Monday , 14 October 2019
Breaking News
You are here: Home » PUNJAB NEWS » ਧੂਰੀ ਦੇ ਨਿੱਜੀ ਸਕੂਲ ਦੀ ਦਿਲ ਦਹਿਲਾਉਣ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ

ਧੂਰੀ ਦੇ ਨਿੱਜੀ ਸਕੂਲ ਦੀ ਦਿਲ ਦਹਿਲਾਉਣ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ

ਧੂਰੀ/ਸ਼ੇਰਪੁਰ, 26 ਮਈ (ਹਰਜੀਤ ਕਾਤਿਲ, ਪਰਮਜੀਤ ਲੱਡਾ)- ਧੂਰੀ ਦੇ ਇਕ ਪ੍ਰਾਈਵੇਟ ਸਕੂਲ ਦੀ ਦਿਲ ਦਹਿਲਾਉਣ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ।ਸਥਾਨਕ ਇਕ ਨਿਜੀ ਸਕੂਲ ‘ਚ ਪੜਦੀ 4 ਸਾਲਾ ਬੱਚੀ ਨਾਲ ਸਕੂਲ ਦੇ ਵੈਨ ਕੰਡਕਟਰ ਵੱਲੋਂ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਦੋਸ਼ੀ ਕੰਡਕਟਰ ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ।ਪੀੜਤਾ ਬੱਚੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਦਰਜ਼ ਕੀਤੇ ਗਏ ਮਾਮਲੇ ਦੇ ਅਨੁਸਾਰ ਉਸ ਦੀ ਪਤਨੀ ਲੰਘੇ ਦਿਨ ਸ਼ਨੀਵਾਰ ਨੂੰ ਆਪਣੀ ਬੱਚੀ ਦੇ ਨਾਲ ਸਕੂਲ ਵਿਖੇ ਸਵੇਰੇ 11 ਵਜੇ ਮਾਪੇ- ਅਧਿਆਪਕ ਮੀਟਿੰਗ ‘ਤੇ ਗਈ ਸੀ। ਉੱਥੇ ਉਹ ਕਰੀਬ 1 ਵਜੇ ਤੱਕ ਰਹੇ ਸੀ। ਜਦ ਉਹ ਘਰ ਵਾਪਿਸ ਆਏ, ਤਾਂ ਉਸ ਦੀ ਲੜਕੀ ਨੇ ਆਪਣੀ ਮਾਤਾ ਨੂੰ ਪੇਟ ਵਿੱਚ ਦਰਦ ਹੋਣ ਕਾਰਣ ਤਬੀਅਤ ਕਾਫੀ ਖਰਾਬ ਹੋਣ ਦੀ ਗੱਲ ਕਹੀ ਸੀ। ਉਹ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਲੈ ਗਏ ਸੀ ਜਿੱਥੇ ਡਾਕਟਰ ਵੱਲੋਂ ਦਵਾਈ ਦੇਣ ਤੋਂ ਉਪਰੰਤ ਉਹ ਘਰ ਵਾਪਿਸ ਆ ਗਏ ਸੀ। ਅੱਜ ਸਵੇਰੇ ਲੜਕੀ ਵੱਲੋਂ ਮੁੜ ਪੇਟ ਵਿੱਚ ਦਰਦ ਹੋਣ ਦੀ ਗੱਲ ਕਹਿਣ ‘ਤੇ ਪਰਿਵਾਰ ਵੱਲੋਂ ਉਸ ਬੱਚੀ ਨੂੰ ਜਦ ਹੌਂਸਲਾ ਦਿੰਦੇ ਹੋਏ ਇਸ ਵਾਰੇ ਪੁੱਛਿਆ ਗਿਆ, ਤਾਂ ਬੱਚੀ ਨੇ ਆਪਣੇ ਨਾਲ ਜਬਰ ਜਨਾਹ ਹੋਣ ਦੀ ਗੱਲ ਕਹੀ। ਪੀੜਤ ਬੱਚੀ ਦੇ ਦੱਸਣ ਮੁਤਾਬਕ ਪੇਰੈਂਟਸ ਮੀਟਿੰਗ ਦੌਰਾਨ ਸਕੂਲ ਦਾ ਕੰਡਕਟਰ ਉਸ ਨੂੰ ਰੈਟ ਰੂਮ ਵਿੱਚ ਲੈ ਗਿਆ ਸੀ, ਜਿੱਥੇ ਕਿ ਉਸ ਨੇ ਉਸ ਨਾਲ ਗਲਤ ਕੰਮ ਕੀਤਾ ਸੀ। ਪੀੜਤਾ ਦੇ ਮਾਪਿਆਂ ਵੱਲੋਂ ਲੜਕੀ ਨੂੰ ਮੁੜ ਤੋਂ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ , ਜਿੱਥੇ ਕਿ ਪੁਲਸ ਵੱਲੋਂ ਪੀੜਤਾ ਦੇ ਪਿਤਾ ਦੇ ਬਿਆਨ ਤੋਂ ਬਾਅਦ ਦੋਸ਼ੀ ਕੰਡਕਟਰ ਕਮਲ ਦੇ ਖਿਲਾਫ ਮਾਮਲਾ ਦਰਜ਼ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਦੂਸਰੇ ਪਾਸੇ ਇਸ ਸ਼ਰਮਸਾਰ ਘਟਨਾ ਤੋਂ ਗੁੱਸਾਏ ਪੀੜਤਾ ਦੇ ਪਰਿਵਾਰਕ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਇਸ ਮਾਮਲੇ ਨੂੰ ਲੈਕੇ ਸ਼ਹਿਰ ਭਰ ‘ਚ ਰੋਸ਼ ਮੁਜਾਹਰਾ ਕਰਦੇ ਹੋਏ ਬਜ਼ਾਰ ਬੰਦ ਕਰਵਾ ਦਿੱਤੇ ਗਏ। ਇਸ ਤੋਂ ਉਪਰੰਤ ਉਨ੍ਹਾਂ ਥਾਣਾ ਸਿਟੀ ਧੂਰੀ ਦਾ ਘਿਰਾਓ ਕਰਦੇ ਹੋਏ ਦੋਸ਼ੀ ਦੇ ਨਾਲ-ਨਾਲ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਖਿਲਾਫ ਵੀ ਮਾਮਲਾ ਦਰਜ਼ ਕਰਨ ਅਤੇ ਦੋਸ਼ੀ ਵਿਅਕਤੀ ਨੂੰ ਜਨਤਾ ਦੇ ਹਵਾਲੇ ਕਰਨ ਦੀ ਮੰਗ ਕੀਤੀ।ਲੋਕਾਂ ਵਲੋਂ ਜਬਰ-ਜ਼ਨਾਹ ਕਰਨ ਵਾਲੇ ਦਰਿੰਦੇ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ। ਫਿਲਹਾਲ ਸ਼ਹਿਰ ਵਿਚ ਤਣਾਅ ਬਣਿਆ ਹੋਇਆ ਹੈ ਅਤੇ ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਦਰਸ਼ਨਕਾਰੀਆਂ ਦੇ ਰੋਸ਼ ਨੂੰ ਵੇਖਦੇ ਹੋਏ ਐਸ.ਪੀ. (ਐਚ) ਸ਼ਰਨਜੀਤ ਸਿੰਘ , ਐਸ.ਪੀ. ਮਾਲੇਰਕੋਟਲਾ ਮਨਜੀਤ ਸਿੰਘ ਬਰਾੜ ਅਤੇ ਡੀ.ਐਸ.ਪੀ. ਧੂਰੀ ਮੋਹਿਤ ਅੱਗਰਵਾਲ ਤੋਂ ਇਲਾਵਾ ਵੱਡੀ ਗਿਣਤੀ ‘ਚ ਪੁਲਸ ਫੋਰਸ ਨੂੰ ਸਥਿਤੀ ‘ਤੇ ਕਾਬੂ ਪਾਓੁਣ ਲਈ ਆਓੁਣਾ ਪਿਆ। ਲੇਕਿਨ ਪ੍ਰਦਰਸ਼ਨਕਾਰੀਆਂ ਦੇ ਰੋਹ ਅੱਗੇ ਪੁਲਸ ਬੇਵਸ ਨਜ਼ਰ ਆਈ। ਇਸ ਦੌਰਾਨ ਵਿਧਾਨਸਭਾ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾਂ, ਵਿਧਾਇਕ ਦਲਵੀਰ ਸਿੰਘ ਗੋਲਡੀ, ਆਪ ਦੇ ਜਿਲਾ ਪ੍ਰਧਾਨ ਰਾਜਵੰਤ ਸਿੰਘ ਘੁੱਲੀ , ਆਪ ਆਗੂ ਸੰਦੀਪ ਸਿੰਗਲਾ, ਵਪਾਰੀ ਆਗੂ ਪ੍ਰਮੋਦ ਗੁਪਤਾ, ਦਰਸ਼ਨ ਖੁਰਮੀ, ਹੰਸ ਰਾਜ ਬਜਾਜ, ਪਵਨ ਗਰਗ, ਐਮ.ਸੀ. ਰਜਿੰਦਰ ਲੱਧੜ ਸਮੇਤ ਹੋਰ ਆਗੂ ਵੀ ਪ੍ਰਦਰਸ਼ਨਕਾਰੀਆਂ ਦੀ ਹਿਮਾਇਤ ‘ਚ ਮੌਕੇ ‘ਤੇ ਪੁੱਜੇ।

Comments are closed.

COMING SOON .....


Scroll To Top
11