Tuesday , 15 October 2019
Breaking News
You are here: Home » EDITORIALS » ਜਾਅਲੀ ਵੋਟਾਂ ਰੋਕਣ ਲਈ ਚੰਗੀ ਤਜਵੀਜ਼

ਜਾਅਲੀ ਵੋਟਾਂ ਰੋਕਣ ਲਈ ਚੰਗੀ ਤਜਵੀਜ਼

ਭਾਰਤ ਇਕ ਵੱਡਾ ਲੋਕਤੰਤਰੀ ਦੇਸ਼ ਹੈ ਪਰ ਚੋਣ ਪ੍ਰਣਾਲੀ ਵਿੱਚ ਕਮੀਆਂ ਕਾਰਨ ਲੋਕਤੰਤਰ ਸਹੀ ਅਰਥਾਂ ਵਿੱਚ ਪ੍ਰਗਟ ਨਹੀਂ ਹੋ ਸਕਿਆ। ਫਰਜ਼ੀ ਅਤੇ ਦੋਹਰੀਆਂ ਵੋਟਾਂ ਕਾਰਨ ਨਤੀਜੇ ਪ੍ਰਭਾਵਿਤ ਹੁੰਦੇ ਰਹਿੰਦੇ ਹਨ। ਇਹ ਚੰਗੀ ਗੱਲ ਹੈ ਕਿ ਇਕ ਵਾਰ ਫਿਰ ਜਾਅਲੀ ਵੋਟਾਂ ਨੂੰ ਰੋਕਣ ਲਈ ਇਕ ਤਜਵੀਜ਼ ਉੱਪਰ ਚਰਚਾ ਹੋ ਰਹੀ ਹੈ। ਵੋਟਰਾਂ ਦੇ ਆਧਾਰ ਡੇਟਾ ਬਾਰੇ ਚੋਣ ਕਮਿਸ਼ਨ ਨੇ ਨਵੇਂ ਬਿਨੈਕਾਰਾਂ ਅਤੇ ਮੌਜੂਦਾ ਵੋਟਰਾਂ ਦੇ ਵੋਟਰ ਸੂਚੀ ਵਿਚਲੇ ਇਕ ਤੋਂ ਵੱਧ ਇੰਦਰਾਜਾਂ ਦੀ ਜਾਂਚ ਲਈ ਆਧਾਰ ਨੰਬਰ ਇਕੱਤਰ ਕਰਨ ਲਈ ਕਾਨੂੰਨ ਮੰਤਰਾਲੇ ਨੂੰ ਚੋਣ ਕਾਨੂੰਨ ਵਿੱਚ ਸੋਧ ਕਰਨ ਦੀ ਤਜਵੀਜ਼ ਭੇਜੀ ਹੈ। ਚੋਣ ਕਮਿਸ਼ਨ ਦਾ ਅਜਿਹਾ ਕਰਨ ਪਿੱਛੇ ਮਕਸਦ ਚੋਣ ਸੂਚੀਆਂ ਵਿਚਲੇ ਕਈ ਥਈ ਇੰਦਰਾਜਾਂ ‘ਤੇ ਰੋਕ ਲਾਉਣਾ ਹੈ। ਅਗਸਤ, 2015 ਵਿੱਚ ਆਧਾਰ ਕਾਰਡ ਬਾਰੇ ਸੁਪਰੀਮ ਕੋਰਟ ਦੇ ਇੱਕ ਆਦੇਸ਼ ਨੇ ਚੋਣ ਕਮਿਸ਼ਨ ਦੇ ਵੋਟਰ ਸੂਚੀ ਵਿਚਲੇ ਬਹੁਤੇ ਇੰਦਰਾਜਾਂ ਦੀ ਜਾਂਚ ਲਈ ਵੋਟਰਾਂ ਦੇ ਚੋਣ ਅੰਕੜਿਆਂ ਨਾਲ ਅਧਾਰ ਨੂੰ ਜੋੜਨ ਵਾਲੇ ਪ੍ਰਾਜੈਕਟ ‘ਤੇ ਰੋਕ ਲਾ ਦਿੱਤੀ ਸੀ। ਚੋਣ ਕਮਿਸ਼ਨ ਉਦੋਂ ਆਪਣੇ ਕੌਮੀ ਚੋਣ ਸੂਚੀ ਸ਼ੁੱਧਤਾ ਅਤੇ ਪ੍ਰਮਾਣੀਕਰਨ ਪ੍ਰੋਗਰਾਮ ਦੇ ਹਿੱਸੇ ਵਜੋਂ ਆਧਾਰ ਨੰਬਰ ਇਕੱਤਰ ਕਰ ਰਿਹਾ ਸੀ। ਕਾਨੂੰਨ ਮੰਤਰਾਲੇ ਨੂੰ ਭੇਜੇ ਪੱਤਰ ਵਿੱਚ, ਕਮਿਸ਼ਨ ਨੇ ਹਾਲ ਹੀ ਵਿੱਚ ਤਜਵੀਜ਼ ਦਿੱਤੀ ਸੀ ਕਿ ਲੋਕ ਪ੍ਰਤੀਨਿਧਤਾ ਐਕਟ ਦੀਆਂ ਧਾਰਾਵਾਂ ਵਿੱਚ ਸੋਧ ਕੀਤੀ ਜਾਵੇ ਤਾਂ ਜੋ ਚੋਣ ਕਮਿਸ਼ਨ ਵੋਟਰ ਬਣਨ ਲਈ ਅਰਜ਼ੀ ਦੇਣ ਵਾਲੇ ਅਤੇ ਪਹਿਲਾਂ ਹੀ ਵੋਟਰ ਸੂਚੀਆਂ ਦਾ ਹਿੱਸਾ ਬਣ ਚੁੱਕੇ ਵਿਅਕਤੀਆਂ ਦੇ ਆਧਾਰ ਨੰਬਰਾਂ ਦੀ ਮੰਗ ਕਰ ਸਕੇ। ਅਗਸਤ ਵਿੱਚ ਚੋਣ ਕਮਿਸ਼ਨ ਵੱਲੋਂ ਭੇਜੀ ਗਈ ਤਜਵੀਜ਼ ਅਨੁਸਾਰ, ਮੌਜੂਦਾ ਵੋਟਰਾਂ ਦੇ ਨਾਲ-ਨਾਲ ਵੋਟ ਬਣਾਉਣ ਲਈ ਬਿਨੈ ਕਰਨ ਵਾਲਿਆਂ ਤੋਂ ਆਧਾਰ ਨੰਬਰ ਹਾਸਲ ਕਰਨ ਲਈ ਚੋਣ ਰਿਜਸਟਰੇਸ਼ਨ ਅਫਸਰ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਚੋਣ ਕਾਨੂੰਨ ਵਿੱਚ ਸੋਧ ਕਰਨ ਦੀ ਮੰਗ ਕੀਤੀ ਗਈ ਹੈ। ਸੁਪਰੀਮ ਕੋਰਟ ਦੇ ਆਦੇਸ਼ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਆਧਾਰ ਨੰਬਰ ਇਕੱਤਰ ਕਰਨ ਲਈ ਕਾਨੂੰਨ ਦੀ ਮਨਜ਼ੂਰੀ ਜ਼ਰੂਰੀ ਹੈ, ਇਸ ਲਈ ਕਮਿਸ਼ਨ ਨੇ ਚੋਣ ਕਾਨੂੰਨ ਵਿਚ ਤਬਦੀਲੀਆਂ ਦੀ ਤਜਵੀਜ਼ ਪੇਸ਼ ਕੀਤੀ ਹੈ। ਇਹ ਇਕ ਚੰਗਾ ਸੁਝਾਅ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਦਿਸ਼ਾ ਵਿੱਚ ਤੇਜੀ ਨਾਲ ਕੰਮ ਕੀਤਾ ਜਾਵੇ ਤਾਂ ਜੋ ਲੋਕਤੰਤਰ ਨੂੰ ਹੋਰ ਵਧੇਰੇ ਮਜ਼ਬੂਤ ਕੀਤਾ ਜਾ ਸਕੇ। ਜਾਅਲੀ ਅਤੇ ਫਰਜੀ ਵੋਟਾਂ ਨੂੰ ਰੋਕਣਾ ਸਰਕਾਰ ਅਤੇ ਚੋਣ ਕਮਿਸ਼ਨ ਦੀ ਸਾਂਝੀ ਜ਼ਿੰਮੇਵਾਰੀ ਹੈ। ਸਾਰੀਆਂ ਸਬੰਧਤ ਧਿਰਾਂ ਨੂੰ ਇਸ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11