Tuesday , 13 November 2018
Breaking News
You are here: Home » EDITORIALS » ਨਜਾਇਜ਼ ਸ਼ਰਾਬ ਦਾ ਧੰਦਾ ਬੰਦ ਹੋਵੇ

ਨਜਾਇਜ਼ ਸ਼ਰਾਬ ਦਾ ਧੰਦਾ ਬੰਦ ਹੋਵੇ

ਪੰਜਾਬ ਵਿੱਚ ਸਿੰਥੈਟਿਕ ਨਸ਼ਿਆਂ ਦਾ ਬੋਲਬਾਲਾ ਹੈ। ਸਰਕਾਰ ਅਤੇ ਲੋਕਾਂ ਵੱਲੋਂ ਇਨ੍ਹਾਂ ਨਸ਼ਿਆਂ ਖਿਲਾਫ ਹੀ ਹੋ ਹੱਲਾ ਹੋ ਰਿਹਾ ਹੈ ਪਰ ਇਹ ਹੈਰਾਨੀ ਦੀ ਗੱਲ ਹੈ ਕਿ ਜਾਇਜ਼-ਨਜਾਇਜ਼ ਸ਼ਰਾਬ ਦੇ ਵਿਰੋਧ ਵਿੱਚ ਕੋਈ ਵੀ ਆਵਾਜ਼ ਨਹੀਂ ਉਠ ਰਹੀ। ਪੰਜਾਬ ਵਿੱਚ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੀ ਗੈਰ ਕਾਨੂੰਨੀ ਵਿਕਰੀ ਜ਼ੋਰਾਂ ਉਪਰ ਹੈ। ਹਰ ਰੋਜ਼ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਤੋਂ ਹਜ਼ਾਰਾਂ ਲੀਟਰ ਸ਼ਰਾਬ ਲਿਆ ਕੇ ਵੇਚੀ ਜਾ ਰਹੀ ਹੈ। ਇਸ ਦੇ ਨਾਲ ਹੀ ਕੁਝ ਖੇਤਰਾਂ ਵਿੱਚ ਦੇਸੀ ਸ਼ਰਾਬ ਕੱਢਣ ਦਾ ਗੈਰ-ਕਾਨੂੰਨੀ ਕਾਰਜ ਵੀ ਧੜੱਲੇ ਨਾਲ ਚੱਲ ਰਿਹਾ ਹੈ। ਸ਼ਰਾਬ ਦੇ ਧੰਦੇ ਨੂੰ ਵੀ ਸਿਆਸੀ ਅਤੇ ਪ੍ਰਸ਼ਾਸਨਿਕ ਸਰਪ੍ਰਸਤੀ ਮਿਲ ਰਹੀ ਹੈ। ਇਸ ਕਾਲੇ ਕਾਰੋਬਾਰ ਵਿੱਚੋਂ ਲੱਖਾਂ ਰੁਪਏ ਦੀ ਰੋਜ਼ਾਨਾ ਕਮਾਈ ਹੋ ਰਹੀ ਹੈ। ਚਾਲੂ ਸਾਲ ਦੀ ਆਬਕਾਰੀ ਨੀਤੀ ਤਹਿਤ ਮਾਰਚ 2018 ’ਚ ਆਬਕਾਰੀ ਵਿਭਾਗ ਵਲੋਂ ਜਿੰਨੇ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੇ ਠੇਕਿਆਂ ਨੂੰ ਮਨਜ਼ੂਰੀ ਦੇ ਕੇ ਖੋਲ੍ਹਿਆ ਗਿਆ, ਉਸ ਤੋਂ ਦੁਗਣੇ ਨਾਜਾਇਜ਼ ਸ਼ਰਾਬ ਦੇ ‘ਠੇਕੇ’ ਖੋਲ੍ਹ ਕੇ ਸ਼ਰਾਬ ਵੇਚੀ ਜਾ ਰਹੀ ਹੈ। ਆਬਕਾਰੀ ਨੀਤੀ 2018 ’ਚ ਸ਼ਰਾਬ ਦਾ ਕੋਟਾ ਘਟਾਉਣ ਕਰ ਕੇ ਦਰਿਆਵਾਂ ਨਾਲ ਲੱਗਦੇ ਖੇਤਰਾਂ ਵਿੱਚ ਖਾਸ ਕਰਕੇ ਰੋਜ਼ਾਨਾ ਹਜ਼ਾਰਾਂ ਲੀਟਰ ਨਜਾਇਜ਼ ਦੇਸੀ ਸ਼ਰਾਬ ਕਢੀ ਜਾ ਰਹੀ ਹੈ। ਇਹ ਸ਼ਰਾਬ ਸਿਹਤ ਲਈ ਬਹੁਤ ਹੀ ਮਾੜੀ ਹੈ। ਇਸ ਵਿੱਚ ਨਸ਼ੇ ਦੀ ਮਾਤਰਾ ਆਮ ਨਾਲੋਂ ਜ਼ਿਆਦਾ ਹੁੰਦੀ ਹੈ। ਇਸ ਸ਼ਰਾਬ ਨਾਲ ਸ਼ਰਾਬੀ ਦੀ ਮੌਤ ਹੋਣ ਦਾ ਵੀ ਖਤਰਾ ਹੁੰਦਾ ਹੈ। ਨਜਾਇਜ਼ ਸ਼ਰਾਬ ਨੂੰ ਰੋਕਣ ਲਈ ਹੁਣ ਕਿਧਰੇ ਕੋਈ ਮੁਹਿੰਮ ਨਹੀਂ ਚੱਲ ਰਹੀ। ਪੁਲਿਸ ਵੀ ਹੁਣ ਇਸ ਧੰਦੇ ਵੱਲ ਕੋਈ ਧਿਆਨ ਨਹੀਂ ਦਿੰਦੀ। ਇਸ ਕਾਰਨ ਨਜਾਇਜ਼ ਸ਼ਰਾਬ ਦਾ ਧੰਦਾ ਲਗਾਤਾਰ ਵੱਧ-ਫੁੱਲ ਰਿਹਾ ਹੈ। ਨਕਲੀ ਅਤੇ ਦੇਸੀ ਸ਼ਰਾਬ ਨਾਲ ਭਿਆਨਕ ਬਿਮਾਰੀਆਂ ਵੀ ਫੈਲ ਰਹੀਆਂ ਹਨ। ਇਸ ਨਾਲ ਸੂਬੇ ਦੇ ਜਨਤਕ ਖਜ਼ਾਨੇ ਨੂੰ ਵੀ ਭਾਰੀ ਚੂਨਾ ਲਗਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਸਿਆਸੀ ਅਤੇ ਪ੍ਰਸ਼ਾਸਨਿਕ ਸਰਪ੍ਰਸਤੀ ਹੇਠ ਹਰਿਆਣਾ-ਚੰਡੀਗੜ੍ਹ ਆਦਿ ਸੂਬਿਆਂ ਤੋਂ ਤਸਕਰੀ ਕਰਕੇ ਲਿਆਂਦੀ ਸ਼ਰਾਬ ਦੀ ਵਿਕਰੀ ਨਾਲ ਵੀ ਪੰਜਾਬ ਦੇ ਖਜ਼ਾਨੇ ਨੂੰ ਵੱਡਾ ਖੋਰਾ ਲੱਗ ਰਿਹਾ ਹੈ। ਤਸਕਰਾਂ ਨੂੰ ਪ੍ਰਤੀ ਪੇਟੀ 500 ਤੋਂ ਲੈ ਕੇ 2000 ਤੱਕ ਦੀ ਕਮਾਈ ਹੋ ਰਹੀ ਹੈ। ਆਬਕਾਰੀ ਨੀਤੀ 2018 ਤਹਿਤ ਅੰਗਰੇਜ਼ੀ ਸ਼ਰਾਬ 248 ਲਖ ਪਰੂਫ਼ ਲੀਟਰ, ਦੇਸੀ ਸ਼ਰਾਬ 578 ਲਖ ਪਰੂਫ਼ ਲੀਟਰ ਤੇ ਬੀਅਰ 257 ਲਖ ਬਲਕ ਲੀਟਰ ਚਾਲੂ ਵਰ੍ਹੇ ਦੌਰਾਨ ਵੇਚੀ ਜਾਣੀ ਹੈ। ਪੰਜਾਬ ਵਿੱਚ ਇਸ ਸਮੇਂ 5051 ਅੰਗਰੇਜ਼ੀ-ਦੇਸੀ ਸ਼ਰਾਬ ਦੇ ਮਨਜ਼ੂਰਸ਼ੁਦਾ ਠੇਕੇ ਖੁਲ੍ਹੇ ਹੋਏ ਹਨ। ਨਜਾਇਜ਼ ਸ਼ਰਾਬ ਵਿੱਚ ਕਈ ਤਰ੍ਹਾਂ ਦੇ ਮਾੜੇ ਰਸਾਇਣ ਮਿਲਾਏ ਜਾ ਰਹੇ ਹਨ। ਇਹ ਧੰਦਾ ਵੀ ਲੋਕਾਂ ਦੀ ਜ਼ਿੰਦਗੀ ਨਾਲ ਖੇਡ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਦੂਜੇ ਨਸ਼ਿਆਂ ਦੇ ਨਾਲ-ਨਾਲ ਸ਼ਰਾਬ ਦੇ ਧੰਦੇ ਨੂੰ ਵੀ ਠੱਲ੍ਹ ਪਾਈ ਜਾਵੇ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11