Wednesday , 22 January 2020
Breaking News
You are here: Home » NATIONAL NEWS » ਦਿੱਲੀ ਦੀ ਫ਼ੈਕਟਰੀ ‘ਚ ਭਿਆਨਕ ਅੱਗ ਕਾਰਨ 43 ਲੋਕਾਂ ਦੀ ਮੌਤ

ਦਿੱਲੀ ਦੀ ਫ਼ੈਕਟਰੀ ‘ਚ ਭਿਆਨਕ ਅੱਗ ਕਾਰਨ 43 ਲੋਕਾਂ ਦੀ ਮੌਤ

ਦਰਜਨਾਂ ਜ਼ਖ਼ਮੀ ਮੁੱਖ ਮੰਤਰੀ ਵੱਲੋਂ ਮੈਜਿਸਟ੍ਰੇਟੀ ਜਾਂਚ ਦੇ ਹੁਕਮ

ਨਵੀਂ ਦਿੱਲੀ, 8 ਦਸੰਬਰ- ਐਤਵਾਰ ਸਵੇਰੇ ਦਿੱਲੀ ਦੀ ਰਾਣੀ ਝਾਂਸੀ ਰੋਡ ‘ਤੇ ਅਨਾਜ ਮੰਡੀ ਵਿਖੇ ਸਥਿਤ ਇੱਕ ਫ਼ੈਕਟਰੀ ਵਿੱਚ ਭਿਆਨਕ ਅੱਗ ਗਈ। ਜਿਸ ਵਿੱਚ 43 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਜਦੋਂ ਕਿ ਰਾਜਧਾਨੀ ਦੇ ਵੱਖ-ਵੱਖ ਹਸਪਤਾਲਾਂ ਵਿੱਚ 2 ਦਰਜਨ ਤੋਂ ਵੱਧ ਲੋਕਾਂ ਨੂੰ ਦਾਖ਼ਲ ਕਰਵਾਇਆ ਗਿਆ ਹੈ। ਅੱਗ ਇੰਨੀ ਭਿਆਨਕ ਸੀ ਕਿ ਅੱਗ ਬੁਝਾਉਣ ਦੀਆਂ 30 ਗੱਡੀਆਂ ਨੂੰ ਮੌਕੇ ‘ਤੇ ਤਾਇਨਾਤ ਕਰਨਾ ਪਿਆ। ਦਮਕਲ ਵਿਭਾਗ ਦੇ ਕਰਮਚਾਰੀਆਂ ਨੇ 50 ਤੋਂ ਵੱਧ ਲੋਕਾਂ ਨੂੰ ਬਚਾਇਆ ਹੈ। ਅੱਗ ਨਾਲ ਸੜ ਗਏ ਹੋਰਨਾਂ ਨੂੰ ਦਿੱਲੀ ਦੇ ਐਲ.ਐਨ.ਜੇ.ਪੀ, ਸਫਦਰਜੰਗ, ਆਰ.ਐਮ.ਐਲ. ਅਤੇ ਹਿੰਦੂ ਰਾਓ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦਿੱਲੀ ਫਾਇਰ ਸਰਵਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਦੀ ਜਾਣਕਾਰੀ ਸਵੇਰੇ 5.22 ਵਜੇ ਮਿਲੀ, ਜਿਸ ਤੋਂ ਬਾਅਦ 30 ਅੱਗ ਬੁਝਾਉਣ ਵਾਲੀਆਂ ਗੱਡੀਆਂ ਨੂੰ ਮੌਕੇ ‘ਤੇ ਭੇਜਿਆ ਗਿਆ। ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਦਿੱਲੀ ਦੇ ਡਿਪਟੀ ਫਾਇਰ ਚੀਫ਼ ਅਫ਼ਸਰ ਸੁਨੀਲ ਚੌਧਰੀ ਨੇ ਕਿਹਾ ਕਿ ਅੱਗ 600 ਵਰਗ ਫੁੱਟ ਦੇ ਕੁੱਲ ਖੇਤਰ ਵਿੱਚ ਲੱਗੀ। ਅੱਗ ਇਕ ਫ਼ੈਕਟਰੀ ਵਿੱਚ ਲੱਗੀ ਜਿਸ ਵਿੱਚ ਸਕੂਲ ਦੀਆਂ ਬੋਰੀਆਂ, ਬੋਤਲਾਂ ਅਤੇ ਹੋਰ ਸਮਾਨ ਸਟੋਰ ਕੀਤਾ ਗਿਆ ਸੀ। ਚੌਧਰੀ ਨੇ ਕਿਹਾ ਕਿ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾਇਆ ਗਿਆ ਹੈ। ਅੱਗ ਲੱਗਣ ‘ਤੇ ਤਕਰੀਬਨ 50 ਲੋਕ ਫ਼ੈਕਟਰੀ ਦੇ ਅੰਦਰ ਮੌਜੂਦ ਸਨ। ਫ਼ੈਕਟਰੀ ਇੱਕ ਰਿਹਾਇਸ਼ੀ ਖੇਤਰ ਵਿੱਚ ਚੱਲ ਰਹੀ ਸੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਗ ਲੱਗਣ ਵਾਲੀ ਥਾਂ ‘ਤੇ ਪਹੁੰਚੇ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਜ਼ਖ਼ਮੀਆਂ ਦੇ ਮੁਫਤ ਇਲਾਜ ਤੇ ਉਨ੍ਹਾਂ ਨੂੰ ਇੱਕ-ਇੱਕ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਏਗਾ।ਕੇਜਰੀਵਾਲ ਨੇ ਇਸ ਘਟਨਾ ਦੀ ਨਿਆਇਕ ਜਾਂਚ ਦਾ ਹੁਕਮ ਦਿੱਤਾ। ਉਨ੍ਹਾਂ ਨੇ ਇਸ ਪੂਰੇ ਮਾਮਲੇ ਦੀ ਜਾਂਚ ਕਰਕੇ ਹਫਤੇ ਦੇ ਅੰਦਰ-ਅੰਦਰ ਰਿਪੋਰਟ ਸੌਂਪਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਘਟਨਾ ਹੈ। ਅਜਿਹੇ ਸਮੇਂ ਸਰਕਾਰ ਪੀੜਤਾਂ ਦੇ ਨਾਲ ਖੜ੍ਹੀ ਹੈ।- ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੇ ਪ੍ਰਗਟਾਇਆ ਦੁੱਖ- – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ਨੂੰ ਭਿਆਨਕ ਦੱਸਿਆ। ਉਨ੍ਹਾਂ ਟਵੀਟ ਕੀਤਾ, ‘ਦਿੱਲੀ ਦੇ ਰਾਣੀ ਝਾਂਸੀ ਰੋਡ ‘ਤੇ ਸਥਿਤ ਅਨਾਜ ਮੰਡੀ ਵਿੱਚ ਅੱਗ ਲੱਗਣ ਦੀ ਘਟਨਾ ਭਿਆਨਕ ਹੈ। ਇਸ ਘਟਨਾ ਵਿੱਚ ਮੈਂ ਉਨ੍ਹਾਂ ਲੋਕਾਂ ਤੋਂ ਦੁਖੀ ਹਾਂ ਜਿਨ੍ਹਾਂ ਨੇ ਆਪਣੀ ਜਾਨ ਗਵਾਈ। ਮੈਂ ਜ਼ਖ਼ਮੀਆਂ ਦੀ ਜਲਦੀ ਤੰਦਰੁਸਤੀ ਚਾਹੁੰਦਾ ਹਾਂ।’ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਘਟਨਾ ‘ਤੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਬੰਧਤ ਸਾਰੇ ਵਿਭਾਗਾਂ ਨੂੰ ਬਿਨਾਂ ਕਿਸੇ ਦੇਰੀ ਦੇ ਹਰ ਕਿਸਮ ਦੀ ਸਹਾਇਤਾ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।

Comments are closed.

COMING SOON .....


Scroll To Top
11