Thursday , 27 February 2020
Breaking News
You are here: Home » Editororial Page » ਤਮਾਸ਼ਬੀਨ ਦੁਨੀਆਂ ‘ਚ ਪਲੀਤ ਹੁੰਦੀ ਮਨੁੱਖਤਾ

ਤਮਾਸ਼ਬੀਨ ਦੁਨੀਆਂ ‘ਚ ਪਲੀਤ ਹੁੰਦੀ ਮਨੁੱਖਤਾ

ਕੜਾਕੇ ਦੀ ਠੰਡ ਵਿਚ ਨਾ ਸਿਰਫ ਠੰਡੀਆਂ ਰਾਤਾਂ, ਸਗੋਂ ਠੰਡੇ ਦਿਨ ਵੀ ਸ਼ਰੀਰ ਨੂੰ ਤਾਰ -ਤਾਰ ਕਰ ਦਿੰਦੇ ਹਨ। ਠੰਡ ਦਾ ਮਾਰਿਆ ਸੂਰਜ ਵੀ ਘੁੰਡ ਕੱਢਦਾ ਰਹਿੰਦਾ ਹੈ। ਜਿਥੇ ਨਜਰ ਜਾਵੇ ਧੁੰਧ ਹੀ ਧੁੰਧ ਕੋਹਰਾ ਹੀ ਕੋਹਰਾ। ਅੱਜਕੱਲ੍ਹ ਟੁੱਟਦੇ ਧੁੰਧਲਾਉਂਦੇ ਰਿਸ਼ਤਿਆਂ ਦਰਮਿਆਨ ਕੋਹਰਾ ਸਾਡੀ ਅਸਲੀਯਤ ਨੂੰ ਸੀਸ਼ਾ ਦਿਖਾਉਂਦਾ ਹੈ। ਸਾਡੇ ਪੰਜ ਤੱਤ ਜਿਵੇਂ ਹਵਾ ਆਪਣੀ ਰਫ਼ਤਾਰ ਭੁੱਲ ਕੇ ਠੋਸ ਬਣ ਜਾਂਦੀ ਹੈ। ਆਸਮਾਨ ਦੇ ਨਾਂਅ ‘ਤੇ ਚਾਰੇ ਪਾਸੇ ਇਕ ਪਰਦਾ ਜਿਹਾ ਛਾਇਆ ਰਹਿੰਦਾ ਹੈ। ਅੱਗ ਵੀ ਆਪਣੇ ਸੁਭਾਅ ਨੂੰ ਬਚਾਉਣ ਦੇ ਲਈ ਠੰਡ ਅਤੇ ਕੋਹਰੇ ਨਾਲ ਜੱਦੋਜ਼ਹਿਦ ਕਰਦੀ ਹੈ ।ਪਾਣੀ ਦਾ ਤਾਂ ਹਾਲ ਹੀ ਨਾ ਪੁੱਛੋ।ਉਹ ਆਪਣੀ ਹਾਈਡਰੋਜ਼ਨ ਅਤੇ ਆਕਸੀਜ਼ਨ ਸਮੇਤ ਸਾਰੇ ਰਸਾਇਣਕ ਸਮੀਕਰਨ ਭੁੱਲ ਕੇ ਦਲ-ਬਦਲੂ ਲੀਡਰਾਂ ਵਾਂਗ ਮੌਸਮ ਨਾਲ ਸਮਝੌਤਾ ਕਰਕੇ ਉਸੇ ਦੀ ਤੂਤੀ ਵਜਾਉਣ ਲੱਗਿਆ ਹੈ।ਜਿੱਥੋਂ ਤੱਕ ਜਮੀਨ ਦੀ ਗੱਲ ਹੈ, ਤਾਂ ਸ਼ੁਕਰ ਮਨਾਈਏ ਕਿ ਉਹ ਸਾਨੂੰ ਰਹਿਣ-ਠਹਿਰਣ ਦੇ ਲਈ ਥਾਂ ਦੇ ਦਿੰਦੀ ਹੈ, ਨਹੀਂ ਤਾਂ ਰੰਗ ਬਦਲਣ ਵਰਗੇ ਕੋਹੜ-ਕਿਰਲੇ ਇਨਸਾਨਾਂ ਨੂੰ ਥਾਂ ਵੀ ਕਿਥੇ ਨਸੀਬ ਹੁੰਦੀ ਹੈ।
ਇਹ ਮੌਸਮ ਨਾ ਸਿਰਫ ਮੀਂਹ ਅਤੇ ਗਰਮੀ ਦਾ ਮੇਲ ਕਰਵਾਉਂਦਾ ਹੈ, ਸਗੋਂ ਝੂਠ ਅਤੇ ਸੱਚ ਵਿਚਕਾਰ ਛੁਪੇ ਭੇਤ ਦਾ ਵੀ ਪਰਦਾਫ਼ਾਸ਼ ਕਰਦਾ ਹੈ।ਮੀਂਹ, ਹੜ੍ਹਾਂ ਅਤੇ ਗਰਮੀ ਦੇ ਸੋਕੇ ਤੋਂ ਬੇਹਾਲ ਲੋਕਾਂ ਨੂੰ ਚੰਗੇ ਦਿਨਾਂ ਦੀ ਆਸ ਲਾਕੇ ਰਜਾਈਆਂ ਵਿਚ ਸੌਣ ਦਾ ਮੌਕਾ ਦਿੰਦਾ ਹੈ। ਪਰ ਇਸੇ ਠੰਡ ਦੇ ਮੌਸਮ ‘ਚ ਕਈ ਅਜਿਹੀਆਂ ਗੱਲਾਂ ਵੀ ਹੁੰਦੀਆਂ ਹਨ ਜੋ ਸਾਨੂੰ ਝੰਝੋੜ ਕੇ ਰੱਖ ਦਿੰਦੀਆਂ ਹਨ। ਅਜਿਹੀ ਹੀ ਇਕ ਗੱਲ ਹੈ ਇਕ ਬਜ਼ੁਰਗ ਬਾਬੇ ਦੀ, ਜੋ ਸਾਡੇ ਦੇਸ਼ ਦੇ ਲਗਪਗ ਹਰ ਇਕ ਕੋਨੇ ‘ਚ ਨਜਰ ਆ ਜਾਂਦੇ ਹਨ। ਇਸ ਬਜ਼ੁਰਗ ਬਾਬੇ ਨੁੰ ਆਪਣੇ ਪਰਿਵਾਰ ਵੱਲੋਂ ਠੁਕਰਾਇਆ ਗਿਆ ਹੈ। ਭੀਖ ਮੰਗਣ ਦੇ ਲਈ ਦੇ ਲਈ ਉਸ ਨੂੰ ਤਮਾਸ਼ਬੀਨ ਦੁਨੀਆਂ ‘ਚ ਧਕੇਲ ਦਿੱਤਾ ਗਿਆ ਹੈ। ਜਦੋਂ ਤੱਕ ਗਰਮੀ ਅਤੇ ਬਰਸਾਤਾਂ ਦਾ ਮੌਸਮ ਸੀ ,ਜਿਵੇਂ-ਤਿਵੇਂ ਉਹਨਾਂ ਆਪਣੇ -ਆਪ ਨੂੰ ਬਚਾ ਹੀ ਲਿਆ। ਪਰ ਇਸ ਕੜਾਕੇ ਦੀ ਠੰਡ ‘ਚ ਉਹ ਕੰੰਬਦੇ, ਰੌਂਦੇ -ਵਿਲਕਦੇ ਰੱਬ ਤੋਂ ਇਸ ਠੰਡ ਤੋਂ ਬਚਣ ਦੀ ਫ਼ਰਿਆਦ ਕਰਦੇ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਵਿਚੋਂ ਇਕ ਬਜ਼ੁਰਗ ਦਾ ਇਕੋਇਕ ਆਸਰਾ , ਇਕ ਵੱਡਾ ਪਿੱਪਲ ਸਰਕਾਰ ਵੱਲੋਂ ਪੱਟ ਦਿੱਤਾ ਗਿਆ। ਭਲਾਂ ਉਹ ਪਿੱਪਲ ਕੱਟ ਦੇਣ ਨਾਲ ਦੇਸ਼ ਦਾ ਕੀ ਵਿਕਾਸ ਹੋਇਆ, ਇਸ ਬਾਰੇ ਤਾਂ ਦੇਸ਼ ਹੀ ਜਾਣੇ ।ਪਰ ਉਸ ਬਜ਼ੁਰਗ ਬਾਬੇ ਦਾ ਤਾਂ ਮੰਨੋ ਸਭ ਕੁਝ ਹੀ ਉੱਜੜ ਗਿਆ। ਉਸ ਦਿਨ ਤੋਂ ਬਜ਼ੁਰਗ ਬਾਬੇ ਦੀ ਸੋਟੀ ਦਰ -ਦਰ ਠੋਕਰਾਂ ਖਾਣ ਲੱਗੀ, ਕਿਤੇ ਕੋਈ ਠਿਕਾਣਾ ਨਹੀਂ ਲੱਭਿਆ। ਹੁਣ ਤਾਂ ਸੜਕਾਂ ਕਿਨਾਰੇ ਰੱਖ ਵੀ ਅਲੋਪ ਹੁੰਦੀ ਵਿਰਾਸਤ ਪ੍ਰਤੀਤ ਹੋ ਰਹੇ ਹਨ। ਉਨ੍ਹਾਂ ਦੀ ਥਾਂ ਵੱਡੇ -ਵੱਡੇ ਕੰਕਰੀਟ ਦੇ ਜੰਗਲ ਆ ਗਏ ਹਨ। ਫ਼ਰਕ ਸਿਰਫ ਐਨਾ ਹੈ ਕਿ ਰੁੱਖਾਂ ਵਾਲੇ ਜੰਗਲ ਨਾਲ ਆਕਸੀਜਨ ਮਿਲਦੀ ਹੈ, ਤੇ ਕੰਕਰੀਟ ਵਾਲੇ ਜੰਗਲਾਂ ਤੋਂ ਟੁੱਟਦੇ-ਖਿੰਡਦੇ ਰਿਸ਼ਤਿਆਂ ਦਾ ਧੂੰਆ ਨਿਕਲਦਾ ਹੈ। ਬਜ਼ੁਰਗ ਬਾਬਿਆਂ ਨੂੰ ਦਰਖਤ ਤਾਂ ਦੂਰ, ਹੁਣ ਛਾਂ ਵੀ ਨਸੀਬ ਹੋਣਾ ਵੀ ਦੁੱਭਰ ਹੋ ਗਿਆ ਹੈ। ਮੈਂ ਕਿਤਾਬਾਂ ਵਿਚ ਪੜ੍ਹਿਆ ਸੀ ਕਿ ਇਨਸਾਨ ਬਿਨਾਂ ਪਾਣੀ ਦੇ ਜਿਓੁਂ ਨਹੀਂ ਸਕਦਾ। ਪਰ ਹੁਣ ਲੱਗਦਾ ਹੈ ਕਿ ਉਹ ਪਾਣੀ ਬਿਨਾਂ ਤਾਂ ਕੁਝ ਦਿਨ ਜਿਓਂ ਸਕਦਾ ਹੈ ਪਰ ਸਿਰ ‘ਤੇ ਛੱਤ ਬਿਨਾਂ ਇਕ ਪਲ ਵੀ ਨਹੀਂ ।ਦਰਅਸਲ , ਬਜ਼ੁਰਗ ਬਾਬਾ ਹੁਣ ਦੁਕਾਨਾਂ ਦੇ ਸਾਹਮਣੇ ਭੀਖ ਮੰੰਗਣ ਦੀ ਕੋਸ਼ਿਸ਼ ਕਰਨ ਲੱਗਿਆ ਹੈ। ਪਰ ਦੁਕਾਨਾਂ ਵਾਲੇ ਉਸ ਨੂੰ ਝਿੜਕ ਦਿੰਦੇ ਹਨ ਅਤੇ ਦੁਕਾਨ ਦੇ ਨੇੜੇ -ਤੇੜੇ ਮੰਗਣ ਤੋਂ ਮਨਾਂ ਕਰਦੇ ਹਨ।ਸਿਰ ‘ਤੇ ਛੱਤ ਨਾ ਹੋਣ ਕਾਰਨ ਹੁਣ ਭੁੱਖ-ਪੁਆਸ ਅਤੇ ਕੜਾਕੇ ਦੀ ਠੰਡ ਉਸ ਉੱਪਰ ਕਹਿਰ ਵਰ੍ਹਾ ਰਹੀ ਹੈ। ਠੰਡੇ ਦਿਨਾਂ ‘ਚ ਸੜਕਾਂ ‘ਤੇ ਲੋਕਾਂ ਦੀ ਆਵਾਜਾਈ ਘੱਟ ਹੁੰਦੀ ਹੈ। ਇਸੇ ਕਾਰਨ ਬਜ਼ੁਰਗ ਬਾਬੇ ‘ਤੇ ਹੁਣ ਕੋਈ ਧਿਆਨ ਦੇਣ ਵਾਲਾ ਨਹੀਂ ਸੀ। ਹੁਣ ਉਸਦਾ ਸ਼ਰੀਰ ਵੀ ਜਵਾਬ ਦੇਣ ਲੱਗਿਆ ਸੀ।ਕਮਜ਼ੋਰੀ ਦੇ ਕਾਰਨ ਅੱਖਾਂ ਦਾ ਮਾਸ ਲਮਕਣ ਲੱਗ ਗਿਆ ਸੀ। ਹੁਣ ਉਸ ਨੂੰ ਸਮਝ ਆ ਰਿਹਾ ਸੀ ਕਿ ਉਸ ਦਾ ਅੰਤ ਕੁਝ ਹੀ ਦਿਨਾਂ ਦਾ ਮੋਹਤਾਜ਼ ਹੈ। ਉਹ ਰੱਬ ਅੱਗੇ ਅਰਦਾਸ ਕਰਦਾ ਹੱਥ ਜੋੜਨ ਲੱਗਿਆ – ਹੇ ਨੀਲੀ ਛੱਤ ਵਾਲਿਆ ਹੁਣ ਮੇਰੀ ਇਹ ਲੀਲਾ ਖਤਮ ਕਰਦੇ। ਮੇਰੇ ਤੋਂ ਇਹ ਭੁੱਖ-ਪਿਆਸ, ਠੰਡ ਅਤੇ ਬਿਮਾਰੀ ਸਹਿ ਨਹੀਂ ਹੁੰਦੀ। ਇਕ ਦਿਨ ਬਾਬਾ ਜ਼ਮੀਨ ‘ਤੇ ਡਿੱਗ ਗਿਆ ਤਾਂ ਦੁਕਾਨ ਵਾਲਿਆਂ ਨੇ ਉਸ ਨੂੰ ਅਣਗੌਲਿਆਂ ਕਰ ਦਿੱਤਾ।ਇਸ ਹੱਦ ਤੱਕ ਤਾਂ ਕੋਈ ਜਾਨਵਰਾਂ ਨੂੰ ਵੀ ਅਣਦੇਖਿਆ ਨਹੀਂ ਕਰਦਾ। ਮਨੁੱਖਤਾ ਦਾ ਘਾਣ ਹੋ ਰਿਹਾ ਸੀ। ਸਾਲ ਖਤਮ ਹੋਣ ਵਾਲਾ ਸੀ। ਨੌਜੁਆਨਾ ‘ਚ ਨਵੇਂ ਸਾਲ ਨੂੰ ਲੈਕੇ ਬਹੁਤ ਜ਼ੋਸ਼ ਸੀ।ਇਸੇ ਦੌਰਾਨ ਵੀਹ -ਬਾਈ ਸਾਲ ਦੇ ਚਾਰ-ਪੰਜ ਮੁੰਡੇ ਉਸ ਦੁਕਾਨ ‘ਤੇ ਆ ਖਲੋਤੇ ਜਿੱਥੇ ਬਜ਼ੁਰਗ ਬਾਬਾ ਡਿੱਗਿਆ ਹੋਇਆ ਸੀ। ਬਾਬੇ ਨੂੰ ਲੱਗਿਆ ਕਿ ਸ਼ਾਇਦ ਉਹ ਉਸ ਨੂੰ ਕੁਝ ਖਾਣ-ਪੀਣ ਲਈ ਦੇ ਜਾਣ। ਪਰ ਉਹਨਾਂ ਨੇ ਥੋੜ੍ਹਾ ਅੱਗੇ ਦੁਕਾਨਾਂ ਵੱਲ ਜਾ ਕੇ ਸ਼ਰਾਬ ਦੀ ਬੋਤਲ, ਕੇਕ ਅਤੇ ਹੋਰ ਕਾਫੀ ਕੁਝ ਖਰੀਦਿਆ ਅਤੇ ਆਪਣੇ ਮੋਟਰਸਾਈਕਲਾਂ ‘ਤੇ ਹਵਾ ਹੋ ਗਏ।
ਨਵੇਂ ਸਾਲ ਦੀ ਪਾਰਟੀ ਅਤੇ ਜਸ਼ਨ ਮਨਾਉਣ ਦੇ ਨਾਲ-ਨਾਲ ਗਰੀਬਾਂ ਦੀ ਮਦਦ ਕਰਨ ਦਾ ਪ੍ਰਣ ਲੈਂਦੇ ਹੋਏ ਰਾਤ ਲੰਘਾਉਣ ਤੋਂ ਬਾਅਦ ਅਗਲੀ ਸਵੇਰ ਉਹ ਮੁੰਡੇ ਰਾਤ ਨੂੰ ਸ਼ਰਾਬ ਅਤੇ ਨਵੇਂ ਸਾਲ ਦੀ ਖੁਸ਼ੀ ਦੇ ਨਸ਼ੇ ‘ਚ ਲਏ ਗਏ ਪ੍ਰਣ ਨੂੰ ਅਮਲੀ ਰੂਪ ਦੇਣ ਲਈ ਉਹਨਾਂ ਦੁਕਾਨਾਂ ਕੋਲ ਡਿੱਗੇ ਬਜ਼ੁਰਗ ਕੋਲ ਜਾ ਪਹੁੰਚੇ ।ਪਰ ਹੁਣ ਮੈਂ ਕੀ ਲਿਖਾਂ ? ਕਲਮ ਦੀ ਸਿਆਹੀ ਸਾਡੀ ਵਹਿਸ਼ੀ ਮਨੁੱਖਤਾ ਤੋਂ ਹਰ ਹਾਲ ‘ਚ ਚੰਗੀ ਹੈ। ਉਸ ਨੂੰ ਘੱਟੋਘੱਟ ਇਹ ਤਾਂ ਪਤਾ ਹੈ ਕਿ ਕੀ ਲਿਖਣਾ ਹੈ ਅਤੇ ਕੀ ਨਹੀਂ ? ਬਜ਼ੁਰਗ ਬਾਬਾ ਪੁਰਾਣੇ ਸਾਲ ਦੇ ਨਾਲ -ਨਾਲ ਇਸ ਸੰਸਾਰ ਨੂੰ ਵੀ ਅਲਵਿਦਾ ਕਹਿ ਚੁੱਕਿਆ ਸੀ। ਖੈ ਆਪਾਂ ਸਾਰੇ ਇਹੋ ਕਹਾਂਗੇ ਕਿ ਇਹ ਸਭ ਤਾਂ ਹਰ ਥਾਂ ‘ਤੇ ਹੁੰਦਾ ਹੀ ਰਹਿੰਦਾ ਹੈ। ਸਾਨੂੰ ਬਹੁਤ ਜਰੂਰੀ ਕੰਮ ਹਨ।ਅਸੀਂ ਚਾਹ ਦੀ ਚੁਸਕੀ ਲੈਂਦੇ ਅਖ਼ਬਾਰ ਪੜ੍ਹਦੇ ਹੋਏ ਦੇਸ਼ ਨੂੰ ਬਦਲਣਾ ਹੈ। ਬਿਨਾਂ ਹੱਥ ਹਿਲਾਏ ਦੇਸ਼ ਦੀ ਰੂਪਰੇਖਾ ਦਰੁਸਤ ਕਰਨੀ ਹੈ ਅਤੇ ਬੱਸ ਲੰਮੀਆਂ -ਲੰਮੀਆਂ ਡੀਂਗਾ ਮਾਰਨੀਆਂ ਹਨ।

Comments are closed.

COMING SOON .....


Scroll To Top
11