ਪੰਜਾਬ ਦੇ ਬਹੁਤ ਹੀ ਪ੍ਰਤਿਭਾਸ਼ਾਲੀ, ਦਿਆਨਤਾਰ ਅਤੇ ਧੜਲੇਦਾਰ ਸਿਆਸੀ ਨੇਤਾ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਆਪਣੀ ਨਵੀਂ ਸਿਆਸੀ ਪਾਰੀ ਲਈ ਪੂਰੀ ਤਰ੍ਹਾਂ ਤਿਆਰ ਹਨ। ਦੇਸ਼ ਦੀ ਸਰਵਉਚ ਅਦਾਲਤ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਇਕ ਬੇਹਦ ਮਹੱਤਵਪੂਰਨ ਫੈਸਲੇ ਨਾਲ ਸ. ਨਵਜੋਤ ਸਿੰਘ ਸਿੱਧੂ ਦੇ ਸਿਆਸੀ ਸਫ਼ਰ ਦੇ ਸਾਰੇ ਅੜਿਕੇ ਦੂਰ ਕਰ ਦਿੱਤੇ ਹਨ। ਇਸ ਕਾਨੂੰਨੀ ਲੜਾਈ ਨੂੰ ਜਿੱਤਣ ਲਈ ਸ. ਨਵਜੋਤ ਸਿੰਘ ਸਿੱਧੂ ਨੂੰ 30 ਸਾਲ ਲੱਗੇ ਹਨ। ਇਨ੍ਹਾਂ ਤਿੰਨ ਦਹਾਕਿਆਂ ਦੌਰਾਨ ਸਿਆਸੀ ਵਿਰੋਧੀਆਂ ਵੱਲੋਂ ਉਨ੍ਹਾਂ ਨੂੰ ਫਸਾਉਣ, ਡੇਗਣ ਅਤੇ ਤੋੜਨ ਲਈ ਸਿਰਤੋੜ ਯਤਨ ਕੀਤੇ ਗਏ। ਇਸ ਦੌਰਾਨ ਉਹ ਨਾ ਝੁਕੇ, ਨਾ ਡਰੇ, ਨਾ ਹੀ ਅੰਦਰ ਵੜ ਕੇ ਬੈਠੇ। ਉਨ੍ਹਾਂ ਨੇ ਦੁਨੀਆਂ ਨੂੰ ਇਹ ਦਸ ਦਿੱਤਾ ਕਿ ਉਹ ਵੱਖਰੀ ਮਿੱਟੀ ਦੇ ਇਨਸਾਨ ਹਨ। ਉਨ੍ਹਾਂ ਨੇ ਇਨਸਾਫ ਲਈ ਇਸ ਲੜਾਈ ਨੂੰ ਪੂਰੀ ਤਾਕਤ, ਦ੍ਰਿੜਤਾ ਅਤੇ ਪ੍ਰਮਾਤਮਾ ਦੇ ਭਰੋਸੇ ਨਾਲ ਲੜਿਆ। ਆਖਰ ਉਹ ਇਹ ਲੜਾਈ ਪੂਰੀ ਸ਼ਾਨ ਨਾਲ ਜਿੱਤ ਗਏ ਹਨ। ਇਸ ਲੜਾਈ ਦੀ ਖੂਬਸੁਰਤੀ ਇਹ ਹੈ ਕਿ ਸ. ਨਵਜੋਤ ਸਿੰਘ ਸਿੱਧੂ ਨੇ ਲੜਾਈ ਜਿੱਤਣ ਲਈ ਨਾ ਸਿਆਸੀ ਪ੍ਰਭਾਵ ਦੀ ਵਰਤੋਂ ਕੀਤੀ ਹੈ, ਨਾ ਹੀ ਪੈਸੇ ਦੀ ਅਤੇ ਨਾ ਹੀ ਕੋਈ ਤਿਕੜਮਬਾਜ਼ੀ ਖੇਡੀ। ਇਹ ਲੜਾਈ ਉਨ੍ਹਾਂ ਆਪਣੇ ਮੋਢਿਆਂ ਦੇ ਬਲ ਉਪਰ ਲੜੀ ਹੈ। ਏਨੀ ਲੰਬੀ ਲੜਾਈ ਵਿੱਚ ਇਕ ਸਧਾਰਨ ਮਨੁੱਖ ਉਂਝ ਹੀ ਟੁੱਟ ਜਾਂਦਾ ਹੈ। ਸ. ਨਵਜੋਤ ਸਿੰਘ ਸਿੱਧੂ ਦੇ ਜਜ਼ਬੇ ਨੂੰ ਸਲਾਮ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਨੇ ਨਾ ਸਿਰਫ ਇਹ ਲੜਾਈ ਲੜੀ ਸਗੋਂ ਇਸ ਸਮੇਂ ਦੌਰਾਨ ਵੱਖ-ਵੱਖ ਭੂਮਿਕਾ ਰਾਹੀਂ ਆਪਣਾ ਇਨਸਾਨੀ ਯੋਗਦਾਨ ਪਾਉਣਾ ਜਾਰੀ ਰਖਿਆ। ਖ਼ੁਦ ਪੀੜਾ ਵਿੱਚ ਹੋਣ ਦੇ ਬਾਵਜੂਦ ਲੋਕਾਂ ਨੂੰ ਹਸਾਉਂਦੇ ਰਹੇ। ਲੋਕ ਸੇਵਾ ਦੇ ਖੇਤਰ ਵਿੱਚ ਨਵੀਆਂ ਮਿਸਾਲਾਂ ਕਾਇਮ ਕਰਦੇ ਗਏ। ਸੁਪਰੀਮ ਕੋਰਟ ਵੱਲੋਂ ਮੰਗਲਵਾਰ ਨੂੰ ਸੁਣਾਇਆ ਗਿਆ ਫੈਸਲਾ ਕਈ ਪੱਖਾਂ ਤੋਂ ਅਹਿਮ ਹੈ। ਇਸ ਦੇ ਪੰਜਾਬ ਲਈ ਤਾਂ ਬਹੁਤ ਹੀ ਵੱਡੇ ਸਿਆਸੀ ਅਰਥ ਹਨ। ਮਸਲਾ ਇਹ ਵੀ ਹੈ ਕਿ ਦੇਸ਼ ਦੀਆਂ ਅਦਾਲਤਾਂ ਛੋਟੇ-ਛੋਟੇ ਮਾਮਲਿਆਂ ਨੂੰ ਏਨਾ ਲੰਬਾ ਕਿਉਂ ਖਿਚਦੀਆਂ ਹਨ। ਪਟਿਆਲਾ ਵਿੱਚ 30 ਸਾਲ ਪਹਿਲਾਂ ਸੜਕ ਉਪਰ ਹੋਏ ਇਕ ਝਗੜੇ ਦੇ ਕੇਸ ਦੇ ਨਿਪਟਾਰੇ ਲਈ 30 ਸਾਲ ਲੱਗਣੇ ਦੇਸ਼ ਦੀ ਨਿਆਪਾਲਿਕਾ ਉਪਰ ਇਕ ਵੱਡਾ ਸਵਾਲੀਆ ਨਿਸ਼ਾਨ ਹਨ। ਏਨੀ ਲੰਬੀ ਲੜਾਈ ਇਕ ਸਧਾਰਨ ਨਾਗਰਿਕ ਲਈ ਲੜਨਾ ਬਹੁਤ ਮੁਸ਼ਕਿਲ ਹੈ। ਇਨਸਾਫ ਦਾ ਤਕਾਜ਼ਾ ਇਹ ਹੈ ਕਿ ਨਿਆਪਾਲਿਕਾ ਕੇਸਾਂ ਦੇ ਜਲਦ ਨਿਪਟਾਰੇ ਨੂੰ ਯਕੀਨੀ ਬਣਾਵੇ। ਸ. ਨਵਜੋਤ ਸਿੱਧੂ ਦੇ ਇਸ ਕੇਸ ਨਾਲ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪ੍ਰਭਾਵਸ਼ਾਲੀ ਸਿਆਸੀ ਪਰਿਵਾਰ ਵੱਖ-ਵੱਖ ਢੰਗ ਤਰੀਕਿਆਂ ਰਾਹੀਂ ਆਪਣੇ ਲਈ ਖਤਰਾ ਬਣਨ ਦੀ ਸਮਰੱਥਾ ਰੱਖਣ ਵਾਲੇ ਸਿਆਸੀ ਵਿਰੋਧੀਆਂ ਨੂੰ ਖਤਮ ਕਰਨ ਲਈ ਨਿਆਂਪਾਲਿਕਾ ਦੀ ਵੀ ਦੁਰਵਰਤੋਂ ਕਰਦੇ ਹਨ। ਸ. ਨਵਜੋਤ ਸਿੰਘ ਸਿੱਧੂ ਦਾ ਪਰਿਵਾਰ ਬੁਨਿਆਦੀ ਤੌਰ ’ਤੇ ਰਾਜਨੀਤੀ ਨਾਲ ਜੁੜਿਆ ਹੋਇਆ ਨਹੀਂ ਸੀ। ਲਾਜ਼ਮੀ ਤੌਰ ’ਤੇ ਕ੍ਰਿਕਟ ਅਤੇ ਟੀ.ਵੀ. ਤੋਂ ਬਾਅਦ ਉਨ੍ਹਾਂ ਦਾ ਰਾਜਨੀਤੀ ਵਿੱਚ ਦਾਖਲਾ ਸਥਾਪਿਤ ਰਾਜਸੀ ਨੇਤਾਵਾਂ ਲਈ ਇਕ ਚੁਣੌਤੀ ਸੀ। ਸ. ਨਵਜੋਤ ਸਿੰਘ ਸਿੱਧੂ ਆਪਣੀ ਬੇਮਿਸਾਲ ਪ੍ਰਤਿਭਾ ਅਤੇ ਹਰਮਨਪਿਆਰਤਾ ਰਾਹੀਂ ਰਾਤੋ-ਰਾਤ ਸਿਆਸਤ ਦੀਆਂ ਪੌੜੀਆਂ ਚੜ੍ਹ ਗਏ। ਬਿਲਕੁੱਲ ਨਵੇਂ ਸਿਆਸੀ ਆਗੂ ਲਈ ਲਗਾਤਾਰ ਚਾਰ ਵਾਰ ਚੋਣਾਂ ਜਿੱਤਣਾ ਕੋਈ ਕ੍ਰਿਸ਼ਮਾ ਤੋਂ ਘੱਟ ਨਹੀਂ ਹੈ। ਸਥਾਪਿਤ ਸਿਆਸੀ ਨੇਤਾਵਾਂ ਨੂੰ ਸਿਰਫ ਭ੍ਰਿਸ਼ਟਾਚਾਰੀ ਹੀ ਚੰਗੇ ਲੱਗਦੇ ਹਨ। ਸ. ਸਿੱਧੂ ਵਰਗਾ ਇਮਾਨਦਾਰ ਆਗੂ ਉਨ੍ਹਾਂ ਦੇ ਚੌਖਟੇ ਵਿੱਚ ਫਿੱਟ ਨਹੀਂ ਬੈਠਦਾ। ਇਹੋ ਕਾਰਨ ਹੈ ਕਿ ਪਿਛਲੇ ਇਕ ਦਹਾਕੇ ਦੌਰਾਨ ਵੱਖ-ਵੱਖ ਢੰਗ ਤਰੀਕਿਆਂ ਰਾਹੀਂ ਸ. ਨਵਜੋਤ ਸਿੰਘ ਸਿੱਧੂ ਨੂੰ ਨੀਵਾਂ ਦਿਖਾਉਣ ਦਾ ਯਤਨ ਕੀਤਾ ਗਿਆ। ਪਟਿਆਲਾ ਵਾਲੇ ਕੇਸ ਦਾ ਲੰਬਾ ਖਿੱਚਣਾ ਵੀ ਇਸੇ ਰਣਨੀਤੀ ਦਾ ਇਕ ਹਿੱਸਾ ਸੀ। ਸੁਪਰੀਮ ਕੋਰਟ ਦੇ ਦੋ ਮਾਣਯੋਗ ਜੱਜ ਸਾਹਿਬਾਨ ਜਸਟਿਸ ਸ਼੍ਰੀ ਜਾਸਤੀ ਚੇਲਾਮੇਸ਼ਵਰ ਤੇ ਜਸਟਿਸ ਸ਼੍ਰੀ ਸੰਜੇ ਕਿਸ਼ਨ ਕੌਲ ਦਾ ਧੰਨਵਾਦ ਕੀਤਾ ਜਾਣਾ ਚਾਹੀਦਾ ਹੈ, ਜਿਨ੍ਹਾਂ ਨੇ ਇਕ ਬੇਹੱਦ ਪ੍ਰਤਿਭਾਸ਼ਾਲੀ ਅਤੇ ਸੱਚੀ ਸੁੱਚੀ ਸਖਸ਼ੀਅਤ ਨੂੰ ਇਨਸਾਫ ਦਿੱਤਾ ਹੈ। ਇਸ ਫੈਸਲੇ ਤੋਂ ਬਾਅਦ ਸ. ਨਵਜੋਤ ਸਿੰਘ ਸਿੱਧੂ ਬਿਲਕੁੱਲ ਨਵੀਂ ਸਿਆਸੀ ਪਾਰੀ ਲਈ ਤਿਆਰ ਹਨ। ਉਹ ਪੰਜਾਬ ਲਈ ਇਕ ਸਮਰਪਿਤ ਆਗੂ ਹਨ। ਇਸ ਸਮੇਂ ਪੰਜਾਬ ਨੂੰ ਇਕ ਅਜਿਹੀ ਹੀ ਨਵੀਂ ਸਿਆਸੀ ਅਗਵਾਈ ਦੀ ਲੋੜ ਹੈ। ਸ. ਸਿੱਧੂ ਇਸ ਲੋੜ ਦੇ ਪੂਰੀ ਤਰ੍ਹਾਂ ਫਿੱਟ ਬੈਠਦੇ ਹਨ। ਸੁਪਰੀਮ ਕੋਰਟ ਦੇ ਫੈਸਲੇ ਤੋਂ ਫੌਰੀ ਬਾਅਦ ਸ. ਨਵਜੋਤ ਸਿੰਘ ਸਿੱਧੂ ਦੇ ਇਹ ਸ਼ਬਦ ਬਹੁਤ ਹੀ ਪ੍ਰਭਾਵਸ਼ਾਲੀ ਹਨ ਕਿ ਹੁਣ ਉਨ੍ਹਾਂ ਦਾ ਪੂਰਾ ਜੀਵਨ ਪੰਜਾਬ ਲਈ ਸਮਰਪਿਤ ਹੋਵੇਗਾ। ਪੰਜਾਬ ਨੂੰ ਉਨ੍ਹਾਂ ਤੋਂ ਵੱਡੀਆਂ ਉਮੀਦਾਂ ਹਨ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ’ਚ ਉਹ ਲੋਕਲ ਬਾਡੀ, ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਵਜੋਂ ਬਹੁਤ ਹੀ ਨਿਵੇਕਲਾ ਅਤੇ ਸ਼ਾਨਦਾਰ ਕਾਰਜ ਕਰ ਰਹੇ ਹਨ। ਉਮੀਦ ਕਰਨੀ ਚਾਹੀਦੀ ਹੈ ਕਿ ਅਦਾਲਤ ਦੇ ਝੰਜਟ ਖਤਮ ਹੋ ਜਾਣ ਤੋਂ ਬਾਅਦ ਹੁਣ ਉਹ ਦੁਗਣੀ-ਚੌਗੁਣੀ ਸ਼ਕਤੀ ਨਾਲ ਲੋਕ ਸੇਵਾ ਕਰਨਗੇ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਆਉਣ ਵਾਲੇ ਸਮੇਂ ਵਿੱਚ ਉਹ ਹੋਰ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਣਗੇ। ਸ. ਨਵਜੋਤ ਸਿੰਘ ਸਿੱਧੂ ਦੀ ਲੰਬੀ ਅਤੇ ਤੰਦਰੁਸਤ ਉਮਰ ਲਈ ਅਰਦਾਸ।
17 ਮਈ 2018 – ਬਲਜੀਤ ਸਿੰਘ ਬਰਾੜ