Monday , 27 May 2019
Breaking News
You are here: Home » Editororial Page » ਨਰੇਂਦਰ ਮੋਦੀ ਕਿਵੇਂ ਜਿੱਤਣਗੇ 2019 ਦੀਆਂ ਚੋਣਾਂ

ਨਰੇਂਦਰ ਮੋਦੀ ਕਿਵੇਂ ਜਿੱਤਣਗੇ 2019 ਦੀਆਂ ਚੋਣਾਂ

ਭਾਰਤ ‘ਚ ਆਮ ਚੋਣਾਂ ਲਈ ਮਸਾਂ ਛੇ ਕੁ ਮਹੀਨੇ ਬਚੇ ਹਨ। ਇਹੋ ਸਮਾਂ ਹੈ ਜਦੋਂ ਅਸੀਂ ਮੋਦੀ ਅਤੇ ਉਸਦੀ ਸਰਕਾਰ ਦੀਆਂ ਨਾਕਾਮੀਆਂ ਅਤੇ ਪ੍ਰਾਪਤੀਆਂ ਦੀ ਘੋਖ ਪੜਤਾਲ ਕਰ ਸਕਦੇ ਹਾਂ। ਮੋਦੀ ਨੇ ਸਾਢੇ ਚਾਰ ਸਾਲ ਪਹਿਲਾਂ ਪੂਰੇ ਜੋਸ਼ੋ-ਖਰੋਸ਼ ਨਾਲ ਭਾਰਤ ‘ਚ ਇਕ ਨਵਾਂ ਇਤਿਹਾਸ ਸਿਰਜਣ ਲਈ ਵਡੇ ਵਡੇ ਦਾਈਏ ਕੀਤੇ ਸਨ। ਪਿਛਲੀਆਂ ਚੋਣਾਂ ਵੇਲੇ ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ ‘ਚ 31 ਫੀਸਦੀ ਵੋਟਾਂ ਹਾਸਲ ਕੀਤੀਆਂ ਸਨ, ਪਰ ਉਹਨੇ ਸਰਕਾਰ ਬਣਾ ਲਈ ਸੀ। ਲੋਕਾਂ ਦੀਆਂ ਆਸਾਂ ਵਡੀਆਂ ਸਨ, ਪਰ ਪ੍ਰਾਪਤੀਆਂ ਦੇ ਨਤੀਜਿਆਂ ਵੇਲੇ ਮੋਦੀ ਤੇ ਸਰਕਾਰ ਠੁਸ ਹੋਈ ਨਜ਼ਰ ਆਉਂਦੀ ਹੈ।
ਮੋਦੀ ਕੋਲ ਕ੍ਰਿਸ਼ਮਾ ਦਿਖਾਉਣ ਅਤੇ ਲੋਕਾਂ ਨੂੰ ਲੁਭਾਉਣ, ਵਰਗਲਾਉਣ ਜਿਹੇ ਗੁਣ ਹਨ। ਉਹ ਚੰਗਾ ਬੁਲਾਰਾ ਹੈ। ਗਲਾਂ ਗਲਾਂ ‘ਚ ਉਹ ਲੋਕਾਂ ਨੂੰ ਭ੍ਰਮਿਤ ਕਰ ਸਕਦਾ ਹੈ। ਇਸੇ ਸਿਆਸੀ ਕ੍ਰਿਸ਼ਮੇ ਨਾਲ ਉਹ ਚੋਣਾਂ ‘ਚ ਲੋਕਾਂ ਨੂੰ ਆਪਣੇ ਨਾਲ ਤੋਰਨ ‘ਚ ਕਾਮਯਾਬ ਹੋ ਗਿਆ ਤੇ ਬਹੁਮਤ ਪ੍ਰਾਪਤ ਕਰ ਗਿਆ, ਪਰ ਉਹ ਇਕ ਚੰਗੇ ਪ੍ਰਬੰਧਕ ਵਜੋਂ ਕੋਈ ਕ੍ਰਿਸ਼ਮਾ ਨਹੀਂ ਕਰ ਸਕਿਆ। ਉਹ ਸਿਆਸੀ ਖਿਲਾਅ ‘ਚ ਕੰਮ ਕਰਦਾ ਰਿਹਾ, ਜਿਥੇ ਮੁਕਾਬਲੇ ‘ਚ ਕੋਈ ਪ੍ਰਭਾਵੀ ਵਿਰੋਧੀ ਧਿਰ ਨਹੀਂ ਸੀ ਕਿਉਂਕਿ ਕਾਂਗਰਸ ਚਾਰੋ ਖਾਨੇ ਚਿਤ ਹੋ ਗਈ ਸੀ ਤੇ ਦੂਜੀ ਵਿਰੋਧੀ ਪਾਰਟੀਆਂ ਵੀ ਕੁਝ ਪ੍ਰਾਪਤ ਨਾ ਕਰ ਸਕੀਆ, ਖਾਸ ਕਰਕੇ ਖਬੀਆਂ ਧਿਰਾਂ। ਇਹ ਗਲ ਭਾਰਤ ਦੀ ਅਫ਼ਸਰਸ਼ਾਹੀ-ਬਾਬੂਸ਼ਾਹੀ ਨੂੰ ਪੂਰੀ ਤਰ੍ਹਾਂ ਰਾਸ ਆਈ। ਅਜ ਹਾਲਾਤ ਇਹ ਨਜ਼ਰ ਆ ਰਹੇ ਹਨ ਕਿ ਮੋਦੀ ਦੀ ਕਾਰਜਕੁਸ਼ਲਤਾ ‘ਚ ਘਾਟ ਕਾਰਨ ਅਫਸਰਸ਼ਾਹੀ ਨੇ ਦੇਸ਼ ਦੇ ਰਾਜਪ੍ਰਬੰਧ ਉਤੇ ਪੂਰੀ ਤਰ੍ਹਾਂ ਸ਼ਿਕੰਜਾ ਕਸਿਆ ਹੋਇਆ ਹੈ ਅਤੇ ਮੋਦੀ ਸਰਕਾਰ ਆਪਣੀਆਂ ਨੀਤੀਆਂ ਨੂੰ ਲਾਗੂ ਹੀ ਨਹੀਂ ਕਰ ਸਕੀ। ਦੇਸ਼ ਦੀ ਬਿਓਰੋਕ੍ਰੇਸੀ (ਅਫਸਰਸ਼ਾਹੀ) ਜੋ ਕਿ ਬਹੁਤ ਸ਼ਕਤੀਸ਼ਾਲੀ ਹੈ, ਭ੍ਰਿਸ਼ਟਾਚਾਰ ਨਾਲ ਗ੍ਰਸਤ ਹੈ, ਕੀ ਮੋਦੀ ਉਸ ਵਿਰੁਧ ਕੋਈ ਐਕਸ਼ਨ ਲੈ ਸਕੇਗਾ? ਭਾਰਤ ਦੀ ਅਫਸਰਸ਼ਾਹੀ ਰਾਜਪ੍ਰਬੰਧ ਉਤੇ ਇੰਨੀ ਭਾਰੂ ਹੈ ਕਿ ਕੋਈ ਵੀ ਪ੍ਰਧਾਨਮੰਤਰੀ ਅਫਸਰਸ਼ਾਹੀ ਦੇ ਸਹਿਯੋਗ ਬਿਨ੍ਹਾਂ ਦੇਸ਼ ‘ਚ ਰਾਜ ਨਹੀਂ ਕਰ ਸਕਦਾ। ਜਵਾਹਰਲਾਲ ਨਹਿਰੂ, ਇੰਦਰਾ ਗਾਂਧੀ ਅਤੇ ਬਾਜਪਾਈ ਕੋਲ ਤਕੜੇ, ਕੁਸ਼ਲ ਪ੍ਰਿੰਸੀਪਲ ਸਕਤਰ ਸਨ। ਪੀਐਨ ਹਕਸਰ ਨੇ ਇੰਦਰਾ ਗਾਂਧੀ ਨੂੰ ਬੰਗਲਾ ਦੇਸ਼ ਫਤਿਹ ਕਰਕੇ ਦਿਤਾ। ਬ੍ਰਿਜੇਸ਼ ਮਿਸ਼ਰਾ ਨੇ ਪ੍ਰਧਾਨ ਮੰਤਰੀ ਬਾਜਪਾਈ ਦਾ ਕੰਮ ਪੂਰੀ ਤਨਦੇਹੀ ਨਾਲ ਚਲਾਇਆ। ਅਸਲ ‘ਚ ਬਾਜਪਾਈ ਵੇਲੇ ਨਿਊਕਲੀਅਰ ਟੈਸਟ ਦਾ ਕਾਰਜ ਪੂਰਾ ਕਰਨ ਵਾਲਾ ਮਿਸ਼ਰਾ ਹੀ ਸੀ, ਜਿਸਨੇ ਸੀ ਆਈ ਏ ਨੂੰ ਵੀ ਇਸਦੀ ਭਣਕ ਨਹੀਂ ਸੀ ਲਗਣ ਦਿਤੀ। ਉਸਨੇ ਅਮਰੀਕਾ ਦੇ ਰਾਸ਼ਟਰਪਤੀ ਬੁਸ਼ ਨਾਲ ਵਾਈਟ ਹਾਊਸ ‘ਚ ਸਿਧਾ ਸੰਪਰਕ ਬਣਾਇਆ। ਪਰ ਮੋਦੀ ਨੇ ਕਿਸੇ ਵੀ ਕੁਸ਼ਲ ਬਿਓਰੋਕਰੇਟ ਨੂੰ ਆਪਣੇ ਪਲੇ ਨਹੀਂ ਬੰਨ੍ਹਿਆ, ਇਸੇ ਕਰਕੇ ਮੋਦੀ ਆਪਣੀਆਂ ਨੀਤੀਆਂ ਨੂੰ ਲਾਗੂ ਕਰਨ ‘ਚ ਕਾਮਯਾਬ ਨਹੀਂ ਹੋਇਆ, ਕਿਉਂਕਿ ਅਫਸਰਸ਼ਾਹੀ ਲਗਾਤਾਰ ਅੜਿਕਾ ਬਣ ਗਈ ਹੋਈ ਹੈ।
ਪਿਛਲੇ ਹਫਤੇ ਮੋਦੀ ਸਰਕਾਰ ਵਲੋਂ ਇਹ ਪ੍ਰਚਾਰਿਆ ਗਿਆ ਕਿ ਦੇਸ਼ ਦੀ ਜੀਡੀਪੀ 8.2 ਫੀਸਦੀ ਦੀ ਦਰ ਨਾਲ ਵਧ ਰਹੀ ਹੈ। ਅਤੇ ਦੇਸ਼ ਦੀ ਸਟਾਕ ਮਾਰਕੀਟ 25000 ਤੋਂ 38000 ਤਕ ਪੁਜੀ ਹੈ। ਦੇਸ਼ ‘ਚ 390 ਮਿਲੀਅਨ ਲੋਕ ਇੰਟਰਨੈਟ ਵਰਤਦੇ ਹਨ। ਭਾਰਤ ਦੇਸ਼ ਦੀ ਅਧੀ ਆਬਾਦੀ 25 ਸਾਲ ਤੋਂ ਘਟ ਹੈ ਅਤੇ ਦੋ ਤਿਹਾਈ ਆਬਾਦੀ 35 ਸਾਲ ਤੋਂ ਘਟ ਹੈ। ਇਹ ਭਾਰਤ ਦੀ ਬਹੁਤ ਹੀ ਵਡੀ ਜਾਇਦਾਦ ਹੈ। ਅਜ ਜਦ ਦੂਜੇ ਜਿਆਦਾਤਰ ਦੇਸ਼ਾਂ ਦੀ ਆਬਾਦੀ ਬੁਢੀ ਹੋ ਰਹੀ ਹੈ, ਭਾਰਤ ਵਿਚ ਬਹੁਤੀ ਆਬਾਦੀ ਪੜ੍ਹੀ ਲਿਖੀ ਤੇ ਜਵਾਨ ਹੈ। ਇਹ ਭਾਰਤ ਲਈ ਚੰਗੀਆਂ ਖਬਰਾਂ ਹਨ। ਪਰ ਭਾਰਤ ਦੇਸ਼ ਆਪਣੇ ਨਾਗਰਿਕਾਂ ਨੂੰ 24 ਘੰਟੇ 7 ਦਿਨ ਪਾਣੀ ਅਤੇ ਬਿਜਲੀ ਸਪਲਾਈ ਨਹੀਂ ਕਰ ਸਕਿਆ। ਮੁੰਬਈ, ਦਿਲੀ , ਹੈਦਰਾਬਾਦ, ਚੈਨਈ ਵਰਗੇ ਮੁਖ ਸ਼ਹਿਰਾਂ ‘ਚ ਆਵਾਜਾਈ ਦੇ ਚੰਗੇ ਪ੍ਰਬੰਧ ਵੀ ਨਹੀਂ ਕੀਤੇ ਜਾ ਸਕੇ। ਭਾਵੇਂ ਕਿ ਦਿਲੀ ਵਰਗੇ ਸ਼ਹਿਰਾਂ ‘ਚ ਚੰਗੇ ਹਵਾਈ ਅਡੇ ਬਣਾਏ ਗਏ ਹਨ, ਪਰ ਦੇਸ਼ ‘ਚ ਸੀਵਰੇਜ ਦੇ ਹਾਲਾਤ ਤਰਸਯੋਗ ਹਨ। ਕੂੜਾ ਕਰਕਟ ਸੰਭਾਲਣ ਦਾ ਪ੍ਰਬੰਧ ਤਾਂ ਬਹੁਤ ਖਸਤਾ ਹੈ। ਮੋਦੀ ਸਰਕਾਰ ਨੇ ਦੇਸ਼‘ਚ ਟਾਇਲਟਾਂ ਦਾ ਪ੍ਰਬੰਧ ਕਰਨ ਦਾ ਯਤਨ ਤਾਂ ਕੀਤਾ ਹੈ, ਪਰ ਟਰੈਫਿਕ ਦੀ ਹਾਲਤ ਨਿਕੰਮੀ ਹੈ। ਦੇਸ਼ ‘ਚ ਉਤਨੀਆਂ ਸੜਕਾਂ ਨਹੀਂ ਜਿੰਨੇ ਵਹੀਕਲ ਹਨ। ਜਿਸ ਨਾਲ ਸੜਕਾਂ ਤੇ ਨਿਰੰਤਰ ਜਾਮ ਲਗੇ ਰਹਿੰਦੇ ਹਨ। ਦੇਸ਼ ਦੀਆਂ ਅਦਾਲਤਾਂ ਮੁਕਦਮਿਆਂ ਨਾਲ ਠੁਸੀਆਂ ਪਈਆਂ ਹਨ। ਦੇਸ਼ ਵਾਸੀਆਂ ਲਈ ਰਹਿਣ ਲਈ ਮਕਾਨਾਂ ਦੀ ਕਮੀ ਹੈ ਅਤੇ ਚੰਗੀਆਂ ਸਹੂਲਤਾਂ ਲਈ ਬੁਨਿਆਦੀ ਢਾਂਚਾ ਘਟ ਹੈ।
ਮੋਦੀ, ਪਿਛਲੇ ਸਾਢੇ ਚਾਰ ਵਰ੍ਹਿਆਂ ‘ਚ ਦੇਸ਼ ਦੀਆਂ ਬਹੁਤ ਹੀ ਮਹਤਵਪੂਰਨ ਘਟ ਗਿਣਤੀਆਂ ਸਿਖਾਂ ਅਤੇ ਇਸਾਈਆਂ ਨਾਲ ਭਾਵੇਂ ਕਿ ਉਹ ਗਿਣਤੀ ਵਿਚ ਵੀ ਥੋੜ੍ਹੇ ਹਨ ਅਤੇ ਜਿਹੜੇ ਵਿਦੇਸ਼ੀ ਧਨ ਭਾਰਤ ‘ਚ ਲਿਆਉਣ ਲਈ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ, ਚੰਗੇ ਸਬੰਧ ਨਹੀਂ ਬਣਾ ਸਕਿਆ। ਯੂ.ਏ.ਈ ਸਰਕਾਰ ਨੇ ਕੇਰਲਾ ਲਈ 200 ਮਿਲੀਅਨ ਡਾਲਰ ਦੀ ਸਹਾਇਤਾ ਹੜ੍ਹ ਪੀੜ੍ਹਤਾਂ ਲਈ ਦੇਣ ਦੀ ਪੇਸ਼ਕਸ਼ ਕੀਤੀ, ਪਰ ਮੋਦੀ ਨੇ ਇਹ ਸਹਾਇਤਾ ਠੁਕਰਾ ਦਿਤੀ! ਆਖਰ ਕਿਉਂ? ਕੀ ਉਹਦੇ ਮਨ ‘ਚ ਇਹ ਗਲ ਕਿਧਰੇ ਘਰ ਕਰਕੇ ਬੈਠੀ ਹੈ ਕਿ ਕੇਰਲਾ ਉਤੇ ਭਾਰਤੀ ਜਨਤਾ ਪਾਰਟੀ ਰਾਜ ਨਹੀਂ ਕਰਦੀ ਇਸ ਕਰਕੇ ਉਸਨੂੰ ਇਸਦਾ ਫਾਇਦਾ ਨਹੀਂ ਹੋਏਗਾ।
ਦੁਨੀਆ ਵਿਚ ਭਾਰਤ ਦੂਜਾ ਇਹੋ ਜਿਹਾ ਦੇਸ਼ ਹੈ, ਜਿਥੇ ਵਡੀ ਮੁਸਲਿਮ ਆਬਾਦੀ ਹੈ। ਭਾਰਤੀ ਮੁਸਲਮਾਨ ਸ਼ਾਂਤ ਰਹਿਣ ਵਾਲੇ ਦੇਸ਼ਵਾਸੀ ਹਨ। ਪਰ ਭਾਜਪਾ ਦਾ ਵਿਵਹਾਰ ਉਹਨਾ ਨਾਲ ਚੰਗਾ ਨਹੀਂ।ਠਬੀਫਠ ਨੂੰ ਰੈਸਟੋਰੈਂਟਾਂ ‘ਚ ਪਰੋਸਣ ਤੋਂ ਰੋਕ ਦਿਤਾ ਗਿਆ। ਮੁਸਲਮਾਨਾਂ ਨੂੰ ਗਊਆਂ ਕਾਰਨ ਸਜ਼ਾਵਾਂ ਦਿਤੀਆਂ ਜਾ ਰਹੀਆਂ ਹਨ। ਪਰੰਤੂ ਭਾਰਤ ਦੁਨੀਆ ਨੂੰ 5 ਬਿਲੀਅਨ ਡਾਲਰ ਮੀਟ ਸਪਲਾਈ ਕਰਦਾ ਹੈ, ਜਿਸ ਵਿਚ ਜਿਆਦਾਤਰ ਮਝਾਂ ਝੋਟਿਆਂ ਦਾ ਮਾਸ ਹੁੰਦਾ ਹੈ ਅਤੇ ਕੁਝ ਗਊਆਂ ਦਾ ਵੀ। ਆਮ ਤੌਰ ਤੇ ਦੇਸ਼ ਦੇ ਚੇਤੰਨ ਵਰਗ ਵਲੋਂ ਸਵਾਲ ਪੁਛਿਆ ਜਾਂਦਾ ਹੈ ਕਿ ਜੇਕਰ ਇਹ ਮਾਸ ਵਿਦੇਸ਼ਾਂ ਨੂੰ ਭੇਜਿਆ ਜਾਂਦਾ ਹੈ ਤਾਂ ਦੇਸ਼ ‘ਚ ਕਿਉਂ ਨਹੀਂ ਵਰਤਿਆ ਜਾ ਸਕਦਾ?
ਮੋਦੀ ਨੇ ਅਮਰੀਕਾ, ਬਰਤਾਨੀਆ, ਕੈਨੇਡਾ, ਅਸਟ੍ਰੇਲੀਆ ਅਤੇ ਹੋਰ ਅਨੇਕਾਂ ਦੇਸ਼ਾਂ ਦੇ ਦੌਰੇ ਕੀਤੇ। ਅਰਬਾਂ ਰੁਪਈਏ ਇਹਨਾ ਦੌਰਿਆਂ ਤੇ ਖਰਚ ਹੋਏ। ਪਰ ਕੀ ਇਹਨਾ ਦੇਸ਼ਾਂ ਨਾਲ ਸਬੰਧ ਸੁਖਾਵੇਂ ਹੋ ਸਕੇ ਜਾਂ ਇਹ ਦੌਰੇ ਸਿਰਫ ਗਲਵਕੜੀ ਜਾਂ ਹਥ ਘੁਟਣੀ ਤੋਂ ਵਧ ਹੋਰ ਕੁਝ ਸੁਆਰ ਸਕੇ। ਮੋਦੀ ਨੇ ਪ੍ਰਵਾਸੀ ਭਾਰਤੀਆਂ ਨਾਲ ਵਡੀਆਂ ਬੈਠਕਾਂ, ਮਿਲਣੀਆਂ ਕੀਤੀਆਂ। ਵਡੀਆਂ ਭੀੜਾਂ ਵੀ ਇਹਨਾ ਭਾਰਤੀਆਂ ਦੀਆਂ ਇਕਠੀਆਂ ਕੀਤੀਆਂ, ਪਰ ਕੀ ਇਹ ਭਾਰਤੀ,ਭਾਰਤ ਦੇਸ਼ ‘ਚ ਆਪਣੇ ਕਾਰੋਬਾਰ ਖੋਲ੍ਹਣ ਲਈ ਤਿਆਰ ਹੋਏ। ਅਸਲ ‘ਚ ਦੇਸ਼ ਦੀ ਅਫਸਰਸ਼ਾਹੀ ਦੀ ਘੁਟੀ ਹੋਈ ਮੁਠੀ ਮੋਦੀ ਦੀ ਵਖੋ-ਵਖਰੇ ਖੇਤਰਾਂ ‘ਚ ਅਸਫਲਤਾ ਦਾ ਕਾਰਨ ਬਣੀ ਦਿਸਦੀ ਹੈ।
ਮੋਦੀ ਦੇ ਸਾਸ਼ਨ ਕਾਲ ਵਿਚ ਗੁਆਂਢੀ ਮੁਲਕਾਂ ਨਾਲ ਚੰਗੇ ਸਬੰਧ ਸਥਾਪਤ ਨਹੀਂ ਕੀਤੇ ਜਾ ਰਹੇ, ਭਾਵੇਂ ਕਿ ਇਸ ਖੇਤਰ ਵਿਚ ਮੁਢਲੇ ਤੌਰ ਤੇ ਪਹਿਲਕਦਮੀ ਜ਼ਰੂਰ ਦਿਖੀ। ਮੋਦੀ ਦੇ ਰਾਜ ‘ਚ ਚੀਨ ਨੇ ਨੇਪਾਲ, ਮਾਲਦੀਵ, ਸਿਰੀਲੰਕਾ, ਭੂਟਾਨ, ਸਿਕਮ ਅਤੇ ਬੰਗਲਾਦੇਸ਼ ਨੂੰ ਪ੍ਰਭਾਵਤ ਕੀਤਾ ਅਤੇ ਆਪਣੇ ਨਾਲ ਸਬੰਧ ਭਾਰਤ ਨਾਲੋਂ ਵਧ ਸੁਖਾਵੇਂ ਬਣਾਏ। ਚੀਨ ਨੇ ਸਮੁੰਦਰੀ ਪਾਣੀਆਂ ਜਿਹਨਾਂ ‘ਚ ਹਿੰਦ ਮਹਾਂਸਾਗਰ, ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਸ਼ਾਮਲ ਹਨ ‘ਚ ਦਖਲ ਦਿਤਾ। ਅਮਰੀਕਾ, ਜਪਾਨ, ਅਸਟ੍ਰੇਲੀਆ ਅਤੇ ਦਖਣੀ ਕੋਰੀਆ ਨੇ ਸਮੁੰਦਰੀ ਫੌਜੀ ਮਸ਼ਕਾਂ ਸਾਂਝੀਆਂ ਕਰਨ ਦੀ ਸਲਾਹ ਦਿਤੀ ਪਰ ਭਾਰਤ ਨੇ ਚੀਨ , ਪਾਕਸਿਤਾਨ ਅਤੇ ਰੂਸ ਨਾਲ ਸਮੁੰਦਰੀ ਮਸ਼ਕਾਂ ਕੀਤੀਆਂ ਜਿਸ ਨਾਲ ਦੇਸ਼ ਦੀ ਸੁਰਖਿਆ ਦਾਅ ਤੇ ਲਗਣ ਦੇ ਖਤਰੇ ਵਧੇ।
ਭਾਵੇਂ ਕਿ ਮੋਦੀ ਵਲੋਂ ਦੇਸ਼ ‘ਚ ਵਡੀਆਂ, ਨਵੀਆਂ-ਨਿਵੇਕਲੀਆਂ ਸਕੀਮਾਂ ਚਲਾਉਣ ਦਾ ਦਾਅਵਾ ਕੀਤਾ ਗਿਆ, ਪਰ ਸਫਲਤਾ ਦੇ ਪਖ ਤੋਂ ਇਸ ਦੇ ਵਡੇ ਪ੍ਰਸ਼ਨ ਚਿੰਨ ਲਗੇ ਹਨ। ਨੋਟਬੰਦੀ ਨੇ ਮੋਦੀ ਸ਼ਾਸ਼ਨ ਨੂੰ ਵਡੀ ਬਦਨਾਮੀ ਦਿਤੀ ਹੈ। ਜੀ ਐਸ ਟੀ ਨਾਲ ਮੋਦੀ ਸਰਕਾਰ ਦਾ ਦੇਸ਼ ਦੇ ਵਪਾਰੀ ਵਰਗ ‘ਚ ਅਧਾਰ ਖਰਾਬ ਹੋਇਆ ਹੈ। ਪੈਟਰੋਲ, ਡੀਜ਼ਲ ਦੀਆਂ ਕੀਮਤਾਂ ‘ਚ ਵਾਧੇ ਅਤੇ ਮਹਿੰਗਾਈ ਨੇ ਦੇਸ਼ ਵਾਸੀਆਂ ਸਾਹਮਣੇ ਵਡੇ ਸਵਾਲ ਖੜੇ ਕੀਤੇ ਹਨ ਅਤੇ ਇਹ ਸੋਚਣ ਲਈ ਮਜ਼ਬੂਰ ਕਰ ਦਿਤਾ ਹੈ ਕਿ ਮੋਦੀ ਸਰਕਾਰ ਕਾਰਪੋਰੇਟ ਸੈਕਟਰ ਦੇ ਲੋਕਾਂ ਦੇ ਹਿਤਾਂ ਦੀ ਰਾਖੀ ਆਖਰ ਕਦੋਂ ਤਕ ਲੋਕਾਂ ਦੇ ਹਿਤ ਦਾਅ ਉਤੇ ਲਾਕੇ ਕਰਦੀ ਰਹੇਗੀ। ਫਰਾਂਸ ਨਾਲ ਹੋਏ ਰੈਫੇਲ ਸਮਝੋਤੇ ‘ਚ ਵਡੇ ਪੈਸਿਆਂ ਦੇ ਲੈਣ-ਦੇਣ ਨਾਲ ਮੋਦੀ ਸਰਕਾਰ ਤੋਂ ਸਵਾਲ ਪੁਛੇ ਜਾਣ ਲਗੇ ਹਨ।
ਇਹੋ ਜਿਹੀਆਂ ਹਾਲਾਤਾਂ ਵਿਚ 2019 ‘ਚ ਮੋਦੀ ਦੀ ਜਿਤ ਸੌਖੀ ਨਹੀਂ ਸਮਝੀ ਜਾ ਰਹੀ। ਯੂ.ਪੀ. ‘ਚ ਮੋਦੀ ਨੇ ਸਰਕਾਰ ਬਣਾਈ। ਗੁਜਰਾਤ ‘ਚ ਉਸਨੂੰ ਮਸਾਂ ਜਿਤ ਮਿਲੀ। ਇਹ ਕਿਉ ਵਾਪਰਿਆ? ਕਾਂਗਰਸ ਪਾਰਟੀ ਨੇ ਭਾਜਪਾ ਨੂੰ ਉਥੇ ਚਾਨਣ ਵਿਖਾਇਆ। ਪਛਮੀ ਬੰਗਾਲ, ਪੰਜਾਬ, ਕਰਨਾਟਕ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਕੇਰਲਾ ਅਤੇ ਕੁਝ ਹੋਰ ਸੂਬਿਆਂ ‘ਚ ਮੋਦੀ ਦਾ ਰਾਜ ਨਹੀਂ ਹੈ। ਮੋਦੀ ਦੇ ਵਿਰੋਧ ‘ਚ ਵਿਰੋਧੀ ਧਿਰਾਂ ਇਕਠੇ ਹੋਣ ਦੇ ਯਤਨ ‘ਚ ਹਨ। ਮੋਦੀ ਇਹਨਾ ਸਾਢੇ ਚਾਰ ਸਾਲਾਂ ‘ਚ ਨਿਵਾਣਾਂ ਵਲ ਜਾਂਦਾ ਦਿਸ ਰਿਹਾ ਹੈ ਅਤੇ ਸਿਆਸੀ ਤੌਰ ਤੇ ਉਹ ਕੋਈ ਵਡੀ ਕਾਰਗੁਜਾਰੀ ਨਹੀਂ ਦਿਖਾ ਸਕਿਆ। ਆਉਣ ਵਾਲੇ ਛੇ ਮਹੀਨਿਆਂ ‘ਚ ਕੀ ਉਹ ਕੋਈ ਵਡੀ ਜਾਦੂਗਿਰੀ ਦਿਖਾ ਸਕੇਗਾ, ਇਹ ਤਾਂ ਸਮਾਂ ਹੀ ਦਸੇਗਾ, ਪਰ ਇਸ ਸਮੇਂ ਉਸਦਾ ਦੇਸ਼ ਦੇ ਹਾਕਮੀ ਗਲਿਆਰਿਆਂ ‘ਚ ਪਰਤਣਾ ਬਹੁਤੇ ਲੋਕਾਂ ਨੂੰ ਔਖਾ ਲਗ ਰਿਹਾ ਹੈ। ਸਿਆਸਤ ਦਾ ਅਸੂਲ ਹੈ ਕਿ ਕੌਣ, ਕਿਸਨੂੰ, ਕਿਸ ਵੇਲੇ, ਕਿਥੇ ਅਤੇ ਕਿਵੇਂ ਪ੍ਰਭਾਵਤ ਕਰਦਾ ਹੈ। ਜਿਸ ਸਿਆਸੀ ਨੇਤਾ ਕੋਲ ਕੁਟਲਿਆ ਦਾ ਇਹ ਗੁਣ ਹੈ, ਉਹ ਸਿਆਸੀ ਬਾਜੀ ਮਾਰ ਜਾਂਦਾ ਹੈ।

Comments are closed.

COMING SOON .....


Scroll To Top
11