Monday , 14 October 2019
Breaking News
You are here: Home » Editororial Page » ਨਾਰੀ ਨੇਤਰਵ ਦੇ ਸੋਕੇ ‘ਚ ਮੌਲਦੀ ਵੇਲ੍ਹ- ਸਾਹਿਤ ਸੁਮੇਲ

ਨਾਰੀ ਨੇਤਰਵ ਦੇ ਸੋਕੇ ‘ਚ ਮੌਲਦੀ ਵੇਲ੍ਹ- ਸਾਹਿਤ ਸੁਮੇਲ

ਵਿਸ਼ਵ ਦੇ ਵਿਕਸਿਤ ਦੇਸ਼ਾਂ ਵਿੱਚ ਜਿਥੇ ਲਿੰਗਕ ਅਸਮਾਨਤਾ ਅਤੇ ਮਰਦਾਵੀਂ ਇਜਾਰੇਦਾਰੀ ਨੂੰ ਤੋੜਦਿਆਂ ਪ੍ਰਤਿਭਾਵਾਨ ਔਰਤਾਂ ਨੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ, ਉਥੇ ਭਾਰਤੀ ਸਮਾਜਿਕ ਵਿਵਸਥਾ ਵਿੱਚ ਸਥਾਪਿਤ ਰੂੜ੍ਹੀਵਾਦੀ ਕਦਰਾਂ-ਕੀਮਤਾਂ ਅਤੇ ਜਗੀਰੂ ਨਜ਼ਰੀਏ ਨੇ ਭਾਰਤੀ ਔਰਤ ਨੂੰ ਛੇਤੀ ਕਿਤੇ ਸਦਾਰਤ ਕਰਨ ਦਾ ਮੌਕਾ ਨਹੀਂ ਦਿੱਤਾ, ਬੇਸ਼ੱਕ ਕੁੱਝ ਔਰਤਾਂ ਆਪਣੇ ਤੀਖਣ ਪ੍ਰਭਾਵ, ਲਾਜਵਾਬ ਹੁਨਰ ਅਤੇ ਮੌਕਿਆਂ ਦੀ ਸੁਯੋਗਤਾ ਨਾਲ ਵਰਤੋਂ ਕਰਦੀਆਂ ਅੱਗੇ ਆਈਆਂ ਹਨ । ਫਿਰ ਵੀ ਪੜ੍ਹ ਲਿਖ ਕੇ ਔਰਤਾਂ ਲਈ ਨੇਤਵ ਕਰਨ ਦੇ ਮੌਕੇ ਬਹੁਤ ਘੱਟ ਹਨ । ਜੇਕਰ ਕਿਤੇ ਸੰਵਿਧਾਨਿਕ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਜਿਹੀ ਸਥਿਤੀ ਆਉਂਦੀ ਵੀ ਹੈ ਤਾਂ ਬਹੁਤੀ ਵਾਰ ਉਸ ਔਰਤ ਦਾ ਪਤੀ ਜਾਂ ਪਿਤਾ ਉਸਦੇ ਅਧਿਕਾਰਾਂ ਦੀ ਅਸਿੱਧੇ ਰੂਪ ਵਰਤੋਂ ਕਰਦਾ ਹੋਇਆ ਸੱਤਾਧਾਰੀ ਬਣ ਜਾਂਦਾ ਹੈ । ਉਦਹਾਰਨ ਵਜੋਂ ਪਿੰਡਾਂ ਵਿੱਚ ਸਰਪੰਚ ਬਣੀਆਂ ਬਹੁਗਿਣਤੀ ਔਰਤਾਂ ਰੱਬੜ ਦੀ ਮੋਹਰ ਤੇ ਹੀ ਅੰਕਿਤ ਹਨ ਤੇ ਇਹ ਮੋਹਰ ਉਨ੍ਹਾਂ ਦੇ ਪਤੀ ਦੀ ਜੇਬ ਵਿੱਚ ਹੀ ਪਈ ਹੁੰਦੀ ਹੈ । ਇਥੋਂ ਤੱਕ ਕਿ ਵਿਦੇਸ਼ਾਂ ਵਿੱਚ ਆ ਕੇ ਵੀ ਸਾਡੀਆਂ ਬਹੁਤੀਆਂ ਸੰਸਥਾਵਾਂ ਤੇ ਮਰਦਾਂ ਦਾ ਕਬਜ਼ਾ ਬਰਕਰਾਰ ਹੈ। ਮੰਦਰਾਂ-ਗੁਰਦੁਆਰਿਆਂ ਦੀਆਂ ਕਮੇਟੀਆਂ ਵਿੱਚ, ਸਮਾਜਿਕ ਅਤੇ ਸਾਹਿਤਕ ਸੰਸਥਾਵਾਂ ਵਿੱਚ ਔਰਤਾਂ ਦੀ ਨੁੰਮਾਇੰਦਗੀ ਨਾਂ-ਮਾਤਰ ਹੀ ਹੈ।
ਪਿਤਰਕੀ ਸੱਤਾ ਦੀ ਰਹਿੰਦ-ਖੂੰਹਦ ਵਿੱਚ ਜਿਥੇ ਵੀ ਕੋਈ ਔਰਤ ਉੱਪਰ ਉੱਠ ਕੇ ਮੁੱਖ ਭੂਮਿਕਾ ਵਿੱਚ ਹੁੰਦੀ ਹੈ, ਉਸ ਨੂੰ ਸਜਦਾ ਕਰਨਾ ਹਰ ਪ੍ਰਗਤੀਵਾਦੀ ਸ਼ਖਸ ਦਾ ਨੈਤਿਕ ਕਰਤੱਵ ਹੈ । ਸਾਹਿਤ ਵਿੱਚ ਔਰਤ ਦੀਆਂ ਦੱਬੀਆਂ ਭਾਵਨਾਵਾਂ, ਟੁੱਟੇ ਅਰਮਾਨਾਂ ਅਤੇ ਅਧਵਾਟੇ ਰਹਿ ਗਏ ਪਿਆਰ ਦੀ ਸੁਰ ਬਹੁਤ ਜ਼ਿਆਦਾ ਅਭਿਵਿਅਕਤ ਹੋਈ ਹੈ । ਜਦ ਕਿ ਔਰਤ ਦੀ ਨਾਬਰੀ ਅਤੇ ਬਰਾਬਰੀ ਦੀ ਆਵਾਜ਼ ਉਠਾਉਣ ਵਾਲੀਆਂ ਲੇਖਿਕਾਵਾਂ ਬਹੁਤ ਘੱਟ ਹਨ । ਨਾਰੀ ਸਾਹਿਤਕਾਰਾਂ ਵਿੱਚ ਸਵਾਲ ਕਰਨ ਅਤੇ ਵੰਗਾਰਨ ਦਾ ਮਾਦਾ ਹੀ ਸਮਾਜ ਵਿੱਚ ਮਰਦਾਵੀਂ ਹਕੂਮਤ ਤਹਿਤ ਨਰਕ ਹੰਢਾ ਰਹੀਆਂ ਔਰਤਾਂ ਲਈ ਚਿੰਤਨ ਦੀ ਭਰਪੂਰਤਾ ਅਤੇ ਨਜ਼ਰੀਏ ਦਾ ਨਿਰੋਆਪਣ ਲੈ ਕੇ ਆਵੇਗਾ । ਪੱਛਮੀ ਦੇਸ਼ਾਂ ਦੀਆਂ ਔਰਤ ਨੇ ਧਾਰਮਿਕ ਗ੍ਰੰਥਾਂ ਦੀ ਪਾਠ-ਪੂਜਾ ਦੀ ਬਜਾਏ ਅਗਾਂਹਵਧੂ ਸਾਹਿਤ ਪਠਣ ਅਤੇ ਸਿਰਜਣਾ ਨਾਲ ਹੀ ਕ੍ਰਾਂਤੀਕਾਰੀ ਤਬਦੀਲੀਆਂ ਦੀ ਨੀਂਹ ਰੱਖੀ ਹੈ । ਪਰ ਇਸ ਦੀ ਨਿਸਬਤ ਅਜੇ ਭਾਰਤੀ ਔਰਤਾਂ ਦਾ ਬਹੁਤ ਹੀ ਥੋੜਾ ਹਿੱਸਾ ਉਸਾਰੂ ਅਤੇ ਜੁਝਾਰੂ ਸਾਹਿਤ ਨਾਲ ਜੁੜਿਆ ਹੋਵੇਗਾ ।
ਇਸ ਨਿਰਾਸ਼ਾ ਦੇ ਮਾਰੂਥਲ ਵਿੱਚ ਕਿਤੇ ਕਿਤੇ ਨਜ਼ਰ ਆਉਂਦੇ ਨਖ਼ਲਿਸਤਾਨ ਨਜ਼ਰਾਂ ਨੂੰ ਤਰਾਵਤ ਬਖ਼ਸ਼ਦੇ ਹਨ । ਔਰਤਾਂ ਦੀ ਅਜ਼ਮਤ ਦਾ ਇਕ ਨਿਵੇਕਲਾ ਮੁਕਾਮ ਸਾਊਥ ਆਸਟਰੇਲੀਆ ਦੀ ਧਰਤੀ ਤੇ ਸਿਰਜਿਆ ਗਿਆ ਹੈ । ਇਥੋਂ ਦੇ ਮੁੱਖ ਸ਼ਹਿਰ ਐਡੀਲੇਡ ਵਿਖੇ ਇਹ ਸਾਲ ਮੁਬਾਰਕ ਚੜ੍ਹਿਆ ਹੈ, ਜਦੋਂ ਕੁੱਝ ਜ਼ਹੀਨ ਅਤੇ ਦੂਰਅੰਦੇਸ਼ ਔਰਤਾਂ ਨੇ ਰਲਕੇ ਇਕ ਸਾਹਿਤਕ ਸੰਸਥਾ ‘ਸਾਹਿਤ ਸੁਮੇਲ’ ਦਾ ਗਠਨ ਕੀਤਾ ਹੈ । ਸਾਹਿਤ ਸੁਮੇਲ ਜਿਸ ਦੀ ਨੀਂਹ ਰੱਖਣ ਵਾਲੀਆਂ ਪੰਜੇ ਔਰਤਾਂ ਹੀ ਹਨ, ਜੋ ਹਰ ਸਮਾਗਮ ਦੀ ਰੂਪ-ਰੇਖਾ, ਖਾਣ-ਪੀਣ ਦਾ ਪ੍ਰਬੰਧ, ਸਟੇਜ ਸੰਚਾਲਨ, ਵਿੱਤੀ ਪ੍ਰਬੰਧ ਆਦਿ ਸਾਰੇ ਹੀ ਕਾਰਜ ਖ਼ੁਦ ਕਰਦੀਆਂ ਹਨ। ਸਾਲ 2019 ਦੇ ਸ਼ੁਰੂ ਵਿੱਚ ਪੰਜਾਬ ਭਵਨ ਸਰੀ ਕਨੇਡਾ ਦੀ ਟੀਮ ਜਦੋਂ ਸੁੱਖੀ ਬਾਠ ਜੀ ਅਗਵਾਈ ਵਿੱਚ ਆਸਟਰੇਲੀਆ ਆਈ ਸੀ ਤਾਂ ਇਸ ਤਹਿਤ ਸੈਮੀਨਾਰ ਦਾ ਆਯੋਜਨ ਕਰਵਾਉਣਾ ‘ਸਾਹਿਤ ਸੁਮੇਲ’ ਦਾ ਪਹਿਲਾ ਪਲੇਠਾ ਕਦਮ ਸੀ । ਇਸ ਤੋਂ ਬਾਅਦ ਇਸ ਦੀ ਟੀਮ ਨੇ ਨਿਰੰਤਰ ਮਿਆਰੀ ਅਤੇ ਗੁਣਵੱਤਾਪੂਰਨ ਸਮਾਗਮ ਜਾਰੀ ਰੱਖੇ ਹਨ । ਸਾਹਿਤ ਸੁਮੇਲ ਦਾ ਖਿਆਲ ਐਡੀਲੇਡ ਵੱਸਦੀ ਸ਼ਾਇਰਾ ਸੁਰਿੰਦਰ ਸਿਦਕ ਦੇ ਜ਼ਿਹਨ ਵਿੱਚ ਆਇਆ ਸੀ, ਜੋ ਕਿ ਖ਼ੁਦ ਸਮਰੱਥ ਗ਼ਜ਼ਲਕਾਰਾ ਹਨ । ਪੰਜਾਬੀ ਸਾਹਿਤ ਜਗਤ ਦੀ ਝੋਲੀ ਦੋ ਗ਼ਜ਼ਲ ਸੰਗ੍ਰਹਿ ‘ਰੂਹ ਦੀ ਗਾਨੀ’ ਅਤੇ ‘ਕੁੱਝ ਤਾਂ ਕਹਿ’ ਪਾਉਣ ਵਾਲੀ ਸਿਦਕ ਪੰਜਾਬ ਵਿੱਚ ਲੈਕਚਰਾਰ ਦੀ ਨੌਕਰੀ ਕਰਦੀ ਸੀ ਅਤੇ ਅੱਜਕੱਲ ਨਰਸਿੰਗ ਦੇ ਖੇਤਰ ਵਿੱਚ ਕੰਮ ਕਰ ਰਹੀ ਹੈ । ਸੰਸਥਾ ਦੀ ਜਨਰਲ ਸਕੱਤਰ ਗੁਰਪ੍ਰੀਤ ਕੌਰ ਭੰਗੂ ਜਿਸਦੀਆਂ ਗ਼ਜ਼ਲਾਂ ਸਾਂਝੀ ਪੁਸਤਕ ‘ਜਗਦੇ ਹਰਫ਼ਾਂ ਦੀ ਡਾਰ’ ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਵਿੱਦਿਅਕ ਯੋਗਤਾ ਵਜੋਂ ਸੂਚਨਾ ਤਕਨੋਲਜੀ ਵਿੱਚ ਪੋਸਟ ਗਰੇਜੂਏਟ ਹੈ।ਸੰਸਥਾ ਦੀ ਕੈਸ਼ੀਅਰ ਡਾ. ਨਵਨੀਤ ਕੌਰ ਖਹਿਰਾ ਜੋ ਕਿ ਪੰਜਾਬ ਵਿੱਚ ਡੈਂਟਿਸਟ ਵਜੋਂ ਪ੍ਰੈਕਟਿਸ ਕਰਦੀ ਸੀ, ਇਸ ਵੇਲੇ ਐਡੀਲੇਡ ਵਿੱਚ ਇਕ ਰਜਿਸਟਰ ਨਰਸ ਵਜੋਂ ਕੰਮ ਕਰ ਰਹੀ ਹੈ । ਸਾਹਿਤ ਸੁਮੇਲ ਦੇ ਜਾਇੰਟ ਸੈਕਟਰੀ ਮਿਸਜ਼ ਨਿਕਿਤਾ ਮਿਸਟਰੀ ਜੋ ਕਿ ਸਟੇਜ ਸੰਚਾਲਨ ਦਾ ਕਾਰਜਭਾਰ ਸੰਭਾਲ਼ਦੇ ਹਨ, ਫ਼ੈਸ਼ਨ ਡੀਜਾਈਨਿੰਗ ਦੇ ਖੇਤਰ ਵਿਚ ਕੰਮ ਕਰਦੇ ਹਨ ਅਤੇ ਮਾਸ ਕਮਿਊਨੀਕੇਸ਼ਨ ਵਿੱਚ ਪੋਸਟ ਗਰੇਜੂਏਟ ਹਨ । ਸੰਸਥਾ ਦੀ ਅਧਿਕਾਰਿਤ ਪ੍ਰਵਕਤਾ ਪ੍ਰੋ. ਮਨਦੀਪ ਕੌਰ ਬੁੱਟਰ ਜੋ ਕਿ ਪੀ ਐਚ ਡੀ ਤੱਕ ਦੀ ਉੱਚ ਯੋਗਤਾ ਧਾਰੀ ਹਨ, ਖਾਲਸਾ ਕਾਲਜ ਬੇਗੋਵਾਲ ਪੰਜਾਬ ਵਿੱਚ ਅਸਿਸਟੈਂਟ ਪ੍ਰੋਫੈਸਰ ਰਹੇ ਹਨ । ਉਸ ਦੀਆਂ ਆਲੋਚਨਾ ਅਤੇ ਸੰਪਾਦਨਾ ਦੀਆਂ 6 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਆਸਟਰੇਲੀਅਨ ਪੰਜਾਬੀਆਂ ਦੀ ਇਹ ਪਹਿਲੀ ਅਜਿਹੀ ਸੰਸਥਾ ਹੈ ਜੋ ਪੂਰਨ ਰੂਪ ਵਿਚ ਔਰਤਾਂ ਨੇ ਹੀ ਬਣਾਈ ਹੈ ਅਤੇ ਔਰਤ ਪ੍ਰਤੀਨਿਧੀਆਂ ਦੁਆਰਾ ਹੀ ਸੁਤੰਤਰ ਰੂਪ ਵਿਚ ਕੰਮ ਕਰ ਰਹੀ ਹੈ । ਆਸਟਰੇਲੀਆ ਵਿਚ ਪੰਜਾਬੀ ਸਾਹਿਤ ਦੇ ਪਾਸਾਰ ਅਤੇ ਵਿਕਾਸ ਲਈ ਅਜਿਹੀਆਂ ਸੰਸਥਾਵਾਂ ਦੀ ਬਹੁਤ ਜਰੂਰਤ ਹੈ, ਤਾਂ ਜੋ ਘਰਾਂ ਦੀਆਂ ਰਸੋਈਆਂ ਤੋਂ ਨਿਕਲ ਕੇ ਔਰਤਾਂ ਕੇਵਲ ਦਫ਼ਤਰਾਂ ਤੱਕ ਦੇ ਸਫ਼ਰ ਤਾਈਂ ਹੀ ਨਾ ਸੀਮਤ ਰਹਿ ਜਾਣ।ਭਾਰਤੀ ਪਰਿਵਾਰ ਵਿੱਚ ਵੇਤਨ ਦੇ ਵਿਕਲਪ ਦੇ ਨਾਲ ਨਾਲ ਸਮਾਜ ਦੀ ਫਿਕਰਮੰਦੀ ਵੀ ਉਸ ਦੇ ਜੀਵਨ ਦਾ ਹਿੱਸਾ ਹੋਣੀ ਚਾਹੀਦੀ ਹੈ । ਸਮਾਜ ਦੀ ਬਿਹਤਰੀ ਅਤੇ ਬਹੁਪੱਖੀ ਪ੍ਰਗਤੀ ਲਈ ਔਰਤਾਂ ਦੀ ਸ਼ਮੂਲੀਅਤ ਅਦਾਰਿਆਂ ਅਤੇ ਸੰਸਥਾਵਾਂ ਵਿਚ ਵੀ ਭਰਵੀਂ ਚਾਹੀਦੀ ਹੈ । ਔਰਤ ਦੀ ਮੁਕਤੀ ਅਤੇ ਆਜ਼ਾਦੀ ਦੇ ਅਸਲੀ ਅਰਥ ਫੈਸਲੇ ਲੈਣ ਵਾਲੀਆਂ ਸੰਸਥਾਵਾਂ ਵਿਚ ਉਸ ਦੀ ਅਗਵਾਈ ਅਤੇ ਰਹਿਨੁਮਾਈ ਨਾਲ ਜੁੜੇ ਹਨ । ਕਾਮਨਾ ਕਰਦੇ ਹਾਂ ਕਿ ਇਹ ਹਰਿਆਵਲ ਦਸਤਾ ਹੋਰ ਵੱਡਾ ਹੋਵੇ, ਹੋਰ ਯੋਜਨਾਬੱਧ ਹੋਵੇ ਅਤੇ ਹੋਰ ਉੱਚੀਆਂ ਬੁਲੰਦੀਆਂ ਨੂੰ ਛੂਹਵੇ ।

Comments are closed.

COMING SOON .....


Scroll To Top
11