Saturday , 17 November 2018
Breaking News
You are here: Home » EDITORIALS » ਤੰਬਾਕੂ ਦੀ ਵੱਧ ਰਹੀ ਵਰਤੋਂ ਚਿੰਤਾਜਨਕ

ਤੰਬਾਕੂ ਦੀ ਵੱਧ ਰਹੀ ਵਰਤੋਂ ਚਿੰਤਾਜਨਕ

ਦੇਸ਼ ਵਿੱਚ ਤੰਬਾਕੂ ਉਤਪਾਦਾਂ ਦੀ ਵੱਧ ਰਹੀ ਵਰਤੋਂ ਬਹੁਤ ਹੀ ਚਿੰਤਾਜਨਕ ਹੈ। ਪੰਜਾਬ ਵਿੱਚ ਬੇਸ਼ਕ ਤੰਬਾਕੂ ਦਾ ਬੇਹਦ ਉਤਪਾਦਨ ਨਹੀਂ ਹੁੰਦਾ ਪ੍ਰੰਤੂ ਤੰਬਾਕੂ ਉਤਪਾਦਾਂ ਦੀ ਵਰਤੋਂ ਦੇ ਮਾਮਲੇ ਵਿੱਚ ਪੰਜਾਬ ਦੇਸ਼ ਭਰ ਵਿੱਚੋਂ ਪਹਿਲੇ ਨੰਬਰ ’ਤੇ ਹੈ। ਕੌਮੀ ਪਧਰ ’ਤੇ ਤੰਬਾਕੂ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ 57.90 ਫ਼ੀਸਦੀ ਹੈ ਜਦੋਂਕਿ ਪੰਜਾਬ ਵਿਚ ਇਹ ਗਿਣਤੀ 64.90 ਫ਼ੀਸਦੀ ਹੈ।ਸਰਕਾਰੀ ਦਾਅਵਿਆਂ ਦੇ ਬਾਵਜੂਦ ਤੰਬਾਕੂ ਨੂੰ ਨਿਰਉਤਸ਼ਾਹਿਤ ਕਰਨ ਲਈ ਕਾਰਗਰ ਢੰਗ ਨਾਲ ਉਪਾਅ ਨਹੀਂ ਹੋ ਰਹੇ। ਤੰਬਾਕੂ ਦਾ ਮਨੁੱਖੀ ਸਿਹਤ ਉਪਰ ਬਹੁਤ ਹੀ ਮਾੜਾ ਅਸਰ ਪੈਂਦਾ ਹੈ। ਹਾਰਵਰਡ ਮੈਡੀਕਲ ਸਕੂਲ ਦੇ ਖੋਜੀਆਂ ਅਨੁਸਾਰ ਭਾਰਤ ਵਿਚ ਤੰਬਾਕੂ ਦੀ ਵਰਤੋਂ ਨਾਲ ਹੋ ਰਹੀਆਂ ਬਿਮਾਰੀਆਂ ਕਾਰਨ ਰੋਜ਼ਾਨਾ 2800 ਵਿਅਕਤੀਆਂ ਦੀ ਜਾਨ ਚਲੀ ਜਾਂਦੀ ਹੈ। ਵਿਸ਼ਵ ਸਿਹਤ ਸੰਸਥਾ ਅਨੁਸਾਰ 2011 ਵਿਚ ਤੰਬਾਕੂ ਦੀ ਵਰਤੋਂ ਨਾਲ ਹੋਣ ਵਾਲੀਆਂ ਬਿਮਾਰੀਆਂ ਕਾਰਨ ਭਾਰਤ ਨੂੰ ਇਕ ਲਖ ਕਰੋੜ ਰੁਪਏ ਤੋਂ ਵਧ ਦਾ ਆਰਥਿਕ ਨੁਕਸਾਨ ਹੋਇਆ ਹੈ ਜੋ ਕਿ ਕੇਂਦਰ ਤੇ ਸੂਬਾ ਸਰਕਾਰਾਂ ਦੇ ਕੁਲ ਸਿਹਤ ਬਜਟ ਦਾ 12 ਫ਼ੀਸਦੀ ਹਿਸਾ ਬਣਦਾ ਹੈ ਜਦੋਂਕਿ ਸਰਕਾਰੀ ਖ਼ਜ਼ਾਨੇ ਨੂੰ ਇਸ ਤੋਂ ਆਮਦਨ ਸਿਰਫ਼ 12 ਫ਼ੀਸਦੀ ਹੀ ਹੁੰਦੀ ਹੈ।ਮੁਲਕ ਵਿਚ ਲਗਪਗ 27.5 ਕਰੋੜ ਭਾਵ ਹਰ ਤੀਜਾ ਬਾਲਗ ਭਾਰਤੀ ਕਿਸੇ ਨਾ ਕਿਸੇ ਰੂਪ ਵਿਚ ਤੰਬਾਕੂ ਉਤਪਾਦਾਂ ਦੀ ਵਰਤੋਂ ਕਰ ਰਿਹਾ ਹੈ।ਕੇਂਦਰੀ ਸਿਹਤ ਮੰਤਰਾਲੇ ਨੇ ਵਿਸ਼ਵ ਸਿਹਤ ਸੰਗਠਨ ਅਤੇ ਮੁਲਕ ਦੀਆਂ ਗ਼ੈਰ-ਸਰਕਾਰੀ ਸਮਾਜਿਕ ਜਥੇਬੰਦੀਆਂ ਦੇ ਦਬਾਅ ਹੇਠ ਅਕਤੂਬਰ 2014 ਵਿਚ ਤੰਬਾਕੂ ਉਤਪਾਦਾਂ ਦੇ ਪੈਕਟਾਂ ਦੇ ਦੋਵੇਂ ਪਾਸੇ 85 ਫ਼ੀਸਦੀ ਹਿਸੇ ਉਪਰ ਮੋਟੇ ਅਖਰਾਂ ਤੇ ਤਸਵੀਰਾਂ ਰਾਹੀਂ ਤੰਬਾਕੂ ਦੀ ਵਰਤੋਂ ਨਾ ਕਰਨ ਸਬੰਧੀ ਚਿਤਾਵਨੀ ਛਾਪਣ ਦੇ ਆਦੇਸ਼ ਦਿਤੇ ਸਨ ਪਰ ਤੰਬਾਕੂ, ਬੀੜੀ ਤੇ ਸਿਗਰਟ ਸਨਅਤਕਾਰਾਂ ਦੇ ਭਾਰੀ ਦਬਾਅ ਹੇਠ ਇਹ ਹੁਕਮ ਹਾਲੇ ਤੱਕ ਲਾਗੂ ਨਹੀਂ ਹੋ ਸਕੇ। ਇਸ ਮਾਮਲੇ ਵਿੱਚ ਸਰਕਾਰ ਦਾ ਰਵੱਈਆ ਬਹੁਤ ਚਿੰਤਾਜਨਕ ਹੈ। ਭਾਵੇਂ ਸਰਕਾਰ ਤੰਬਾਕੂ ਨੂੰ ਇਕ ਖੇਤੀ ਉਤਪਾਦ ਵੱਜੋਂ ਪ੍ਰਚਾਰਦੀ ਹੈ ਪ੍ਰੰਤੂ ਇਸ ਕਾਰੋਬਾਰ ਨੂੰ ਸਭ ਤੋਂ ਵੱਧ ਲਾਹਾ ਸਨਅਤਕਾਰਾਂ ਨੂੰ ਮਿਲ ਰਿਹਾ ਹੈ। ਅਜਿਹੇ ਹਾਲਤਾਂ ਵਿੱਚ ਤੰਬਾਕੂ ਨੂੰ ਨਿਰਉਤਸ਼ਾਹਿਤ ਕਰਨਾ ਹੋਰ ਵੀ ਜ਼ਰੂਰੀ ਹੋ ਗਿਆ ਹੈ। ਲੋਕਾਂ ਦੀ ਸਿਹਤ ਨੂੰ ਬਣਾਏ ਰੱਖਣ ਲਈ ਸਰਕਾਰ ਨੂੰ ਇਸ ਸਬੰਧੀ ਸਖਤੀ ਵਰਤਣੀ ਚਾਹੀਦੀ ਹੈ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11