Sunday , 19 January 2020
Breaking News
You are here: Home » Editororial Page » ਜਦੋਂ ਜਾਣਾ ਹੋਵੇ ਪਹਾੜੀਂ…

ਜਦੋਂ ਜਾਣਾ ਹੋਵੇ ਪਹਾੜੀਂ…

ਇਨਸਾਨ ਸੁਭਾਅ ਤੋਂ ਹੀ ਸਾਹਸੀ ਹੈ ਅਤੇ ਹਰ ਦਮ ਨਵੇਂ ਨਵੇਂ ਦਿਸਹੱਦੇ ਖੋਜਣ ਦੀ ਤਾਂਘ ਰੱਖਦੈ ਤੇ ਅਣ-ਗਾਹੀਆਂ ਥਾਂਵਾਂ ਤੇ ਆਪਣੇ ਝੰਡੇ ਗੱਡਣ ਦੀ ਤਮੰਨਾ ਨਾਲ ਅਕਸਰ ਅਣਜਾਣੇ ਸਫ਼ਰ ਦਾ ਪਾਂਧੀ ਬਣਦੈ। ਪਰ ਜਰੂਰੀ ਤਿਆਰੀ, ਨਾ ਸਮਝੀ ਅਤੇ ਫੁਕਰੇਪਨ ਕਰਕੇ ਕਈ ਵਾਰ ਅਜਿਹੇ ਸਫ਼ਰ ਅਚਾਨਕ ਹਾਦਸੇ ਦਾ ਕਾਰਨ ਬਣ ਕੇ ਜਿੰਦਗੀ ਭਰ ਦਾ ਜਖਮ ਦੇ ਜਾਂਦੇ ਨੇ ਜੋ ਭੁਲਾਇਆਂ ਵੀ ਨਹੀਂ ਭੁੱਲਦੇ। ਇਸ ਲੇਖ ਰਾਹੀਂ ਮੈਂ ਅਜਿਹੇ ਹਾਦਸਿਆਂ ਤੋਂ ਬਚਣ ਦੀਆਂ ਕੁਝ ਤਾਕੀਬਾਂ ਸਾਂਝੀਆਂ ਕਰਨਾ ਚਾਹੁੰਦਾ ਹਾਂ ਤਾਂ ਕਿ ਕੁਝ ਲੋਕ ਅਪਾਹਿਜ ਹੋਣ ਤੋਂ ਬਚੇ ਰਹਿਣ ਅਤੇ ਤੰਦਰੁਸਤੀ ਭਰੀ ਜਿੰਦਗੀ ਜਿਉਣ। ਪਿਛਲੇ ਕੁਝ ਸਮੇਂ ਤੋਂ ਜਦੋਂ ਤੋਂ ਮੇਰੀ ਨਿਯੁਕਤੀ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲੇ ਵਿਖੇ ਹੋਈ ਹੈ ਮੈਂ ਲਗਭਗ ਹਰ ਰੋਜ਼ ਹੀ ਬਰਫ ਤੋਂ ਤਿਲਕ ਕੇ ਡਿੱਗੇ, ਕਿਸੇ ਨਾ ਕਿਸੇ ਸੈਲਾਨੀ ਦੀ ਬਾਂਹ , ਲੱਤ ਜਾਂ ਹੱਥ ਤੇ ਤਾਜ਼ਾ ਪਲੱਸਤਰ ਹੋਇਆ ਦੇਖਦਾਂ। ਅਕਸਰ ਹੀ ਕਈ ਗੱਡੀਆਂ ਨੂੰ ਸੜਕ ਤੋਂ ਪਾਸੇ ਵੱਡੇ ਨਾਲਿਆਂ ਵਿੱਚ ਡਿੱਗੇ, ਪੱਥਰਾਂ ਨਾਲ ਟਕਰਾ ਕੇ ,ਡਿੱਗੇ ਦਰਖਤਾਂ ਹੇਠ ਟੁੱਟੀ ਫੁੱਟੀ ਹਾਲਤ ਵਿੱਚ ਜਾਂ ਆਪਸ ਵਿੱਚ ਟਕਰਾ ਕੇ ਹਾਦਸਾ ਗ੍ਰਸਤ ਹੁੰਦੇ ਵੇਖਿਆ ਹੈ। ਮੇਂ ਇਸ ਵਰਤਾਰੇ ਦੇ ਅੰਦਰ ਝਾਕਣ ਦੀ ਕੋਸ਼ਿਸ਼ ਕੀਤੀ ਤਾਂ ਇਸ ਵਿੱਚ ਕੁਦਰਤ ਦਾ ਹੱਥ ਘੱਟ ਨਜ਼ਰ ਆਇਆ ਅਤੇ ਇਨਸਾਨਾਂ ਦੀ ਅਣਜਾਣਤਾ, ਫੁਕਰਪੰਥੀ ਜਾਂ ਵਿਖਾਵੇ ਦਾ ਦੋਸ਼ ਜਿਆਦਾ ਨਜ਼ਰ ਆਇਆ। ਜੇਕਰ ਅਸੀਂ ਇਸ ਬਾਰੇ ਚੇਤੰਨ ਹੋਈਏ ਤਾਂ ਇਹ ਹਾਦਸੇ ਕਾਫੀ ਹੱਦ ਤੱਕ ਘੱਟ ਕੀਤੇ ਜਾ ਸਕਦੇ ਨੇ। ਬਰਫ ਤੋਂ ਅਸੀਂ ਅਤੇ ਸਾਡੀਆਂ ਗੱਡੀਆਂ ਕਿਓਂ ਅਤੇ ਕਿਵੇਂ ਫਿਸਲ ਜਾਂਦੀਆਂ ਨੇ ਅਤੇ ਹਾਦਸੇ ਹੋ ਜਾਂਦੇ ਨੇ ਇਸ ਦੀ ਤਹਿ ਵਿੱਚ ਜਾ ਕੇ ਕਾਰਨ ਲਾਭ ਕੇ ਇਸ ਮਰਜ਼ ਦਾ ਇਲਾਜ਼ ਕੀਤਾ ਜਾ ਸਕਦੈ।
ਅਸਲ ਵਿੱਚ ਜਦੋਂ ਬਰਫ ਜਾਂ ਸਨੋ ਪੈਂਦੀ ਹੈ ਤਾਂ ਇਹ ਇੱਕਦੱਮ ਹੀ ਨਹੀਂ ਸ਼ੁਰੂ ਹੋ ਜਾਂਦੀ। ਪਹਿਲਾਂ ਮੀਂਹ ਆਉਂਦਾ ਹੈ ਫਿਰ ਬਰਫ ਦੀਆਂ ਛੋਲਿਆਂ ਦੇ ਦਾਣਿਆਂ ਵਰਗੀਆਂ ਛੋਟੀਆਂ ਛੋਟੀਆਂ ਡਲੀਆਂ ਵਰ੍ਹਦੀਆਂ ਨੇ ਜੋ ਹਰ ਥਾਂ ਤੇ ਜਮ ਜਾਂਦੀਆਂ ਨੇ ਅਤੇ ਧਰਤੀ ਨੂੰ ਬੇਹੱਦ ਠੰਡਾ ਕਰਨ ਦਾ ਕਾਰਜ ਕਰਦੀਆਂ ਨੇ, ਸਥਾਨਕ ਭਾਸ਼ਾ ਵਿੱਚ ਇਸ ਨੂੰ ‘ਬੱਜਰੀ ਪੈਣਾ’ ਕਿਹਾ ਜਾਂਦੈ। ਇਸ ਤੋਂ ਕੁਝ ਸਮੇਂ ਬਾਅਦ ਕਪਾਹ ਦੇ ਫੁੱਟਾਂ ਵਰਗੀ ਬਰਫ ਸ਼ੁਰੂ ਹੁੰਦੀ ਹੈ ਜਿਸ ਦਾ ਆਨੰਦ ਮਾਨਣ ਲਈ ਮੈਦਾਨੀ ਇਲਾਕਿਆਂ ਵਿੱਚੋਂ ਸੈਲਾਨੀ ਖਿੱਚੇ ਚੱਲੇ ਆਉਂਦੇ ਨੇ ਪਰ ਓਹਨਾ ਵਿੱਚੋਂ ਕਈ ਜਾਣਕਾਰੀ ਦੀ ਅਣਹੋਂਦ ਕਰਕੇ ਜਾਂ ਬੇਧਿਆਨੇ ਹੋਣ ਕਰਕੇ ਜਿੰਦਗੀ ਭਰ ਦੀ ਦੁੱਖਦਾਈ ਯਾਦ ਲੈ ਕੇ ਪਰਤਦੇ ਨੇ । ਕਿਉਂਕਿ ਜਦੋਂ ਕਪਾਹ ਦੇ ਫੁੱਟਾਂ ਵਰਗੀ ਬਰਫ ਪੈਂਦੀ ਹੈ ਤਾਂ ਇਹ ਬੜੀ ਹੀ ਨਰਮ ਹੁੰਦੀ ਹੈ , ਇਸ ਦੇ ਗੋਲੇ ਬਣਾ ਕੇ ਖੇਡਿਆ ਵੀ ਜਾ ਸਕਦੈ , ਇਸ ਉੱਪਰ ਚੱਲਿਆ ਵੀ ਜਾ ਸਕਦੈ ਅਤੇ ਇਸ ਦੀਆਂ ਨਕਲੀ ਕਲਾ ਕਿਰਤੀਆਂ ਬਣਾ ਕੇ ਵੀ ਆਨੰਦ ਲਿਆ ਜਾ ਸਕਦੈ। ਇਥੋਂ ਤੱਕ ਤਾਂ ਠੀਕ ਹੈ ਪਰ ਖ਼ਤਰਾ ਅਗਲੇ ਦਿਨ ਤੋਂ ਸ਼ੁਰੂ ਹੁੰਦੈ ਜਦੋਂ ਬਰਫ ਡਿਗਣੀ ਬੰਦ ਹੋ ਜਾਂਦੀ ਹੈ ਅਤੇ ਅਸਮਾਨ ਸਾਫ਼ ਹੋ ਜਾਂਦੈ ਪਰ ਤਾਪਮਾਨ ਬਹੁਤ ਹੀ ਘੱਟ ਹੁੰਦੈ। ਇਹ ਵੀ ਹਕੀਕਤ ਹੈ ਕਿ ਜਦੋਂ ਬਰਫ ਡਿਗਦੀ ਹੈ ਤਾਂ ਤਾਪਮਾਨ ਥੋੜਾ ਵੱਧਦਾ ਹੈ ਕਿਓਂਕਿ ਪਾਣੀ, ਬਰਫ ਬਣਨ ਵੇਲੇ ਗਰਮੀ ਛਡਦਾ ਹੈ ਇਸੇ ਕਰਕੇ ਬਰਫ ਵਿੱਚ ਬਦਲਦਾ ਹੈ ਪਰ ਬਾਅਦ ਵਿੱਚ ਤਾਪਮਾਨ ਵਿੱਚ ਆਈ ਗਿਰਾਵਟ ਕਰਕੇ ‘ਬੱਜਰੀ’ ਨਾਲ ਰੱਲ ਕੇ ਬਰਫ ਪੱਥਰ ਵਰਗੀ ਸਖ਼ਤ ਹੋ ਜਾਂਦੀ ਹੈ ਅਤੇ ਸ਼ੀਸ਼ੇ ਵਰਗੀ ਮੁਲਾਇਮ ਜਿਸ ਉੱਪਰ ਕੋਈ ਵੀ ਵਾਹਨ ਜਾਂ ਇਨਸਾਨ ਆਸਾਨੀ ਨਾਲ ਤਿਲਕ ਸਕਦੈ। ਜਦੋਂ ਬਰਫ ਦੀ ਖੇਡ ਖੇਡਦਾ ਕੋਈ ਬੇ ਧਿਆਨਾ ਸੈਲਾਨੀ ਇਸ ਸ਼ੀਸ਼ੇ ਵਰਗੀ ਬਰਫ ਉੱਪਰ ਪਹੁੰਚਦੈ ਤਾਂ ਉਸ ਦੀ ਲੋਟਣੀ ਲੱਗ ਜਾਂਦੀ ਹੈ ਤੇ ਸੱਟ-ਫ਼ੇਟ ਲੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ। ਜਦੋਂ ਕੋਈ ਗੱਡੀ ਇਸ ਉੱਪਰ ਪਹੁੰਚਦੀ ਹੈ ਤਾਂ ਪਹੀਏ ਘੁੰਮਦੇ ਰਹਿੰਦੇ ਨੇ ਪਰ ਰਗੜ ਬੱਲ ਦੀ ਅਣਹੋਂਦ ਕਰਕੇ ਗੱਡੀ ਅੱਗੇ ਨਹੀਂ ਵੱਧ ਸਕਦੀ ਅਤੇ ਅਕਸਰ ਪਾਸੇ ਵੱਲ ਨੂੰ ਤਿਲਕਦੀ ਤਿਲਕਦੀ ਜਾਂ ਤਾਂ ਕਿਸੇ ਖਾਈ ਵਿੱਚ ਜਾ ਪੈਂਦੀ ਹੈ ਜਾਂ ਫਿਰ ਕਿਸੇ ਹੋਰ ਗੱਡੀ ਜਾਂ ਪੱਥਰ ਨਾਲ ਟਕਰਾ ਜਾਂਦੀ ਹੈ ਅਤੇ ਟਰੈਫਿਕ ਜਾਮ ਦਾ ਕਾਰਨ ਬਣਦੀ ਹੈ। ਜੇਕਰ ਅਸੀਂ ਥੋੜਾ ਜਿਹਾ ਧਿਆਨ ਰੱਖੀਏ ਅਤੇ ਲੋੜੀਂਦੀ ਤਿਆਰੀ ਕਰ ਕੇ ਪਹਾੜਾਂ ਵਿੱਚ ਪੈਂਦੀ ਬਰਫ ਦਾ ਆਨੰਦ ਲਈਏ ਤਾਂ ਅਜਿਹੇ ਮਾੜੇ ਮੌਕੇ ਟਾਲੇ ਜਾ ਸਕਦੇ ਨੇ। ਸਾਡੀ ਪਹਿਲੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਅਸੀਂ ਆਪਣੀ ਗੱਡੀ ਲੈਕੇ ਪਹਾੜਾਂ ਵਿੱਚ ਜਾਣ ਤੋਂ ਬਚੀਏ ਸਗੋਂ ਪਬਲਿਕ ਟਰਾਂਸਪੋਰਟ ਜਾਂ ਜਿਥੇ ਰੇਲ ਗੱਡੀ ਜਾਂਦੀ ਹੋਵੇ , ਉਸ ਦੀ ਵਰਤੋਂ ਕਰੀਏ। ਲੋੜ ਅਨੁਸਾਰ ਸਥਾਨਕ ਟੈਕਸੀ ਵਗੈਰਾ ਕਿਰਾਏ ਤੇ ਲਈ ਜਾ ਸਕਦੀ ਹੈ। ਇਸ ਨਾਲ ਪੈਸੇ ਅਤੇ ਸਮੇ ਦੀ ਬੱਚਤ ਤਾਂ ਹੋਵੇਗੀ ਹੀ ਸਗੋਂ ਲੰਮੇ ਟ੍ਰੈਫਿਕ ਜਾਮ ਸਮੇ ਅਸੀਂ ਤਨਾਵ ਰਹਿਤ ਵੀ ਰਹਾਂਗੇ। ਜੇਕਰ ਜਰੂਰੀ ਹੋਵੇ ਤਾਂ ਸਾਡੀ ਗੱਡੀ ਦੇ ਟਾਇਰ ਬਰਫ ਤੇ ਚੱਲਣ ਦੇ ਅਨੁਕੂਲ ਹੋਣ ਅਤੇ ਇਹ ਇੱਕ ਚੌਥਾਈ ਤੋਂ ਵੱਧ ਘਸੇ ਨਾ ਹੋਣ। ਡੀਜ਼ਲ ਦੀ ਗੱਡੀ ਨਾਲੋਂ ਪੈਟ੍ਰੋਲ ਵਾਲ਼ੀ ਪਹਾੜਾਂ ਵਿੱਚ ਵੱਧ ਕਾਮਯਾਬ ਰਹਿੰਦੀ ਹੈ ਕਿਉਂਕਿ ਡੀਜ਼ਲ ਜਿਆਦਾ ਠੰਡ ਵਿੱਚ ਜੰਮ ਜਾਂਦਾ ਹੈ। ਗੱਡੀ ਦੀ ਬੈਟਰੀ ਵੀ ਪੂਰੀ ਕਾਰਜਕੁਸ਼ਲਤਾ ਵਾਲੀ ਹੋਣੀ ਚਾਹੀਦੀ ਹੈ ਤਾਂ ਕਿ ਸਟਾਰਟਿੰਗ ਵਿੱਚ ਸੱਮਸਿਆ ਨਾ ਆਵੇ। ਪਹਾੜਾਂ ਵਿੱਚ ਟ੍ਰੈਫਿਕ ਜਾਮ ਵਿੱਚ ਫਸਣ ਤੋਂ ਬੱਚਣ ਦਾ ਸਭ ਕਾਰਗਾਰ ਤਰੀਕਾ ਇਹ ਹੈ ਕਿ ਹਮੇਸ਼ਾ ਆਪਣੇ ਖੱਬੇ ਹੱਥ ਚੱਲੋ, ਲਾਈਨ ਕਦੇ ਨਾ ਤੋੜੋ ਅਤੇ ਚੜਾਈ ਚੜ੍ਹ ਰਹੀਆਂ ਗੱਡੀਆਂ ਨੂੰ ਹਮੇਸ਼ਾ ਪਹਿਲ ਦਿਓ, ਤੇਜੀ ਕਦੇ ਨਾ ਦਿਖਾਓ ਅਤੇ ਇੱਕ ਦੂਜੇ ਤੋਂ ਅੱਗੇ ਨਿਕਲਣ ਵਾਲੀ ਆਦਤ ਨੂੰ ਘਰੇ ਹੀ ਫਰਿਜ਼ ਵਿੱਚ ਲੈ ਕੇ ਜਾਓ ਕਿਓਂਕਿ ਮੈਦਾਨੀ ਇਲਾਕੇ ਵਿੱਚ ਸੜਕ ਤੇ ਕੀਤੀ ਗ਼ਲਤੀ ਕਈ ਵਾਰੀ ਮੁਆਫ ਵੀ ਹੋ ਜਾਂਦੀ ਹੈ ਪਰ ਪਹਾੜ ਕਦੇ ਮੁਆਫ ਨਹੀਂ ਕਰਦੇ ਤੇ ਤੁਰੰਤ ਹੀ ਸਜ਼ਾ ਮਿਲਦੀ ਹੈ। ਜੇਕਰ ਤੁਹਾਡੀ ਗੱਡੀ ਸ਼ੀਸ਼ੇ ਵਰਗੀ ਬਰਫ ਤੇ ਫੱਸ ਹੀ ਜਾਵੇ ਤਾਂ ਕਾਹਲੀ ਨਾ ਕਰੋ ਸਗੋਂ ਨਾਲ ਦੇ ਮੁਸਾਫ਼ਰਾਂ ਨੂੰ ਪਿੱਛੋਂ ਧੱਕਾ ਲਾਉਣ ਲਈ ਕਹੋ ਜਾਂ ਨੇੜੇ ਜੇਕਰ ਮਿੱਟੀ ਹੋਵੇ ਤਾਂ ਉਹ ਸੜਕ ਤੇ ਪਾਉਣ ਦੀ ਕੋਸ਼ਿਸ਼ ਕਰੋ। ਹਮੇਸ਼ ਇੱਕ ਰੱਸਾ ਜਾਂ ਸੰਗਲ ਆਪਣੇ ਨਾਲ ਰੱਖੋ। ਚੜਾਈ ਵਾਲੇ ਤਿੱਖੇ ਮੋੜਾਂ ਤੇ ਅਕਸਰ ਹੀ ਗੱਡੀਆਂ ਸਕਿੱਡ ਹੋਣ ਦੀ ਸਮੱਸਿਆ ਆਉਂਦੀ ਹੈ ਸੋ ਮੋੜ ਤੋਂ ਪਹਿਲਾਂ ਗੱਡੀ ਦਾ ਮੋਸ਼ਨ ਬਣਾ ਕੇ ਰੱਖੋ ਤਾਂ ਕਿ ਠੀਕ ਸਪੀਡ ਅਨੁਸਾਰ ਗੱਡੀ ਉੱਪਰ ਵੱਲ ਵਧਦੀ ਜਾਵੇ। ਗੱਡੀ ਦੇ ਅੰਦਰ ਦਾ ਤਾਪਮਾਨ ਜਿਆਦਾ ਨਾ ਵਧਾਓ ਨਹੀਂ ਤਾਂ ਬਾਹਰ ਨਿਕਲਣ ਸਮੇ ਠੰਡ ਲੱਗ ਸਕਦੀ ਹੈ। ਜਿਆਦਾ ਤੰਗ ਰਸਤਿਆਂ ਤੇ ਜਾਣ ਤੋਂ ਗੁਰੇਜ਼ ਕਰੋ। ਜੇਕਰ ਜਿਆਦਾ ਹੀ ਸਮੱਸਿਆ ਆ ਜਾਵੇ ਤਾਂ ਤੁਰੰਤ ਹੀ ਪੁਲਿਸ ਨਾਲ ਸੰਪਰਕ ਕਰੋ , ਅਜਿਹੇ ਮੌਕਿਆਂ ਤੇ ਪਹਾੜਾਂ ਦੀ ਪੁਲਿਸ ਬਹੁਤ ਹੀ ਮੁਸਤੈਦੀ ਮੇਲ ਆਪਣੀ ਡਿਉਟੀ ਨਿਬਾਉਂਦੀ ਹੈ।
ਜੇਕਰ ਬਰਫ ਨਾਲ ਖੇਡਣਾ ਹੋਵੇ ਤਾਂ ਬਹੁਤ ਸਾਵਧਾਨ ਰਹੋ , ਸਿਰਫ ਨਰਮ ਅਤੇ ਤਾਜ਼ਾ ਪਈ ਬਰਫ ਤੇ ਹੀ ਆਪਣਾ ਸ਼ੌਂਕ ਪੂਰਾ ਕਰੋ , ਸਖ਼ਤ ਅਤੇ ਸ਼ੀਸ਼ਾ ਬਰਫ ਤੇ ਭੁੱਲ ਕੇ ਵੀ ਨਾ ਜਾਓ। ਜੇਕਰ ਜਾਣਾ ਹੀ ਪਾਵੇ ਤਾਂ ਅਤਿ ਸਾਵਧਾਨੀ ਨਾਲ ਪੈਰ ਰੱਖੋ ਅਤੇ ਹੋ ਸਕੇ ਤਾਂ ਕਿਸੇ ਸੋਟੀ ਵਗੈਰਾ ਦੀ ਵਰਤੋਂ ਕਰੋ। ਜੇਕਰ ਆਸ ਪਾਸ ਦਰਖਤ ਹਨ ਤਾਂ ਓਹਨਾ ਹੇਠਾਂ ਜਾਣ ਜਾਂ ਲੰਘਣ ਸਮੇ ਸਾਵਧਾਨ ਰਹੋ ਕਿਉਂਕਿ ਬਰਫ ਦਰਖਤਾਂ ਦੀਆਂ ਟਾਹਣੀਆਂ ਤੇ ਜੰਮ ਜਾਂਦੀ ਹੈ ਤੇ ਵੱਧ ਭਾਰ ਕਾਰਨ ਟਾਹਣੀ ਟੁੱਟ ਕੇ ਤੁਹਾਡੇ ਉੱਪਰ ਡਿੱਗ ਕੇ ਤੁਹਾਨੂੰ ਜਖਮੀ ਕਰ ਸਕਦੀ ਹੈ। ਪਹਾੜਾਂ ਵਿੱਚ ਜਾਣ ਸਮੇ ਛੱਤਰੀ ਵੀ ਇੱਕ ਜਰੂਰੀ ਸਮਾਨ ਵਾਂਗ ਨਾਲ ਲੈ ਕੇ ਜਾਓ। ਜੇਕਰ ਕਿਸੇ ਪਹਾੜੀ ਇਲਾਕੇ ਵਿੱਚ ਜੰਮੀ ਹੋਈ ਝੀਲ ਤੇ ਜਾਣ ਦਾ ਸਬੱਬ ਬਣੇ ਤਾਂ ਅਤਿ ਸਾਵਧਾਨੀ ਜਰੂਰੀ ਹੈ , ਕਈ ਵਾਰ ਕਿਸੇ ਕਿਸੇ ਥਾਂ ਤੇ ਪਾਣੀ ਪੂਰੀ ਤਰਾਂ ਜੰਮਿਆ ਨਹੀਂ ਹੁੰਦਾ ਅਤੇ ਜਦੋਂ ਹੀ ਇਸ ਉੱਪਰ ਭਾਰ ਪੈਂਦਾ ਹੈ ਤਾਂ ਉੱਪਰਲੀ ਪਰਤ ਟੁੱਟ ਜਾਂਦੀ ਹੈ ਤੇ ਆਦਮੀ ਠੰਡੇ ਜਖ ਪਾਣੀ ਵਿੱਚ ਜ ਡਿਗਦਾ ਹੈ ਜਿਥੋਂ ਬਚਣ ਦੀ ਸੰਭਾਵਨਾ ਬਹੁਤ ਹੀ ਘੱਟ ਹੁੰਦੀ ਹੈ।
ਘਰੋਂ ਤੁਰਨ ਵੇਲੇ ਗਰਮ ਕੱਪੜਿਆਂ ਦੇ ਨਾਲ ਨਾਲ ਆਪਣੇ ਬੂਟਾਂ ਦੇ ਤਲਿਆਂ ਤੇ ਧਿਆਨ ਦਿਓ। ਬੂਟਾਂ ਦੇ ਤਾਲੇ ਜਿਆਦਾ ਵਾਢੇਇਆ ਵਾਲੇ ਹੋਣੇ ਚਾਹੀਦੇ ਹਨ। ਕਦੇ ਵੀ ਆਮ ਸਮਤਲ ਤਲੇ ਵਾਲੀ ਜੁੱਤੀ ਜਾਂ ਬੂਟ ਪਾ ਕੇ ਬਰਫ ਤੇ ਨਾ ਜਾਓ। ਸਭ ਤੋਂ ਜਰੂਰੀ ਗੱਲ , ਆਪਣਾ ਧਿਆਨ ਕਦੇ ਵੀ ਕਦੇ ਵੀ ਭਟਕਣ ਨਾ ਦਿਓ ਸਗੋਂ ਪੂਰੀ ਇਕਾਗਰਤਾ ਬਣਾ ਕੇ ਰੱਖੋ। ਇਹ ਜਰੂਰ ਸੋਚੋ ਕਿ ਇਹ ਟੂਰ ਆਖਰੀ ਨਹੀਂ ਹੈ ਸਗੋਂ ਸਾਰੀ ਜ਼ਿੰਦਗੀ ਅਜਿਹੇ ਪ੍ਰੋਗਰਾਮ ਬਣਾ ਕੇ ਅਨੰਦ ਮਾਨਣਾ ਹੈ। ਪੂਰੀ ਤਿਆਰੀ ਹਾਦਸਿਆਂ ਨੂੰ ਮਨਫ਼ੀ ਕਰ ਸਕਦੀ ਹੈ।

Comments are closed.

COMING SOON .....


Scroll To Top
11