Tuesday , 20 August 2019
Breaking News
You are here: Home » Editororial Page » ਤਕਦੀਰ ਨਹੀਂ ਹਿੰਮਤ ਕਰਦੀ ਹੈ ਅੰਤਿਮ ਫ਼ੈਸਲਾ

ਤਕਦੀਰ ਨਹੀਂ ਹਿੰਮਤ ਕਰਦੀ ਹੈ ਅੰਤਿਮ ਫ਼ੈਸਲਾ

ਕਿਸੇ ਨਤੀਜੇ ’ਤੇ ਨਾ ਪਹੁੰਚ ਸਕਣਾਂ ਜਾਂ ਫਿਰ ਕਿਸੇ ਕੰਮ ’ਚ ਅਸਫਲ ਹੋ ਜਾਣਾਂ ਅਤੇ ਇਸਦਾ ਕਾਰਨ ਤਕਦੀਰ ਦਾ ਸਾਥ ਨਾ ਦੇਣਾ, ਕਹਿਣਾ ਇੱਕ ਆਮ ਗੱਲ ਹੈ। ਤਕਦੀਰ ਕੀ ਹੈ ਕਿਸੇ ਨੂੰ ਪਤਾ ਨਹੀਂ ਪਰ ਹਿੰਮਤ ਕੀ ਹੈ ਇਸ ਦਾ ਸਭ ਨੂੰ ਗਿਆਨ ਹੈ। ਮਿਹਨਤ ਅਤੇ ਹਿੰਮਤ ਕਰਨ ਨਾਲ ਇਨਸਾਨ ਥੱਕਦਾ ਹੈ ਪਰ ਤਕਦੀਰ ਦੇ ਭਰੋਸਾ ਕਰਨ ਨਾਲ ਕੋਈ ਥਕਾਵਟ ਨਹੀ ਹੁੰਦੀ। ਆਮ ਤੌਰ ’ਤੇ ਇਨਸਾਨ ਸਭ ਕੁੱਝ ਤਕਦੀਰ ਸ਼ਬਦ ਦੇ ਜੁੰਮੇ ਕਰ ਕੇ ਔਖੀ ਸਥਿਤੀ ਤੋਂ ਖਹਿੜਾ ਛੁਡਾ ਲੈਂਦਾ ਹੈ। ਹਿੰਮਤ ਮਿਹਨਤ ਨੂੰ ਜਨਮ ਦਿੰਦੀ ਹੈ ਅਤੇ ਲਗਾਤਾਰ ਉਦਮ ਕਰਨਾ ਇਸਦਾ ਨਤੀਜਾ ਹੁੰਦਾ ਹੈ। ਜੇਕਰ ਨਤੀਜੇ ਆਸ ਮੁਤਾਬਿਕ ਨਹੀ ਆਉਂਦੇ ਤਾਂ ਘਬਰਾਉਣਾਂ ਜਾਂ ਰੁੱਕ ਜਾਣਾਂ ਠੀਕ ਨਹੀ ਬਲਕਿ ਇੱਕ ਤੋਂ ਬਾਅਦ ਇੱਕ ਕਦਮ ਅੱਗੇ ਵਧਾਉਂਦੇ ਜਾਣਾ ਚਾਹੀਦਾ ਹੈ। ਕਦਮ ਦਰ ਕਦਮ ਚਲਦੇ ਪੈਰਾਂ ਦੀ ਰਫਤਾਰ ਜਾਂ ਫਿਰ ਹੱਥਾਂ ਨਾਲ ਕੀਤੇ ਕੰਮਾਂ ਨੂੰ ਹਿੰਮਤ ਦੀ ਦੇਣ ਕਿਹਾ ਜਾਂਦਾ ਹੈ। ਕਦੇ ਪੜਿਐ ਜਾਂ ਸੁਣਿਐ ਕਿ ਕਿਸੇ ਰਾਜੇ ਨੇ ਸਿਰਫ ਤਕਦੀਰ ਦੇ ਸਹਾਰੇ ਹੀ ਵੱਡੇ ਵੱਡੇ ਰਾਜਭਾਗ ਜਿੱਤ ਲਏ ਹੋਣ ਜਾਂ ਫਿਰ ਦੁਨੀਆਂ ’ਚ ਨਾਂਅ ਕਮਾਇਆ ਹੋਵੇ। ਇਹ ਸੰਭਵ ਨਹੀਂ। ਜਿੱਤਾਂ ਦਰਜ ਕਰਨ ਲਈ ਹਿੰਮਤ ਦੀ ਲੋੜ ਹੁੰਦੀ ਹੈ, ਤਕਦੀਰ ਆਪਣੇ ਆਪ ਬਣ ਜਾਂਦੀ ਹੈ। ਸਫਲਤਾ ਵੱਲ ਜਾਂਦੇ ਇਨਸਾਨ ਦੀ ਤਕਦੀਰ ਵੀ ਆਪ ਹੀ ਚੰਗੀ ਬਨਣ ਲੱਗਦੀ ਹੈ। ਉਸ ਦੇ ੳੇਦਮ ਅਤੇ ਹਿੰਮਤੀ ਕਾਰਜ ਉਸ ਲਈ ਤਕਦੀਰ ਦੇ ਮਾਇਨੇ ਬਦਲ ਦਿੰਦੇ ਹਨ। ਕਿਸੇ ਵੀ ਅੰਜਾਮ ਤੱਕ ਅੱਪੜਨ ਲਈ ਹਿੰਮਤ ਹੋਣਾ ਬਹੁਤ ਜਰੂਰੀ ਹੈ।
ਦੁਸ਼ਮਣ ਦੀਆਂ ਤੇਜ਼ ਗਤੀਵਿਧੀਆਂ ਦੇਖ ਕੇ ਤਕਦੀਰ ਦਾ ਸਹਾਰਾ ਟਟੋਲਣ ਵਾਲਾ ਜੰਗ ਕਿਵੇਂ ਜਿੱਤ ਸਕਦਾ ਹੈ। ਲੋਹੇ ਨੂੰ ਲੋਹਾ ਕੱਟਦਾ ਹੈ ਸੋਨਾ ਨਹੀਂ। ਜਿਹੋ ਜਿਹੀ ਸਥਿਤੀ ਉਤਪਨ ਹੁੰਦੀ ਹੈ ਸਾਨੂੰ ਉਸ ਅਨੁਸਾਰ ਹਿੰਮਤ ਜੁਟਾਉਣੀ ਹੋਵੇਗੀ। ਟੀਚਾ ਵੱਡਾ ਹੈ ਤਾਂ ਹਿੰਮਤ ਵੀ ਪਰਬਤੀ ਹੋਣੀ ਚਾਹੀਦੀ ਹੈ ਨਿਸ਼ਾਨਾ ਛੋਟਾ ਹੈ ਤਾਂ ਮਾਮੂਲੀ ਯਤਨ ਵੀ ਕਾਫੀ ਹੁੰਦਾ ਹੈ। ਤਕਦੀਰ ਦੀ ਪ੍ਰੀਭਾਸ਼ਾ ਹਿੰਮਤ ’ਚੋਂ ਉਤਪਨ ਹੁੰਦੀ ਹੈ। ਹਿੰਮਤੀ ਤਕਦੀਰਾਂ ਘੜਦੇ ਹਨ ਅਤੇ ਨੀਰਸ ਤਕਦੀਰਾਂ ਨੂੰ ਜਿੰਦਗੀ ਦਿੰਦੇ ਹਨ। ਵੱਡੀਆਂ ਵੱਡੀਆਂ ਕ੍ਰਾਂਤੀਆਂ ਤਕਦੀਰਾਂ ਨਾਲ ਨਹੀ ਹਿੰਮਤ ਨਾਲ ਆਈਆਂ ਸਨ ਜੋ ਨਵੇਂ ਇਤਿਹਾਸ ਸਿਰਜ ਗਈਆਂ। ਵੱਡੇ ਵੱਡੇ ਤਖਤਾਂ ’ਤੇ ਬੈਠੇ ਰਾਜੇ ਜਦੋਂ ਜ਼ਾਲਮ ਹੋ ਗਏ ਤਾਂ ਆਪਣੀਆਂ ਗੁਲਾਮ ਤਕਦੀਰਾਂ ਨੂੰ ਆਜ਼ਾਦ ਫਿਜ਼ਾ ਦਾ ਝੋਕਾ ਦੇਣ ਲਈ ਗੁਲਾਮ ਲੋਕਾਂ ਨੇ ਆਪਣੀ ਹਿੰਮਤ ਨਾਲ ਹਲਾਤਾਂ ਦਾ ਟਾਕਰਾ ਕਰ ਕੇ ਆਪਣੀਆਂ ਤਕਦੀਰਾਂ ਆਪ ਲਿਖ ਦਿੱਤੀਆਂ। ਇਤਿਹਾਸ ਬਣ ਗਏ ਅਤੇ ਕੌਮਾਂ ਆਜ਼ਾਦ ਹੋ ਗਈਆਂ।
ਜਿੰਦਗੀ ’ਚ ਇਹ ਗੱਲ ਮਾਇਨੇ ਨਹੀ ਰੱਖਦੀ ਕਿ ਅਸੀਂ ਅਸਫਲ ਹੋ ਗਏ, ਇਹ ਜਿਆਦਾ ਜਰੂਰੀ ਹੈ ਕਿ ਸਫਲ ਹੋਣ ਲਈ ਕਿੰਨੇ ਯਤਨ ਕੀਤੇ ਗਏ। ਪਹਿਲੀ ਵਾਰ ਹਿੰਮਤ ਜੁਟਾ ਕੇ ਕੀਤਾ ਕੰਮ ਜੇਕਰ ਆਸ ਅਤੇ ਉਮੀਦ ਮੁਤਾਬਿਕ ਕੋਈ ਨਤੀਜਾ ਨਾ ਦੇਵੇ ਤਾਂ ਨਿਰਾਸ਼ਾ ਉਤਪਨ ਨਹੀਂ ਹੋਣੀ ਚਾਹੀਦੀ ਸਗੋਂ ਠੰਡੇ ਅਤੇ ਸਹਿਜ ਮਨ ਨਾਲ ਉਸ ਟੀਚੇ ਦੀ ਪ੍ਰਾਪਤੀ ਲਈ ਯਤਨ ਫਿਰ ਤੋਂ ਆਰੰਭਣੇ ਚਾਹੀਦੇ ਹਨ। ਦੇਰ ਸਵੇਰ ਮਿੱਥੇ ਟੀਚੇ ’ਤੇ ਪਹੁੰਚਿਆਂ ਜਾ ਸਕਦਾ ਹੈ। ਮਿੱਥੇ ਨਿਸ਼ਾਨੇ ਦੀ ਪ੍ਰਾਪਤੀ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਇਹ ਮੇਰੀ ਤਕਦਰਿ ’ਚ ਸੀ ਇਸ ਲਈ ਮੈੇਨੂੰ ਮਿਲ ਗਿਆ। ਇਹ ਤਕਦੀਰ ਹਿੰਮਤ ਸਦਕਾ ਬਣੀ ਹੈ ਇਸ ਲਈ ਸਫਲ ਜਿੰਦਗੀ ਜਿਊਣ ਲਈ ਹਿੰਮਤ ਦੀ ਹਰ ਪਲ ਲੋੜ ਹੈ। ਤਕਦੀਰ ਦੇ ਭਾਰ ਥੱਲੇ ਹਿੰਮਤ ਨੂੰ ਰੋਲ਼ਣਾਂ ਠੀਕ ਨਹੀ। ਟੀਚੇ ਦੀ ਪ੍ਰਾਪਤੀ ਦਾ ਆਖਰੀ ਫੈਸਲਾ ਤਕਦੀਰ ਨੇ ਨਹੀਂ ਬਲਕਿ ਹਿੰਮਤ ਨੇ ਕਰਨਾ ਹੁੰਦਾ ਹੈ।

Comments are closed.

COMING SOON .....


Scroll To Top
11