Thursday , 27 June 2019
Breaking News
You are here: Home » EDITORIALS » ਦੇਸ਼ ਲਈ ਜਾਨ ਵਾਰਨ ਵਾਲੇ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਕੁਰਬਾਨੀ ਦੇ ਅਰਥ

ਦੇਸ਼ ਲਈ ਜਾਨ ਵਾਰਨ ਵਾਲੇ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਕੁਰਬਾਨੀ ਦੇ ਅਰਥ

ਅਜ਼ਾਦੀ ਦੇ ਅੰਦੋਲਨ ਵਿੱਚ ਭਾਗ ਲੈਣ ਵਾਲੇ ਕਈ ਦੇਸ਼ ਭਗਤਾਂ ਨੇ ਸ਼ਹੀਦੀਆਂ ਦਿਤੀਆਂ ਜਿਨ੍ਹਾਂ ਵਿੱਚ ਸ਼ਹੀਦ ਭਗਤ ਸਿੰਘ ਦਾ ਨਾਮ ਵੀ ਪ੍ਰਮੁੱਖ ਹੈ। ਸ਼ਹੀਦ ਭਗਤ ਸਿੰਘ ਦੇ ਪਰਿਵਾਰ ਦਾ ਪੂਸ਼ਤੈਨੀ ਪਿੰਡ ਖਟਕੜਕਲਾਂ ਨੇੜੇ ਬੰਗਾ ਜਿਲ੍ਹਾ ਨਵਾਂ ਸ਼ਹਿਰ ਜਿਸਦਾ ਨਾਮ ਹੁਣ ਬਦਲਕੇ ਸ਼ਹੀਦ ਭਗਤ ਸਿੰਘ ਨਗਰ ਰੱਖਿਆ ਗਿਆ ਹੈ ਸੀ ਪ੍ਰੰਤੂ  ਉਨ੍ਹਾਂ ਦਾ ਜਨਮ 28 ਸਤੰਬਰ 1907 ਨੂੰ ਪਿੰਡ ਬੰਗਾ ਜਿਲ੍ਹਾ ਲਾਇਲਪੁਰ ਪੰਜਾਬ ਜੋਕਿ ਹੁਣ ਪਾਕਿਸਤਾਨ ਵਿੱਚ ਹੈ ਮਾਤਾ ਵਿਦਿਆਵਤੀ ਦੀ ਕੱੁਖੋਂ ਪਿਤਾ ਕਿਸ਼ਨ ਸਿੰਘ ਦੇ ਘਰ ਹੋਇਆ ਸੀ। ਸ਼ਹੀਦ ਭਗਤ ਸਿੰਘ ਦਾ ਪਰਿਵਾਰ ਦੇਸ਼ ਭਗਤਾਂ ਦਾ ਪਰਿਵਾਰ ਸੀ। ਸ਼ਹੀਦ ਭਗਤ ਸਿੰਘ ਦੇ ਪਰਿਵਾਰ ਦੇ ਕੁੱਝ ਮੈਂਬਰਾਂ ਨੇ ਮਹਾਰਾਜ ਰਣਜੀਤ ਸਿੰਘ ਦੀ ਫੌਜ ਵਿੱਚ ਕੰਮ ਕੀਤਾ ਸੀ ਅਤੇ ਕਈ ਦੇਸ਼ ਦੀ ਅਜ਼ਾਦੀ ਦੇ ਅੰਦੋਲਨ ਨਾਲ ਜੁੜ੍ਹੇ ਹੋਏ ਸਨ। ਜਿਸ ਦਿਨ ਸ਼ਹੀਦ ਭਗਤ ਸਿੰਘ ਦਾ ਜਨਮ ਹੋਇਆ ਉਸੇ ਦਿਨ ਉਨ੍ਹਾਂ ਦੇ ਪਿਤਾ ਕਿਸ਼ਨ ਸਿੰਘ ਅਤੇ ਦੋ ਚਾਚੇ ਅਜੀਤ ਸਿੰਘ ਅਤੇ ਸਵਰਨ ਸਿੰਘ ਜੋਕਿ ਦੇਸ਼ ਦੀ ਅਜਾਦੀ ਦੀ ਲੜਾਈ ਵਿੱਚ ਭਾਗ ਲੈਣ ਕਾਰਨ ਜੇਲ ਗਏ ਹੋਏ ਸਨ ਜੇਲ ਤੋਂ ਰਿਹਾ ਹੋਕੇ ਆਏ ਸਨ। ਸ਼ਹੀਦ ਭਗਤ ਸਿੰਘ ਦਾ ਪਰਿਵਾਰ ਬੇਸ਼ੱਕ ਇੱਕ ਸਿੱਖ ਪਰਿਵਾਰ ਸੀ ਪਰੰਤੂ ਇਸ ਪਰਿਵਾਰ ਤੇ ਆਰੀਆ ਸਮਾਜ ਅਤੇ ਮਹਾਰਿਸ਼ੀ ਦਯਾਨੰਦ ਦੀ ਵਿਚਾਰਧਾਰਾ ਦਾ ਡੂੰਘਾ ਪ੍ਰਭਾਵ ਸੀ। ਸ਼ਹੀਦ ਭਗਤ ਸਿੰਘ ਨੇ ਅਪਣੀ ਮੁਢਲੀ ਪੜਾਈ ਪਿੰਡ ਦੇ ਸਕੂਲ ਤੋਂ ਸ਼ੁਰੂ ਕੀਤੀ ਅਤੇ ਫਿਰ ਡੀ ਏ ਵੀ ਸਕੂਲ ਲਾਹੋਰ ਵਿੱਚ ਦਾਖਲਾ ਲੈ ਲਿਆ। ਭਗਤ ਸਿੰਘ ਦੀ ਮੁਢਲੀ ਪੜਾਈ ਲਾਇਲਪੁਰ ਦੇ ਜਿਲ੍ਹਾ ਬੌਰਡ ਪ੍ਰਾਇਮਰੀ ਸਕੂਲ ਵਿੱਚ ਹੋਈ, ਉਚੇਰੀ ਪੜਾਈ ਲਈ ਉਨ੍ਹਾਂ ਨੇ ਡੀ ਏ ਵੀ ਹਾਈ ਸਕੂਲ ਲਹੋਰ ਵਿੱਚ ਦਾਖਲਾ ਲੈ ਲਿਆ। ਅੰਗਰੇਜ ਇਸ ਸਕੂਲ ਨੂੰ ਰਾਜ ਵਿਰੋਧੀ ਸਰਗਰਮੀਆਂ ਦੀ ਨਰਸਰੀ ਕਹਿੰਦੇ ਸਨ। 13 ਅਪ੍ਰੈਲ 1919 ਨੂੰ ਵਾਪਰੀ ਜ਼ਲ੍ਹਿਆਂ ਵਾਲੇ ਬਾਗ ਦੀ ਘਟਨਾ ਵੇਲੇ ਸ਼ਹੀਦ ਭਗਤ ਸਿੰਘ ਦੀ ਉਮਰ ਲੱਗਭੱਗ 12 ਸਾਲ ਸੀ ਅਤੇ ਉਹ ਅਪਣੇ ਸਕੂਲ ਤੋਂ ਲੱਗਭੱਗ 12 ਮੀਲ ਪੈਦਲ ਚੱਲਕੇ ਜਲ੍ਹਿਆਂ ਵਾਲੇ ਬਾਗ ਵਿੱਚ ਪਹੁੰਚੇ। ਸ਼ਹੀਦ ਭਗਤ ਸਿੰਘ ਕੁੱਝ ਸਮੇਂ ਬਾਦ ਦੇਸ਼ ਭਗਤ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸੰਪਰਕ ਵਿੱਚ ਆ ਗਏ ਅਤੇ ਉਨ੍ਹਾਂ ਨੇ ਕ੍ਰਾਂਤੀਕਾਰੀ ਵੀਰ ਸਾਵਰਕਰ ਦੀ ਕਿਤਾਬ 1857 ਪਹਿਲਾ ਸੁਤੰਤਰਤਾ ਸੰਗਰਾਮ ਪੜੀ ਜਿਸਦਾ ਉਨ੍ਹਾਂ ਤੇ ਡੂੰਘਾ ਪ੍ਰਭਾਵ ਪਿਆ ਅਤੇ ਉਹ ਸਭ ਕੁੱਝ ਛੱਡਕੇ ਅਜ਼ਾਦੀ ਦੇ ਅੰਦੋਲਨ ਵਿੱਚ ਸ਼ਾਮਿਲ ਹੋ ਗਏ। ਜੂਨ 1924 ਵਿੱਚ ਉਹ ਵੀਰ ਸਾਵਰਕਰ ਨੂੰ ਯਰਵਦਾ ਜੇਲ ਵਿੱਚ ਮਿਲੇ ਅਤੇ ਉਸਤੋਂ ਬਾਦ ਕ੍ਰਾਂਤੀਕਾਰੀ ਚੰਦਰ ਸ਼ੇਖਰ ਅਜ਼ਾਦ ਨੂੰ ਮਿਲੇ ਅਤੇ ਉਨ੍ਹਾਂ ਦੇ ਦੱਲ ਵਿੱਚ ਸ਼ਾਮਿਲ ਹੋ ਗਏ। ਇਸ ਦੱਲ ਵਿੱਚ ਕ੍ਰਾਂਤੀਕਾਰੀ ਸੁਖਦੇਵ, ਰਾਜਗੁਰੂ, ਭਗਵਤੀਚਰਨ ਵੋਹਰਾ ਆਦਿ ਵੀ ਸ਼ਾਮਿਲ ਸਨ। ਲਾਹੌਰ ਦੇ ਨੈਸ਼ਨਲ ਕਾਲਜ਼ ਦੀ ਪੜ੍ਹਾਈ ਛੱਡ ਕੇ ਭਗਤ ਸਿੰਘ ਨੇ ਭਾਰਤ ਦੀ ਆਜ਼ਾਦੀ ਦੇ ਲਈ ਨੋਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ। ਕਾਕੋਰੀ ਕਾਂਡ ਵਿੱਚਉਸਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਉਤੇ ਲਾਹੋਰ ਦੇ ਦੁਸਿਹਰਾ ਮੇਲੇ ਵਿੱਚ ਬੰਬ ਧਮਾਕਾ ਕਰਨ ਦੇ ਦੋਸ਼ ਵੀ ਲਗਾਏ ਗਏ।  ਇਸ ਕਾਂਡ ਵਿੱਚ ਸ਼ਾਮਿਲ ਰਾਮ ਪ੍ਰਸਾਦ ਬਿਸਮਿਲ ਸਮੇਤ 4 ਕ੍ਰਾਂਤੀਕਾਰੀਆਂ ਨੂੰ ਫਾਂਸੀ ਅਤੇ 16 ਨੂੰ ਜੇਲ ਦੀਆਂ ਸਜ਼ਾਵਾਂ ਤੋਂ ਉਹ ਕਾਫੀ ਪ੍ਰਭਾਵਿਤ ਹੋਏ ਅਤੇ ਆਪਣੀ ਪਾਰਟੀ ਨੌਜਵਾਨ ਭਾਰਤ ਸਭਾ ਨੂੰ ਹਿੰਦੁਸਤਾਨ ਰਿਪਬਲਿਕ ਐਸ਼ੋਸੀਏਸ਼ਨ ਵਿੱਚ ਸ਼ਾਮਿਲ ਕਰ ਦਿੱਤਾ ਅਤੇ ਉਸਨੂੰ ਇੱਕ ਨਵਾਂ ਨਾਮ ਹਿੰਦੁਸਤਾਨ ਸ਼ੋਸਲਿਸਟ ਰਿਪਬਲਿਕਨ ਐਸ਼ੋਸੀਏਸ਼ਨ ਰੱਖ ਦਿੱਤਾ। ਲਾਹੌਰ ਵਿੱਚ ਸਾਂਡਰਸ ਨੂੰ ਮਾਰਨਾ ਅਤੇ ਦਿੱਲੀ ਦੀ ਕੇਂਦਰੀ ਅਸੈਂਬਲੀ ਵਿੱਚ ਚੰਦਰ ਸ਼ੇਖਰ ਆਜ਼ਾਦ ਅਤੇ ਪਾਰਟੀ ਦੇ ਹੋਰ ਮੈਂਬਰਾਂ ਦੇ ਨਾਲ ਬੰਬ ਵਿਸਫੋਟ ਕਰਕੇ ਅਤੇ ਪਰਚੇ ਸੁੱਟਕੇ ਬ੍ਰਿਟਿਸ਼ ਸਾਮਰਾਜ ਦੇ ਵਿਰੁੱਧ ਖੁੱਲੇ ਵਿਦਰੋਹ ਦੀ ਅਵਾਜ਼ ਬੁ¦ਦ ਕੀਤੀ। ਫਰਵਰੀ 1928 ਵਿੱਚ ਭਾਰਤ ਵਿੱਚ ਪਹੁੰਚੇ ਸਾਈਮਨ ਕਮੀਸ਼ਨ ਦੇ ਵਿਰੋਧ ਅਤੇ ਬਾਈਕਾਟ ਲਈ ਪ੍ਰਦਰਸ਼ਨ ਹੋਏ। ਇਹਨਾਂ ਪ੍ਰਦਰਸ਼ਨਾਂ ਵਿੱਚ ਭਾਗ ਲੈਣ ਵਾਲਿਆਂ ਤੇ ਅੰਗਰੇਜ਼ੀ ਸ਼ਾਸ਼ਨ ਨੇ ਲਾਠੀਚਾਰਜ ਵੀ ਕੀਤਾ। ਇਸ ਪ੍ਰਦਰਸ਼ਨ ਦੌਰਾਨ ਹੀ ਵਿਰੋਧ ਦੀ ਅਗਵਾਈ ਕਰ ਰਹੇ ਕਾਂਗਰਸੀ ਆਗੂ ਲਾਲਾ ਲਾਜਪਤ ਰਾਏ ਦੀ ਮੌਤ ਹੋ ਗਈ। ਇਸਦੇ ਰੋਸ ਵਜੋਂ ਸ਼ਹੀਦ ਭਗਤ ਸਿੰਘ ਨੇ ਅਪਣੇ ਸਾਥੀਆਂ ਨਾਲ ਮਿਲਕੇ ਪੁਲਿਸ ਸੁਪਰੀਟੰਡੈਂਟ ਸਕਾਟ ਨੂੰ ਮਾਰਨ ਦੀ ਯੋਜਨਾ ਬਣਾਈ। 17 ਦਸੰਬਰ 1928 ਨੂੰ ਕਰੀਬ ਸਵਾ ਚਾਰ ਵਜੇ, ਸਕਾਟ ਦੀ ਜਗ੍ਹਾ ਤੇ, ਏ.ਐਸ.ਪੀ. ਸਾਂਡਰਸ ਦੇ ਆਉਂਦੇ ਹੀ ਰਾਜਗੁਰੂ ਨੇ ਇੱਕ ਗੋਲੀ ਸਿੱਧੀ ਉਸਦੇ ਸਿਰ ਵਿੱਚ ਮਾਰੀ ਜਿਸ ਨਾਲ ਉਹ ਬੇਹੋਸ਼ ਹੋ ਗਿਆ ਅਤੇ ਭਗਤ ਸਿੰਘ ਨੇ 3-4 ਗੋਲੀਆਂ ਮਾਰਕੇ ਉਸਨੂੰ ਮਾਰ ਮੁਕਾਇਆ। ਇਸਤੋਂ ਬਾਦ ਜਦੋਂ ਇਹ ਦੋਨੋਂ ਭੱਜ ਰਹੇ ਸੀ ਤਾਂ ਇੱਕ ਸਿਪਾਹੀ ਚੰਨਣ ਸਿੰਘ ਨੇ ਇਹਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਕ੍ਰਾਂਤੀਕਾਰੀਆਂ ਨੇ ਦਿੱਲੀ ਦੀ ਕੇਂਦਰੀ ਅਸੈਂਬਲੀ ਵਿੱਚ ਬੰਬ ਸੁੱਟਣ ਦੀ ਯੋਜਨਾ ਬਣਾਈ ਸੀ। ਭਗਤ ਸਿੰਘ ਚਾਹੁੰਦਾ ਸੀ ਕਿ ਇਸ ਵਿੱਚ ਕੋਈ ਖੂਨ ਖਰਾਬਾ ਨਾ ਹੋਵੇ ਅਤੇ ਅੰਗਰੇਜ਼ਾਂ ਤੱਕ ਉਹਨਾਂ ਦੀ ਆਵਾਜ਼ ਵੀ ਪਹੁੰਚੇ। ਇਸ ਕੰਮ ਲਈ ਸਰਵਸੰਮਤੀ ਨਾਲ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਦਾ ਨਾਮ ਚੁਣਿਆ ਗਿਆ। ਤੈਅ ਕੀਤੇ ਪ੍ਰੋਗਰਾਮ ਅਨੁਸਾਰ 08 ਅਪ੍ਰੈਲ 1929 ਨੂੰ ਜਦੋਂ ਦੇਸ਼ ਵਿਰੋਧੀ ਇੱਕ ਬਿੱਲ ਪੇਸ਼ ਹੋਣੇ ਸਨ ਕੇਂਦਰੀ ਅਸੈਂਬਲੀ ਵਿੱਚ ਇਹਨਾਂ ਦੋਨਾਂ ਨੇ ਇੱਕ ਅਜਿਹੇ ਸਥਾਨ ਤੇ ਬੰਬ ਸੁੱਟਿਆ ਜਿੱਥੇ ਕੋਈ ਮੌਜੂਦ ਨਹੀਂ ਸੀ, ਨਹੀਂ ਤਾਂ ਕਿਸੇ ਦੀ ਜਾਨ ਜਾ ਸਕਦੀ ਸੀ।
ਇਸ ਨਾਲ ਪੂਰਾ ਹਾਲ ਧੂੰਏ ਨਾਲ ਭਰ ਗਿਆ। ਭਗਤ ਸਿੰਘ ਚਾਹੁੰਦੇ ਤਾਂ ਭੱਜ ਵੀ ਸਕਦੇ ਸੀ ਪਰ ਉਹਨਾਂ ਨੇ ਪਹਿਲਾਂ ਹੀ ਸੋਚ ਰੱਖਿਆ ਸੀ ਕਿ ਉਹਨਾਂ ਨੂੰ ਸਜ਼ਾ ਸਵੀਕਾਰ ਹੈ ਭਾਵੇਂ ਉਹ ਫਾਂਸੀ ਹੀ ਕਿਉਂ ਨਾ ਹੋਵੇ, ਉਹਨਾਂ ਨੇ ਭੱਜਣ ਤੋਂ ਮਨਾ ਕਰ ਦਿੱਤਾ। ਉਸ ਸਮੇਂ ਉਹਨਾਂ ਦੋਨਾਂ ਨੇ ਖਾਕੀ ਕਮੀਜ਼ ਅਤੇ ਨਿੱਕਰ ਪਾਈ ਹੋਈ ਸੀ। ਬੰਬ ਸੁੱਟਣ ਤੋਂ ਬਾਅਦ ਉਹਨਾਂ ਦੋਨਾਂ ਨੇ ‘‘ਇਨਕਲਾਬ-ਜਿੰਦਾਬਾਦ, ਸਾਮਰਾਜਵਾਦ-ਮੁਰਦਾਬਾਦ’’ ਦਾ ਨਾਹਰਾ ਲਗਾਇਆ ਅਤੇ ਆਪਣੇ ਨਾਲ ਲਿਆਂਦੇ ਹੋਏ ਅੰਗਰੇਜ ਸਰਕਾਰ ਵਿਰੋਧੀ ਪਰਚੇ ਹਵਾ ਵਿੱਚ ਉਛਾਲ ਦਿੱਤੇ। ਕੁਝ ਦੇਰ ਬਾਅਦ ਪੁਲਿਸ ਆ ਗਈ ਅਤੇ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜੇਲ ਵਿੱਚ ਭਗਤ ਸਿੰਘ ਕਰੀਬ 2 ਸਾਲ ਰਹੇ। ਇਸ ਦੌਰਾਨ ਉਹ ਲੇਖ ਲਿਖ ਕੇ ਆਪਣੇ ਕ੍ਰਾਂਤੀਕਾਰੀ ਵਿਚਾਰ ਪ੍ਰਗਟ ਕਰਦੇ ਰਹੇ। ਸ਼ਹੀਦ ਭਗਤ ਸਿੰਘ ਨੂੰ ਪੰਜਾਬੀ, ਉਰਦੂ, ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ ਬਾਂਗਲਾ ਵੀ ਆਉਂਦੀ ਸੀ ਜਿਹੜੀ ਉਹਨਾਂ ਨੇ ਬਟੁਕੇਸ਼ਵਰ ਦੱਤ ਤੋਂ ਸਿੱਖੀ ਸੀ। ਉਹਨਾਂ ਦਾ ਵਿਸ਼ਵਾਸ਼ ਸੀ ਕਿ ਉਹਨਾਂ ਦੀ ਮੋਤ ਤੋਂ ਬਾਦ ਦੇਸ ਦੀ ਜਨਤਾ ਹੋਰ ਅੰਦੋਲਨਕਾਰੀ ਹੋ ਜਾਵੇਗੀ ਜੋਕਿ  ਉਹਨਾਂ ਦੇ ਜਿੰਦਾਂ ਰਹਿਣ ਨਾਲ ਸ਼ਾਇਦ ਹੀ ਹੋ ਪਾਵੇ। ਇਸ ਕਾਰਨ ਹੀ ਉਨ੍ਹਾਂ ਨੇ ਮੌਤ ਦੀ ਸਜ਼ਾ ਸੁਣਾਉਣ ਦੇ ਬਾਅਦ ਵੀ ਮਾਫੀਨਾਮਾ ਲਿਖਣ ਤੋਂ ਸਾਫ ਮਨ੍ਹਾਂ ਕਰ ਦਿੱਤਾ ਸੀ। ਉਹਨਾਂ ਨੇ ਅੰਗਰੇਜ਼ ਸਰਕਾਰ ਨੂੰ ਇੱਕ ਚਿੱਠੀ ਵੀ ਲਿਖੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਉਹਨਾਂ ਨੂੰ ਅੰਗਰੇਜ਼ੀ ਸਰਕਾਰ ਦੇ ਖਿਲਾਫ ਭਾਰਤੀਆਂ ਦੇ ਯੁੱਧ ਦਾ ਪ੍ਰਤੀਕ ਇੱਕ ਯੁੱਧਬੰਦੀ ਸਮਝਿਆ ਜਾਵੇ ਅਤੇ ਫਾਂਸੀ ਦੇਣ ਦੀ ਬਜਾਏ ਗੋਲੀ ਨਾਲ ਉਡਾ ਦਿੱਤਾ ਜਾਵੇ। ਚੰਦਰ ਸ਼ੇਖਰ ਆਜ਼ਾਦ ਨਾਲ ਪਹਿਲੀ ਮੁਲਾਕਾਤ ਦੇ ਸਮੇਂ ਬਲਦੀ ਹੋਈ ਮੋਮਬੱਤੀ ਉਪਰ ਹੱਥ ਰੱਖ ਕੇ ਉਹਨਾਂ ਨੇ ਕਸਮ ਖਾਧੀ ਸੀ ਕਿ ਉਹਨਾਂ ਦੀ ਜ਼ਿੰਦਗੀ ਦੇਸ਼ ਉਪਰ ਹੀ ਕੁਰਬਾਨ ਹੋਵੇਗੀ ਅਤੇ ਉਹਨਾਂ ਨੇ ਆਪਣੀ ਉਹ ਕਸਮ ਪੂਰੀ ਕਰਕੇ ਵਿਖਾਈ। ਜ਼ੇਲ ਵਿੱਚ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ 64 ਦਿਨਾਂ ਤੱਕ ਭੁੱਖ ਹੜਤਾਲ ਕੀਤੀ ਅਤੇ ਇਸ ਦੌਰਾਨ ਉਹਨਾਂ ਦੇ ਇੱਕ ਸਾਥੀ ਜਤਿੰਦਰਨਾਥ ਦਾਸ ਨੇ ਤਾਂ ਭੁੱਖ ਹੜਤਾਲ ਵਿੱਚ ਆਪਣੇ ਪ੍ਰਾਣ ਹੀ ਤਿਆਗ ਦਿੱਤੇ। ਲਹੋਰ ਵਿੱਚ ਸਾਂਡਰਸ ਦੇ ਕਤਲ, ਅਸੈਂਬਲੀ ਵਿੱਚ ਬੰਬ ਧਮਾਕਾ ਦੇ ਕੇਸ ਚੱਲੇ। 07 ਅਕਤੂਬਰ, 1930 ਨੂੰ ਟ੍ਰਿਬਿਊਨਲ ਦਾ ਫੈਸਲਾ ਜੇਲ ਵਿੱਚ ਪਹੁੰਚਿਆ ਜਿਸ ਅਨੁਸਾਰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ, ਕਮਲਨਾਥ, ਵਿਜੈ ਕੁਮਾਰ, ਜੈਦੇਵ ਕਪੂਰ, ਸ਼ਿਵ ਵਰਮਾ, ਗਯਾ ਪ੍ਰਸਾਦ, ਕਿਸ਼ੋਰੀ ਲਾਲ ਅਤੇ ਮਹਾਂਵੀਰ ਸਿੰਘ ਨੂੰ ਉਮਰਕੈਦ, ਕੁੰਦਨ ਲਾਲ ਨੂੰ 07 ਸਾਲ ਅਤੇ ਪ੍ਰੇਮ ਦੱਤ ਨੂੰ 03 ਸਾਲ ਕੈਦ ਏ ਬਾਮੁਸ਼ਕਤ ਦੀ ਸਜ਼ਾ ਸੁਣਾਈ ਗਈ। ਅਦਾਲਤੀ ਹੁਕਮਾਂ ਅਨੁਸਾਰ ਇਨ੍ਹਾਂ ਕ੍ਰਾਂਤੀਕਾਰੀਆਂ ਨੂੰ ਫਾਂਸੀ ਦੇਣ ਲਈ 24 ਮਾਰਚ 1931 ਦਾ ਦਿਨ ਅਤੇ ਸਵੇਰੇ 8 ਵਜੇ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਸੀ ਪਰੰਤੂ ਅੰਗਰੇਜੀ ਹਕੂਮਤ ਨੇ 23 ਮਾਰਚ 1931 ਨੂੰ ਸ਼ਾਮ ਨੂੰ ਲੱਗਭੱਗ 7 ਵਜਕੇ 33 ਮਿੰਟ ਤੇ ਸ਼ਹੀਦ ਭਗਤ ਸਿੰਘ ਅਤੇ ਉਸਦੇ ਦੋ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੇ ਦਿੱਤੀ ਗਈ। ਫਾਂਸੀ ਤੇ ਜਾਣ ਤੋਂ ਪਹਿਲਾਂ ਉਹ ਰਾਮ ਪ੍ਰਸ਼ਾਦ ਬਿਸਮਿਲ ਦੀ ਜੀਵਨੀ ਪੜ੍ਹ ਰਹੇ ਸੀ ਜੋ ਸਿੰਧ ਦੇ ਇੱਕ ਪ੍ਰਕਾਸ਼ਕ ਭਜਨ ਲਾਲ ਬੂਕਸੇਲਰ ਨੇ ਆਰਟ ਪ੍ਰੈਸ, ਸਿੰਧ ਤੋਂ ਛਾਪੀ ਸੀ। ਕਿਹਾ ਜਾਂਦਾ ਹੈ ਕਿ ਜੇਲ ਦੇ ਅਧਿਕਾਰੀਆਂ ਨੇ ਜਦੋਂ ਉਹਨਾਂ ਨੂੰ ਇਹ ਸੂਚਨਾ ਦਿੱਤੀ ਕਿ ਉਹਨਾਂ ਦੀ ਫਾਂਸੀ ਦਾ ਸਮਾਂ ਆ ਗਿਆ ਹੈ ਤਾਂ ਉਹਨਾਂ ਨੇ ਕਿਹਾ ਸੀ-‘‘ਠਹਿਰੋ, ਪਹਿਲਾਂ ਇੱਕ ਕਾਂਤੀਕਾਰੀ ਦੂਜੇ ਕ੍ਰਾਂਤੀਕਾਰੀ ਨੂੰ ਮਿਲ ਤਾਂ ਲਵੇ।’’ ਫਿਰ ਇੱਕ ਮਿੰਟ ਬਾਅਦ ਕਿਤਾਬ ਨੂੰ ਛੱਤ ਵੱਲ ਉਛਾਲ ਕੇ ਬੋਲੇ-‘‘ਠੀਕ ਹੈ ਹੁਣ ਚੱਲੋ।’’ ਫਾਂਸੀ ਤੇ ਜਾਂਦੇ ਸਮੇਂ ਉਹ ਤਿੰਨੋਂ ਗਾ ਰਹੇ ਸੀ ਮੇਰਾ ਰੰਗ ਦੇ ਬਸੰਤੀ ਚੋਲਾ, ਮਾਏ ਰੰਗ ਦੇ ਬਸੰਤੀ ਚੋਲਾ॥ ਫਾਂਸੀ ਤੋਂ ਬਾਅਦ ਕਿਤੇ ਅੰਦੋਲਨ ਨਾ ਭੜਕ ਜਾਵੇ ਇਸਦੇ ਡਰ ਤੋਂ ਅੰਗਰੇਜ਼ਾਂ ਨੇ ਪਹਿਲਾਂ ਇਹਨਾਂ ਦੇ ਸ਼ਰੀਰ ਦੇ ਟੁਕੜੇ ਕਰ ਦਿੱਤੇ ਅਤੇ ਫਿਰ ਬੋਰੀਆਂ ਵਿੱਚ ਭਰ ਕੇ ਫਿਰੋਜ਼ਪੁਰ ਵੱਲ ਲੈ ਗਏ ਜਿੱਥੇ  ਮਿੱਟੀ ਦਾ ਤੇਲ ਪਾ ਕੇ ਇਹਨਾਂ ਦੇ ਮ੍ਰਿਤਕ ਸ਼ਰੀਰਾਂ ਨੂੰ ਜਲਾਇਆ ਜਾਣ ਲੱਗਾ।
ਪਿੰਡ ਦੇ ਲੋਕਾਂ ਨੇ ਅੱਗ ਬਲਦੀ ਦੇਖੀ ਤਾਂ ਨੇੜੇ ਆਏ। ਇਸਤੋਂ ਡਰ ਕੇ ਅੰਗਰੇਜ਼ਾਂ ਨੇ ਇਹਨਾਂ ਦੀਆਂ ਲਾਸ਼ਾਂ ਦੇ ਅੱਧਜਲੇ ਟੁਕੜਿਆਂ ਨੂੰ ਸਤਲੁਜ ਦਰਿਆ ਵਿੱਚ ਸੁੱਟ ਦਿੱਤਾ ਅਤੇ ਭੱਜ ਗਏ। ਜਦੋਂ ਪਿੰਡ ਵਾਲੇ ਨੇੜੇ ਆਏ ਤਾਂ ਉਹਨਾਂ ਨੇ ਇਨ੍ਹਾਂ ਦੇ ਮ੍ਰਿਤਕ ਸਰੀਰ ਦੇ ਟੁਕੜਿਆਂ ਨੂੰ ਇਕੱਠਾ ਕਰਕੇ ਦਾਹ ਸੰਸਕਾਰ ਕੀਤਾ। ਭਾਰਤ ਅਤੇ ਪਾਕਿਸਤਾਨ ਦੀ ਜਨਤਾ ਅੱਜ ਵੀ ਸ਼ਹੀਦ ਭਗਤ ਸਿੰਘ ਨੂੰ ਆਜ਼ਾਦੀ ਦੇ ਦੀਵਾਨੇ ਦੇ ਰੂਪ ਵਿੱਚ ਦੇਖਦੀ ਹੈ ਜਿਸਨੇ ਆਪਣੀ ਜਵਾਨੀ ਸਮੇਤ ਸਾਰੀ ਜ਼ਿੰਦਗੀ ਦੇਸ਼ ਦੇ ਲਈ ਸਮਰਪਿਤ ਕਰ ਦਿੱਤੀ।

Comments are closed.

COMING SOON .....


Scroll To Top
11