ਪੀ.ਡੀ.ਏ. ਗੱਠਜੋੜ ’ਚ ਸ਼ਮੂਲੀਅਤ ਤੋਂ ਸਪਸ਼ਟ ਇਨਕਾਰ
ਚੰਡੀਗੜ੍ਹ, 6 ਫ਼ਰਵਰੀ- ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਐਮ.ਪੀ. ਭਗਵੰਤ ਮਾਨ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਤੇ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਸੰਭਵ ਹੈ, ਪ੍ਰੰਤੂ ਸ. ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠਲੀ ਪੰਜਾਬੀ ਏਕਤਾ ਪਾਰਟੀ ਨਾਲ ਕਿਸੇ ਵੀ ਤਰ੍ਹਾਂ ਦਾ ਗੱਠਜੋੜ ਸੰਭਵ ਨਹੀਂ ਹੈ।‘ਪੰਜਾਬ ਟਾਇਮਜ਼’ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ‘ਆਪ’ ਲੋਕ ਸਭਾ ਚੋਣਾਂ ਨੂੰ ਕਾਫੀ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਪਾਰਟੀ ਦੀ ਜਿੱਤ ਲਈ ਸਾਰੇ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੜ ਪਾਰਟੀ ਪ੍ਰਧਾਨ ਬਣਨ ਪਿੱਛੋਂ ਉਨ੍ਹਾਂ ਦੀ ਪਹਿਲੀ ਤਰਜੀਹ ਪਾਰਟੀ ਅੰਦਰ ਫੈਲੀ ਅਵਿਵਸਥਾ ਦੀ ਸਥਿਤੀ ਠੀਕ ਕਰਨਾ ਹੈ। ਉਨ੍ਹਾਂ ਨੇ ਆਪਣੇ ਚੋਣ–ਏਜੰਡੇ ਅਤੇ ਬਾਗ਼ੀਆਂ ਕਾਰਨ ਆਮ ਆਦਮੀ ਪਾਰਟੀ ਨੂੰ ਹੋਏ ਨੁਕਸਾਨ ਬਾਰੇ ਚਰਚਾ ਦੌਰਾਨ ਕਿਹਾ ਕਿ ਪਾਰਟੀ ਸਾਰੇ ਮੁੱਦਿਆਂ ਨੂੰ ਧਿਆਨ ਵਿੱਚ ਰੱਖ ਕੇ ਹੀ ਲੋਕ ਸਭਾ ਚੋਣਾਂ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਤੇ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਦੀਆਂ ਸੰਭਾਵਨਾਵਾਂ ਬਾਰੇ ਗਲਬਾਤ ਕਰ ਰਹੀ ਹੈ, ਪਰ ਹਾਲੇ ਕੋਈ ਅੰਤਿਮ ਫ਼ੈਸਲਾ ਨਹੀਂ ਲਿਆ ਗਿਆ। ਟਕਸਾਲੀ ‘ਮਾਝਾ’ ’ਚ ਹਨ। ਬਸਪਾ ਦੀ ਹਾਲਤ ਦੋਆਬਾ ਵਿਚ ਵਧੀਆ ਨਹੀਂ ਹੈ ਤੇ ਅਸੀਂ ਮਾਲਵੇ ਵਿੱਚ ਮਜ਼ਬੂਤ ਹਾਂ। ਇਸ ਲਈ ਇਹ ਸਮਝਣਾ ਕੋਈ ਬਹੁਤਾ ਔਖਾ ਨਹੀਂ ਹੈ ਕਿ ਤਿੰਨੇ ਜਣੇ ਇਕ–ਦੂਜੇ ਲਈ ਸਹਾਇਕ ਸਿਧ ਹੋਣਗੇ। ਖਹਿਰਾ ਨਾਲ ਕਿਸੇ ਗੱਠਜੋੜ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਲੋਕਾਂ ਨਾਲ ਨਹੀਂ ਜੁੜ ਸਕਦੇ, ਜੋ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕਰ ਰਹੇ ਹਨ। ਇਸ ਮਾਮਲੇ ’ਤੇ ਕੋਈ ਸਮਝੌਤਾ ਨਹੀਂ ਹੋਵੇਗਾ। ਭਗਵੰਤ ਮਾਨ ਨੇ ਸਪਸ਼ਟ ਕੀਤਾ ਕਿ ਉਹ ਟਕਸਾਲੀ ਅਕਾਲੀਆਂ ਤੇ ਬਸਪਾ ਨਾਲ ਤਾਂ ਜੁੜ ਸਕਦੇ ਹਨ ਪਰ ਖਹਿਰਾ ਤੇ ਉਨ੍ਹਾਂ ਦੇ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਵਿਚ ਸ਼ਾਮਿਲ ਨਹੀਂ ਹੋਣਗੇ। ਪੰਜਾਬ ਇਕਾਈ ਵਿੱਚ ਅੰਦਰੂਨੀ ਖਿਚੋਤਾਣ ਅਤੇ ਪ੍ਰਮੁਖ ਆਗੂਆਂ ਦੇ ਪਾਰਟੀ ਨੂੰ ਛਡ ਕੇ ਚਲੇ ਜਾਣ ਨਾਲ ਹੋਏ ਨੁਕਸਾਨ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਲੀਹੋਂ ਨਹੀਂ ਲਥੀ, ਕੁਝ ਮਸਲੇ ਜ਼ਰੂਰ ਉਠੇ ਹਨ ਪਰ ਉਹ ਸਾਰੇ ਹਲ ਕਰ ਲਏ ਜਾਣਗੇ।