Thursday , 19 July 2018
Breaking News
You are here: Home » EDITORIALS » ਨਾਨਕ ਪੀਰ ਦੀ ਐਫ.ਡੀ. ਭੰਨਾ ਰਹੇ ਨੇ ਇਹ ਲੋਕ

ਨਾਨਕ ਪੀਰ ਦੀ ਐਫ.ਡੀ. ਭੰਨਾ ਰਹੇ ਨੇ ਇਹ ਲੋਕ

ਪਿਛਲੇ ਦਿਨੀਂ ਐਨ.ਡੀ.ਟੀ.ਵੀ ਦੇ ਪ੍ਰਸਿੱਧ ਐਂਕਰ ਸ਼੍ਰੀ ਰਵੀਸ਼ ਕੁਮਾਰ ਨੇ ਇਕ ਵਿਸ਼ੇਸ਼ ਪ੍ਰੋਗਰਾਮ ਬੰਗਲਾ ਸਾਹਿਬ ਦੀ ਲੰਗਰ ਸੇਵਾ ਬਾਰੇ ਕੀਤਾ। ਰਵੀਸ਼ ਕੁਮਾਰ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ ਕੇ ਦੇ ਹਵਾਲੇ ਨਾਲ ਦੱਸਿਆ ਕਿ ਹਿੰਦੋਸਤਾਨ ਦੀ ਰਾਜਧਾਨੀ ਵਿੱਚ ਦੇਸ਼ ਦੇ ਕੋਨੇ-ਕੋਨੇ ਤੋਂ ਲੋਕ ਆਪਣੀਆਂ ਮੰਗਾਂ ਮਨਵਾਉਣ ਲਈ ਧਰਨੇ ਪ੍ਰਦਰਸ਼ਨ ਕਰਨ ਜੰਤਰ-ਮੰਤਰ ’ਤੇ ਆਉਂਦੇ ਹਨ ਅਤੇ ਬੰਗਲਾ ਸਾਹਿਬ ਵਿਖੇ ਹਜ਼ਾਰਾਂ ਪ੍ਰਦਰਸ਼ਨਕਾਰੀ ਆ ਕੇ ਪ੍ਰਸ਼ਾਦੇ ਛੱਕਦੇ ਹਨ ਅਤੇ ਬੰਗਲਾ ਸਾਹਿਬ ਤੋਂ ਹਜ਼ਾਰਾਂ ਬੰਦਿਆਂ ਨੂੰ ਲੰਗਰ ਟੈਂਪੂੰਆਂ ਰਾਹੀਂ ਜੰਤਰ-ਮੰਤਰ ਲਿਜਾਕੇ ਛਕਾਇਆ ਜਾਂਦਾ ਹੈ। ਲੰਗਰ ਛੱਕਣ ਵਾਲੇ ਕਾਂਗਰਸੀ, ਕਾਮਰੇਡ, ਕਿਸਾਨ, ਸਾਬਕਾ ਫੌਜੀ, ਬੇਰੁਜ਼ਗਾਰ, ਵਿਕਲਾਂਗ ਗੱਲ ਕੀ ਸਮਾਜ ਦੇ ਹਰ ਵਰਗ ਦੇ ਲੋਕ ਹੁੰਦੇ ਹਨ। ਰਵੀਸ਼ ਕੁਮਾਰ ਨੇ ਅਜੈ ਮਾਕਨ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੇਤਾਵਾਂ ਦੇ ਬੇਨਤੀ ਪੱਤਰਾਂ ਵਾਲੀ ਫਾਈਲ ਵਿਖਾਉਂਦੇ ਹੋਏ ਇਹ ਦੱਸਿਆ ਕਿ ਬਾਬਾ ਨਾਨਕ ਦੇ ਘਰ ਵਿੱਚ ਪਾਰਟੀ, ਜਾਤ ਅਤੇ ਧਰਮ ਦੇ ਨਾਮ ’ਤੇ ਕੋਈ ਵਿਤਕਰਾ ਨਹੀਂ। ਜੋ ਵੀ ਗੁਰਦੁਆਰਾ ਸਾਹਿਬ ਵਿੱਚ ਆ ਗਿਆ ਉਸ ਨੂੰ ਸੰਗਤ ਦੇ ਰੂਪ ਵਿੱਚ ਹੀ ਵੇਖਿਆ ਜਾਂਦਾ ਹੈ।
ਰਵੀਸ਼ ਦੇ ਇਸ ਪ੍ਰੋਗਰਾਮ ਨੇ ਇਕ ਵਾਰ ਫਿਰ ਸਿੱਖਾਂ ਦੀ ਲੰਗਰ ਸੇਵਾ ਬਾਰੇ ਲੋਕਾਂ ਦਾ ਧਿਆਨ ਖਿਚਿਆ ਹੈ। ਇਹ ਤਾਂ ਦੇਸ਼ ਦੀ ਰਾਜਧਾਨੀ ਦਿੱਲੀ ਦੀ ਗੱਲ ਹੈ ਪਰ ਸੱਚ ਤਾਂ ਇਹ ਹੈ ਕਿ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਕਿਸੇ ਵੀ ਕਿਸਮ ਦੀ ਕੁਦਰਤੀ ਬਿਪਤਾ ਹੋਵੇ ਜਾਂ ਕੋਈ ਹਾਦਸਾ ਹੋਇਆ ਹੋਵੇ, ਸਿੱਖ ਹਮੇਸ਼ਾਂ ਸੇਵਾ ਲਈ ਹਾਜ਼ਰ ਹੁੰਦੇ ਹਨ। ਸਿੱਖਾਂ ਬਾਰੇ ਇਹ ਸੱਚ ਤਾਂ ਹੁਣ ਦੁਨੀਆਂ ਸਵੀਕਾਰ ਕਰਨ ਲੱਗੀ ਹੈ। ਰਵੀਸ਼ ਦਾ ਇਹ ਪ੍ਰੋਗਰਾਮ ਵੇਖਣ ਸਮੇਂ ਮੇਰਾ ਯਾਦਾਂ ਦਾ ਸਿਲਸਿਲਾ ਮੈਨੂੰ 12 ਵਰ੍ਹੇ ਪਹਿਲਾਂ ਪਾਕਿਸਤਾਨ ਲੈ ਗਿਆ। ਮੈਂ ਅਤੇ ਮੇਰੇ ਕੁੱਝ ਸਾਥੀ ਪੰਜਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਇੱਥੋਂ 18 ਕੁ ਕਿਲੋਮੀਟਰ ਦੂਰ ਸਥਿਤ ਟੈਕਸਲਾ ਮਿਊਜ਼ਮ ਵੇਖਣ ਚਲੇ ਗਏ। ਉਥੇ ਸਾਡੀ ਮੁਲਾਕਾਤ ਪੰਜਾਬੀ ਯੂਨੀਵਰਸਿਟੀ ਦੇ ਧਰਮ ਦੇ ਪ੍ਰੋਫੈਸਰ ਡਾ. ਹਰਪਾਲ ਸਿੰਘ ਪੰਨੂੰ ਅਤੇ ਕੁਝ ਹੋਰ ਦੋਸਤਾਂ ਨਾਲ ਹੋ ਗਈ। ਇਓਂ ਅਸੀਂ ਪਟਿਆਲਾ ਨਾਲ ਸਬੰਧਤ 10-12 ਬੰਦੇ ਉਥੇ ਇਕੱਠੇ ਹੋ ਗਏ। ਮਿਊਜ਼ਮ ਵੇਖਦੇ ਹੋਏ ਅਤੇ ਗੱਪ ਸ਼ੱਪ ਲਾਉਂਦੇ ਹੋਏ ਵਕਤ ਤੇਜ਼ੀ ਨਾਲ ਗੁਜ਼ਰਨ ਲੱਗਾ। ਪਾਕਿਸਤਾਨੀ ਸਕੂਲ ਦੇ ਕੁੱਝ ਬੱਚੇ ਸਾਡੇ ਨਾਲ ਤਸਵੀਰਾਂ ਖਿਚਵਾ ਰਹੇ ਸਨ। ਸ਼ਾਇਦ ਉਨ੍ਹਾਂ ਸਿੱਖ ਸਰੂਪ ਵਾਲੇ ਲੋਕਾਂ ਨੂੰ ਪਹਿਲੀ ਵਾਰ ਵੇਖਿਆ ਹੋਵੇ।
‘‘ਸਰ, ਮੇਰਾ ਨਾਮ ਡਾ. ਜਮਸ਼ੇਦ ਅਲੀ ਖਾਨ ਹੈ। ਮੈਂ ਪੋਲੀਟੈਕਨਿਕਲ ਸਾਇੰਸ ਦਾ ਪ੍ਰੋਫੈਸਰ ਹਾਂ ਲਾਹੌਰ, ਪੰਜਾਬ ਯੂਨੀਵਰਸਿਟੀ ਵਿੱਚ। ਤੁਹਾਡੀਆਂ ਗੱਲਾਂ ਤੋਂ ਲਗਦੈ ਹੈ ਕਿ ਤੁਸੀਂ ਵੀ ਚੜ੍ਹਦੇ ਪੰਜਾਬ ਦੀ ਕਿਸੇ ਯੂਨੀਵਰਸਿਟੀ ਨਾਲ ਸਬੰਧਤ ਹੋ’’ ਮੈਨੂੰ ਇਕ ਵਿਅਕਤੀ ਨੇ ਬੜੇ ਸਲੀਕੇ ਤੇ ਨਿੱਘ ਨਾਲ ਕਿਹਾ। ਮੈਂ ਵੀ ਉਸੇ ਗਰਮਜੋਸ਼ੀ ਨਾਲ ਆਪਣੇ ਦੋਸਤਾਂ ਦੀ ਜਾਣ-ਪਛਾਣ ਕਰਵਾਈ।
‘‘ਮੇਰੀ ਇਕ ਤਾਕੀਦ ਹੈ ਕਿ ਤੁਸੀਂ ਟੈਕਸਲਾ ਦੇ ਖੰਡਰ ਜ਼ਰੂਰ ਵੇਖਕੇ ਜਾਇਓ। ਬੱਸ ਇਥੋਂ 20 ਮਿੰਟ ਕੁ ਹੀ ਲਗਦੇ ਹਨ’’ ਡਾ. ਖਾਨ ਨੇ ਕਿਹਾ।
ਅਸੀਂ ਉਂਜ ਵੀ ਸ਼ਾਮ ਤੱਕ ਵਿਹਲੇ ਸਾਂ। ਸੋ ਅਸੀਂ ਡਾ. ਖਾਨ ਦੇ ਦੱਸੇ ਅਨੁਸਾਰ ਟੈਕਸਲਾ ਦੇ ਖੰਡਰ ਵੇਖਣ ਚਲ ਗਏ। ਉਥੇ ਤਕਰੀਬਨ ਸਾਨੂੰ ਘੰਟਾ ਡੇਢ ਘੰਟਾ ਲੱਗ ਗਿਆ ਹੋਣੈ। ਜਦੋਂ ਅਸੀਂ ਵਾਪਸ ਆਉਣ ਲੱਗੇ ਤਾਂ ਅਸੀਂ ਵੇਖਿਆ ਡਾ. ਖਾਨ ਆਪਣੀ ਬੇਗਮ ਅਤੇ ਬੇਟੀਆਂ ਸਮੇਤ ਗੇਟ ’ਤੇ ਸਾਡਾ ਇੰਤਜ਼ਾਰ ਕਰ ਰਹੇ ਸਨ।
‘‘ਮੈਂ ਸੋਚਿਆ, ਭੁੱਖ ਲੱਗੀ ਹੋਣੀ ਐ। ਸੋ, ਆਹ ਤਿਲ ਫੁੱਲ ਹਾਜ਼ਰ ਹੈ।’’ ਉਨ੍ਹਾਂ ਨੇ ਸਾਨੂੰ ਲੰਗਰ ਛਕਾਉਣਾ ਸ਼ੁਰੂ ਕਰ ਦਿੱਤਾ। ਮੈਂ ਜ਼ਰਾ ਜਜ਼ਬਾਤੀ ਹੁੰਦੇ ਹੋਏ ਡਾ. ਖਾਨ ਨੂੰ ਕਿਹਾ,
‘‘ਇਸ ਦੀ ਕੀ ਲੋੜ ਸੀ। ਤੁਸੀਂ ਕਿਉਂ ਤਕਲੀਫ ਕੀਤੀ’’
‘‘ਤਕਲੀਫ ਕਾਹਦੀ ਜੀ। ਸਾਡੇ ਕਸ਼ਮੀਰ ਵਿੱਚ ਜਲਜ਼ਲਾ ਆਇਆ। ਵੱਡਾ ਨੁਕਸਾਨ ਹੋਇਆ। ਸਿੱਖਾਂ ਨੇ ਇਕ ਵਰ੍ਹੇ ਤੋਂ ਲੰਗਰ ਲਾਇਆ ਹੋਇਆ’’ ਡਾ. ਖਾਨ ਵੀ ਭਾਵੁਕ ਹੋ ਗਿਆ।
‘‘ਮੈਂ ਤਾਂ ਇੰਗਲੈਂਡ ਵਿੱਚ ਪੜ੍ਹਿਆ ਹਾਂ। ਮੈਨੂੰ ਸਿੱਖਾਂ ਬਾਰੇ ਕੋਈ ਜ਼ਿਆਦਾ ਨਹੀਂ ਪਤਾ ਜੀ। ਇੰਨੇ ਵੱਡੇ ਪੱਧਰ ’ਤੇ ਰੋਜ਼ਾਨਾ ਖਾਣਾ ਮੁਫ਼ਤ ਖਵਾਉਂਦੇ ਹੋਏ ਵੇਖਕੇ ਮੈਂ ਆਪਣੇ ਅੱਬੂ ਤੋਂ ਪੁੱਛਿਆ ਸੀ ਕਿ ਇਹ ਲੋਕ ਹਰ ਰੋਜ਼ ਹਜ਼ਾਰਾਂ ਲੋਕ ਨੂੰ ਮੁਫ਼ਤ ਭੋਜਨ ਕਿਵੇਂ ਖਵਾ ਦਿੰਦੇ ਨੇ’’
‘‘ਇਨ੍ਹਾਂ (ਸਿੱਖਾਂ) ਦਾ ਇਕ ਪੀਰ ਹੋਇਆ ਹੈ ਨਾਨਕ। ਨਾਨਕ ਨੇ ਬਚਪਨ ਵਿੱਚ 20 ਰੁਪਏ ਦੀ ਇਕ ਐਫ.ਡੀ. ਕੀਤੀ ਸੀ। ਇਹ ਉਸਨੂੰ ਭੰਨਾ ਰਹੇ ਨੇ। ਉਸ ਐਫ.ਡੀ. ਦੀ ਰਕਮ ਕਦੇ ਨਹੀਂ ਮੁਕਦੀ। ਜਿਉਂ-ਜਿਉਂ ਖਰਚਦੇ ਨੇ ਵਧੱਦੀ ਜਾਂਦੀ ਹੈ’’ ਮੇਰੇ ਅੱਬੂ ਦਾ ਜਵਾਬ ਸੀ।
‘‘ਬਸ ਮੈਂ ਤਾਂ ਜੀ ਉਸ ਨਾਨਕ ਪੀਰ ਦਾ ਮਰੀਦ ਹੋ ਗਿਆ। ਜਦੋਂ ਵੀ ਮੌਕਾ ਮਿਲਦੈ ਉਸਦੇ ਪਦ ਚਿੰਨ੍ਹਾਂ ’ਤੇ ਚੱਲਣ ਦੀ ਕੋਸ਼ਿਸ਼ ਕਰਦਾ। ਅੱਜ ਤੁਸੀਂ ਮੈਨੂੰ ਮੌਕਾ ਦੇ ਦਿੱਤਾ। ਤੁਹਾਡਾ ਬਹੁਤ-ਬਹੁਤ ਧੰਨਵਾਦ’’ ਪ੍ਰੋਫੈਸਰ ਖਾਨ ਵੀ ਭਾਵੁਕ ਸੀ ਅਤੇ ਮੈਂ ਵੀ ਕੁੱਝ ਬੋਲ ਨਾ ਸਕਿਆ। ਬਸ ਬਾਬਾ ਨਾਨਕ ਦੇ ਪੈਰਾਂ ’ਤੇ ਸੀਸ ਝੁਕਾਕੇ ਇਹ ਸੋਚ ਰਿਹਾ ਸੀ ਕਿ ਬਾਬੇ ਨੇ ਕੈਸੀ ਐਫ.ਡੀ. ਕਰਵਾਈ ਜੋ ਪੂਰੀ ਦੁਨੀਆਂ ਨੂੰ ਰਜਾ ਰਹੀ ਹੈ।

Comments are closed.

COMING SOON .....
Scroll To Top
11