Wednesday , 19 December 2018
Breaking News
You are here: Home » Religion » ਦਲਿਤ ਭਾਈਚਾਰੇ ਨੂੰ ਸ਼ਬਦ ਗੁਰੂ ਦੀ ਵਿਚਾਰਧਾਰਾ ਦੇ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ : ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ

ਦਲਿਤ ਭਾਈਚਾਰੇ ਨੂੰ ਸ਼ਬਦ ਗੁਰੂ ਦੀ ਵਿਚਾਰਧਾਰਾ ਦੇ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ : ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ

ਸ੍ਰੀ ਆਨੰਦਪੁਰ ਸਾਹਿਬ, 6 ਦਸੰਬਰ (ਦਵਿੰਦਰਪਾਲ ਸਿੰਘ, ਅੰਕੁਸ਼)- ਅਜ ਖਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਉਸ ਵੇਲੇ ਨਵੀਂ ਚਰਚਾ ਨੂੰ ਜਨਮ ਦੇ ਦਿਤਾ ਜਦੋਂ ਉਨ੍ਹਾਂ ਕਿਹਾ ਕਿ ਸਾਥੋਂ ਦੂਰ ਜਾ ਚੁਕੇ ਰਾਧਾ ਸੁਆਮੀਆਂ ਜਾਂ ਨਿਰੰਕਾਰੀਆਂ ਨੂੰ ਅਤੇ ਦੂਰ ਹੁੰਦੇ ਜਾ ਰਹੀ ਨਿਰਮਲੇ ਸੰਪਰਦਾ ਨੂੰ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਵਲੋਂ ਸ਼ੁਰੂ ਕੀਤੀ ਸੰਵਾਦ ਦੀ ਪ੍ਰਕ੍ਰਿਆ ਦੇ ਨਾਲ ਪ੍ਰਭਾਵਿਤ ਕਰਕੇ ਨੇੜੇ ਲਾਇਆ ਜਾ ਸਕਦਾ ਹੈ।ਇਕ ਸੁਆਲ ਦਾ ਜੁਆਬ ਦਿੰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਸਹਿਮਤ ਹੁੰਦੇ ਹੋਏ ਕਿਹਾ ਕਿ ਬੁਹਤ ਸਾਰੀਆਂ ਅਜਿਹੀਆਂ ਸੰਸਥਾਵਾਂ ਹਨ ਜਾਂ ਸਿਖ ਹਨ ਜੋ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਜੁੜੇ ਹੋਏ ਸਨ ਪਰ ਕਿਸੇ ਕਾਰਨ ਕਰਕੇ ਦੂਰ ਹੋ ਚੁਕੇ ਹਨ। ਅਜ ਲੋੜ ਹੈ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਪਰਿਪੂਰਨ ਫਲਸਫੇ ਦੇ ਨਾਲ ਉਨ੍ਹਾਂ ਸਾਰਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਨਾਲ ਜੋੜੀਏ। ਉਨ੍ਹਾਂ ਸਿਖ ਬੁਧੀਜੀਵੀਆਂ ਅਤੇ ਵਿਦਵਾਨਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਚਾਹੀਦਾ ਹੈ ਕਿ ਸਿਖੀ ਤੋਂ ਬੇਮੁਖ ਹੋ ਰਹੇ ਲੋਕਾਂ ਨੂੰ ਮੁੜ ਆਪਣੇ ਮੂਲ ਦੇ ਨਾਲ ਜੋੜਨ ਦੇ ਲਈ ਉਹ ਆਪਣੀ ਲਿਖਤਾਂ, ਕਿਤਾਬਾਂ ਰਾਂਹੀ ਯਤਨ ਕਰਨ। ਜਥੇਦਾਰ ਸ੍ਰੀ ਅਕਾਲ ਤਖਤ ਨੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਖਾਸ ਕਰਕੇ ਦੇਸ਼ ਅੰਦਰ ਦਲਿਤ ਭਾਈਚਾਰਾ ਆਪਣੇ ਮੂਲ਼ ਧਰਮ ਤੋਂ ਆਕੀ ਹੁੰਦਾ ਜਾ ਰਿਹਾ ਹੈ।ਲਗਾਤਾਰ ਘਟ ਰਹੀ ਸਿਖ ਕੌਮ ਦੀ ਅਬਾਦੀ ਬਾਰੇ ਸਾਬਕਾ ਜਥੇਦਾਰ ਵਲੋਂ ਵਾਰ-ਵਾਰ ਕੀਤੀ ਜਾਣ ਵਾਲੀ ਬਿਆਨਬਾਜ਼ੀ ਅਤੇ ਹੁਣ ਚਿੰਤਾ ਦਾ ਵਿਸ਼ਾ ਬਣ ਚੁਕੇ ਇਸ ਮੁਦੇ ‘ਤੇ ਬੋਲਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਲੋਕਤੰਤਰ ਦੇ ਪਖ ਤੋਂ ਵੇਖਿਆ ਜਾਵੇ ਤਾਂ ਇਹ ਬੁਹਤ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ।ਜਦਕਿ ਬਾਕੀ ਧਰਮਾਂ ਦੇ ਮੁਕਾਬਲੇ ਇਸਲਾਮ ਅੰਦਰ ਅਬਾਦੀ ਲਗਾਤਾਰ ਵਧਦੀ ਜਾ ਰਹੀ ਹੈ। ਪਰ ਦੂਸਰਾ ਪਖ ਇਹ ਵੀ ਹੈ ਕਿ ਸਾਨੂੰ ਗਿਣਤੀ ਨਾਲੋਂ ਵਧ ਗੁਣਵਤਾ ਵਲ ਧਿਆਨ ਦੇਣਾ ਚਾਹੀਦਾ ਹੈ।ਇਸ ਸਬੰਧੀ ਉਨ੍ਹਾਂ ਕੌਮ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਿਖਾਂ ਦੀ ਅਬਾਦੀ ਨੂੰ ਸਥਿਰ ਰਖਣ ਦੀ ਲੋੜ ਹੈ, ਇਸ ਲਈ ਹਰ ਸਿਖ ਨੂੰ ਘਟ ਤੋਂ ਘਟ ਦੋ ਬਚੇ ਪੈਦਾ ਕਰਨੇ ਚਾਹੀਦੇ ਹਨ ਹਾਂ ਜੇਕਰ ਕੋਈ 4-5 ਬਚੇ ਪਾਲਣ ਦੀ ਸਮਰਥਾ ਰਖਦਾ ਹੈ ਤਾਂ ਉਸ ‘ਤੇ ਵੀ ਕੋਈ ਪਾਬੰਦੀ ਨਹੀਂ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਮੁਖੀ ਦਮਦਮੀ ਟਕਸਾਲ ਬਾਬਾ ਹਰਨਾਮ ਸਿੰਘ ਖਾਲਸਾ, ਭਾਈ ਰਜਿੰਦਰ ਸਿੰਘ ਮਹਿਤਾ, ਬਾਬਾ ਅਵਤਾਰ ਸਿੰਘ ਟਿਬੀ ਸਾਹਿਬ ਵੀ ਹਾਜ਼ਰ ਸਨ।

Comments are closed.

COMING SOON .....


Scroll To Top
11