Wednesday , 3 June 2020
Breaking News
You are here: Home » NATIONAL NEWS » ਦੇਸ਼ ਦੀ ਸੰਸਦ ਚਾਹੇ ਤਾਂ ਕਰਾਂਗੇ ਮਕਬੂਜ਼ਾ ਕਸ਼ਮੀਰ ’ਤੇ ਕਾਰਵਾਈ : ਫੌਜ ਮੁਖੀ ਨਰਵਾਣੇ

ਦੇਸ਼ ਦੀ ਸੰਸਦ ਚਾਹੇ ਤਾਂ ਕਰਾਂਗੇ ਮਕਬੂਜ਼ਾ ਕਸ਼ਮੀਰ ’ਤੇ ਕਾਰਵਾਈ : ਫੌਜ ਮੁਖੀ ਨਰਵਾਣੇ

ਉੱਤਰੀ ਸਰਹੱਦ ’ਤੇ ਉੱਭਰੀਆਂ ਚੁਣੌਤੀਆਂ ਦਾ ਟਾਕਰਾ ਕਰਨ ਲਈ ਭਾਰਤ ਤਿਆਰ

ਨਵੀਂ ਦਿੱਲੀ, 11 ਜਨਵਰੀ- ਭਾਰਤੀ ਫੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਨੇ ਕਿਹਾ ਕਿ ਜੇਕਰ ਸੰਸਦ ਚਾਹੇ ਤਾਂ ਪੀ. ਓ. ਕੇ. (ਮਕਬੂਜ਼ਾ ਕਸ਼ਮੀਰ) ’ਤੇ ਵੀ ਕਾਰਵਾਈ ਕਰਾਂਗੇ। ਦਿੱਲੀ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘‘ਪੂਰਾ ਕਸ਼ਮੀਰ ਭਾਰਤ ਦਾ ਹਿੱਸਾ ਹੈ। ਜੇਕਰ ਸੰਸਦ ਨੇ ਕਿਹਾ ਕਿ ਉਹ ਇਲਾਕਾ (ਪੀ. ਓ. ਕੇ.) ਵੀ ਸਾਡਾ ਹੋਣਾ ਚਾਹੀਦਾ ਅਤੇ ਸਾਨੂੰ ਉਸ ਇਰਾਦੇ ਨਾਲ ਹੁਕਮ ਦੇਵੇ ਤਾਂ ਅਸੀਂ ਉਸ ਦੇ ਲਈ ਉੱਚਿਤ ਕਾਰਵਾਈ ਕਰਾਂਗੇ।’’ ਉਨ੍ਹਾਂ ਅੱਗੇ ਕਿਹਾ ਕਿ ਸਿਆਚਿਨ ਸਾਡੇ ਲਈ ਬਹੁਤ ਅਹਿਮ ਹੈ। ਉਨ੍ਹਾਂ ਨੇ ਆਪਣੀ ਪਹਿਲੀ ਪ੍ਰੈੱਸ ਕਾਨਫ਼ਰੰਸ ’ਚ ਵਿਸ਼ਵਾਸ ਭਰਿਆ ਪੈਗ਼ਾਮ ਦਿੰਦਿਆਂ ਕਿਹਾ ਕਿ ਸੁਰੱਖਿਆ ਸਾਡੀ ਤਰਜ਼ੀਹ ਹੈ, ਸੁਰੱਖਿਆ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ। ਜਨਰਲ ਨਰਵਣੇ ਨੇ ਕਿਹਾ ਕਿ ਸੀ.ਡੀ.ਐਸ. ਦੇ ਗਠਨ ਤੇ ਫ਼ੌਜੀ ਮਾਮਲਿਆਂ ਦਾ ਵਿਭਾਗ ਬਣਾਉਣ ਨੂੰ ਲੈ ਕੇ ਫ਼ੌਜਾਂ ਦੀ ਇੱਕਜੁਟਤਾ ਦੀ ਦਿਸ਼ਾ ਵਿੱਚ ਇਹ ਇੱਕ ਬਹੁਤ ਵੱਡਾ ਕਦਮ ਹੈ ਤੇ ਅਸੀਂ ਆਪਣੇ ਵੱਲੋਂ ਇਹ ਯਕੀਨੀ ਬਣਾਵਾਂਗੇ ਕਿ ਇਹ ਸਫ਼ਲ ਰਹੇ। ਤਿੰਨੇ ਫ਼ੌਜਾਂ ’ਚ ਆਪਸੀ ਤਾਲਮੇਲ ਸਭ ਤੋਂ ਵੱਧ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਡੇ ਜਵਾਨ ਸਾਡੀ ਸਭ ਤੋਂ ਵੱਡੀ ਤਾਕਤ ਹਨ ਤੇ ਭਵਿੱਖ ’ਚ ਉਨ੍ਹਾਂ ਦੀ ਸਿਖਲਾਈ ’ਤੇ ਸਾਡਾ ਜ਼ੋਰ ਰਹੇਗਾ। ਚੀਨ ਵੱਲੋਂ ਸਰਹੱਦੀ ਖੇਤਰ ’ਚ ਕੀਤੇ ਜਾ ਰਹੇ ਫ਼ੌਜੀ ਬੁਨਿਆਦੀ ਢਾਂਚੇ ਦੇ ਵਿਸਥਾਰ ਨੂੰ ਲੈ ਕੇ ਫ਼ੌਜ ਮੁਖੀ ਨਰਵਣੇ ਨੇ ਕਿਹਾ ਕਿ ਅਸੀਂ ਉੱਤਰੀ ਸਰਹੱਦ ਉੱਤੇ ਉੱਭਰੀਆਂ ਚੁਣੌਤੀਆਂ ਨਾਲ ਨਿਪਟਣ ਲਈ ਤਿਆਰ ਹਾਂ। ਜਨਰਲ ਨਰਵਣੇ ਨੇ ਇਹ ਵੀ ਕਿਹਾ ਕਿ ਫ਼ੌਜ ਦੇ ਰੂਪ ਵਿੱਚ ਅਸੀਂ ਭਾਰਤ ਦੇ ਸੰਵਿਧਾਨ ਪ੍ਰਤੀ ਨਿਸ਼ਠਾ ਦੀ ਸਹੁੰ ਚੁੱਕਦੇ ਹਾਂ ਤੇ ਉਹ ਸਾਡੀ ਹਰ ਵੇਲੇ ਸਾਡੇ ਕੰਮਾਂ ਵਿੱਚ ਮਾਰਗ–ਦਰਸ਼ਨ ਕਰਦਾ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ’ਚ ਨਿਹਿਤ ਨਿਆਂ, ਆਜ਼ਾਦੀ, ਸਮਾਨਤਾ ਤੇ ਭਾਈਚਾਰੇ ਦਾ ਸਾਨੂੰ ਮਾਰਗ–ਦਰਸ਼ਨ ਕਰਨਾ ਚਾਹੀਦਾ ਹੈ। ਪੁੰਛ ਸੈਕਟਰ ’ਚ ਪਾਕਿਸਤਾਨੀ ਫ਼ੌਜ ਵੱਲੋਂ 2 ਨਿਹੱਥੇ ਨਾਗਰਿਕਾਂ ਦੇ ਕਤਲਾਂ ਦੇ ਮਾਮਲੇ ਬਾਰੇ ਪੁੱਛੇ ਸੁਵਾਲ ਦੇ ਜੁਆਬ ’ਚ ਫ਼ੌਜ ਮੁਖੀ ਨੇ ਕਿਹਾ ਕਿ ਅਸੀਂ ਅਜਿਹੀਆਂ ਵਹਿਸ਼ੀਆਨਾ ਗਤੀਵਿਧੀਆਂ ਦਾ ਸਹਾਰਾ ਨਹੀਂ ਲੈਂਦੇ ਤੇ ਬਹੁਤ ਹੀ ਪੇਸ਼ੇਵਰਾਨਾ ਢੰਗ ਨਾਲ ਲੜਦੇ ਹਾਂ। ਅਸੀਂ ਅਜਿਹੇ ਹਾਲਾਤ ਨਾਲ ਫ਼ੌਜੀ ਤਰੀਕੇ ਹੀ ਨਿਪਟਾਂਗੇ।

Comments are closed.

COMING SOON .....


Scroll To Top
11