Tuesday , 23 April 2019
Breaking News
You are here: Home » EDITORIALS » ਟਿਊਬਵੈਲਾਂ ਦੀ ਗਿਣਤੀ ਸੀਮਿਤ ਕੀਤੀ ਜਾਵੇ

ਟਿਊਬਵੈਲਾਂ ਦੀ ਗਿਣਤੀ ਸੀਮਿਤ ਕੀਤੀ ਜਾਵੇ

ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਲਗਾਤਾਰ ਖਤਰਨਾਕ ਹੱਦ ਤੱਕ ਹੇਠਾਂ ਜਾ ਰਿਹਾ ਹੈ। ਲੱਖਾਂ ਟਿਊਬਵੈਲ ਦਿਨ ਰਾਤ ਧਰਤੀ ਹੇਠਲਾ ਪਾਣੀ ਬਾਹਰ ਕੱਢ ਰਹੇ ਹਨ। ਹੋਰ ਤਾਂ ਹੋਰ ਖੇਤੀ ਅਤੇ ਹੋਰ ਕਾਰਜਾਂ ਲਈ ਟਿਊਬਵੈਲਾਂ ਲਈ ਬਿਜਲੀ ਕੁਨੈਕਸ਼ਨ ਵੀ ਲਗਾਤਾਰ ਜਾਰੀ ਹੋ ਰਹੇ ਹਨ। ਇਸ ਮਾਮਲੇ ਵਿੱਚ ਦੂਰਦਰਸ਼ੀ ਪਹੁੰਚ ਨਹੀਂ ਅਪਣਾਈ ਜਾ ਰਹੀ। ਕਿਸਾਨ ਡੂੰਘੇ ਬੋਰ ਲਗਾ ਕੇ ਕਰਜ਼ਾਈ ਹੁੰਦੇ ਜਾ ਰਹੇ ਹਨ। ਦਰਿਆਈ ਪਾਣੀ ਦੀ ਕਮੀ ਕਾਰਨ ਕਿਸਾਨਾਂ ਨੂੰ ਟਿਊਬਵੈਲਾਂ ਦੇ ਪਾਣੀ ਉਪਰ ਨਿਰਭਰ ਹੋਣਾ ਪੈ ਰਿਹਾ ਹੈ। ਧਰਤੀ ਹੇਠਲਾ ਪਾਣੀ ਹੇਠਾਂ ਜਾਣ ਕਾਰਨ ਕੁਝ ਖੇਤਰਾਂ ਵਿੱਚ ਤਾਂ ਕਿਸਾਨਾਂ ਨੂੰ 900 ਫੁੱਟ ਤੱਕ ਡੂੰਘਾ ਬੋਰ ਕਰਕੇ ਟਿਊਬਵੈਲ ਲਗਾਉਣੇ ਪੈ ਰਹੇ ਹਨ। ਨਵੀਂ ਤਕਨੀਕ ਵਾਲੀਆਂ ਡਰਿੱਲ ਮਸ਼ੀਨਾ ਨਾਲ ਲਗਾਏ ਜਾਣ ਵਾਲੇ ਇਹ ਟਿਊਬਵੈਲ ਆਮ ਕਿਸਾਨਾਂ ਦੀ ਪਹੁੰਚ ਵਿੱਚ ਨਹੀਂ ਹਨ। ਇਕ ਅਨੁਮਾਨ ਮੁਤਾਬਿਰਕ 800 ਫੁੱਟ ਬੋਰ ਕਰਨ ਦਾ ਖਰਚਾ 5 ਲੱਖ ਤੋਂ ਉਪਰ ਆਉਂਦਾ ਹੈ। ਕੁੱਲ ਮਿਲਾ ਕੇ ਇਹ ਟਿਊਬਵੈਲ ਕਿਸਾਨਾਂ ਨੂੰ 7 ਲੱਖ ਰੁਪਏ ’ਚ ਪੈਂਦਾ ਹੈ। ਆਉਣ ਵਾਲੇ ਕੁਝ ਸਾਲਾਂ ਵਿੱਚ ਇਹ ਸਥਿਤੀ ਹੋਰ ਗੰਭੀਰ ਹੋਣ ਵਾਲੀ ਹੈ। ਅਜਿਹੀ ਸਥਿਤੀ ਵਿੱਚ ਛੋਟੇ ਕਿਸਾਨਾਂ ਲਈ ਟਿਊਬਵੈਲ ਲਗਾਉਣਾ ਹੀ ਮੁਸ਼ਕਿਲ ਹੋ ਜਾਵੇਗਾ। ਕਹਿਣ ਦਾ ਭਾਵ ਇਹ ਹੈ ਕਿ ਪੰਜਾਬ ਦਾ ਖੇਤੀ ਖੇਤਰ ਛੇਤੀ ਹੀ ਪਾਣੀ ਦੇ ਵੱਡੇ ਸੰਕਟ ਨਾਲ ਜੂਝੇਗਾ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਧਰਤੀ ਹੇਠਲੇ ਪਾਣੀ ਦੀ ਵਰਤੋਂ ਬਾਰੇ ਇਕ ਦੂਰ ਦਰਸ਼ੀ ਨੀਤੀ ਤਿਆਰ ਕੀਤੀ ਜਾਵੇ। ਟਿਊਬਵੈਲਾਂ ਦੀ ਕੁੱਲ ਗਿਣਤੀ ਬਾਰੇ ਵੀ ਡੂੰਘੀ ਵਿਚਾਰ ਚਰਚਾ ਹੋਣੀ ਚਾਹੀਦੀ ਹੈ। ਧਰਤੀ ਹੇਠਲੇ ਪਾਣੀ ਦੀ ਬੇਲੋੜੀ ਵਰਤੋਂ ਤਾਂ ਮੁਕੰਮਲ ਤੌਰ ’ਤੇ ਬੰਦ ਕੀਤੀ ਜਾਵੇ। ਚੰਗਾ ਹੋਵੇਗਾ ਜੇਕਰ ਸਰਕਾਰ ਖੇਤੀ ਖੇਤਰ ਲਈ ਹੋਰ ਵਧੇਰੇ ਦਰਿਆਈ ਪਾਣੀ ਦਾ ਪ੍ਰਬੰਧ ਕਰੇ। ਪਾਣੀ ਦੀ ਸਾਂਭ-ਸੰਭਾਲ ਇਕ ਵੱਡਾ ਮੁੱਦਾ ਹੈ। ਕੁਦਰਤੀ ਪਾਣੀ ਨੂੰ ਪਲੀਤ ਹੋਣ ਤੋਂ ਵੀ ਬਚਾਇਆ ਜਾਣਾ ਚਾਹੀਦਾ ਹੈ। ਸ਼ਹਿਰੀ ਖੇਤਰਾਂ ਵਿੱਚ ਵੀ ਪਾਣੀ ਦੀ ਕਾਫੀ ਦੁਰਵਰਤੋਂ ਹੋ ਰਹੀ ਹੈ। ਇਸ ਸਬੰਧ ਵਿੱਚ ਵੀ ਸਰਕਾਰ ਨੂੰ ਕਰੜੇ ਕਦਮ ਚੁੱਕਣੇ ਚਾਹੀਦੇ ਹਨ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11