Tuesday , 23 October 2018
Breaking News
You are here: Home » EDITORIALS » ਟੈਕਸ ਚੋਰਾਂ ਦੀ ਵਧ ਰਹੀ ਗਿਣਤੀ

ਟੈਕਸ ਚੋਰਾਂ ਦੀ ਵਧ ਰਹੀ ਗਿਣਤੀ

ਦੇਸ਼ ਵਿੱਚ ਟੈਕਸ ਚੋਰਾਂ ਦੀ ਗਿਣਤੀ ਤੇਜੀ ਨਾਲ ਵਧ ਰਹੀ ਹੈ। ਪਹਿਲਾਂ ਵਿਦੇਸ਼ੀ ਬੈਂਕਾਂ ਵਿੱਚ ਕੁਝ ਚੋਣਵੇਂ ਲੋਕਾਂ ਦੇ ਖਾਤਿਆਂ ਦੀ ਗੱਲ ਹੋ ਰਹੀ ਸੀ। ਹੁਣ ਅਜਿਹੇ ਖਾਤਿਆਂ ਤੋਂ ਵਧ ਕੇ ਗੱਲ ਵਿਦੇਸ਼ੀ ਜਾਇਦਾਦਾਂ ਤੱਕ ਪਹੁੰਚ ਗਈ ਹੈ। ਕਾਲੇ ਧੰਨ ਦਾ ਮੁੱਦਾ ਸ਼ਾਇਦ ਛੋਟਾ ਹੋ ਗਿਆ ਹੈ। ਪਨਾਮਾ ਦਸਤਾਵੇਜਾਂ ਦੇ ਬਾਹਰ ਆਉਣ ਬਾਅਦ ਅਜਿਹੀਆਂ ਸੂਚੀਆਂ ਵਿੱਚ ਸ਼ਾਮਿਲ ਪ੍ਰਭਾਵਸ਼ਾਲੀ ਲੋਕਾਂ ਖਿਲਾਫ ਸ਼ਾਇਦ ਹੀ ਕਦੇ ਕਾਰਵਾਈ ਹੋਵੇ। ਉਨ੍ਹਾਂ ਵੱਲੋਂ ਵਿਦੇਸ਼ਾਂ ਵਿੱਚ ਛੁਪਾ ਕੇ ਰੱਖਿਆ ਧਨ ਅਤੇ ਕਾਲੇ ਧਨ ਨਾਲ ਬਣਾਈ ਗਈ ਜਾਇਦਾਦ ਆਖਿਰ ਕੌਣ ਜਬਤ ਕਰੇਗਾ। ਸੂਚੀ ਵਿੱਚ ਸਰਕਾਰਾਂ ਨੂੰ ਚਲਾਉਣ ਵਾਲੇ ਲੋਕਾਂ ਦੇ ਨਾਂਅ ਵੀ ਸ਼ਾਮਿਲ ਹਨ। ਸੱਤਾ ਦਾ ਸੁਖ ਭੋਗ ਰਹੇ ਲੋਕ ਦੇਸ਼ ਨੂੰ ਲੁੱਟ ਰਹੇ ਹਨ। ਜਿਸ ਦੇਸ਼ ਵਿੱਚ ਕਰੋੜਾਂ ਲੋਕ ਦੋ ਵੇਲੇ ਦੀ ਰੋਟੀ ਤੋਂ ਆਤੁਰ ਹੋਣ ਉਸ ਦੇਸ਼ ਵਿੱਚ ਕੁਝ ਮੁੱਠੀ ਭਰ ਲੋਕਾਂ ਨੂੰ ਦੇਸ਼ ਦੇ ਸਰਮਾਏ ਨਾਲ ਇਸ ਤਰ੍ਹਾਂ ਖੇਡਣ ਦੀ ਇਜਾਜ਼ਤ ਕਿਸ ਤਰ੍ਹਾਂ ਦਿੱਤੀ ਜਾ ਸਕਦੀ ਹੈ। ਬੇਸ਼ੱਕ ਭਾਰਤ ਸਰਕਾਰ ਦਹਾਕਿਆਂ ਤੋਂ ਕਾਲੇ ਧਨ ਖਿਲਾਫ ਕਾਰਵਾਈ ਕਰਨ ਵਿੱਚ ਲੱਗੀ ਹੋਈ ਹੈ। ਵਿਦੇਸ਼ੀ ਖਾਤਿਆਂ ਬਾਰੇ ਵੀ ਜਾਂਚ ਚੱਲ ਰਹੀ ਹੈ। ਦੇਸ਼ ਦੀਆਂ ਸਾਰੀਆਂ ਹੀ ਜਾਂਚ ਏਜੰਸੀਆਂ ਅਜਿਹੀ ਸਰਗਰਮੀ ਵਿੱਚ ਜੁੱਟੀਆਂ ਹੋਈਆਂ ਹਨ। ਸੁਪਰੀਮ ਕੋਰਟ ਤੋਂ ਲੈ ਕੇ ਹੇਠਲੀਆਂ ਅਦਾਲਤਾਂ ਤੱਕ ਅਜਿਹੀਆਂ ਸ਼ਿਕਾਇਤਾਂ ਦੀਆਂ ਸੁਣਵਾਈ ਕਰ ਰਹੀਆਂ ਹਨ। ਪਰ ਇਹ ਹੈਰਾਨੀ ਦੀ ਗੱਲ ਹੈ ਕਿ ਅੱਜ ਤੱਕ ਕਿਸੇ ਵੀ ਕਾਲੇ ਧਨ ਵਾਲੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਹਾਲਾਂਕਿ ਉਸ ਦਾ ਇਹ ਕਾਰਜ ਦੇਸ਼ ਧਰੋਹੀ ਤੋਂ ਵੀ ਵੱਧ ਮਾੜਾ ਹੈ। ਕਿਸੇ ਵੀ ਵਿਦੇਸ਼ੀ ਖਾਤੇ ਵਿੱਚੋਂ ਇਕ ਪੈਸਾ ਦੇਸ਼ ਦੇ ਖਜਾਨੇ ਵਿੱਚ ਵਾਪਿਸ ਨਹੀਂ ਆਇਆ। ਕਹਿਣ ਦਾ ਭਾਵ ਇਹ ਹੈ ਕਿ ਸਭ ਕੁੱਝ ਕਹਿਣ ਕਰਨ ਦੇ ਬਾਵਜੂਦ ਪਰਨਾਲਾ ਉਥੇ ਦਾ ਉਥੇ ਹੈ। ਹੁਣ ਵੀ ਪਨਾਮਾ ਦਸਤਾਵੇਜਾਂ ਦੀ ਜਾਂਚ ਲਈ ਬਹੁ-ਏਜੰਸੀ ਟੀਮ ਕਾਇਮ ਕਰਨ ਦਾ ਐਲਾਨ ਕੀਤਾ ਗਿਆ। ਇਸ ਲਈ ਕੋਈ ਸਮਾਂ ਸੀਮਾ ਵੀ ਨਹੀਂ ਰੱਖੀ ਗਈ। ਇਸ ਤਰ੍ਹਾਂ ਦੀ ਟੀਮ ਦਾ ਗਠਨ ਕਦੋਂ ਹੁੰਦਾ ਹੈ ਅਤੇ ਉਹ ਕਦੇ ਤੱਕ ਆਪਣਾ ਰਿਪੋਰਟ ਸਰਕਾਰ ਨੂੰ ਦਿੰਦੀ ਹੈ ਇਹ ਵੀ ਹਾਲੇ ਦੇਖਣ ਵਾਲੀ ਗੱਲ ਹੈ। ਵੱਡੀ ਗੱਲ ਤਾਂ ਇਹ ਹੈ ਕਿ ਸਰਕਾਰ ਅਜਿਹੇ ਮਾਮਲਿਆਂ ਵਿੱਚ ਸਿਰਫ ਜਾਂਚ ਦੇ ਹੁਕਮ ਹੀ ਕਿਉਂ ਦਿੰਦੀ ਹੈ ਕਿਉਂ ਸਿੱਧੀ ਕਾਰਵਾਈ ਸ਼ੁਰੂ ਨਹੀਂ ਹੁੰਦੀ। ਆਮ ਲੋਕ ਛੋਟਾ ਗੁਨਾਹ ਕਰਦੇ ਹਨ ਤਾਂ ਉਨ੍ਹਾਂ ਖਿਲਾਫ ਤੁਰੰਤ ਕਾਰਵਾਈ ਹੁੰਦੀ ਹੈ। ਵੱਡੇ ਲੋਕ ਵੱਡੇ ਗੁਨਾਹ ਕਰ ਰਹੇ ਹਨ ਪਰ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ, ਸਿਰਫ ਜਾਂਚ ਦੇ ਹੁਕਮ ਦਿੱਤੇ ਜਾਂਦੇ ਹਨ। ਦੇਸ਼ ਦੇ ਇਸ ਚਲਨ ਨੂੰ ਬਦਲਨਾ ਹੋਵੇਗਾ। ਵੱਡੇ ਗੁਨਾਹਗਾਰਾਂ ਖਿਲਾਫ ਕਾਰਵਾਈ ਤੋਂ ਬਿਨਾਂ ਇਸ ਦੇਸ਼ ਨੂੰ ਮੌਜੂਦਾ ਸੰਕਟ ਵਿੱਚੋਂ ਨਹੀਂ ਕੱਢਿਆ ਜਾ ਸਕਦਾ। ਗਰੀਬੀ ਦੀ ਵਜ੍ਹਾ ਵੀ ਇਹੋ ਲੋਕ ਹਨ ਜੋ ਜਨਤਕ ਸਰਮਾਏ ਨੂੰ ਦੇਸ਼ਾਂ-ਵਿਦੇਸ਼ਾਂ ਵਿੱਚ ਦਬੀ ਬੈਠੇ ਹਨ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11