Thursday , 27 February 2020
Breaking News
You are here: Home » PUNJAB NEWS » ਦਿੱਲੀ ਵਿਖੇ ਗਣਤੰਤਰ ਦਿਵਸ ਪਰੇਡ ਮੌਕੇ ਪੰਜਾਬ ਦੀ ਝਾਕੀ ਗੁਰੂ ਨਾਨਕ ਦੇਵ ਜੀ ਦੇ ਸਦੀਵੀ ਸੰਦੇਸ਼ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਨੂੰ ਰੂਪਮਾਨ ਕਰੇਗੀ

ਦਿੱਲੀ ਵਿਖੇ ਗਣਤੰਤਰ ਦਿਵਸ ਪਰੇਡ ਮੌਕੇ ਪੰਜਾਬ ਦੀ ਝਾਕੀ ਗੁਰੂ ਨਾਨਕ ਦੇਵ ਜੀ ਦੇ ਸਦੀਵੀ ਸੰਦੇਸ਼ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਨੂੰ ਰੂਪਮਾਨ ਕਰੇਗੀ

ਚੰਡੀਗੜ੍ਹ, 22 ਜਨਵਰੀ- ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਕੁੱਲ ਆਲਮ ਨੂੰ ਦਿੱਤੇ ਸਦੀਵੀ ਸੰਦੇਸ਼ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਨੂੰ 26 ਜਨਵਰੀ ਨੂੰ ਨਵੀਂ ਦਿੱਲੀ ਵਿਖੇ ਗਣਤੰਤਰ ਦਿਵਸ ਪਰੇਡ ਲਈ ਪੰਜਾਬ ਸਰਕਾਰ ਦੀ ਝਾਕੀ ਦੇ ਵਿਸ਼ੇ ਵਜੋਂ ਰੂਪਮਾਨ ਕੀਤਾ ਜਾਵੇਗਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਗਣਤੰਤਰ ਦਿਵਸ-2020 ਮੌਕੇ ਪੰਜਾਬ ਰਾਜ ਦੀ ਝਾਕੀ ਨੂੰ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੇ ਨਾਲ-ਨਾਲ ਉਨ੍ਹਾਂ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਾਲ ਭਰ ਚੱਲੇ ਸਮਾਗਮਾਂ ਨੂੰ ਸਮਰਪਿਤ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਨੇ ਗੁਰੂ ਸਾਹਿਬ ਦੇ ਮਾਨਵੀ ਸਿਧਾਂਤਾਂ ‘ਤੇ ਆਧਾਰਤ ਫ਼ਲਸਫ਼ੇ ‘ਕਿਰਤ ਕਰੋ’, ‘ਨਾਮ ਜਪੋ’, ‘ਵੰਡ ਛਕੋ’ ਨੂੰ ਦਰਸਾਉਣ ਦੀ ਨਿਮਾਣੀ ਕੋਸ਼ਿਸ਼ ਕੀਤੀ ਹੈ ਜਿਸ ਦੀ ਅਜੋਕੇ ਸਮੇਂ ਵਿਚ ਵੀ ਅਹਿਮੀਅਤ ਹੈ। ਉਨ੍ਹਾਂ ਕਿਹਾ ਕਿ ‘ਕਿਰਤ ਕਰੋ’ ਦਾ ਸਿਧਾਂਤ ਈਮਾਨਦਾਰ ਸਾਧਨਾਂ ਰਾਹੀਂ ਰੋਜ਼ੀ-ਰੋਟੀ ਕਮਾਉਣ ਦਾ ਸੰਦੇਸ਼ ਦਿੰਦਾ ਹੈ ਜਦਕਿ ‘ਨਾਮ ਜਪੋ’ ਦੇ ਸਿਧਾਂਤ ਰਾਹੀਂ ਅਕਾਲ ਪੁਰਖ ਦੇ ਨਾਮ ਦਾ ਨਿਰੰਤਰ ਜਾਪ ਕਰਨ ਲਈ ਪ੍ਰੇਰਿਆ ਗਿਆ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਆਪਣੇ ਤੀਸਰੇ ਸਿਧਾਂਤ ‘ਵੰਡ ਛਕੋ’ ਰਾਹੀਂ ਲੋਕਾਈ ਨੂੰ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਆਪਣੀ ਮਿਹਨਤ ਦੇ ਫਲ ਨੂੰ ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ ਹੈ।ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਹਿਣਸ਼ੀਲਤਾ, ਸ਼ਾਂਤੀ, ਭਾਈਚਾਰਕ ਸਾਂਝ, ਔਰਤਾਂ ਨੂੰ ਸਮਰੱਥ ਬਣਾਉਣ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਜਿਹੇ ਨੈਤਿਕ ਮੁੱਲਾਂ ‘ਤੇ ਆਧਾਰਤ ਸੰਦੇਸ਼ ਕੁੱਲ ਆਲਮ ਲਈ ਧਰਮਾਂ ਵਿਚਾਲੇ ਪਰਸਪਰ ਸਾਂਝ ਦਾ ਪ੍ਰਤੀਕ ਹਨ।ਬੁਲਾਰੇ ਨੇ ਅੱਗੇ ਦੱਸਿਆ ਕਿ ਸਮੁੱਚੀ ਝਾਕੀ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਵਿਆਪਕ ਸਿੱਖਿਆਵਾਂ ਰਾਹੀਂ ਅਧਿਆਤਮਕ ਅਤੇ ਮੁਕੱਦਸ ਰਿਸ਼ਮਾਂ ਬਿਖੇਰੇਗੀ। ਝਾਕੀ ਵਿੱਚ ਟਰੈਕਟਰ ਵਾਲੇ ਹਿੱਸੇ ‘ਤੇ ਵਿਸ਼ਾਲ ਅਤੇ ਵਿਲੱਖਣ ਹੱਥ ‘ਇੱਕ ਅਕਾਲ ਪੁਰਖ’ ਦੇ ਫ਼ਲਸਫ਼ੇ ਨੂੰ ਦਰਸਾਉਂਦਾ ਹੈ। ਟਰੈਲਰ ਉਪਰ ਸਿੱਖ ਧਰਮ ਦੇ ਤਿੰਨ ਬੁਨਿਆਦੀ ਸਿਧਾਂਤ ‘ਕਿਰਤ ਕਰੋ’, ‘ਨਾਮ ਜਪੋ’, ‘ਵੰਡ ਛਕੋ’ ਦ੍ਰਿਸ਼ਮਾਨ ਕੀਤੇ ਗਏ ਹਨ। ਟਰੈਲਰ ਦੀ ਸ਼ੁਰੂਆਤ ਵਿੱਚ ਦਰਸਾਇਆ ‘ਕਿਰਤ ਕਰੋ’ ਦਾ ਸੰਦੇਸ਼ ਵਿਅਕਤੀ, ਪਰਿਵਾਰ ਅਤੇ ਸਮਾਜ ਦੀ ਭਲਾਈ ਅਤੇ ਸੁਧਾਰ ਲਈ ਅਕਾਲ-ਪੁਰਖ ਵੱਲੋਂ ਬਖ਼ਸ਼ਿਸ ਕੀਤੇ ਹੁਨਰ, ਕਾਬਲੀਅਤ, ਪ੍ਰਤਿਭਾ ਅਤੇ ਸਖ਼ਤ ਮਿਹਨਤ ਜਿਹੀਆਂ ਰਹਿਮਤਾਂ ਰਾਹੀਂ ਕਿਸੇ ਵਿਅਕਤੀ ਵੱਲੋਂ ਈਮਾਨਦਾਰ, ਪਾਵਨ ਅਤੇ ਸਮਰਪਿਤ ਜ਼ਿੰਦਗੀ ਜਿਊਣ ਨਾਲ ਸਬੰਧਤ ਹੈ। ਇਸ ਤੋਂ ਬਾਅਦ ਟਰੈਲਰ ਦੇ ਵਿਚਕਾਰਲੇ ਹਿੱਸੇ ਵਿਚ ‘ਨਾਮ ਜਪੋ’ ਦੇ ਸਿਧਾਂਤ ਨੂੰ ਦਰਸਾਇਆ ਗਿਆ ਹੈ। ਸਿੱਖ ਧਰਮ ਵਿੱਚ ਇਸ ਦਾ ਭਾਵ ਧਿਆਨ ਲਾਉਣਾ, ਅਕਾਲ ਪੁਰਖ ਦੀ ਉਸਤਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਿਮਰਨ ਕਰਨਾ ਅਤੇ ਪਰਮਾਤਮਾ ਵੱਲੋਂ ਮਨੁੱਖ ਨੂੰ ਬਖ਼ਸ਼ੀਆਂ ਗਈਆਂ ਅਨੰਤ ਰਹਿਮਤਾਂ ਲਈ ਸ਼ੁਕਰਾਨਾ ਕਰਦਿਆਂ ਅਕਾਲ ਪੁਰਖ ਦੇ ਵੱਖ-ਵੱਖ ਨਾਵਾਂ, ਖ਼ਾਸਕਰ ਵਾਹਿਗੁਰੂ ਸ਼ਬਦ ਦਾ ਜਾਪ ਕਰਨਾ ਹੈ, ਜਿਸ ਦਾ ਅਰਥ ਹੈ ‘ਆਦਿ-ਜੁਗਾਦ ਪਰਮਾਤਮਾ’। ਇਸ ਪਿੱਛੋਂ ‘ਵੰਡ ਛਕੋ’ ਦੇ ਸਿਧਾਂਤ ਨੂੰ ਦਰਸਾਇਆ ਗਿਆ ਹੈ, ਜੋ ਸਾਡੇ ਕੋਲ ਉਪਲਬਧ ਪਦਾਰਥਾਂ ਨੂੰ ਸਮਾਜ ਵਿੱਚ ਵੰਡ ਕੇ ਛਕਣ ਦਾ ਸੰਦੇਸ਼ ਦਿੰਦਾ ਹੈ। ਟਰੈਲਰ ਦੇ ਅਖ਼ੀਰ ਵਿੱਚ ਪਰਮਾਤਮਾ ਦੇ ਅਸਥਾਨ ਵਜੋਂ ਗੁਰਦੁਆਰਾ ਸਾਹਿਬ ਨੂੰ ਦਰਸਾਇਆ ਗਿਆ ਹੈ, ਜਿਸ ਤੋਂ ਗੁਰੂ ਜੀ ਦੇ ਇਲਾਹੀ ਸੰਦੇਸ਼ ਦੀ ਅਹਿਮੀਅਤ ਅਤੇ ਅੰਦਰੂਨੀ ਮੁੱਲਾਂ ਦਾ ਗਿਆਨ ਪ੍ਰਾਪਤ ਹੁੰਦਾ ਹੈ। ਇਸ ਝਾਕੀ ਰਾਹੀਂ ਰਾਜਪਥ ‘ਤੇ ਮਹਿਜ਼ 60 ਸੈਕਿੰਡ ਵਿੱਚ ਸਮੂਹ ਦਰਸ਼ਕਾਂ ਵੱਲੋਂ ਆਤਮਕ ਅਡੋਲਤਾ ਦੀ ਦੁਨੀਆਂ ਵਿਚ ਲੀਨ ਹੁੰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਤਿਕਾਰ ਵਿੱਚ ਹੱਥ ਜੋੜ ਕੇ ਸੀਸ ਝੁਕਾਇਆ ਜਾਵੇਗਾ।

Comments are closed.

COMING SOON .....


Scroll To Top
11