Sunday , 26 May 2019
Breaking News
You are here: Home » PUNJAB NEWS » ਨਾਜਾਇਜ਼ ਕਾਲੋਨੀਆਂ ਬਾਰੇ ਸਾਰੀਆਂ ਧਿਰਾਂ ਦੇ ਵਿਚਾਰ ਲੈ ਕੇ ਲੋਕ ਪੱਖੀ ਫੈਸਲਾ ਕੀਤਾ ਜਾਵੇਗਾ : ਬਾਜਵਾ

ਨਾਜਾਇਜ਼ ਕਾਲੋਨੀਆਂ ਬਾਰੇ ਸਾਰੀਆਂ ਧਿਰਾਂ ਦੇ ਵਿਚਾਰ ਲੈ ਕੇ ਲੋਕ ਪੱਖੀ ਫੈਸਲਾ ਕੀਤਾ ਜਾਵੇਗਾ : ਬਾਜਵਾ

ਪੁੱਡਾ ਵੱਲੋਂ ਪੁਰਾਣੀ ਜੇਲ੍ਹ ਵਿਚ ਕੱਟੀ ਕਾਲੋਨੀ ਦੇ ਕੰਮਾਂ ਦੀ ਕੀਤੀ ਸ਼ੁਰੂਆਤ

ਅੰਮ੍ਰਿਤਸਰ, 12 ਜੂਨ (ਦਵਾਰਕਾ ਨਾਥ ਰਾਣਾ)-ਪੰਜਾਬ ਵਿਚ ਪਿਛਲੇ ਸਮੇਂ ਦੌਰਾਨ ਧੜ੍ਹਾ-ਧੜ ਕੱਟੀਆਂ ਗਈਆਂ ਨਾਜਾਇਜ਼ ਕਾਲੋਨੀਆਂ ਬਾਰੇ ਕੀ ਫੈਸਲਾ ਲਿਆ ਜਾਣਾ ਹੈ, ਇਸ ਬਾਰੇ ਵਿਚਾਰ-ਚਰਚਾ ਜਾਰੀ ਹੈ, ਸਾਰੀਆਂ ਧਿਰਾਂ ਦੇ ਵਿਚਾਰ ਸੁਣੇ ਜਾ ਰਹੇ ਹਨ ਅਤੇ ਜੋ ਵੀ ਫੈਸਲਾ ਲਿਆ ਜਾਵੇਗਾ, ਉਹ ਲੋਕ ਪੱਖੀ ਹੀ ਹੋਵੇਗਾ। ਇਹ ਪ੍ਰਗਟਾਵਾ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਪੁੱਡਾ, ਪੇਂਡੂ ਵਿਕਾਸ ਤੇ ਪੰਚਾਇਤ, ਜਲ ਸਲਪਾਈ ਤੇ ਸੈਨੀਟੇਸ਼ਨ ਮੰਤਰੀ ਨੇ ਅਜਨਾਲਾ ਰੋਡ ’ਤੇ ਸਥਿਤ ਪੁਰਾਣੀ ਜੇਲ੍ਹ, ਜਿਸ ਨੂੰ ਝਬਾਲ ਰੋਡ ਵਿਖੇ ਤਬਦੀਲ ਕਰਕੇ ਪੁੱਡਾ ਨੇ ਗੁਰੂ ਰਾਮਦਾਸ ਅਰਬਨ ਅਸਟੇਟ ਨਾਂਅ ਦੀ ਕਾਲੋਨੀ ਕੱਟੀ ਸੀ, ਵਿਖੇ ਹੋਣ ਵਾਲੇ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਦੇ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ. ਬਾਜਵਾ ਨੇ ਦੱਸਿਆ ਕਿ ਨਾਜਾਇਜ਼ ਕਾਲੋਨੀਆਂ ਦਾ ਮਸਲਾ ਬੜਾ ਗੰਭੀਰ ਅਤੇ ਵੱਡਾ ਮੁੱਦਾ ਹੈ ਅਤੇ ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਹੇਠ ਬਣਾਈ ਗਈ ਸਬ ਕਮੇਟੀ ਲਗਾਤਾਰ ਮੀਟਿੰਗਾਂ ਕਰ ਰਹੀ ਹੈ। ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਅਸੀਂ ਸਰਕਾਰੀ ਅਧਿਕਾਰੀਆਂ ਦੇ ਨਾਲ-ਨਾਲ ਕਾਲੋਨਾਈਜ਼ਰ ਅਤੇ ਹੋਰ ਧਿਰਾਂ ਦੇ ਵਿਚਾਰ ਵੀ ਸੁਣ ਰਹੇ ਹਾਂ, ਤਾਂ ਜੋ ਸਹੀ ਫੈਸਲਾ ਲਿਆ ਜਾ ਸਕੇ। ਉਨਾਂ ਦੱਸਿਆ ਕਿ ਕੱਲ੍ਹ ਇਸ ਮੁੱਦੇ ’ਤੇ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਪੁੱਡਾ ਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਸੱਦੀ ਗਈ ਹੈ ਅਤੇ ਉਸ ਮਗਰੋਂ ਕਾਲੋਨਾਈਜ਼ਰਾਂ ਅਤੇ ਪਲਾਟ ਲੈਣ ਵਾਲੇ ਲੋਕਾਂ ਦੇ ਵਿਚਾਰ ਵੀ ਸੁਣੇ ਜਾਣਗੇ। ਸ. ਬਾਜਵਾ ਨੇ ਦੱਸਿਆ ਕਿ ਸਰਕਾਰੀ ਥਾਵਾਂ ’ਤੇ ਕੀਤੇ ਨਾਜਾਇਜ਼ ਕਬਜ਼ੇ ਖਾਲੀ ਕਰਵਾਉਣ ਲਈ ਵੀ ਕੰਮ ਜੰਗੀ ਪੱਧਰ ’ਤੇ ਜਾਰੀ ਹੈ ਅਤੇ ਮੰਤਰੀ ਪੱਧਰ ’ਤੇ ਇਨਾਂ ਦੀ ਵਿਚਾਰ-ਚਰਚਾ ਹੋ ਰਹੀ ਹੈ। ਇਸ ਮਗਰੋਂ ਠੋਸ ਐਕਸ਼ਨ ਉਲੀਕਿਆ ਜਾਵੇਗਾ। ਸ੍ਰੀ ਗੁਰੂ ਰਾਮ ਦਾਸ ਅਰਬਨ ਅਸਟੇਟ ਬਾਰੇ ਬੋਲਦੇ ਸ. ਬਾਜਵਾ ਨੇ ਦੱਸਿਆ ਕਿ ਇਸ 71 ਏਕੜ ਦੀ ਕਾਲੋਨੀ ਵਿਚ ਸਾਰੀਆਂ ਆਧੁਨਿਕ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨਾਂ ਦੱਸਿਆ ਕਿ ਇਸ ਵਿਚ ਕਨਵੈਨਸ਼ਨ ਸੈਂਟਰ ਵਾਸਤੇ 10 ਏਕੜ ਰੱਖਿਆ ਗਿਆ ਹੈ, ਜਿੱਥੇ ਕਿ ਅੰਤਰਰਾਸ਼ਟਰੀ ਪੱਧਰ ਦੀਆਂ ਪ੍ਰਦਰਸ਼ਨੀਆਂ ਅਤੇ ਹੋਰ ਸਨਅਤੀ ਸਲਾਹ-ਮਸ਼ਵਰੇ ਹੋ ਸਕਣਗੇ। ਉਨਾਂ ਇਸ ਰਿਹਾਇਸ਼ੀ ਕਾਲੋਨੀ ਦੀ ਮੁੱਖ ਜ਼ਰੂਰਤ ਸਾਫ-ਸੁਥਰਾ ਵਾਤਾਵਰਣ ਦੀ ਸ਼ੁਰੂਆਤ ਬੂਟੇ ਲਗਾ ਕੇ ਕੀਤੀ ਅਤੇ ਕਿਹਾ ਕਿ ਇਸ ਨੂੰ ਹਰਾ-ਭਰਾ ਕਰਨ ਵਿਚ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ। ਸ. ਬਾਜਵਾ ਨੇ ਦੱਸਿਆ ਕਿ ਕਾਲੋਨੀ ਵਿਚ ਹੋਟਲ, ਸਕੂਲ, ਕਮਿਊਨਟੀ ਸੈਂਟਰ, ਪਾਰਕ, ਪੈਟਰੋਲ ਪੰਪ ਆਦਿ ਤੋਂ ਇਲਾਵਾ ਹੋਰ ਰੋਜ਼ਾਨਾ ਲੋੜਾਂ ਦੀ ਪੂਰਤੀ ਲਈ ਵਪਾਰਕ ਬੂਥ ਵੀ ਦਿੱਤੇ ਗਏ ਹਨ। ਉਨਾਂ ਦੱਸਿਆ ਕਿ ਇਸ ਕਾਲੋਨੀ ਨੂੰ ਜਿੱਥੇ ਛੇਤੀ ਪੂਰਾ ਕੀਤਾ ਜਾਵੇਗਾ, ਉਥੇ ਹੋਣ ਵਾਲੇ ਸਾਰੇ ਕੰਮਾਂ ਦੀ ਗੁਣਵਤਾ ਦਾ ਵੀ ਪੂਰਾ ਧਿਆਨ ਰੱਖਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ, ਵਿਧਾਇਕ ਸ. ਹਰਪ੍ਰਤਾਪ ਸਿੰਘ ਅਜਨਾਲਾ, ਵਿਧਾਇਕ ਸ. ਤਰਸੇਮ ਸਿੰਘ ਡੀ. ਸੀ, ਮੇਅਰ ਸ. ਕਰਮਜੀਤ ਸਿੰਘ ਰਿੰਟੂ, ਪੁੱਡਾ ਦੇ ਸੀ. ਈ. ਓ. ਦੀਪਤੀ ਉਪਲ, ਪ੍ਰਬੰਧਕ ਸ. ਤਜਿੰਦਰਪਾਲ ਸਿੰਘ ਸੰਧੂ, ਸੀਨੀਅਰ ਡਿਪਟੀ ਮੇਅਰ ਸ੍ਰੀ ਰਮਨ ਬਖਸ਼ੀ, ਦਿਹਾਤੀ ਪ੍ਰਧਾਨ ਸ. ਭਗਵੰਤਪਾਲ ਸਿੰਘ ਸੱਚਰ, ਡੀ ਐਸ ਪੀ ਵਿਸ਼ਾਲਜੀਤ ਸਿੰਘ ਅਤੇ ਹੋਰ ਆਗੂ ਵੀ ਹਾਜ਼ਰ ਸਨ।

Comments are closed.

COMING SOON .....


Scroll To Top
11