Monday , 30 March 2020
Breaking News
You are here: Home » Editororial Page » ਦੱਬੇ ਕੁਚਲੇ ਵਰਗਾਂ ਦਾ ਜੀਵਨ ਸੰਵਾਰਨ ਲਈ ਅਪਣਾ ਜੀਵਨ ਲਗਾ ਦਿਤਾ ਡਾਕਟਰ ਭੀਮ ਰਾਮ ਰਾਓ ਅੰਬੇਡਕਰ ਨੇ

ਦੱਬੇ ਕੁਚਲੇ ਵਰਗਾਂ ਦਾ ਜੀਵਨ ਸੰਵਾਰਨ ਲਈ ਅਪਣਾ ਜੀਵਨ ਲਗਾ ਦਿਤਾ ਡਾਕਟਰ ਭੀਮ ਰਾਮ ਰਾਓ ਅੰਬੇਡਕਰ ਨੇ

ਅਸੀਂ ਡਾਕਟਰ ਭੀਮ ਰਾਓ ਅੰਬੇਡਕਰ ਦਾ ਪ੍ਰੀਨਿਰਵਾਣ ਦਿਵਸ ਮਨਾ ਰਹੇ ਹਾਂ। ਡਾਕਟਰ ਅੰਬੇਡਕਰ ਦਾ ਜਨਮ 14 ਅਪ੍ਰੈਲ 1891 ਨੂੰ ਬ੍ਰਿਟਿਸ਼ ਸਰਕਾਰ ਦੁਆਰਾ ਕੇਂਦਰੀ ਪ੍ਰਾਂਤ (ਹੁਣ ਮੱਧ ਪ੍ਰਦੇਸ਼ ਵਿੱਚ) ਵਿੱਚ ਸਥਾਪਿਤ ਨਗਰ ਅਤੇ ਸੈਨਿਕ ਛਾਉਣੀ ਮਊ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਦਾ ਨਾਮ ਰਾਮਜੀ ਮਾਲੋਜੀ ਸਕਪਾਲ ਅਤੇ ਮਾਤਾ ਦਾ ਨਾਮ ਭੀਮਾਬਾਈ ਮੁਰਬਾਦਕਰ ਸੀ। ਡਾਕਟਰ ਅੰਬੇਡਕਰ ਮਹਾਰ ਜਾਤਿ ਨਾਲ ਸਬੰਧ ਰੱਖਦੇ ਸੀ ਜੋ ਕਿ ਭਾਰਤ ਵਿੱਚ ਮੰਨੂਵਾਦੀ ਪ੍ਰਥਾ ਅਨੁਸਾਰ ਅਛੂਤ ਕਹੀ ਜਾਂਦੀ ਸੀ ਅਤੇ ਉਹਨਾਂ ਨਾਲ ਹਰ ਪੱਧਰ ਤੇ ਭੇਦਭਾਵ ਕੀਤਾ ਜਾਂਦਾ ਸੀ। ਡਾਕਟਰ ਅੰਬੇਡਕਰ ਦੇ ਬਜ਼ੁਰਗ ਲੰਬੇ ਸਮੇਂ ਤੋਂ ਬ੍ਰਿਟਿਸ਼ ਈਸਟ ਇੰਡੀਆਂ ਕੰਪਨੀ ਦੀ ਫੌਜ ਵਿੱਚ ਨੌਕਰੀ ਕਰਦੇ ਆ ਰਹੇ ਸਨ ਅਤੇ ਉਨ੍ਹਾਂ ਦੇ ਪਿਤਾ ਵੀ ਮਊ ਛਾਉਣੀ ਵਿੱਚ ਕੰਮ ਕਰਦੇ ਸਨ। ਸਕੂਲੀ ਪੜ੍ਹਾਈ ਵਿੱਚ ਨਿਪੁੰਨ ਹੋਣ ਦੇ ਬਾਵਜੂਦ ਡਾਕਟਰ ਅੰਬੇਡਕਰ ਨੂੰ ਸਕੂਲ ਵਿੱਚ ਅਲੱਗ ਬਿਠਾਇਆ ਜਾਂਦਾ ਸੀ। ਕੁਝ ਸਮੇਂ ਬਾਅਦ ਡਾਕਟਰ ਅੰਬੇਡਕਰ ਦੇ ਪਿਤਾ ਪਰਿਵਾਰ ਸਮੇਤ ਮੁੰਬਈ ਆ ਗਏ ਜਿੱਥੇ ਕਿ ਅੰਬੇਡਕਰ ਐਲਫਿੰਸਟੋਲ ਰੋਡ ਸਥਿਤ ਸਰਕਾਰੀ ਹਾਈ ਸਕੂਲ ਦੇ ਪਹਿਲੇ ਅਛੂਤ ਵਿਦਿਆਰਥੀ ਬਣੇ। ਇੱਥੇ ਵੀ ਉਨ੍ਹਾਂ ਨਾਲ ਜਾਤਿ ਅਧਾਰਿਤ ਭੇਦਭਾਵ ਹੁੰਦਾ ਰਿਹਾ। ਉਨ੍ਹਾਂ ਨੇ ਅਪਣੇ ਇੱਕ ਬ੍ਰਾਹਮਣ ਦੋਸਤ ਅਧਿਆਪਕ ਮਹਾਂਦੇਵ ਅੰਬੇਡਕਰ ਦੇ ਕਹਿਣ ਤੇ ਅਪਣੇ ਨਾਮ ਨਾਲ ਅੰਬੇਡਕਰ ਸ਼ਬਦ ਜੋੜਿਆ। ਮੈਟ੍ਰਿਕ ਪਾਸ ਕਰਨ ਤੋਂ ਬਾਅਦ ਉਨ੍ਹਾਂ ਨੇ ਐਲਫਿਨਸਟਨ ਕਾਲਜ਼ ਬੰਬਈ ਵਿੱਚ ਦਾਖਲਾ ਲਿਆ। ਮਹਾਰਾਜਾ ਬੜੋਦਾ ਦੇ ਗਾਇਕਵਾੜ ਸ਼ਾਸ਼ਕ ਨੇ ਉਹਨਾਂ ਨੂੰ ਉਚੱ ਵਿਦਿਆ ਪ੍ਰਾਪਤ ਕਰਨ ਲਈ ਸਰਕਾਰੀ ਖਰਚੇ ਤੇ ਅਮਰੀਕਾ ਭੇਜ ਦਿੱਤਾ। ਡਾਕਟਰ ਅੰਬੇਡਕਰ ਨੇ ਪੰਜ ਵਿਸ਼ਿਆਂ ਵਿੱਚ ਐਮ.ਏ., ਪੀ.ਐਚ.ਡੀ., ਡੀ.ਐਸ.ਸੀ. ਐਲ. ਐਲ.ਡੀ., ਡੀ.ਲਿੱਟ, ਬਾਰ.ਐਟ ਲਾਅ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਮਹਾਰਾਜਾ ਬੜੌਦਾ ਨੇ ਡਾਕਟਰ ਅੰਬੇਡਕਰ ਨੂੰ ਫੌਜੀ ਸਕੱਤਰ ਨਿਯੁਕਤ ਕਰ ਲਿਆ ਪਰ ਇੱਥੇ ਵੀ ਉਨ੍ਹਾਂ ਨੂੰ ਅਛੂਤ ਹੋਣ ਕਾਰਨ ਉਚੱ ਜਾਤਿ ਦੇ ਕਰਮਚਾਰੀ ਨਫਰਤ ਨਾਲ ਹੀ ਦੇਖਦੇ ਰਹੇ। ਜਦੋਂ ਉਹ ਬੰਬਈ ਦੇ ਕਾਲਜ਼ ਵਿੱਚ ਅਰਥ ਸ਼ਾਸ਼ਤਰ ਦੇ ਪ੍ਰੋਫੈਸਰ ਨਿਯੁਕਤ ਹੋਏ ਤਾਂ ਉਥੇ ਵੀ ਅਛੂਤ ਹੋਣ ਕਾਰਨ ਉਨ੍ਹਾਂ ਨਾਲ ਭੇਦਭਾਵ ਹੁੰਦਾ ਰਿਹਾ। ਬ੍ਰਿਟਿਸ਼ ਸਰਕਾਰ ਵਿੱਚ ਉੱਚੇ ਅਹੁਦੇ ਪਹਿਲਾਂ ਸਿਰਫ ਅੰਗਰੇਜਾ ਲਈ ਹੀ ਰਾਖਵੇਂ ਸਨ ਅਤੇ ਬ੍ਰਿਟਿਸ਼ ਸਰਕਾਰ ਇਸਦਾ ਕਾਰਨ ਇਹ ਮੰਨਦੀ ਸੀ ਕਿ ਭਾਰਤੀਆਂ ਦੀ ਵਿਦਿਅਕ ਪੱਖੋਂ ਮੈਰਿਟ ਅੰਗਰੇਜਾਂ ਨਾਲੋਂ ਹੇਠਾਂ ਹੈ। ਭਾਰਤੀ ਲੋਕਾਂ ਵਲੋਂ ਕਿਤੇ ਅੰਦੋਲਨ ਬਾਦ ਸਾਊਥਬੋਰੋਹ ਸਮਿਤੀ ਦੀ ਸਿਫਾਰਿਸ਼ ਤੇ ਅੰਗਰੇਜ਼ ਸਰਕਾਰ ਨੇ ਆਈ ਸੀ ਐਸ ਦੀਆਂ 11 ਪੋਸਟਾਂ ਭਾਰਤੀਆਂ ਲਈ ਰੱਖੀਆਂ ਜਿਨ੍ਹਾਂ ਵਿਚੋਂ 4 ਹਿੰਦੂਆਂ ਲਈ, 4 ਮੁਸਲਮਾਨਾਂ ਲਈ, 2 ਸਿੱਖਾਂ ਲਈ ਅਤੇ ਇੱਕ ਐਂਗਲੋ ਇੰਡੀਅਨ ਲਈ ਰੱਖੀ ਗਈ। ਡਾਕਟਰ ਅੰਬੇਡਕਰ ਨੇ ਇਸ ਸਮਿਤੀ ਨੂੰ ਮੰਗ ਪੱਤਰ ਦੇਕੇ ਮੰਗ ਕੀਤੀ ਕਿ ਸ਼ੂਦਰਾਂ ਲਈ ਵੀ ਅਲੱਗ ਅਧਿਕਾਰ ਰੱਖੇ ਜਾਣ ਪਰੰਤੂ ਹਿੰਦੂਆਂ ਨੇ ਡਾਕਟਰ ਅੰਬੇਡਕਰ ਦੀ ਇਸ ਮੰਗ ਦਾ ਸੱਖਤੀ ਨਾਲ ਵਿਰੋਧ ਕੀਤਾ। ਡਾਕਟਰ ਅੰਬੇਡਕਰ ਅਤੇ ਹੋਰ ਆਗੂਆ ਨੇ ਇਸ ਵਿਰੋਧ ਪ੍ਰਤੀ ਰੋਸ ਦਾ ਪ੍ਰਗਟਾਵਾ ਕੀਤਾ ਜਿਸਤੋਂ ਬਾਦ ਅੰਗਰੇਜ ਸਰਕਾਰ ਨੇ ਸ਼ੂਦਰਾਂ ਦੀ ਹਾਲਤ ਜਾਨਣ ਲਈ ਸਾਇਮਨ ਕਮਿਸ਼ਨ ਭਾਰਤ ਭੇਜਿਆ। ਇਸ ਸਾਇਮਨ ਕਮਿਸ਼ਨ ਦਾ ਡਾਕਟਰ ਅੰਬੇਡਕਰ ਅਤੇ ਹੋਰ ਆਗੂਆਂ ਜਿਨ੍ਹਾਂ ਵਿੱਚ ਪੰਜਾਬ ਤੋਂ ਆਦਿ ਧਰਮ ਮੁਹਿੰਮ ਦੇ ਆਗੂ ਬਾਬੂ ਮੰਗੂ ਰਾਮ ਮੂਗੋਵਾਲੀਆ ਸ਼ਾਮਿਲ ਸਨ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਅਪਣੀਆਂ ਮੰਗਾਂ ਇਸ ਕਮਿਸ਼ਨ ਅੱਗੇ ਰੱਖੀਆਂ। ਕਈ ਹਿੰਦੂ ਆਗੂਆਂ ਨੇ ਇਸ ਕਮਿਸ਼ਨ ਦਾ ਵਿਰੋਧ ਕੀਤਾ। ਇਸਤੋਂ ਬਾਦ ਕਮਿਸ਼ਨ ਦੀਆਂ ਤਿੰਨ ਮੀਟਿੰਗਾਂ ਲੰਡਨ ਵਿੱਚ ਹੋਈਆਂ ਜਿਸ ਵਿੱਚ ਉਨ੍ਹਾਂ ਨੇ ਦਲਿਤਾਂ ਦੀ ਪ੍ਰ੍ਰਤੀਨਿਧਤਾ ਕਰਦਿਆਂ ਅਛੂਤਾਂ ਦੀ ਅਸਲੀ ਸਥਿਤੀ ਤੋਂ ਬ੍ਰਿਟਿਸ਼ ਸਰਕਾਰ ਨੂੰ ਜਾਣੂ ਕਰਵਾਇਆ। 17 ਅਗੱਸਤ 1932 ਨੂੰ ਬ੍ਰਿਟਿਸ਼ ਸਰਕਾਰ ਨੇ ਕਮਿਊਨਲ ਐਵਾਰਡ ਦਾ ਫੈਸਲਾ ਸੁਣਾ ਦਿਤਾ ਜਿਸ ਅਨੁਸਾਰ ਮੁਸਲਮਾਨਾਂ, ਇਸਾਈਆਂ ਅਤੇ ਸਿੱਖਾਂ ਵਾਂਗ ਅਛੂਤਾਂ ਨੂੰ ਵੀ ਘੱਟ ਗਿਣਤੀ ਦੇ ਮੰਨਦੇ ਹੋਏ ਵੱਖਰੇ ਪ੍ਰਤੀਨਿਧੀ ਚੁਣਨ ਦਾ ਅਧਿਕਾਰ ਦੇ ਦਿਤਾ ਜਿਸਦਾ ਕੱਟੜ ਹਿੰਦੂ ਨੇਤਾਵਾਂ ਨੇ ਵਿਰੋਧ ਕੀਤਾ। ਕਾਂਗਰਸੀ ਆਗੂ ਮੋਹਨ ਦਾਸ ਕਰਮ ਚੰਦ ਗਾਂਧੀ ਨੇ ਹਿੰਦੂਆਂ ਦੀ ਪ੍ਰਤੀਨਿਧਤਾ ਕਰਦੇ ਹੋਏ ਇਸ ਫੈਸਲੇ ਖਿਲਾਫ ਮਰਨ ਵਰਤ ਸ਼ੁਰੂ ਕਰ ਦਿਤਾ। ਗਾਂਧੀ ਦੇ ਇਸ ਮਰਨ ਵਰਤ ਕਾਰਨ ਦੇਸ਼ ਵਿੱਚ ਖਲਬਲੀ ਮਚ ਗਈ ਅਤੇ ਉਨ੍ਹਾਂ ਤੇ ਦਬਾਓ ਵੱਧ ਗਿਆ। ਅੰਤ 24 ਸਤੰਬਰ 1932 ਨੂੰ ਡਾਕਟਰ ਭੀਮ ਰਾਓ ਅੰਬੇਡਕਰ ਅਤੇ ਗਾਂਧੀ ਵਿਚਕਾਰ ਇੱਕ ਸਮਝੋਤਾ ਹੋਇਆ ਜਿਸ ਵਿੱਚ ਅਛੂਤਾਂ ਨੂੰ ਮਿਲਿਆ ਵੱਖਰੀ ਪ੍ਰਤੀਨਿਧਤਾ ਦਾ ਅਧਿਕਾਰ ਖਤਮ ਕੀਤਾ ਗਿਆ। ਉਨ੍ਹਾਂ ਨੇ 1936 ਵਿੱਚ ਅਜ਼ਾਦ ਲੇਬਰ ਪਾਰਟੀ ਭਾਰਤ ਦੀ ਸਥਾਪਨਾ ਕੀਤੀ ਅਤੇ 1937 ਵਿੱਚ ਹੋਈਆਂ ਕੇਂਦਰੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ 15 ਸੀਟਾਂ ਤੇ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਹਿੰਦੁ ਧਰਮ ਅਤੇ ਮੁਸਲਿਮ ਧਰਮ ਵਿੱਚ ਹੋ ਰਹੇ ਅਛੂਤਾਂ ਨਾਲ ਵਿਤਕਰੇ ਬਾਰੇ ਖੁੱਲਕੇ ਲਿਖਿਆ। ਉਨ੍ਹਾਂ ਨੇ ਮੂਕ ਨਾਇਕ-ਗੂੰਗਿਆਂ ਦਾ ਆਗੂ ਹਫਤਾਵਾਰੀ ਅਖਬਾਰ ਸ਼ਰੂ ਕੀਤਾ। ਉਨ੍ਹਾਂ ਨੇ ਬਹਿਸ਼ਕ੍ਰਿਤ ਹਿਤਕਾਰਨੀ ਸਭਾ ਦਾ ਗਠਨ ਕੀਤਾ ਅਤੇ ਦਲਿਤਾਂ ਦੇ ਵਿਦਿਅਕ, ਸਮਾਜਿਕ ਅਤੇ ਆਰਥਿਕ ਵਿਕਾਸ ਲਈ ਕੰਮ ਕੀਤਾ। ਉਨ੍ਹਾਂ ਨੇ ਰੱਖਿਆ ਸਲਾਹਕਾਰ ਸਮਿਤੀ ਅਤੇ ਵਾਇਸਰਾਇ ਦੀ ਕਾਰਜਕਾਰੀ ਪ੍ਰੀਸ਼ਦ ਲਈ ਲੇਬਰ ਮੰਤਰੀ ਦੇ ਤੋਰ ਤੇ ਕੰਮ ਕੀਤਾ। ਉਨ੍ਹਾਂ ਨੇ ਹਿੰਦੂ ਧਰਮ ਵਿੱਚ ਫੈਲੇ ਗੱਲਤ ਰੀਤੀ ਰਿਵਾਜਾਂ ਖਿਲਾਫ ਜੋਰਦਾਰ ਅਵਾਜ਼ ਚੁੱਕੀ ਅਤੇ 25 ਦਸੰਬਰ, 1927 ਨੂੰ ਮਨੂੰ ਸਮ੍ਰਤੀ ਨੂੰ ਜਲਾਇਆ। ਉਨ੍ਹਾਂ ਨ 13 ਅਕਤੂਬਰ, 1935 ਨੂੰ ਐਲਾਨ ਕੀਤਾ ਕਿ ਉਹ ਹਿੰਦੁ ਧਰਮ ਵਿੱਚ ਪੈਦਾ ਹੋਏ ਹਨ ਪਰ ਹਿੰਦੂ ਧਰਮ ਵਿੱਚ ਮਰਨਗੇ ਨਹੀਂ। ਉਨ੍ਹਾਂ ਨੇ ਲੱਖਾਂ ਅਛੂਤਾਂ ਨੂੰ ਹਿੰਦੂ ਧਰਮ ਦਾ ਤਿਆਗ ਕਰਨ ਲਈ ਤਿਆਰ ਕਰ ਲਿਆ। ਉਹ ਸਿੱਖ ਧਰਮ ਜਿਸ ਵਿੱਚ ਦਲਿਤਾਂ ਦੇ ਰਹਿਵਰ ਗੁਰੂਆਂ ਨੂੰ ਵਿਸ਼ੇਸ਼ ਸਥਾਨ ਦਿਤਾ ਗਿਆ ਹੈ ਅਤੇ ਜੋਕਿ ਸਭਨੂੰ ਬਰਾਬਰਤਾ ਦਾ ਸੁਨੇਹਾ ਦਿੰਦਾ ਹੈ ਨੂੰ ਅਪਣਾਉਣ ਲਈ ਤਿਆਰ ਹੋ ਗਏ। 1936 ਵਿੱਚ ਉਨ੍ਹਾਂ ਨੇ ਅਪਣੇ ਪੁੱਤਰ ਜਸ਼ਵੰਤ ਰਾਓ ਅਤੇ ਭਤੀਜੇ ਨੂੰ ਦਰਬਾਰ ਸਾਹਿਬ ਭੇਜਿਆ ਜਿੱਥੇ ਉਹ ਲੱਗਭੱਗ ਡੇਢ ਮਹੀਨਾ ਰਹੇ। ਕੁੱਝ ਉਚੱ ਜਾਤੀ ਦੇ ਲੀਡਰਾਂ ਨੇ ਉਨ੍ਹਾਂ ਨੂੰ ਸਿੱਖ ਧਰਮ ਅਪਣਾਉਣ ਤੋਂ ਰੋਕਣ ਲਈ ਚਾਲ ਚੱਲੀ ਅਤੇ ਅੰਤ ਇਹ ਚਾਲ ਕਾਮਯਾਬ ਹੋ ਗਈ ਅਤੇ ਦੇਸ਼ ਦੇ 6 ਕਰੋੜ ਅਛੂਤ ਸਿੱਖ ਧਰਮ ਨਾਂ ਅਪਣਾ ਸਕੇ। ਸੱਚੀ ਸਾਖੀ ਕਿਤਾਬ ਦੇ ਲੇਖਕ ਅਤੇ ਸਾਬਕਾ ਆਈ ਸੀ ਐਸ ਅਫਸਰ ਅਤੇ ਸਾਬਕਾ ਵਿਧਾਇਕ ਅਤੇ ਲੋਕ ਸਭਾ ਮੈਂਬਰ ਸਰਦਾਰ ਕਪੂਰ ਸਿੰਘ ਅਨੁਸਾਰ ਸਿੱਖ ਧਰਮ ਅਤੇ ਅਕਾਲੀ ਦੱਲ ਵਿੱਚ ਬੈਠੇ ਕੁੱਝ ਉਚੱ ਜਾਤਿ ਦੇ ਆਗੂਆਂ ਨੇ ਅਪਣੀ ਕੁਰਸੀ ਕਾਇਮ ਰੱਖਣ ਲਈ ਗੁੱਝੀਆਂ ਚਾਲਾਂ ਚੱਲਕੇ ਡਾਕਟਰ ਅੰਬੇਡਕਰ ਅਤੇ ਕਰੋੜਾਂ ਅਛੂਤਾਂ ਨੂੰ ਸਿੱਖ ਧਰਮ ਵਿੱਚ ਆਣ ਤੋਂ ਰੋਕਿਆ। 15 ਅਗਸਤ 1947 ਨੂੰ ਭਾਰਤ ਅਜ਼ਾਦ ਹੋ ਗਿਆ ਅਤੇ ਡਾਕਟਰ ਅੰਬੇਡਕਰ ਦੇਸ਼ ਦੇ ਪਹਿਲੇ ਕਨੂੰਨ ਮੰਤਰੀ ਬਣੇ। ਅਜ਼ਾਦ ਭਾਰਤ ਦਾ ਅਪਣਾ ਸੰਵਿਧਾਨ ਲਿਖਣ ਲਈ 29 ਅਗਸਤ, 1947 ਨੂੰ ਬਣਾਈ ਗਈ ਕਮੇਟੀ ਵਿੱਚ ਉਹ ਕਮੇਟੀ ਦੇ ਚੇਅਰਮੈਨ ਬਣਾਏ ਗਏ ਅਤੇ ਉਨ੍ਹਾਂ ਨੇ ਭਾਰਤੀ ਸੰਵਿਧਾਨ ਤਿਆਰ ਕਰਨ ਲਈ ਅਹਿਮ ਭੂਮਿਕਾ ਨਿਭਾਈ। 1951 ਵਿੱਚ ਸੰਸਦ ਵਿੱਚ ਹਿੰਦੂ ਕੋਡ ਬਿੱਲ ਜੋਕਿ ਕਰੋੜ੍ਹਾਂ ਅਛੂਤਾਂ ਵਾਂਗ ਸਦੀਆਂ ਤੋਂ ਵਿਤਕਰੇ ਦਾ ਸ਼ਿਕਾਰ ਭਾਰਤੀ ਮਹਿਲਾਵਾਂ ਨੂੰ ਬਰਾਬਰਤਾ ਦਾ ਅਧਿਕਾਰ ਦੇਣ ਲਈ ਸੀ ਦੇ ਵਿਰੋਧ ਵਿੱਚ ਸੰਸਦ ਦੇ ਬਹੁਤੇ ਮੈਂਬਰਾਂ ਵਲੋਂ ਵੋਟ ਪਾਏ ਜਾਣ ਕਾਰਨ ਉਨ੍ਹਾਂ ਨੇ ਲੋਕ ਸਭਾ ਤੋਂ ਅਸਤੀਫਾ ਦੇ ਦਿਤਾ। 1952 ਵਿੱਚ ਉਨ੍ਹਾਂ ਨੇ ਅਜਾਦ ਉਮੀਦਵਾਰ ਵਜੋਂ ਚੋਣ ਲੜੀ ਪਰ ਇਹ ਚੋਣ ਹਾਰ ਗਏ। ਮਾਰਚ 1952 ਵਿੱਚ ਉਹ ਰਾਜ ਸਭਾ ਦੇ ਮੈਂਬਰ ਚੁਣੇ ਗਏ ਅਤੇ ਜਿੰਦਗੀ ਦੇ ਅੰਤਿਮ ਸਮੇਂ ਤੱਕ ਉਹ ਰਾਜ ਸਭਾ ਮੈਂਬਰ ਬਣੇ ਰਹੇ। 1955 ਵਿੱਚ ਉਨ੍ਹਾਂ ਨੇ ਬੋਧ ਸੋਸਾਇਟੀ ਆਫ ਇੰਡੀਆ ਦੀ ਸਥਾਪਨਾ ਕੀਤੀ। 14 ਅਕਤੂਬਰ, 1956 ਨੂੰ ਡਾਕਟਰ ਅੰਬੇਡਕਰ ਨੇ ਲੱਖਾਂ ਸਾਥੀਆ ਸਮੇਤ ਬੁੱਧ ਧਰਮ ਅਪਣਾਇਆ। ਅੰਤ ਦਿੱਲੀ ਵਿੱਚ ਅੱਜ ਦੇ ਦਿਨ 6 ਦਸੰਬਰ 1956 ਨੂੰ ਡਾਕਟਰ ਅੰਬੇਡਕਰ ਸਾਨੂੰ ਸਦੀਵੀ ਵਿਛੋੜਾ ਦੇ ਗਏ। ਬਾਬਾ ਸਾਹਿਬ ਨੂੰ 199੦ ਵਿੱਚ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ। ਭਾਰਤ ਸਰਕਾਰ ਨੇ 1991 ਦਾ ਸਾਲ ਅੰਬੇਡਕਰ ਸ਼ਤਾਬਦੀ ਵਜੋਂ ਐਲਾਨਿਆ ਸੀ ਅਤੇ 2016 ਦਾ ਸਾਲ 125ਵੀਂ ਜਯੰਤੀ ਦੇ ਤੋਰ ਤੇ ਮਨਾਇਆ ਗਿਆ ਹੈ। ਅੱਜ ਸਿਰਫ ਭਾਰਤ ਹੀ ਨਹੀਂ ਸਗੋਂ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿੱਚ ਬਾਬਾ ਸਾਹਿਬ ਦੇ ਪ੍ਰੀਨਿਰਵਾਣ ਦਿਵਸ ਸਬੰਧੀ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ ਤੇ ਸਮਾਗਮ ਕਰਵਾਏ ਜਾ ਰਹੇ ਹਨ ਅਤੇ ਬਾਬਾ ਸਾਹਿਬ ਨੂੰ ਸ਼ਰਧਾਂਜ਼ਲੀ ਦਿਤੀ ਜਾ ਰਹੀ ਹੈ।

Comments are closed.

COMING SOON .....


Scroll To Top
11