ਸ੍ਰੀ ਗੋਇੰਦਵਾਲ ਸਾਹਿਬ, 13 ਸਤੰਬਰ (ਰਣਜੀਤ ਦਿਉਲ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਨਾਗੋਕੇ ਦੇ ਵਿਹੜੇ ਵਿੱਚ ਬਾਬਾ ਬਕਾਲਾ ਸਾਹਿਬ ਨਾਲ ਸਬੰਧਿਤ ਇਕ ਨਿਹੰਗ ਜਥੇਬੰਦੀ ਦੇ ਸੇਵਾਦਾਰਾਂ ਵੱਲੋਂ ਪਛੂ ਵਾੜ ਦਿੱਤੇ ਗਏ ਹਨ ਜਿਸ ਨਾਲ ਦੋਹਾਂ ਸਕੂਲਾਂ ਦੀ ਸੰਮਤੀ ਨੂੰ ਭਾਰੀ ਨੁਕਸਾਨ ਪੁੱਜਾ ਹੈ। ਇਸ ਪਿੰਡ ਦੀ ਸਰਪੰਚ ਬਿੰਦਰ ਕੌਰ ਦੇ ਪਤੀ ਮਾ. ਅਮਰਜੀਤ ਸਿੰਘ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਮੁਖੀ ਮਾ. ਦਲਜੀਤ ਸਿੰਘ, ਸਰਕਾਰੀ ਐਲੀਮੈਂਟਰੀ ਸਕੂਲ ਦੇ ਮੁਖੀ ਖੁਸ਼ਪ੍ਰੀਤ ਸਿੰਘ ਆਦਿ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾਈ ਦਾ ਵਧੀਆ ਮਾਹੌਲ ਦੇਣ ਲਈ ਕਿਆਰੀਆਂ ਬਣਾ ਕੇ ਵਧੀਆ ਫੁੱਲ ਲਗਾਏ ਹੋਏ ਸਨ ਅਤੇ ਇਸ ਤੋਂ ਇਲਾਵਾ ਕਈ ਫਲਦਾਰ ਅਤੇ ਛਾਂ ਦਾਰ ਬੂਟੇ ਲਗਾਏ ਹੋਏ ਸਨ। ਜੋ ਪਛੂਆਂ ਦੇ ਅੰਦਰ ਦਾਖਲ ਹੋ ਜਾਣ ਕਾਰਨ ਪੂਰੀ ਤਰ੍ਹਾਂ ਨੁਕਸਾਨੇ ਗਏ ਹਨ। ਇਸ ਤੋਂ ਇਲਾਵਾ ਸਕੂਲਾਂ ਦੀ ਹੋਰ ਵੀ ਸੰਪਤੀ ਦਾ ਭਾਰੀ ਨੁਕਸਾਨ ਹੋਇਆ ਹੈ। ਸਕੂਲਾਂ ਵਿੱਚ ਫੈਲੀ ਬਦਬੂ ਤੇ ਗੰਦਗੀ ਕਾਰਨ ਕਈ ਦਿਨ ਇਨ੍ਹਾਂ ਸਕੂਲਾਂ ਦੀਆਂ ਇਮਾਰਤਾਂ ਵਿੱਚ ਵਿਦਿਆਰਥੀਆਂ ਨੂੰ ਪੜਾਇਆ ਨਹੀਂ ਜਾ ਸਕੇਗਾ। ਵਿਦਿਆਰਥੀਆਂ ਦੀਆਂ ਚੱਲਦੀਆਂ ਪ੍ਰੀਖਿਆਵਾਂ ਵੀ ਪ੍ਰਭਾਵਿਤ ਹੋਈਆਂ ਹਨ ਅਤੇ ਮਜਬੂਰੀ ਵੱਸ ਦੋਹਾਂ ਸਕੂਲਾਂ ਦੇ ਸਟਾਫ ਨੂੰ ਵਿਦਾਆਰਥੀਆਂ ਦੀਆਂ ਪ੍ਰੀਖਿਆਵਾਂ ਪਿੰਡ ਦੇ ਗੁਰੂਦੁਆਰਾ ਸਾਹਿਬ ਦੀ ਇਮਾਰਤ ਅੰਦਰ ਲਈਆਂ ਗਈਆਂ ਹਨ। ਪਿੰਡ ਦੀ ਪੰਚਾਇਤ , ਵਿਦਿਆਰਥੀਆਂ ਦੇ ਮਾਪਿਆਂ ਅਤੇ ਸਕੂਲਾਂ ਦੇ ਸਟਾਫ ਨੇ ਸਕੂਲਾਂ ਦੇ ਤਾਲੇ ਤੋੜ ਕੇ ਸਕੂਲਾਂ ਅੰਦਰ ਪਛੂ ਵਾੜਨ ਵਾਲੇ ਇਨ੍ਹਾਂ ਸੇਵਾਦਾਰਾਂ ਖਿਲਾਫ਼ ਪੁਲਿਸ ਥਾਣਾ ਵੈਰੋਵਾਲ ਵਿਖੇ ਲਿਖਤੀ ਦਰਖਾਸ਼ਤ ਦੇ ਦਿੱਤੀ ਹੈ ਅਤੇ ਜਿਲ੍ਹਾ ਪ੍ਰਸ਼ਾਸਨ ਪਾਸੋਂ ਸ਼ਖਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੇਵਾਦਾਰਾਂ ਵੱਲੋਂ ਸੇਵਾ ਦੇ ਨਾਂ ਤੇ ਹਰ ਸਾਲ ਕਿਸਾਨਾਂ ਦੀਆਂ ਫਸਲਾਂ ਵਿੱਚ ਪਛੂ ਵਾੜ ਕੇ ਹਜਾਰਾਂ ਏਕੜ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰ ਦਿੱਤੀਆਂ ਜਾਂਦੀਆਂ ਹਨ । ਉਨ੍ਹਾਂ ਦੱਸਿਆ ਕਿ ਇਸੇ ਮਸਲੇ ਨੂੰ ਲੈ ਕੇ ਪਿਛਲੇ ਦਿਨੀਂ ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਮਹਿਤਾ ਵਿਖੇ ਗੋਲੀ ਵੀ ਚੱਲੀ ਸੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸਾਬਕਾ ਸਰਪੰਚ ਦਲਬੀਰ ਸਿੰਘ, ਸੀਨੀਅਰ ਕਾਂਗਰਸੀ ਆਗੂ ਨਿਸ਼ਾਨ ਸਿੰਘ ਬੱਗੀ, ਮਾ. ਸ਼ੀਤਲ ਸਿੰਘ, ਹਰਪਾਲ ਸਿੰਘ ਪੰਚ ਆਦਿ ਪਿੰਡ ਦੇ ਮੋਹਤਬਰਾਂ ਤੋਂ ਇਲਾਵਾ, ਜਗਮੀਤ ਸਿੰਘ, ਹਰੀ ਸਿੰਘ, ਨੀਤੂ ਸ਼ਰਮਾ, ਇੰਦਰਪ੍ਰੀਤ ਕੌਰ, ਅਮਨਪ੍ਰੀਤ ਕੌਰ, ਅਮਨਦੀਪ ਕੌਰ, ਮਲਕੀਤ ਸਿੰਘ, ਆਦਿ ਸਕੂਲ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।
You are here: Home » Carrier » ਧੱਕੇ ਨਾਲ ਸਕੂਲ ਵਿੱਚ ਵਾੜੀਆਂ ਗਾਵਾਂ-ਬੱਚੇ ਗੁਰਦੁਆਰਾ ਸਾਹਿਬ ਵਿਖੇ ਪੇਪਰ ਦੇਣ ਲਈ ਮਜਬੂਰ