Tuesday , 16 July 2019
Breaking News
You are here: Home » EDITORIALS » ਦੇਸ਼ ’ਚ ਮਹਿੰਗਾਈ ਵਧਣ ਦਾ ਖਦਸ਼ਾ

ਦੇਸ਼ ’ਚ ਮਹਿੰਗਾਈ ਵਧਣ ਦਾ ਖਦਸ਼ਾ

ਤੇਲ ਪਦਾਰਥਾਂ ਦੀਆਂ ਕੀਮਤਾਂ ਦੇ ਬੇਰੋਕ ਵਾਧੇ ਕਾਰਨ ਆਮ ਲੋਕਾਂ ਉਪਰ ਵੱਡਾ ਆਰਥਿਕ ਬੋਝ ਪੈ ਗਿਆ ਹੈ। ਤੇਲ ਪਦਾਰਥਾਂ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਹੁਣ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਣਾ ਯਕੀਨੀ ਹੈ। ਇਸ ਨਾਲ ਆਮ ਆਦਮੀ ਦੀ ਜ਼ਿੰਦਗੀ ਹੋਰ ਮੁਸ਼ਕਿਲ ਹੋ ਜਾਵੇਗੀ। ਇਹ ਬੇਹਦ ਸੰਕਟ ਵਾਲੇ ਹਾਲਾਤ ਹਨ। ਕੇਂਦਰ ਸਰਕਾਰ ਇਸ ਨਾਲ ਨਜਿੱਠਣ ਵਿੱਚ ਬੁਰੀ ਤਰ੍ਹਾਂ ਅਸਫਲ ਰਹੀ ਹੈ। ਕੇਂਦਰੀ ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਹਨ। ਉਹ ਆਪਣੇ ਅੰਤਰਾਲੇ ਵੱਲ ਲੋੜੀਂਦਾ ਧਿਆਨ ਨਹੀਂ ਦੇ ਰਹੇ। ਵਿੱਤ ਮੰਤਰਾਲਾ ਵੱਡੀ ਅਹਿਮੀਅਤ ਰੱਖਦਾ ਹੈ। ਇਹ ਬੇਹਦ ਦੁਖਦਾਇਕ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਇਸ ਗੱਲ ਨੂੰ ਸਮਝ ਨਹੀਂ ਰਹੀ। ਬੇਸ਼ਕ ਆਰਜ਼ੀ ਤੌਰ ’ਤੇ ਵਿੱਤ ਮੰਤਰਾਲਾ ਰੇਲ ਮੰਤਰੀ ਨੂੰ ਦਿੱਤਾ ਗਿਆ ਹੈ ਪ੍ਰੰਤੂ ਮੌਜੂਦਾ ਹਾਲਾਤਾਂ ਵਿੱਚ ਇਹ ਨੀਤੀਗਤ ਫੈਸਲੇ ਲੈਣ ਦੇ ਸਮਰੱਥ ਨਹੀਂ ਹਨ। ਇਸ ਸਥਿਤੀ ਦਾ ਦੇਸ਼ ਦੀ ਆਰਥਿਕ ਹਾਲਤ ਉਪਰ ਬਹੁਤ ਮਾੜਾ ਅਸਰ ਪੈ ਰਿਹਾ ਹੈ। ਬੈਂਕਾਂ ਦੇ ਕੰਮਕਾਜ ਵਿੱਚ ਵੀ ਲਗਾਤਾਰ ਰੋਕ ਪੈ ਰਹੀ ਹੈ। ਬੈਂਕਾਂ ਨਗਦੀ ਦੀ ਕਮੀ ਨਾਲ ਜੁਝ ਰਹੀਆਂ ਹਨ। ਲੋਕਾਂ ਨੂੰ ਆਪਣੇ ਹੀ ਪੈਸੇ ਲੈਣ ਲਈ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਡਨ ਐਂਡ ਬਰਾਡ ਸਟਰੀਟ ਦੇ ਸਰਵੇ ਅਨੁਸਾਰ ਭਾਰਤ ਵਿਚ ਤੇਲ ਕੀਮਤਾਂ ਵਿਚ ਵਾਧਾ ਪਿਛਲੇ ਕਿਸੇ ਵੀ ਸਮੇਂ ਦੇ ਮੁਕਾਬਲੇ ਸਿਖ਼ਰਾਂ ਨੂੰ ਛੂਹ ਰਿਹਾ ਹੈ ਅਤੇ ਇਸ ਦਾ ਅਸਰ ਦੂਜੀਆਂ ਵਸਤਾਂ ਉਤੇ ਪੈਣਾ ਵੀ ਯਕੀਨੀ ਹੈ। ਜਦੋਂ ਵੀ ਤੇਲ ਕੀਮਤਾਂ ਵਿੱਚ ਵਾਧਾ ਹੁੰਦਾ ਹੈ ਤਦ ਚੀਜ਼ਾਂ ਵਸਤਾਂ ਦੀ ਢੋਆ-ਢੁਆਈ ਉਪਰ ਖਰਚਾ ਵਧਣ ਕਾਰਨ ਕੀਮਤਾਂ ਵਿੱਚ ਵਾਧਾ ਹੋ ਜਾਂਦਾ ਹੈ। ਤੇਲ ਕੀਮਤਾਂ ਵਿੱਚ ਪਿਛਲੇ ਕੁਝ ਸਮੇਂ ਤੋਂ ਬੇਰੋਕ ਵਾਧਾ ਹੋ ਰਿਹਾ ਹੈ। ਪੈਟਰੋਲ ਦੀ ਪ੍ਰਤੀ ਲੀਟਰ ਕੀਮਤ 80 ਰੁਪਏ ਦੇ ਨੇੜੇ ਹੋ ਗਈ ਹੈ। ਡੀਜ਼ਲ ਦੀ ਕੀਮਤ ਪ੍ਰਤੀ ਲੀਟਰ 70 ਰੁਪਏ ਦੇ ਆਸ-ਪਾਸ ਹੈ। ਤੇਲ ਦੀਆਂ ਇਹ ਕੀਮਤਾਂ ਸਭ ਉਪਰ ਭਾਰੂ ਪੈ ਰਹੀਆਂ ਹਨ। ਕਿਸਾਨਾਂ ਨੂੰ ਖਾਸ ਤਰ੍ਹਾਂ ਮਹਿੰਗੇ ਮੁੱਲ ਦਾ ਡੀਜ਼ਲ ਖਰੀਦਣਾ ਪੈ ਰਿਹਾ ਹੈ। ਦੂਸਰੇ ਪਾਸੇ ਕੌਮਾਂਤਰੀ ਮੰਡੀ ਵਿੱਚ ਰੁਪਏ ਦੀ ਕੀਮਤ ਲਗਾਤਰ ਘੱਟ ਰਹੀ ਹੈ। ਕੌਮਾਂਤਰੀ ਵਪਾਰ ਵਿਚ ਤਣਾਅ ਪੈਦਾ ਹੋ ਰਿਹਾ ਹੈ। ਇਹ ਸਾਰੇ ਕਾਰਕ ਮਹਿੰਗਾਈ ਨੂੰ ਵਧਾਉਣ ਵਿੱਚ ਹਿੱਸਾ ਪਾ ਰਹੇ ਹਨ। ਪੈਟਰੋਲ ਅਤੇ ਡੀਜ਼ਲ ਦੀ ਕੀਮਤ ਦੇ ਵਾਧੇ ਨਾਲ ਸਰਕਾਰ ਉਪਰ ਇਸ ਗੱਲ ਲਈ ਵੀ ਦਬਾਅ ਪੈ ਰਿਹਾ ਹੈ ਕਿ ਰਸੋਈ ਗੈਸ ਦੀਆਂ ਕੀਮਤਾਂ ਵਧਾਈਆਂ ਜਾਣ। ਤੇਲ ਕੀਮਤਾਂ ਵਿੱਚ ਕਟੌਤੀ ਦੇ ਕੋਈ ਆਸਾਰ ਨਹੀਂ ਹਨ। ਕੌਮਾਂਤਰੀ ਮੰਡੀ ਵਿੱਚ ਹੁਣ ਕੱਚਾ ਤੇਲ ਵੀ ਮਹਿੰਗਾ ਹੋ ਗਿਆ ਹੈ। ਕੇਂਦਰ ਸਰਕਾਰ ਤੇਲ ਪਦਾਰਥਾਂ ਉਪਰ ਟੈਕਸ ਦਰਾਂ ਘਟਾਉਣ ਲਈ ਰਾਜੀ ਨਹੀਂ ਹੈ। ਤੇਲ ਕੰਪਨੀਆਂ ਆਪਣੇ ਮੋਟੇ ਮੁਨਾਫੇ ਲਈ ਸਰਕਾਰ ਨੂੰ ਤੇਲ ਕੀਮਤਾਂ ਵਿੱਚ ਪ੍ਰਤੀਦਿਨ ਵਾਧੇ ਲਈ ਰਾਜ਼ੀ ਕਰ ਲੈਂਦੀਆਂ ਹਨ। ਇਸ ਨਾਲ ਦੇਸ਼ ਦੀ ਆਰਥਿਕਤਾ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਆਮ ਲੋਕਾਂ ਲਈ ਦੋ ਵੇਲੇ ਦੀ ਰੋਟੀ ਹੀ ਮੁਸ਼ਕਿਲ ਹੈ। ਹੋਰ ਮਹਿੰਗਾਈ ਵਧਣ ਨਾਲ ਲੋਕ ਭੁੱਖਮਰੀ ਤੱਕ ਦਾ ਸ਼ਿਕਾਰ ਹੋ ਸਕਦੇ ਹਨ। ਨੋਟਬੰਦੀ ਤੋਂ ਬਾਅਦ ਦੇਸ਼ ਵਿੱਚ ਆਰਥਿਕ ਹਾਲਤ ਹਾਲੇ ਤੱਕ ਸਾਜ਼ਗਾਰ ਨਹੀਂ ਹੋਏ। ਕਰੋੜਾਂ ਲੋਕਾਂ ਦੀਆਂ ਨੌਕਰੀਆਂ ਖੁਸ ਗਈਆਂ ਹਨ। ਦੂਸਰੇ ਪਾਸੇ ਜੀ.ਐਸ.ਟੀ. ਦੀਆਂ ਉਲਝਣਾ ਕਾਰਨ ਵਪਾਰਕ ਅਤੇ ਉਦਯੋਗਿਕ ਸਰਗਰਮੀਆਂ ਮੱਠੀਆਂ ਪੈ ਗਈਆਂ ਹਨ। ਕਾਰੋਬਾਰ ਦੇ ਮੰਦਵਾੜੇ ਕਾਰਨ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਘੱਟ ਰਹੇ ਹਨ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਇਸ ਸਥਿਤੀ ਵੱਲ ਧਿਆਨ ਦੇਵੇ। ਚੰਗਾ ਹੋਵੇਗਾ ਜੇਕਰ ਸ਼੍ਰੀ ਅਰੁਣ ਜੇਤਲੀ ਦੀ ਥਾਂ ਕੋਈ ਯੋਗ ਅਤੇ ਸਮਰੱਥ ਨਵਾਂ ਵਿੱਤ ਮੰਤਰੀ ਨਿਯੁਕਤ ਕੀਤਾ ਜਾਵੇ।
22 ਮਈ 2018 – ਬਲਜੀਤ ਸਿੰਘ ਬਰਾੜ

 

 

Comments are closed.

COMING SOON .....


Scroll To Top
11