Tuesday , 18 February 2020
Breaking News
You are here: Home » EDITORIALS » ਦਿੱਲੀ ‘ਚ ਆਪ ਦੀ ਵੱਡੀ ਜਿੱਤ

ਦਿੱਲੀ ‘ਚ ਆਪ ਦੀ ਵੱਡੀ ਜਿੱਤ

ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਹਾਸਿਲ ਹੋਈ ਹੈ। ਆਪ ਨੂੰ 70 ਵਿੱਚੋਂ 62 ਸੀਟਾਂ ਮਿਲੀਆਂ ਹਨ, ਜਦੋਂ ਕਿ ਪ੍ਰਮੁੱਖ ਵਿਰੋਧੀ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ 8 ਸੀਟਾਂ ‘ਤੇ ਹੀ ਜਿੱਤ ਨਸੀਬ ਹੋਈ ਹੈ। ਕਾਂਗਰਸ ਸਮੇਤ ਚੋਣ ਮੈਦਾਨ ਵਿੱਚ ਉੱਤਰੀਆਂ 10 ਪਾਰਟੀਆਂ ਨੂੰ ਕੋਈ ਵੀ ਸੀਟ ਨਹੀਂ ਮਿਲੀ। ਚੋਣ ਨਤੀਜੇ ਦੱਸਦੇ ਹਨ ਕਿ ਦਿੱਲੀ ਵਿੱਚ ਮੁਕਾਬਲਾ ਲੱਗਭਗ ਸਿੱਧਾ ਸੀ। ਕਾਂਗਰਸ ਦੀ ਵੋਟ ਵੀ ਆਮ ਆਦਮੀ ਪਾਰਟੀ ਵੱਲ ਜਾਣ ਕਾਰਨ ਉਸ ਨੂੰ ਇਸ ਦਾ ਭਾਰੀ ਲਾਭ ਹੋਇਆ। ਭਾਜਪਾ ਦੀ ਹਾਰ ਦਾ ਇਹ ਵੀ ਇਕ ਕਾਰਨ ਬਣ ਗਿਆ। ਉਂਝ ਕੁੱਲ ਮਿਲਾ ਕੇ ਦਿੱਲੀ ਦੀਆਂ ਚੋਣਾਂ ‘ਚ ‘ਆਪ’ ਦੀ ਜਿੱਤ ਦੇ ਵੱਡੇ ਅਰਥ ਹਨ। ‘ਆਪ’ ਦੀ ਜਿੱਤ ਨਾਲ ਭਾਜਪਾ ਦੀ ਰਾਸ਼ਟਰਵਾਦੀ ਅਤੇ ਫਿਰਕੂ ਰਾਜਨੀਤੀ ਨੂੰ ਵੱਡਾ ਝਟਕਾ ਲੱਗਾ ਹੈ। ਜੰਮੂ-ਕਸ਼ਮੀਰ ਵਿੱਚ ਧਾਰਾ 370 ਨੂੰ ਹਟਾਉਣ, ਨਵੇਂ ਨਾਗਰਿਕਤਾ ਕਾਨੂੰਨ ਲਾਗੂ ਕਰਨ ਅਤੇ ਦੂਸਰੇ ਕਈ ਰਾਸ਼ਟਰਵਾਦੀ ਮੁੱਦਿਆਂ ‘ਤੇ ਭਾਜਪਾ ਵੱਲੋਂ ਇਕ ਵੱਡੀ ਮੁਹਿੰਮ ਵਿੱਢੀ ਹੋਈ ਸੀ। ਇਨ੍ਹਾਂ ਮੁੱਦਿਆਂ ਦੇ ਆਧਾਰ ਉੱਪਰ ਭਾਜਪਾ ਵੋਟਰਾਂ ਦਾ ਸਫਬੰਦੀ ਕਰਨ ‘ਤੇ ਲੱਗੀ ਹੋਈ ਸੀ। ਦਿੱਲੀ ਦੇ ਚੋਣ ਨਤੀਜਿਆਂ ਨੇ ਭਾਜਪਾ ਦੀ ਇਸ ਨੀਤੀ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ। ਲੋਕਾਂ ਨੇ ਭਾਜਪਾ ਦੇ ਫਿਰਕੂ ਏਜੰਡੇ ਨੂੰ ਪਸੰਦ ਨਹੀਂ ਕੀਤਾ। ਦਿੱਲੀ ਵਿੱਚ ‘ਆਪ’ ਨੂੰ ਹਿੰਦੂ ਅਤੇ ਦਲਿਤ ਵੋਟਰਾਂ ਵੱਲੋਂ ਵੀ ਭਰਵਾਂ ਹੁੰਗਾਰਾ ਭਰਿਆ ਗਿਆ ਹੈ। ਅਸਲ ਵਿੱਚ ‘ਆਪ’ ਦੀ ਜਿੱਤ ਭਾਜਪਾ ਦੀਆਂ ਉਲਾਰ ਨੀਤੀਆਂ ਕਾਰਨ ਹੀ ਸੰਭਵ ਹੋ ਸਕੀ ਹੈ। ਜੇਕਰ ਭਾਜਪਾ ਫਿਰਕੂ ਨੀਤੀਆਂ ਨੂੰ ਛੱਡ ਕੇ ਵਿਕਾਸ ਦੇ ਮੁੱਦਿਆਂ ਉੱਪਰ ਹੀ ਚੋਣ ਮੈਦਾਨ ਵਿੱਚ ਉੱਤਰਦੀ ਤਦ ‘ਆਪ’ ਲਈ ਮੁਕਾਬਲਾ ਕਰਨਾ ਸ਼ਾਇਦ ਮੁਸ਼ਿਕਲ ਹੁੰਦਾ। ਦਿੱਲੀ ਚੋਣਾਂ ਭਾਜਪਾ ਲਈ ਵਕਾਰ ਦਾ ਸਵਾਲ ਬਣੀਆਂ ਹੋਈਆਂ ਸਨ। ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਸਾਥੀ ਮੰਤਰੀ ਵੀ ਚੋਣ ਮੈਦਾਨ ਵਿੱਚ ਨਿੱਤਰੇ ਹੋਏ ਸਨ। ਪੂਰੀ ਤਾਕਤ ਲਗਾਉਣ ਦੇ ਬਾਵਜੂਦ ਵੀ ਭਾਜਪਾ ਨੂੰ ਜਿੱਤ ਨਸੀਬ ਨਹੀਂ ਹੋ ਸਕੀ। ਸੀਟਾਂ ਦੀ ਗਿਣਤੀ ਦੇ ਪੱਖ ਤੋਂ ਤਾਂ ਭਾਜਪਾ ਲਈ ਇਹ ਨਮੋਸ਼ੀ ਵਾਲੇ ਹਾਲਾਤ ਹਨ। ਉਂਝ ਇਹ ਜ਼ਿਕਰਯੋਗ ਹੈ ਕਿ ਭਾਜਪਾ ਨੇ ਦਿੱਲੀ ਵਿੱਚ ਆਪਣੀ ਵੋਟ ਫੀਸਦੀ ਵਿੱਚ ਵੱਡਾ ਵਾਧਾ ਕੀਤਾ ਹੈ। ਜੇਕਰ ਮੁਕਾਬਲਾ ਤਿੰਨ ਕੋਨਾ ਹੁੰਦਾ ਤਾਂ ਭਾਜਪਾ ਸ਼ਾਇਦ ਵਧੇਰੇ ਸੀਟਾਂ ਜਿੱਤ ਲੈਂਦੀ। ਦਿੱਲੀ ਵਿੱਚ ‘ਆਪ’ ਦਾ ਮੁੜ ਉਭਾਰ ਪੰਜਾਬ ਦੀ ਰਾਜਨੀਤੀ ਉੱਪਰ ਵੀ ਡੂੰਘਾ ਅਸਰ ਪਾ ਸਕਦਾ ਹੈ। ਇਹ ਗੱਲ ਵੱਖਰੀ ਹੈ ਕਿ ਪੰਜਾਬ ਵਿੱਚ ‘ਆਪ’ ਦਾ ਜਥੇਬੰਦਕ ਤਾਣਾ-ਬਾਣਾ ਬਿਖਰਿਆ ਪਿਆ ਹੈ। ਪੰਜਾਬ ਵਿੱਚ ਸਿਆਸੀ ਸਥਾਪਤੀ ਲਈ ‘ਆਪ’ ਨੂੰ ਮੁੜ ਤੋਂ ਜਥੇਬੰਦ ਹੋਣਾ ਪਵੇਗਾ। ‘ਆਪ’ ਦੀ ਦਿੱਲੀ ਜਿੱਤ ਨਾਲ ਆਮ ਆਦਮੀ ਦੇ ਏਜੰਡੇ ਨੂੰ ਪ੍ਰਮੁੱਖਤਾ ਮਿਲੀ ਹੈ। ਇਹ ਉਮੀਦ ਕਰਨੀ ਚਾਹੀਦੀ ਹੈ ਕਿ ਦੇਸ਼ ਦੀ ਨਵੀਂ ਰਾਜਨੀਤੀ ਇਸ ਦਿਸ਼ਾ ਵਿੱਚ ਹੀ ਤੁਰੇਗੀ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11