Tuesday , 31 March 2020
Breaking News
You are here: Home » Editororial Page » ਧਰਮਸਾਲ ਕਰਤਾਰ ਪੁਰੁ ਸਾਧਸੰਗਤਿ ਸਚਖੰਡ ਵਸਾਇਆ

ਧਰਮਸਾਲ ਕਰਤਾਰ ਪੁਰੁ ਸਾਧਸੰਗਤਿ ਸਚਖੰਡ ਵਸਾਇਆ

ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ਤ ਗਿਆਨੀ ਕਰਤਾਰ ਸਿੰਘ ਦਾ ਲਿਖਿਆ ਸਿਖ ਇਤਿਹਾਸ ਦੀ ਭੂਮਿਕਾ ਵਿੱਚ ਲਿਖਦੇ ਹਨ ਕਿ “ਜਦ ਜ਼ੁਲਮਾਂ ਅਤੇ ਅਗਿਆਨਤਾ ਦੀ ਹੱਦ ਟੱਪ ਹੋ ਜਾਂਦੀ ਹੈ ਅਤੇ ਮਨੁੱਖਤਾ ਪਾਪਾਂ ਅਪਰਾਧਾਂ ਦੇ ਘੋਰ ਹਨੇਰ ਭਰੇ ਚੱਕਰ ਵਿੱਚ ਫਸ ਕੇ ਡੂੰਘੀ ਖੱਡ ਵਿਚ ਜਾ ਡਿੱਗਦੀ ਹੈ। ਜਦੋ ਰਾਜ ਤੇ ਸਮਾਜ ਵੱਲੋਂ ਕੀਤੇ ਜਾ ਰਹੇ ਅਤਿਆਚਾਰਾਂ ਦੇ ਨਾਲ ਜਨਤਾ ਪੀੜੀ ਤੇ ਮਿੱਧੀ-ਮਧੋਲੀ ਜਾ ਰਹੀ ਹੋਵੇ, ਉਨ੍ਹਾਂ ਦੀ ਪੁਕਾਰ ਦੀ ਬਹੁੜੀ ਕਰਨ ਲਈ, ਸੰਸਾਰ ਦੀ ਹਾਲਤ ਸੋਧਨ ਸੁਧਾਰਨ ਲਈ, ਜਗਤ ਜਲੰਦੇ ਨੂੰ ਠਾਰਨ, ਰੱਖਣ ਤੇ ਬਚਾਉਣ ਲਈ ਜ਼ਾਲਮਾਂ ਅਤਿਆਚਾਰੀਆਂ ਨੂੰ ਕੁਕਰਮਾਂ ਤੋਂ ਵਰਜਣ ਤੇ ਡੱਕਣ ਲਈ ਧਰਮ ਤੇ ਨੇਕੀ ਦੀਆਂ ਤਾਕਤਾਂ ਨੂੰ ਸੁਰਜੀਤ ਤੇ ਬਲਵਾਨ ਕਰਨ ਲਈ, ਅਗਿਆਨਤਾ ਦੇ ਹਨੇਰੇ ਵਿੱਚ ਠੋਕਰਾਂ ਖਾ ਰਹੀ ਮਨੁੱਖਤਾ ਨੂੰ ਜੀਵਨ-ਦਾਤ ਗਿਆਨ ਦਾ ਚਾਨਣ ਦੇ ਕੇ ਸੱਚੇ ਅਤੇ ਸਿੱਧੇ ਰਾਹੇ ਪਾਉਣ ਲਈ ਡਿੱਗੇ ਹੋਇਆਂ ਨੂੰ ਚੁੱਕ ਕੇ ਉਨਤੀ ਦੇ ਰਾਹੇ ਤੋਰਨ ਲਈ, ਦੁਖੀਆਂ ਦਾ ਦਰਦ ਵੰਡਾ ਕੇ ਉਨ੍ਹਾਂ ਨੂੰ ਸੱਚੇ ਸੁਖ ਦੀ ਝਲਕ ਵਿਖਾਉਣ ਤੇ ਉਸ ਦੀ ਪ੍ਰਾਪਤੀ ਦੀ ਜਾਂਚ ਸਿਖਾਉਣ ਲਈ ਸੰਸਾਰ ਦਾ ਮਾਲਕ ਤੇ ਪ੍ਰਤਿਪਾਲਕ ਆਪਣੇ ਕਿਸੇ ਖਾਸ ਪਿਆਰੇ ਨੂੰ ਮਨੁੱਖੀ ਜਾਮਾ ਦੇ ਕੇ ਧਰਤੀ ਉੱਪਰ ਭੇਜਦਾ ਹੈ।ਦੁਨੀਆਂ ਦੇ ਇਤਿਹਾਸ ਵੱਲ ਝਾਤੀ ਮਾਰੀਏ, ਤਾਂ ਪਤਾ ਲੱਗਦਾ ਹੈ ਕਿ ਜਿੰਨ੍ਹੇ ਵੀ ਧਰਮ ਧਰਤੀ ਉਤੇ ਪ੍ਰਚਲਿਤ ਹੋਏ ਹਨ, ਉਹਨਾਂ ਦੇ ਮੋਢੀ ਅਜਿਹੇ ਦੇਸ਼ਾਂ ਵਿੱਚ ਪ੍ਰਗਟ ਹੋਏ ਜਿਥੇ ਅਜੇਹੀ ਅੱਤ ਨੇ ਅੱਤ ਕੀਤੀ ਹੋਈ ਸੀ ਅਤੇ ਅਜਿਹੇ ਸਮੇਂ ਤੇ ਪ੍ਰਗਟ ਹੋਏ ਜਦ ਜਨਤਾ ਨੂੰ ਰੱਖਿਅਕ ਅਤੇ ਚਾਨਣ-ਦਾਤੇ ਦੀ ਸਿਰੇ ਤੋਂ ਪਰੇ ਲੋੜ ਸੀ।”ਸ੍ਰੀ ਕ੍ਰਿਸ਼ਨ ਜੀ ਨੇ ਗੀਤਾ ਵਿੱਚ ਇÀੇਂ ਪ੍ਰਗਟਾਇਆ ਹੈ ਕਿ “ਜਦ ਧਰਮ ਵਿੱਚ ਗਿਲਾਨੀ ਤੇ ਗਿਰਾਵਟ ਆ ਜਾਵੇ ਅਤੇ ਅਧਰਮ ਦੀ ਚੜ੍ਹ ਮੱਚ ਜਾਵੇ, ਤਦ ਮੈਂ ਆਪ ਪ੍ਰਗਟ ਹੁੰਦਾ ਹਾਂ। ਸੰਤਾਂ ਤੇ ਧਰਮੀ ਬੰਦਿਆਂ ਦੀ ਰੱਖਿਆਂ ਕਰਨ ਦੀ ਖਾਤਰ, ਦੂਤਾਂ, ਦੁਸ਼ਟਾਂ ਦਾ ਸੁਧਾਰ ਤੇ ਨਾਸ ਕਰਨ ਲਈ ਮੈਂ ਜੁਗ-ਜੁਗ ਵਿੱਚ ਅਵਤਾਰ ਧਾਰਨ ਕਰਦਾ ਹਾਂ।ਇਸੇ ਸੰਸਾਰ ਪ੍ਰਚੱਲਤ ਨਿਸਚੇ ਨੂੰ ਪ੍ਰਗਟ ਕਰਦੇ ਹੋਏ ਭਾਈ ਗੁਰਦਾਸ ਜੀ ਲਿਖਦੇ ਹਨ
ਉਠੇ ਗਿਲਾਨਿ ਜਗਤਿ ਵਿਚਿ,
ਵਰਤੇ ਪਾਪ ਭ੍ਰਿਸਟਿ ਸੰਸਾਰਾ।
ਵਰਨਾ ਵਰਨ ਨ ਭਾਵਨੀ,
ਖਹਿ ਖਹਿ ਜਲਨ ਬਾਂਸਅੰਗਿਆਰਾ।
ਨਿੰਦਿਆ ਚਲੇ ਵੇਦ ਕੀ,
ਸਮਝਨਿ ਨਹਿ ਅਗਿਆਨਿ ਗੁਬਾਰਾ।
ਸਤਿਗੁਰ ਬਾਝੁ ਨ ਬੁਝੀਐ,
ਜਿੱਚਰੁ ਧਰੇ ਨ ਪ੍ਰਭਅਵਤਾਰਾ।
ਚੜੇ ਸੂਰ ਮਿਟਿ ਜਾਇ ਅੰਧਾਰਾ।”
(ਵਾਰ 1, ਪਉੜੀ 17)
“ਜਦੋਂ ਅਕਾਲ ਪੁਰਖ ਇਸ ਧਰਤੀ ਤੇ ਮਿਹਰਬਾਨ ਹੋ ਜਾਵੇ ਤਾਂ ਉਹ ਗੁਰੂ ਨਾਨਕ ਸਾਹਿਬ ਵਰਗੀ ਹਸਤੀ ਨੂੰ ਪ੍ਰਕਾਸ਼ਮਾਨ ਕਰਦਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਚਾਲੀ ਹਜ਼ਾਰ ਕਿਲੋ ਮੀਟਰ ਸਫਰ ਕਰਕੇ ਵੱਖ-ਵੱਖ ਮੁਲਕਾਂ ਵਿਚ ਜਾ ਕੇ, ਵੱਖ-ਵੱਖ ਧਰਮਾਂ, ਅਕੀਦਿਆਂ, ਦੇ ਲੋਕਾਂ ਨਾਲ ਵਿਚਾਰਾਂ ਕੀਤੀਆਂ ਅਤੇ ਇੱਕ ਮੁਕੰਮਲ ਕ੍ਰਾਂਤੀਕਾਰੀ ਧਰਮ ਦੀ ਨੀਂਹ ਰੱਖੀ। ਉਨ੍ਹਾਂ ਇਨਸਾਨ ਨੂੰ ਅਕਾਲ ਪੁਰਖ ਨਾਲ ਜੋੜਿਆਂ ਅਤੇ ਰੱਬ ਨੂੰ ਹਰ ਵੇਲੇ ਚੇਤੇ ਰੱਖਦਿਆਂ ਸੱਚਾ ਜੀਵਨ, ਉੱਚਾ ਇਖਲਾਖ, ਇਨਸਾਨੀਅਤ ਦੀ ਪਹੁਲ., ਵਾਲੀ ਭਾਈਚਾਰਕ ਸਾਂਝ ਰੁਹਾਨੀਅਤ ਦੇ ਰੰਗ ਵਿੱਚ ਰੰਗੀ ਸਿਆਸਤ, ਇਲਮ ਨਾਲ ਲਬਰੇਜ਼ ਸ਼ਖਸੀਅਤ ਤੇ ਸੱਚੇ ਧਰਮ ਨੂੰ ਧਾਰਨ ਕਰਨ ਦੀ ਸਿੱਖਿਆ ਦਿੱਤੀ। ਸ੍ਰੀ ਗੁਰੂ ਨਾਨਕ ਸਾਹਿਬ ਦਾ ਧਰਮ ਨਿਵੇਕਲਾ ਕਰਾਂਤੀਕਾਰੀ ਤੇ ਇਨਸਾਨ ਨੂੰ ਰੱਬ ਦੀ ਮਹਿਮਾ ਨਾਲ ਜੋੜਨ ਵਾਲਾ ਧਰਮ ਹੈ। ਗੁਰੂ ਜੀ ਨੇ ਸੱਚੇ ਧਰਮ ਦਾ ਪੈਗਾਮ ਦਿੱਤਾ ਤਾਂ ਸਿਰਫ ਪੰਜਾਬ ਹੀ ਨਹੀਂ, ਹਿੰਦੋਸਤਾਨ, ਬੰਗਾਲ,ਅਸਾਮ, ਦੱਖਣ, ਦਵਾਰਕਾ, ਮਾਲਵਾ ਦੇਸ਼, ਸ੍ਰੀ ਲੰਕਾ, ਕਸ਼ਮੀਰ, ਅਫਗਾਨਿਸਤਾਨ, ਈਰਾਨ, ਈਰਾਕ, ਸਾਉਦੀ ਅਰਬ ਦੇ ਲੋਕਾਂ ਨੇ ਵੀ ਉਨ੍ਹਾਂ ਅੱਗੇ ਸਿਰ ਨਿਵਾਇਆ”।
ਸਿੱਖ ਇਤਿਹਾਸ ਦਾ ਇਕ ਪ੍ਰਸਿੱਧ ਨਗਰ ਜੋ ਗੁਰੂ ਨਾਨਕ ਦੇਵ ਜੀ ਦੀ ਪ੍ਰੇਰਣਾ ਅਤੇ ਅਸੀਸ ਨਾਲ ਭਾਈ ਦੋਦਾ ਅਤੇ ਭਾਈ ਦੁਨੀ ਚੰਦ(ਕਰੋੜੀ ਮੱਲ) ਨੇ ਸੰਨ 1504 ਈ. (1561 ਬਿ.) ਵਿੱਚ ਰਾਵੀ ਨਦੀ ਕੰਢੇ ‘ਤੇ ਵਸਾਇਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਤੋਂ ਬਾਦ ਇਥੇ ਸੰਨ 1522 ਈ. ਤੋਂ ਪਰਿਵਾਰ ਸਹਿਤ ਪੱਕੀ ਰਿਹਾਇਸ਼ ਕੀਤੀ। ਇਸ ਬਾਰੇ ਭਾਈ ਗੁਰਦਾਸ ਨੇ ਲਿਖਿਆ ਹੈ-
ਫਿਰਿ ਬਾਬਾ ਆਇਆ ਕਰਤਾਰਪੁਰਿ
ਭੇਖੁ ਉਦਾਸੀ ਸਗਲ ਉਤਾਰਾ।
ਪਹਰਿ ਸੰਸਾਰੀ ਕਪੜੇ
ਮੰਜੀ ਬੈਠਿ ਕੀਆ ਅਵਤਾਰਾ। (1/38)।
ਇਥੇ ਉਨ੍ਹਾਂ ਨੇ ਆਪਣੇ ਹੱਥੀਂ ਖੇਤੀ ਕੀਤੀ, ਧਰਮ ਪ੍ਰਚਾਰ ਦਾ ਕੇਂਦਰ ਸਥਾਪਿਤ ਕੀਤਾ ਅਤੇ ਬਾਣੀ ਦੀ ਰਚਨਾ ਕੀਤੀ। ਇਥੋਂ ਹੀ ਉਹ ਅਚਲ-ਬਟਾਲਾ ਅਤੇ ਹੋਰ ਕਈਆਂ ਸਥਾਨਾਂ ‘ਤੇ ਧਰਮ-ਪ੍ਰਚਾਰ ਲਈ ਗਏ ਅਤੇ ਲੋਕਾਂ ਦਾ ਕਲਿਆਣ ਕੀਤਾ। ਇਨ੍ਹਾਂ ਯਾਤਰਾਵਾਂ ਦੌਰਾਨ ਹੀ ਕਰਤਾਰਪੁਰ ਤੋਂ ਗੁਰੂ ਜੀ ਨੇ ਡੇਰਾ ਬਾਬਾ ਨਾਨਕ, ਗੁਰਦਾਸਪੁਰ, ਪਠਾਨਕੋਟ, ਨੂਰਪੁਰ, ਡਲਹੌਜੀ, ਚੰਬਾ, ਭਰਮੌਰ, ਕਾਂਗੜਾ, ਜਵਾਲਾਮੁੱਖੀ, ਧਰਮਸ਼ਾਲਾ, ਪਾਲਮਪੁਰ, ਬੈਜਨਾਥ, ਮੰਡੀ, ਰਵਾਲਸਰ, ਕੁਲੂ, ਮਨਾਲੀ, ਕੀਰਤਪੁਰ, ਧਰਮਪੁਰ, ਪਿੰਜੌਰ, ਜੌਹੜਸਰ, ਮਾਹੀਸਰ, ਬੁਸ਼ਹਰ, ਚਕਰਾਤਾ, ਦੇਹਰਾਦੂਨ, ਹਰਦਵਾਰ, ਰਿਸ਼ੀਕੇਸ਼, ਜੋਸ਼ੀਮਠ, ਕੇਦਾਰਨਾਥ, ਬਦਰੀਨਾਥ, ਮਾਨਸਰੋਵਰ, ਰਾਕਸ਼ਤਾਲ-ਸ੍ਰੀਨਗਰ, ਅਲਮੋੜਾ, ਨੈਨੀਤਾਲ, ਰੀਠਾ ਸਾਹਿਬ, ਨਾਨਕ ਮਤਾ, ਟਾਂਡਾ, ਪੀਲੀਭੀਤ, ਗੋਰਖਪੁਰ, ਜਨਕਪੁਰ, ਕਠਮੰਡੂ (ਨੇਪਾਲ), ਸੋਲੋਖੁੰਬੂ, ਸਰਬਿਆਂਚੌਂਗ, ਚੁਗਖੰਗ (ਸਿਕਿਮ), ਚੁੰਬੀਵਾਦੀ (ਤਿੱਬਤ), ਪਾਰੋ ਜੌਂਗ (ਭੂਟਾਨ), ਤਵਾਂਗ, ਮੰਚੂਖਾ, ਗੈਲਿੰਗ, ਟੂਟਿੰਗ, ਸਾਦੀਆ, ਬ੍ਰਹਮਕੁੰਡ, ਵਾਲੌਂਗ (ਅਰੁਣਾਚਲ ਪ੍ਰਦੇਸ਼), ਨਾਨਕਿੰਗ (ਚੀਨ), ਨਾਕਿਆਂਗ, ਨਾਨਕੇਂਗ, ਨਾਨਿੰਗ ਤੇ ਨਾਨਕ ਫੂੰਗੀ, ਚੁਸ਼ੂਲ, ਉਪਸ਼ੀ ਕਾਰਾ, ਹਿਮਸ ਗੋਂਫਾ, ਲੇਹ, ਨੀਮੂ, ਬਾਸਗੋ, ਖਲਾਸੇ, ਅਮਰਨਾਥ, ਪਹਿਲਗਾਮ, ਮਟਨ, ਅਨੰਤਨਾਗ, ਸ੍ਰੀਨਗਰ, ਬਾਰਾਮੂਲਾ, ਊੜੀ, ਹਸਨਅਬਦਾਲ, ਰਾਵਲਪਿੰਡੀ, ਸਿਆਲਕੋਟ, ਕਰਤਾਰਪੁਰ ਤਕ ਦਾ ਚੱਕਰ ਕਟਿਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਚਲ ਵਟਾਲਾ, ਮੁਲਤਾਨ ਅਤੇ ਪੰਜਾਬ ਦੇ ਪਿੰਡਾਂ ਦਾ ਵੀ ਦੌਰਾ ਕੀਤਾ। ਸ਼ਿਵਰਾਤਰੀ ਦੇ ਮੇਲੇ ਅਚਲ ਵਟਾਲੇ ਦੀ ਧਰਤੀ ‘ਤੇ ਸਿੱਧਾ ਨਾਲ ਸੰਵਾਦ ਰਚਾਇਆ ਅਤੇ ਮੇਲੇ ਤੋਂ ਬਾਅਦ ਆਪ ਜੀ ਮੁਲਤਾਨ ਪੀਰਾਂ ਨਾਲ ਵਿਚਾਰ ਚਰਚਾ ਕਰਨ ਲਈ ਗਏ। ਭਾਈ ਗੁਰਦਾਸ ਜੀ ਦਾ ਕਥਨ ਹੈ:
-ਮੇਲਾ ਸੁਣਿ ਸਿਵਰਾਤਿ ਦਾ
ਬਾਬਾ ਅਚਲ ਵਟਾਲੇ ਆਈ।
(ਵਾਰ 1;39)
-ਬਾਬੇ ਕੀਤੀ ਸਿਧਿ ਗੋਸਟਿ
ਸਬਦਿ ਸਾਂਤਿ ਸਿਧਾਂ ਵਿਚਿ ਆਈ।
ਜਿਣਿ ਮੇਲਾ ਸਿਵਰਾਤਿ ਦਾ ਖਟ
ਦਰਸਨ ਆਦੇਸਿ ਕਰਾਈ।
ਸਿਧਿ ਬੋਲਨਿ ਸੁਭ ਬਚਨਿ
ਧਨੁ ਨਾਨਕ ਤੇਰੀ ਵਡੀ ਕਮਾਈ।
ਵਡਾ ਪੁਰਖੁ ਪਰਗਟਿਆ
ਕਲਿਜੁਗਿ ਅੰਦਰ ਜੋਤਿ ਜਗਾਈ।
ਮੇਲਿਓ ਬਾਬਾ ਉਠਿਆ
ਮੁਲਤਾਨੇ ਦੀ ਜਾਰਤਿ ਜਾਈ।
ਅਗੋਂ ਪੀਰ ਮੁਲਤਾਨ ਦੇ
ਦੁਧਿ ਕਟੋਰਾ ਭਰਿ ਲੈ ਆਈ।
ਬਾਬੇ ਕਢਿ ਕਰਿ ਬਗਲ ਤੇ
ਚੰਬੇਲੀ ਦੁਧ ਵਿਚਿ ਮਿਲਾਈ।
ਜਿਉ ਸਾਗਰ ਵਿਚਿ ਗੰਗ
ਸਮਾਈ £44£ (ਵਾਰ 1)
ਕਰਤਾਰਪੁਰ ਕਸਬੇ ਵਿਚ 18 ਸਾਲ ਨਿਵਾਸ ਕਰਨ ਉਪਰੰਤ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਨੂੰ ਗੁਰਿਆਈ ਬਖ਼ਸ਼ੀ।ਇਹ ਨਗਰ ਬਾਦ ਵਿਚ ਹੜ੍ਹਾਂ ਨੇ ਰੋੜ੍ਹ ਲਿਆ।ਬਾਬਾ ਸ੍ਰੀ ਚੰਦ ਅਤੇ ਬਾਬਾ ਲਖਮੀ ਦਾਸ ਨੇ ਉੱਦਮ ਕਰਕੇ ਗੁਰੂ ਨਾਨਕ ਦੇਵ ਜੀ ਦਾ ਨਵਾਂ ਦੇਹਰਾ ਰਾਵੀ ਨਦੀ ਦੇ ਖੱਬੇ ਕੰਢੇ ਉਤੇ ਗੁਰਦਾਸਪੁਰ ਜ਼ਿਲ੍ਹੇ ਵਿਚ ਬਣਵਾਇਆ। ਜਿਸ ਦੇ ਇਰਦ-ਗਿਰਦ ਵਸਿਆ ਨਗਰ ਹੁਣ ਡੇਰਾ ਬਾਬਾ ਨਾਨਕ ਦੇ ਨਾਂ ਨਾਲ ਪ੍ਰਸਿੱਧ ਹੈ ਅਤੇ ਗੁਰਦਾਸਪੁਰ ਜ਼ਿਲ੍ਹੇ ਵਿਚ ਹੈ। ਕੁਝ ਉੱਦਮੀ ਸਿੱਖਾਂ ਨੇ ਰਾਵੀ ਨਦੀ ਦੇ ਪਰਲੇ ਕੰਢੇ ਪੁਰਾਤਨ ਕਰਤਾਰਪੁਰ ਨਗਰ ਦੀ ਨਿਸ਼ਾਨਦੇਹੀ ਕਰਕੇ ਫਿਰ ਤੋਂ ਕਰਤਾਰਪੁਰ ਨਗਰ ਵਸਾਇਆ ਅਤੇ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਉਥੇ ਗੁਰੂ-ਧਾਮ ਉਸਾਰਿਆ। ਇਹ ਨਗਰ ਹੁਣ ਪਾਕਿਸਤਾਨ ਜ਼ਿਲ੍ਹਾ ਨਾਰੋਵਾਲ ਤਹਿਸੀਲ ਸ਼ਕਰਗੜ ਵਿੱਚ ਨਾਰੋਵਾਲ ਸੜਕ ਤੇ ਸੁਭਾਇਮਾਨ ਹੈ। ਲਾਹੌਰ ਤੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ 125 ਕਿਲੋਮੀਟਰ ਅਤੇ 5 ਕਿਲੋਮੀਟਰ ਭਾਰਤ-ਪਾਕਿਸਤਾਨ ਸੀਮਾ ਡੇਰਾ ਬਾਬਾ ਨਾਨਕ ਦੂਰੀ ਤੇ ਸੁਸੋਭਿਤ ਹੈ। ਇਸ ਅਸਥਾਨ ਤੇ ਗੁਰੂ ਨਾਨਕ ਦੇਵ ਜੀ ਨੇ ਸੰਗਤਾਂ ਦੇ ਤਨਾਂ ਮਨਾਂ ਤੇ ਆਤਮਾ ਨੂੰ ਬਲਦਾਨ ਤੇ ਨਰੋਏ ਮਨਾਂ ਵਾਲੀ ਖੁਰਾਕ ਦੇ ਅਤੁੱਟ ਸਦਾਵਰਤ ਲਾ ਰੱਖੇ।ਆਪ ਦੇ ਦਰਬਾਰ ਵਿੱਚ ਲੰਗਰ ਵਿੱਚ ਵੀ, ਸੰਗਤ ਵਿੱਚ ਵੀ ਤੇ ਪੰਗਤ ਵਿੱਚ ਵੀ, ਊਚ-ਨੀਚ, ਛੂਤ-ਅਛੂਤ, ਅਮੀਰ-ਗਰੀਬ, ਹਿੰਦੂ-ਮੁਸਲਮਾਨ ਆਦਿ ਦਾ ਕੋਈ ਵਿਤਕਰਾ ਨਹੀਂ ਸੀ।
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਦੇ ਅਹੁਦੇ ਤੇ ਤਾਇਨਾਤ ਡਾ: ਰੂਪ ਸਿੰਘ ਕਲਿ ਤਾਰਣਿ ਗੁਰੁ ਨਾਨਕ ਆਇਆ, ਸ੍ਰੀ ਗੁਰੂ ਨਾਨਕ ਦੇਵ ਜੀ : ਜੀਵਨ ਤੇ ਪ੍ਰਮੁੱਖ ਗੁਰਦੁਆਰੇ ਪੁਸਤਕ ਦੇ ਪੰਨਾ 41 ਤੇ ਕਰਤਾਰਪੁਰ ਸਾਹਿਬ ਸਬੰਧੀ ਲਿਖਦੇ ਹਨ ਕਿ “ਵਿਸ਼ਵ ਦੇ ਇਤਿਹਾਸ ਵਿਚ ਕਰਤਾਰਪੁਰ ਸਾਹਿਬ ਪਹਿਲਾ ਇਤਿਹਾਸਕ ਨਗਰ ਹੈ, ਜਿਸ ਨੂੰ ਪ੍ਰਮਾਣਿਕ ਰੂਪ ‘ਚ ਸੱਚ-ਖੰਡ ਕਿਹਾ ਗਿਆ ਹੈ। ਗੁਰੂ ਜੀ ਕਰਤਾਰਪੁਰ ਵਾਸ ਸਮੇਂ ਧਰਮ ਦੀ ਧਰਮਸ਼ਾਲ ਸਤਿਸੰਗਤਿ ਸਥਾਪਿਤ ਕਰਦੇ ਹਨ। ਕਰਤਾਰਪੁਰ ਸਾਹਿਬ ਦੇ ਕੁਦਰਤੀ ਰੂਹਾਨੀ ਅਧਿਆਤਮਕ ਵਾਤਾਵਰਣ-ਫਿਜ਼ਾ ‘ਚ ਅੱਜ ਵੀ ‘ਸਤਿਨਾਮੁ-ਵਾਹਿਗੁਰੂ’ ਸ਼ਬਦ ਉਚਾਰਣ ਹੋ ਰਿਹਾ ਹੈ, ਸੁਣਿਆ ਜਾ ਰਿਹਾ ਹੈ।
ਧਰਮਸਾਲ ਕਰਤਾਰ ਪੁਰੁ
ਸਾਧਸੰਗਤਿ ਸਚਖੰਡ ਵਸਾਇਆ।
ਵਾਹਿਗੁਰੂ ਗੁਰ ਸਬਦੁ ਸੁਣਾਇਆ £ (ਵਾਰਾਂ ਭਾਈ ਗੁਰਦਾਸ ਜੀ 24 / 1)
ਅਕਾਲ ਪੁਰਖ ਦੇ ਕਰਤਾਰੀ ਰੂਪ, ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਦੀ ਧਰਮ ਭੂਮੀ ‘ਚ ‘ਕਰਤਾ ਪੁਰਖ’ ਦੀ ਕਿਰਤ, ਕਿਰਸਾਣ ਰੂਪ, ‘ਚ ਕਰਦੇ ਹਨ। ਕਰਤਾਰਪੁਰ ਦੀ ਧਰਤੀ ‘ਤੇ ‘ਕਰਤਾਰ’ ਦੀ ਸਿਫ਼ਤ-ਸਲਾਹ ਬਾਣੀ ਰੂਪ ਉਚਾਰਣ ਕਰ, ਕਰਤੇ ਦੀ ਕੀਰਤੀ ਸਿਫ਼ਤ-ਸਲਾਹ ਨੇਮ ਨਾਲ ਕਰਨ ਦੀ ਮਰਯਾਦਾ ਨਿਰਧਾਰਤ ਕਰਦੇ ਹਨ। ਕਰਤਾਰਪੁਰ ਸਾਹਿਬ ਦੀ ਕਰਤਾਰੀ ਧਰਤ ਸੁਹਾਵੀ ‘ਤੇ ਆਏ ਪ੍ਰੇਮੀ-ਸ਼ਰਧਾਲੂ ਸਿੱਖਾਂ ਨੂੰ ਇਹੀ ਅਸੀਸ ਸਤਿਗੁਰੂ ਜੀ ਦੇਂਦੇ ਬੋਲਹੁ ਸਚੁ ਨਾਮੁ ਕਰਤਾਰ ਕਰਤਾਰ ਚਿਤ ਆਵੇ ਦਾ ਕਰਤਾਰੀ ਸੰਦੇਸ਼ ਦ੍ਰਿੜ੍ਹ ਕਰਵਾਇਆ ਜਾਂਦਾ। ਕਰਤਾਰਪੁਰ ਸਾਹਿਬ ‘ਚ ਕਰਤਾ ਪੁਰਖ ਦਾ ਕਰਤਾਰੀ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ, ਕਰਤਾਰ-ਕਰਤਾਰ ਕਰਦੇ ਕਰਤੇ ‘ਚ ਅਭੇਦ ਹੋ ਜਾਂਦੇ ਹਨ। ਕਰਤਾਰਪੁਰ ਸਾਹਿਬ ਦੇ ਦੈਵੀ-ਰੂਹਾਨੀ ਕਰਤਾਰੀ ਰੰਗਾਂ-ਦ੍ਰਿਸ਼ਾਂ ਦਾ ਇਹ ਇਕ ਸੰਖੇਪ ਪੱਖ ਹੈ। ਸਮੁੱਚੇ ਰੂਪ ‘ਚ ਕਰਤਾਰਪੁਰ ਸਾਹਿਬ ਦੇ ਕਰਤਾਰੀ ਵਰਤਾਰੇ ਦੀਆਂ ਰੂਹਾਨੀ ਅਧਿਆਤਮਕ ਤਰੰਗਾਂ ਨੂੰ ਅੱਜ ਵੀ ਮਾਣਿਆ-ਮਹਿਸੂਸ ਕੀਤਾ ਜਾ ਸਕਦਾ ਹੈ, ਜੇ ਕਰਤਾ ਪੁਰਖ ਬਖਸ਼ਿਸ਼ ਕਰੇ। ਕਰਤਾਰਪੁਰ ਸਾਹਿਬ ਜਗਤ-ਗੁਰੂ, ਗੁਰੂ ਨਾਨਕ ਦੇਵ ਜੀ ਨੇ ਰਾਵੀ ਦਰਿਆ ਦੇ ਕਿਨਾਰੇ ਕੁਦਰਤੀ ਵਾਤਾਵਰਣ ‘ਚ ਸੰਮਤ 1561 (1504 ਈ.) ਵਸਾਇਆ। ਸੰਸਾਰ ਦੇ ਉਧਾਰ ਕਰਤਾ, ਸ੍ਰੀ ਗੁਰੂ ਨਾਨਕ ਦੇਵ ਜੀ ਸੰਸਾਰਿਕ ਯਾਤਰਾਵਾਂ-ਉਦਾਸੀਆਂ ਉਪਰੰਤ ਸੰਮਤ 1579 (1521-22 ਈ.) ‘ਚ ਆਪਣੇ ਵਸਾਏ ਪਵਿੱਤਰ ਨਗਰ ਕਰਤਾਰਪੁਰ ‘ਚ ਸੰਸਾਰਿਕ ਯਾਤਰਾ ਦੌਰਾਨ ਅੰਤਿਮ ਪੜਾਅ ‘ਚ ਪੱਕੇ ਤੌਰ ‘ਤੇ ਨਿਵਾਸ ਕੀਤਾ। ਸੰਮਤ 1596 (1539 ਈ.) ‘ਚ ਗੁਰੂ ਜੀ, ਕਰਤਾਰਪੁਰ ਦੀ ਧਰਤੀ ਤੇ ਕਰਤੇ ਦੀ ਕਿਰਤ-ਕੀਰਤੀ ਕਰਦੇ ਹੋਏ ਕਰਤਾਰ ਵਿਚ ਅਭੇਦ ਹੋ ਗਏ।”
ਬਾਣੀ ਰਚਨਾ: ਗੁਰੂ ਨਾਨਕ ਦੇਵ ਜੀ ਨੇ 19 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਇਹ ਰਾਗ ਹਨ; (1) ਸਿਰੀ ਰਾਗ, (2) ਮਾਝ, (3) ਗਉੜੀ, (4) ਆਸਾ, (5) ਗੂਜਰੀ, (6) ਵਡਹੰਸ, (7) ਸੋਰਠਿ, (8) ਧਨਾਸਰੀ, (9) ਤਿਲੰਗ, (10) ਸੂਹੀ, (11) ਬਿਲਾਵਲ, (12) ਰਾਮਕਲੀ, (13) ਮਾਰੂ,(14) ਤੁਖਾਰੀ, (15) ਭੈਰਉ, (16) ਬਸੰਤ, (17) ਸਾਰੰਗ, (18) ਮਲਾਰ ਅਤੇ (19) ਪ੍ਰਭਾਤੀ। ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਵਿਸ਼ੇਸ਼ ਬਾਣੀਆ— ਜਪੁ, ਆਸਾ ਦੀ ਵਾਰ,ਮਾਝ ਕੀ ਵਾਰ, ਮਲਾਰ ਕੀ ਵਾਰ, ਸਿਧ ਗੋਸਟਿ, ਪਹਰੇ, ਓਅੰਕਾਰ, ਬਾਰਹਮਾਹ ਤੁਖਾਰੀ ਹਨ।
ਸਰਬ-ਸਾਂਝੇ ਗੁਰੂ: ਗੁਰੂ ਜੀ ਨੇ ਚਾਰ ਮੁੱਖ ਉਦਾਸੀਆਂ ਕੀਤੀਆਂ ਜਿਨ੍ਹਾਂ ਵਿੱਚ ਉਹ ਰੂਸ ਤੋਂ ਸ੍ਰੀ ਲੰਕਾ ਤੇ ਚੀਨ ਤੋਂ ਅਫ਼ਰੀਕਾ ਤੱਕ ਗਏ। ਸਮੇਂ, ਸਥਾਨਾਂ ਧਰਮਾਂ ਤੇ ਬੋਲੀਆਂ ਦੇ ਪ੍ਰਭਾਵਾਂ ਹੇਠ ਗੁਰੂ ਜੀ ਨੂੰ ਇਨ੍ਹੀਂ ਥਾਈਂ ਵੱਖ-ਵੱਖ ਨਾਵਾਂ ਨਾਲ ਪੁਕਾਰਿਆ ਗਿਆ ਤੇ ਪੁਕਾਰਿਆ ਜਾਂਦਾ ਹੈ। ਇਨ੍ਹਾਂ ਵਿਚੋਂ ਪ੍ਰਮੁੱਖ ਨਾਮ ਇਸ ਪ੍ਰਕਾਰ ਹਨ: 1. ਬਾਬਾ ਨਾਨਕ, ਗੁਰੂ ਨਾਨਕ ਦੇਵ ਜੀ, ਨਾਨਕ ਨਿਰੰਕਾਰੀ, ਨਾਨਕ ਤਪਾ ਪੰਜਾਬ, 2. ਗੁਰੂ ਰਿੰਪੋਸ਼ ਗੁਰੂ ਨਾਨਾ-ਨੇਪਾਲ, ਸਿਕਮ, ਭੂਟਾਨ ਤੇ ਤਿੱਬਤ, 3. ਭੱਦਰਾ ਗੁਰੂ-ਦੱਖਣੀ ਤਿੱਬਤ, 4. ਨਾਨਕ ਰਿਸ਼ੀ-ਧੋਮਰੀ ਨੇਪਾਲ, 5. ਨਾਨਕ ਪੀਰ-ਜੱਦਾ ਅਰਥ, 6. ਵਲੀ ਹਿੰਦ-ਕਾਬਾ-ਮੱਕਾ ਅਰਬ, ਸੀਰੀਆ, ਊਰਾ ਤਿਉਬੇ-ਰੂਸ, 7. ਨਾਨਕ ਵਲੀ-ਕਾਹਿਰਾ ਮਿਸਰ, 8. ਗੁਰੂ ਨਾਨਕ ਵਲੀ ਹਿੰਦ-ਤੁਰਕਿਸਤਾਨ, 9. ਬਾਬਾ ਨਾਨਕ ਤੇ ਬਾਬਾ ਨਾਨਾ-ਅਲਕੂਟ ਤੇ ਬਗਦਾਦ ਇਲਾਕੇ, 10. ਬਾਲਗਦਾਂ-ਮਜ਼ਾਰਇ ਸ਼ਰੀਫ ਅਫ਼ਗਾਨਿਸਤਾਨ, 11. ਨਾਨਕ ਕਲੰਦਰ-ਬੁਖਾਰਾ ਰੂਸ
ਸਮੁੱਚਾ ਸੰਸਾਰ ਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਦੇ ਰੰਗ ਵਿੱਚ ਭਿਜ ਕੇ ਮਨਾ ਰਿਹਾ ਹੈ। ਸੁਲਤਾਨਪੁਰ ਲੋਧੀ, ਡੇਹਰਾ ਬਾਬਾ ਨਾਨਕ, ਗੁਰਦੁਆਰਾ ਕਰਤਾਰਪੁਰ ਸਾਹਿਬ ਅਤੇ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਵੱਡੇ ਤੇ ਇਤਿਹਾਸਕ ਸਮਾਗਮ ਹੋ ਰਹੇ ਹਨ। ਧੰਨ ਭਾਗ ਕਿ ਇਹ ਸਮਾਂ ਸਾਡੇ ਜੀਵਨ ਕਾਲ ਵਿਚ ਆਇਆ ਹੈ। ਮੈਂ ਇਸ ਪੁਰਬ ਦੀਆਂ ਸਮੁੱਚੇ ਸੰਸਾਰ ‘ਚ ਵੱਸਦੇ ਗੁਰੂ ਦੇ ਪੈਰੋਕਾਰਾਂ ਨੂੰ ਮੁਰਾਬਕਬਾਦ ਦੇਂਦਾ ਹਾਂ।
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਕੱਤਕ ਸੁਦੀ 3 ਪੂਰਨਮਾਸ਼ੀ ਸੰਮਤ 1526 (1469) ਨੂੰ ਸ੍ਰੀ ਨਨਕਾਣਾ ਸਾਹਿਬ (ਜਿਸ ਦਾ ਪਹਿਲਾ ਨਾਂ ਰਾਇ ਭੋਇ ਦੀ ਤਲਵੰਡੀ ਸੀ) ਜ਼ਿਲ੍ਹਾ ਸ਼ੇਖੂਪੁਰਾ ਪਾਕਿਸਤਾਨ ਵਿਖੇ ਪਿਤਾ ਮਹਿਤਾ ਕਲਿਆਨ ਦਾਸ ਜੀ (ਬਾਬਾ ਕਾਲੂ ਜੀ) ਦੇ ਗ੍ਰਹਿ ਅਤੇ ਮਾਤਾ ਤ੍ਰਿਪਤਾ ਜੀ ਦੀ ਕੁੱਖੋ ਹੋਇਆ।ਆਪ ਜੀ ਦਾ ਵਿਆਹ ਪਿੰਡ ਪੱਖੋਕੇ ਰੰਧਾਵੇ (ਜ਼ਿਲ੍ਹਾ ਗੁਰਦਾਸਪੁਰ) ਦੇ ਵਸਨੀਕ ਸ੍ਰੀ ਮੂਲ ਚੰਦ ਜੀ ਦੀ ਸਪੁੱਤਰੀ ਬੀਬੀ ਸੁਲੱਖਣੀ ਜੀ ਨਾਲ ਸੰਮਤ 1544 ਵਿੱਚ ਹੋਇਆ।ਆਪ ਜੀ ਦੇ ਗ੍ਰਹਿ ਵਿਖੇ ਬਾਬਾ ਸ੍ਰੀ ਚੰਦ ਜੀ(ਜਨਮ: ਸੰਮਤ 1551 ਮੁ: ਸੰਨ 1494), ਬਾਬਾ ਲਖਮੀ ਦਾਸ ਜੀ (ਜਨਮ: ਸੰਮਤ 1553 ਮੁ: ਸੰਨ 1497) ਕ੍ਰਮਵਾਰ ਦੋ ਪੁੱਤਰਾਂ ਦਾ ਜਨਮ ਹੋਇਆ। ਪਹਿਲੀ ਉਦਾਸੀ ਪੂਰਬ ਦੀ, ਸੰਮਤ 1554 ਤੋਂ 1565 (ਸੰਨ 1497 ਤੋਂ 1508)। ਦੂਜੀ ਉਦਾਸੀ- ਦੱਖਣ ਦੀ, ਸੰਮਤ 1567 ਤੋਂ 1572 (ਸੰਨ 1510 ਤੋਂ 1515)। ਤੀਜੀ ਉਦਾਸੀ- ਉੱਤਰ ਦੀ, ਸੰਮਤ 1573 ਤੋਂ 1575 (ਸੰਨ 1516 ਤੋਂ 1518)। ਚੌਥੀ ਉਦਾਸੀ- ਪੱਛਮ ਦੀ, ਸੰਮਤ 1575 ਤੋਂ 1579 (ਸੰਨ 1518 ਤੋਂ 1522)। ਪੰਜਵੀਂ ਉਦਾਸੀ- ਅਚਲ ਵਟਾਲੇ ਤੇ ਮੁਲਤਾਨ ਦੀ ਸੰਮਤ 1586 ਤੋਂ 1588। ਪੰਜ ਉਦਾਸੀਆਂ ਕੀਤੀਆਂ।

Comments are closed.

COMING SOON .....


Scroll To Top
11