Sunday , 15 December 2019
Breaking News
You are here: Home » EDITORIALS » ਜੀ.ਐਸ.ਟੀ. ਦਾ ਹੋਰ ਸਰਲੀਕਰਨ ਹੋਵੇ

ਜੀ.ਐਸ.ਟੀ. ਦਾ ਹੋਰ ਸਰਲੀਕਰਨ ਹੋਵੇ

ਬੇਸ਼ਕ ਦੇਸ਼ ਵਿੱਚ ਆਰਥਿਕ ਵਿਕਾਸ ਦੀ ਦਰ ਕੁਝ ਘਟੀ ਹੈ ਪ੍ਰੰਤੂ ਇਸ ਦੇ ਬਾਵਜੂਦ ਜੀ.ਐਸ.ਟੀ. ਦੀ ਵਸੂਲੀ ਦਾ ਅੰਕੜਾ ਬੇਹੱਦ ਉਤਸ਼ਾਹਪੂਰਨ ਹੈ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਦੇਸ਼ ਵਿੱਚ ਵਪਾਰਕ ਸਰਗਰਮੀਆਂ ਠੱਪ ਨਹੀਂ ਹੋਈਆਂ ਸਗੋਂ ਇਨ੍ਹਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਹ ਤਸੱਲੀ ਵਾਲੀ ਗੱਲ ਹੈ ਕਿ ਨਵੰਬਰ ਮਹੀਨੇ ‘ਚ ਵਸਤਾਂ ਅਤੇ ਸੇਵਾਵਾਂ ਬਾਰੇ ਟੈਕਸ (ਜੀ. ਐਸ. ਟੀ.) ਦੀ ਵਸੂਲੀ ਇਕ ਲੱਖ ਕਰੋੜ ਰੁਪਏ ਤੋਂ ਟੱਪ ਗਈ ਹੈ। ਵਿੱਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ ਨਵੰਬਰ 2019 ਦੌਰਾਨ ਜੀ. ਐਸ. ਟੀ. ਕਰ ਤੋਂ ਵਸੂਲੀ 1,03,492 ਕਰੋੜ ਰੁਪਏ ਹੋਈ ਹੈ, ਜੋ ਨਵੰਬਰ 2018 ‘ਚ 97,637 ਕਰੋੜ ਸੀ। ਕੁੱਲ ਜੀ. ਐਸ. ਟੀ. ਕਰ ‘ਚ ਕੇਂਦਰੀ ਜੀ. ਐਸ. ਟੀ. ਦਾ ਹਿੱਸਾ 19,592 ਕਰੋੜ ਰੁਪਏ ਹੈ। ਇਸ ਵਿੱਚ ਰਾਜਾਂ ਦਾ ਹਿੱਸਾ 27,144 ਕਰੋੜ ਰੁਪਏ ਹੈ। ਆਈ. ਜੀ. ਐਸ. ਟੀ. ਤੋਂ ਕੁੱਲ ਵਸੂਲੀ 49,028 ਕਰੋੜ ਰੁਪਏ ਹੋਈ ਹੈ। ਅਜਿਹਾ ਪਿਛਲੇ ਕੁਝ ਮਹੀਨਿਆਂ ਤੋਂ ਨਾਂਹ ਪੱਖੀ ਵਿਕਾਸ ਦਰ ਦੇ ਬਾਵਜੂਦ ਵਾਪਰਿਆ ਹੈ। ਇਸ ਸਮੇਂ ਦੌਰਾਨ ਜੀ.ਐਸ.ਟੀ. ਦੀ ਵਸੂਲੀ ‘ਚ 6ਫੀਸਦੀ ਵਾਧਾ ਦਰਜ ਹੋਇਆ ਹੈ। ਇਹ ਵਾਧਾ ਬੇਹੱਦ ਉਤਸ਼ਾਹਜਨਕ ਅਤੇ ਉਮੀਦਾਂ ਬੰਨ੍ਹਣ ਵਾਲਾ ਹੈ। ਅੰਕੜੇ ਦੱਸਦੇ ਹਨ ਕਿ ਇਸ ਤੋਂ ਪਹਿਲਾਂ ਜੁਲਾਈ ‘ਚ 102,083 ਕਰੋੜ ਰੁਪਏ ਦੀ ਵਸੂਲੀ ਹੋਈ ਸੀ, ਜਦਕਿ ਅਗਸਤ ‘ਚ ਇਹ 98,202 ਕਰੋੜ ਅਤੇ ਸਤੰਬਰ ‘ਚ ਹੇਠਾਂ ਡਿਗ ਕੇ 91,916 ਕਰੋੜ ਰੁਪਏ ‘ਤੇ ਪਹੁੰਚ ਗਈ ਸੀ। ਅਕਤੂਬਰ ‘ਚ ਇਸ ‘ਚ ਮਾਮੂਲੀ ਵਾਧਾ ਦਰਜ ਹੋਣ ਤੋਂ ਬਾਅਦ ਜੀ. ਐਸ. ਟੀ. ਉਗਰਾਹੀ 95,380 ਕਰੋੜ ‘ਤੇ ਪਹੁੰਚ ਗਈ ਸੀ। ਨਵੰਬਰ ਮਹੀਨੇ ਦੀ ਜੀ. ਐਸ. ਟੀ. ਵਸੂਲੀ ਦਾ ਅੰਕੜਾ ਦੇਸ਼ ਦੇ ਆਰਥਿਕ ਵਿਕਾਸ ਲਈ ਇਕ ਵੱਡੀ ਖਬਰ ਹੈ। ਜੇਕਰ ਸਰਕਾਰ ਜੀ.ਐਸ.ਟੀ. ਦਾ ਹੋਰ ਸਰਲੀਕਰਨ ਕਰ ਦੇਵੇ ਤਾਂ ਇਸ ਵਸੂਲੀ ਵਿੱਚ ਹੋਰ ਵਾਧਾ ਹੋ ਸਕਦਾ ਹੈ। ਇਸ ਸਮੇਂ ਕਾਰੋਬਾਰੀਆਂ ਨੂੰ ਜੀਐਸਟੀ ਉਲਝਣਾਂ ਕਾਰਨ ਕਾਫੀ ਪ੍ਰੇਸ਼ਾਨੀ ਹੈ। ਛੋਟੇ ਕਾਰੋਬਾਰੀਆਂ ਦਾ ਇਸ ਕਾਰਨ ਕਾਰੋਬਾਰ ਤੱਕ ਠੱਪ ਹੋਇਆ ਪਿਆ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜੀ.ਐਸ.ਟੀ. ਦਾ ਸਰਲੀਕਰਨ ਕਰਕੇ ਲੋਕਾਂ ਨੂੰ ਰਾਹਤ ਦੇਵੇ। ਇਸ ਨਾਲ ਲਾਜ਼ਮੀ ਤੌਰ ‘ਤੇ ਜੀ.ਐਸ.ਟੀ. ਸਮੇਤ ਸਾਰੇ ਟੈਕਸਾਂ ਦੀ ਵਸੂਲੀ ਵਿੱਚ ਵੱਡਾ ਵਾਧਾ ਹੋਵੇਗਾ। ਸਰਕਾਰ ਨੂੰ ਤੁਰੰਤ ਇਸ ਮਸਲੇ ਵੱਲ ਧਿਆਨ ਦੇਣਾ ਹੋਵੇਗਾ। ਜੀ.ਐਸ.ਟੀ. ਦੇ ਸਰਲੀਕਰਨ ਨਾਲ ਆਰਥਿਕ ਖੇਤਰ ਦੀ ਵਿਕਾਸ ਦਰ ਵੀ ਵਧੇਗੀ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11