ਸ. ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ
ਫ਼ਤਹਿਗੜ੍ਹ ਸਾਹਿਬ- ‘‘ਸ੍ਰੀ ਪ੍ਰਣਾਬ ਮੁਖਰਜੀ ਸਾਬਕਾ ਪ੍ਰੈਜੀਡੈਟ ਇੰਡੀਆ ਵੱਲੋਂ ਸ੍ਰੀ ਮੋਦੀ ਨੂੰ ਉਸਦੇ 68ਵੇਂ ਜਨਮ ਦਿਹਾੜੇ ਤੇ ਵਧਾਈ ਦਿੰਦੇ ਹੋਏ ਕਿਹਾ ਗਿਆ ਹੈ ਕਿ ਮੇਰੀ ਇੱਛਾ ਹੈ ਕਿ ਮੋਦੀ ਹੋਰ 20 ਸਾਲ ਲਈ ਬਤੌਰ ਵਜ਼ੀਰ-ਏ-ਆਜ਼ਮ ਇੰਡੀਆ ਦੇ ਅਹੁਦੇ ਤੇ ਕੰਮ ਕਰਨ । ਕਾਂਗਰਸ ਦੇ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਹੁਣੇ ਹੀ ਮਾਨਸਰੋਵਰ ਦੀ ਯਾਤਰਾ ਇਸ ਕਰਕੇ ਆਏ ਹਨ ਤਾਂ ਕਿ ਇਸ ਪ੍ਰਭਾਵ ਨਾਲ ਹਿੰਦੂ ਵੋਟਰਾਂ ਨੂੰ ਆਪਣੇ ਤੇ ਆਪਣੀ ਪਾਰਟੀ ਦੇ ਪੱਖ ਵਿਚ ਕੀਤਾ ਜਾ ਸਕੇ । ਆਰ.ਐਸ.ਐਸ. ਦੇ ਮੁੱਖੀ ਸ੍ਰੀ ਮੋਹਨ ਭਗਵਤ ਹਿੰਦੂਤਵ ਸੋਚ ਨੂੰ ਕੌਮਾਂਤਰੀ ਪੱਧਰ ਤੇ ਮਜ਼ਬੂਤ ਕਰਨ ਲਈ ਅਮਰੀਕਾ ਜਾ ਕੇ ਆਏ ਹਨ । ਇਹ ਉਪਰੋਕਤ ਸਭ ਲੀਡਰ ਭਾਵੇ ਉਹ ਕਾਂਗਰਸ ਦੇ ਹੋਣ, ਭਾਵੇ ਬੀਜੇਪੀ, ਭਾਵੇ ਆਰ.ਐਸ.ਐਸ, ਭਾਵੇ ਕਿਸੇ ਹੋਰ ਹਿੰਦੂ ਸੰਗਠਨ ਦੇ, ਇਹ ਸਾਰੇ ਹੀ ਹਿੰਦੂਤਵ ਸੋਚ ਲਈ ਇਕ ਪਲੇਟਫਾਰਮ ਤੇ ਇਕੱਤਰ ਹਨ ਅਤੇ ਸਾਰੇ ਹੀ ਹਿੰਦੂ ਵੋਟ ਨੂੰ ਖੁਸ਼ ਕਰਨ ਵਿਚ ਲੱਗੇ ਹੋਏ ਹਨ । ਜਿਸ ਨਾਲ ਕੱਟੜਵਾਦੀ ਹਿੰਦੂ ਸੋਚ ਤੇਜ਼ੀ ਨਾਲ ਪੈਰ ਪਸਾਰ ਰਹੀ ਹੈ । ਇਨ੍ਹਾਂ ਨੂੰ ਕੇਵਲ ਹਿੰਦੂ ਵੋਟਰਾਂ ਦੀ ਹੀ ਲੋੜ ਹੈ, ਸਿੱਖ, ਮੁਸਲਿਮ, ਦਲਿਤ ਅਤੇ ਕਬੀਲਿਆ ਆਦਿ ਨਿਵਾਸੀਆ ਨਾਲ ਕੋਈ ਰਤੀਭਰ ਵੀ ਹਮਦਰਦੀ ਨਹੀਂ । ਜਦੋਂ ਇਹ ਉਪਰੋਕਤ ਕਾਂਗਰਸ, ਬੀਜੇਪੀ-ਆਰ.ਐਸ.ਐਸ. ਨਾਲ ਸੰਬੰਧਤ ਆਗੂ ਤੇ ਜਮਾਤਾਂ ‘ਹਿੰਦੂਤਵ ਸੋਚ’ ਲਈ ਇਕੱਤਰ ਹਨ, ਤਾਂ ਸਿੱਖ ਕੌਮ ਆਪਣੇ ਕੌਮੀ ਮਕਸਦ ਦੀ ਪ੍ਰਾਪਤੀ ਲਈ ਅਤੇ ਗੁਲਾਮੀ ਦੇ ਜੂਲੇ ਤੋਂ ਆਜ਼ਾਦੀ ਪ੍ਰਾਪਤ ਕਰਨ ਲਈ ਇਕ ਕਿਉਂ ਨਹੀਂ ਹੁੰਦੇ?
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਆਗੂਆਂ ਤੇ ਜਮਾਤਾਂ ਵੱਲੋਂ ਆਪਣੇ ਹਿੰਦੂ ਰਾਸਟਰਵਾਦੀ ਪ੍ਰੋਗਰਾਮ ਅਧੀਨ ਇਕ ਹੋ ਜਾਣ ਅਤੇ ਸਿੱਖ ਕੌਮ ਵੱਲੋਂ ਆਪਣੇ ਕੌਮੀ ਮਿਸ਼ਨ ਪ੍ਰਤੀ ਇਕ ਨਾ ਹੋਣ ਉਤੇ ਵਿਚਾਰ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬਲਿਊ ਸਟਾਰ ਦੇ ਫ਼ੌਜੀ ਹਮਲੇ ਸਮੇਂ ਉਪਰੋਕਤ ਸਭ ਹਿੰਦੂ ਜਮਾਤਾਂ ਅਤੇ ਆਗੂ ਇਕ ਸਨ । ਫਿਰ ਨਵੰਬਰ 1984 ਵਿਚ ਜਦੋਂ ਸਿੱਖ ਕਤਲੇਆਮ ਅਤੇ ਨਸ਼ਲਕੁਸੀ ਹੋਈ ਤਦ ਵੀ ਇਹ ਸਭ ਇਕ ਸਨ । ਜਦੋਂ ਦਸੰਬਰ 1992 ਵਿਚ ਬਾਬਰੀ ਮਸਜਿਦ ਨੂੰ ਢਹਿ-ਢੇਰੀ ਕੀਤਾ ਗਿਆ, ਤਦ ਵੀ ਇਕ ਸਨ । 2002 ਵਿਚ ਜਦੋਂ ਸ੍ਰੀ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ, ਤਾਂ 2 ਹਜ਼ਾਰ ਮੁਸਲਮਾਨਾਂ ਦਾ ਕਤਲੇਆਮ ਕਰਨ ਸਮੇਂ ਵੀ ਇਹ ਸਭ ਇਕ ਸਨ । ਫਿਰ 2013 ਵਿਚ ਜਦੋਂ ਮੋਦੀ ਨੇ ਗੁਜਰਾਤ ਦੇ ਪੱਕੇ 60 ਹਜ਼ਾਰ ਸਿੱਖ ਜਿੰਮੀਦਾਰਾਂ ਨੂੰ ਬੇਘਰ ਤੇ ਬੇਜ਼ਮੀਨੇ ਕੀਤਾ, ਤਦ ਵੀ ਇਹ ਜਮਾਤਾਂ ਇਕ ਸਨ । ਇਹ ਹੋਰ ਵੀ ਦੁੱਖ ਅਤੇ ਅਫ਼ਸੋਸ ਵਾਲੇ ਅਮਲ ਹਨ ਕਿ ਅਜਿਹੇ ਸਮੇਂ ਪੰਜਾਬ ਦੇ ਆਗੂ ਭਾਵੇ ਉਹ ਸ. ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਜਾਂ ਕੋਈ ਹੋਰ ਸਭ ਹਿੰਦੂਤਵ ਪ੍ਰੋਗਰਾਮਾਂ ਨੂੰ ਲਾਗੂ ਕਰਕੇ ਆਪਣੇ ਸੈਂਟਰ ਦੇ ਆਕਾਵਾਂ ਨੂੰ ਖੁਸ਼ ਕਰਨ ਦੀ ਸੋਚ ਉਤੇ ਅਮਲ ਕਰਦੇ ਆ ਰਹੇ ਹਨ । ਇਸ ਲਈ ਬਾਦਲਾਂ ਜਾਂ ਕੈਪਟਨ ਅਮਰਿੰਦਰ ਸਿੰਘ ਦੀਆਂ ਸਰਕਾਰਾਂ ਜਾਂ ਆਗੂਆਂ ਤੋਂ ਪੰਜਾਬ ਸੂਬੇ ਨਾਲ ਅਤੇ ਸਿੱਖ ਕੌਮ ਨਾਲ ਸੰਬੰਧਤ ਸੰਜ਼ੀਦਾ ਮਸਲਿਆ ਨੂੰ ਹੱਲ ਕਰਨ ਦੀ ਉਮੀਦ ਨਹੀਂ ਰੱਖੀ ਜਾ ਸਕਦੀ । ਜੇਕਰ ਬਾਦਲ ਦਲੀਏ ਸੂਬੇ ਅਤੇ ਕੌਮ ਪ੍ਰਤੀ ਸੁਹਿਰਦ ਹੁੰਦੇ ਤਾਂ 1999-2004 ਤੱਕ ਸੈਂਟਰ ਵਿਚ ਬੀਜੇਪੀ ਦੀ ਸਰਕਾਰ ਰਹੀ ਜਿਨ੍ਹਾਂ ਨਾਲ ਇਨ੍ਹਾਂ ਦੀ ਪੱਕੀ ਭਾਈਵਾਲੀ ਹੈ । 2014 ਤੋਂ ਅੱਜ ਤੱਕ ਵੀ ਇਨ੍ਹਾਂ ਦੀ ਸੈਟਰ ਵਿਚ ਸਰਕਾਰ ਚੱਲਦੀ ਆ ਰਹੀ ਹੈ ਅਤੇ ਅੱਜ ਵੀ ਬਾਦਲ ਦਲੀਏ ਬੀਜੇਪੀ ਤੇ ਆਰ.ਐਸ.ਐਸ ਦੇ ਭਾਈਵਾਲ ਹਨ, ਤਾਂ ਇਹ ਮਸਲਿਆ ਨੂੰ ਹੱਲ ਕਰਵਾ ਸਕਦੇ ਸਨ । ਇੰਡੀਆਂ ਅਤੇ ਖ਼ਾਲਿਸਤਾਨ ਇਕ-ਦੂਸਰੇ ਦੇ ਵਿਰੋਧੀ ਹਨ, ਕਿਉਂਕਿ ਖ਼ਾਲਿਸਤਾਨ ਬਣਨ ਨਾਲ ਇੰਡੀਆਂ-ਹਿੰਦੂਆਂ ਦੇ ਰਾਜ ਦੀਆਂ ਹੱਦਾਂ ਘੱਟ ਜਾਣਗੀਆ । ਹਿੰਦੂ ਕਤਈ ਨਹੀਂ ਚਾਹੁੰਣਗੇ ਕਿ ਉਨ੍ਹਾਂ ਦੇ ਰਾਜ ਦੀ ਹੱਦ ਘਟੇ । ਖ਼ਾਲਿਸਤਾਨੀ ਚਾਹੁੰਣਗੇ ਕਿ ਹਿੰਦੂਤਵ ਦੀ ਗੁਲਾਮੀ ਤੋਂ ਜਿੰਨੀ ਜਲਦੀ ਹੋ ਸਕੇ, ਆਜ਼ਾਦੀ ਪ੍ਰਾਪਤ ਹੋਵੇ । ਪਾਕਿਸਤਾਨ-ਇੰਡੀਆ ਦੀ ਲੜਾਈ ਨਹੀਂ, ਇਹ ਲੜਾਈ ਤਾਂ ਹਿੰਦੂ ਤੇ ਮੁਸਲਿਮ ਕੌਮ ਦੀ ਹੈ । ਜਦੋਂਕਿ ਸਿੱਖ ਕੌਮ ਦਾ ਨਾ ਤਾਂ ਮੁਸਲਿਮ ਨਾਲ ਅਤੇ ਨਾ ਹੀ ਹਿੰਦੂ ਨਾਲ ਅਤੇ ਨਾ ਹੀ ਹੋਰ ਕਿਸੇ ਨਾਲ ਕਿਸੇ ਤਰ੍ਹਾਂ ਦਾ ਵੈਰ-ਵਿਰੋਧ ਹੈ । ਹਿੰਦੂ ਹੁਕਮਰਾਨ ਸਰਹੱਦਾਂ ਤੇ ਕੰਡੇਦਾਰ ਤਾਰਾ ਲਗਾਕੇ ਨਫ਼ਰਤ ਪੈਦਾ ਕਰਨ ਦੀ ਸਾਜ਼ਿਸ ਤੇ ਅਮਲ ਕਰ ਰਹੇ ਹਨ । ਕਿਉਂਕਿ ਅਜਿਹਾ ਕਰਨ ਨਾਲ ਦਿਲ ਜੁੜਦੇ ਨਹੀਂ, ਦਿਲ ਟੁੱਟਦੇ ਹਨ । ਜੋ ਇਨਸਾਨੀਅਤ ਕਦਰਾ-ਕੀਮਤਾ ਦੇ ਘਾਣ ਕਰਨ ਦੇ ਤੁੱਲ ਅਮਲ ਹਨ । ਅਸੀਂ ਹਿੰਦੂਤਵ ਹੁਕਮਰਾਨਾਂ ਦੇ ਜ਼ਬਰ-ਜੁਲਮ ਦੇ ਵਿਰੁੱਧ ਹਾਂ ਨਾ ਕਿ ਹਿੰਦੂ ਕੌਮ ਦੇ ਇਸ ਲਈ ਸਮੁੱਚੀ ਸਿੱਖ ਕੌਮ ਅਤੇ ਇਨਸਾਫ਼ ਪਸੰਦ ਇਨਸਾਨਾਂ ਨੂੰ ਚਾਹੀਦਾ ਹੈ ਕਿ ਉਹ ਜਮਹੂਰੀਅਤ ਅਤੇ ਅਮਨਮਈ ਤਰੀਕੇ ਹਿੰਦੂਤਵ ਦੀ ਗੁਲਾਮੀ ਵਿਚੋਂ ਆਜ਼ਾਦ ਹੋਣ ਲਈ ਖ਼ਾਲਿਸਤਾਨ ਸਟੇਟ ਅਤੇ ਖ਼ਾਲਿਸਤਾਨੀਆਂ ਦੀ ਹਮਾਇਤ ਕਰਨ ਤਾਂ ਕਿ ਸਿੱਖ ਕੌਮ ਵੀ ਹੋਰਾਂ ਕੌਮਾਂ ਦੀ ਤਰ੍ਹਾਂ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕੇ ਅਤੇ ਹਰ ਪੱਖੋਂ ਤਰੱਕੀ ਕਰ ਸਕੇ ।