋਕ ਸਮੇਂ ਸਿਰ ਬੂਹਾ ਬੰਦ ਕਰ ਘਰ ਦੀ ਚਾਰ-ਦੀਵਾਰੀ ਅੰਦਰ ਹੀ ਤਿਉੁਹਾਰ ਮਨਾਉਣ ‘ਚ ਖੁਦ ਤੇ ਪਰਿਵਾਰ ਨੂੰ ਮਹਿਫੂਜ ਸਮਝਦੇ ਹਨ।ਲੋਕਤੰਤਰ ‘ਚ ਲੋਕ ਵੋਟਾਂ ਪਾ ਕੇ ਸਰਕਾਰ ਚੁਣਦੇ ਹਨ ਤੇ ਸਰਕਾਰ ਤੋਂ ਸਹੂਲਤਾਂ ਲੈਣ ਦਾ ਪੂਰਾ-ਪੂਰਾ ਹੱਕ ਵੀ ਰੱਖਦੇ ਹਨ।ਉਪਰੋਕਤ ਹਾਲਤਾਂ ‘ਚੋਂ ਗੁਜ਼ਰ ਰਹੇ ਪੰਜਾਬੀ ਬੇਹੱਦ ਨਿਰਾਸ਼ਾ ਦੇ ਆਲਮ ‘ਚ ਹਨ ਤੇ ਉਹਨਾਂ ਨੂੰ ਕੋਈ ਵੀ ਅਜਿਹਾ ਨਜ਼ਰ ਨਹੀਂ ਆ ਰਿਹਾ ਜੋ ਡੁੱਬਦੀ ਬੇੜ੍ਹੀ ਨੂੰ ਸਹਾਰਾ ਦੇ ਸਕੇ। ਸਰਸਰੀ ਨਜ਼ਰ ਮਾਰਿਆਂ ਹੀ ਪਤਾ ਲੱਗਦਾ ਹੈ ਕਿ ਲੋਕਾਂ ਦੀ ਮਾਨਸਿਕ ਤੇ ਸਰੀਰਕ ਤੰਦਰੁਸਤੀ ਦੀ ਗੱਲ ਤਾਂ ਛੱਡੋਂ ਸਰਕਾਰ ਉਹਨਾਂ ਦੀ ਕੁੱਲੀ,ਗੁੱਲੀ ਤੇ ਜੁੱਲੀ ਦੀਆਂ ਮੁੱਢਲੀਆਂ ਲੋੜਾਂ ਪ੍ਰਤੀ ਵੀ ਸੁਹਿਰਦ ਨਹੀਂ ਹੈ , ਜਿਸ ਕਰਕੇ ਹਾਕਮ ਸਰਕਾਰ ਵਿਰੋਧੀ ਧਰਨੇ-ਮੁਜ਼ਾਹਾਰਿਆਂ ਤੋਂ ਬੇ-ਖਬਰ ਹਨ।ਵਿਸ਼ਵ ਸਿਹਤ ਸੰਗਠਨ ਨੇ ਵਿਅਕਤੀ ਦੇ ਨੌਂ-ਬਰ-ਨੌਂ ਹੋਣ ਬਾਰੇ ਦਿੱਤੀ ਪ੍ਰੀਭਾਸ਼ਾ ‘ਚ ਕਿਹਾ ਹੈ ਕਿ ਕੇਵਲ ਕਿਸੇ ਬਿਮਾਰੀ ਦੀ ਅਣਹੋਂਦ ਹੀ ਤੰਦਰੁਸਤੀ ਨਹੀਂ ਬਲਕਿ ਨਾਗਰਿਕਾਂ ਦਾ ਸਰੀਰਕ,ਮਾਨਸਿਕ ਤੇ ਸਮਾਜਿਕ ਤੌਰ ਤੇ ਸੰਤੁਲਿਤ ਹੋਣਾ ਜ਼ਰੂਰੀ ਹੈ।ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਸਾਰੇ ਨਾਗਰਿਕਾਂ ਨੂੰ ਅਜਿਹਾ ਮਾਹੌਲ ਦੇਵੇ ਤਾਂ ਜੋ ਉਹ ਤਿਉਹਾਰਾਂ ਨੂੰ ਮਾਣਨ ਤੇ ਉਹਨਾਂ ਦੀ ਜ਼ਿੰਦਗੀ ਰੰਗਦਾਰ ਹੋਵੇ , ਅਜਿਹਾ ਹੋਣ ਨਾਲ ਹੀ ਆਸੇ-ਪਾਸੇ ਸ਼ਾਂਤੀ,ਸਦਭਾਵਨਾ ਤੇ ਹੁਲਾਸ ਵਾਲਾ ਵਾਤਾਵਰਨ ਪੈਦਾ ਕੀਤਾ ਜਾ ਸਕਦਾ ਹੈ।

Comments are closed.

COMING SOON .....


Scroll To Top
11