Wednesday , 21 November 2018
Breaking News
You are here: Home » Editororial Page » ਚੰਗਾ ਲੱਗਣ ਦੀ ਤਾਂਘ-2

ਚੰਗਾ ਲੱਗਣ ਦੀ ਤਾਂਘ-2

ਚੰਗਾ ਲੱਗਣ ਦਾ ਹੁਨਰ ਸਿੱਖਣ ਦੇ ਚਾਹਵਾਨਾਂ ਲਈ ਪੂਰਾ ਮੈਦਾਨ ਖਾਲੀ ਪਿਆ ਹੈ। ਜਿਵੇਂ ਚਾਹੋ ਖੇਡੋ ਪਰ ਇਹ ਖੇਡ ਹਰ ਪੱਖੋਂ ਸਕਾਰਤਮਕ ਹੋਣੀ ਚਾਹੀਦੀ ਹੈ। ਇਸ ਕਲਾ ਵਿੱਚ ਨਕਾਰਤਮਕਤਾ ਲਈ ਕੋਈ ਥਾਂ ਨਹੀਂ ਹੁੰਦੀ। ਅਭਿਮਾਨੀ ਨੂੰ ਲੋਕ ਪਸੰਦ ਨਹੀਂ ਕਰਦੇ। ਪਤਾ ਨਹੀਂ ਕਿਉਂ ਬਹੁਤ ਵਾਰ ਲੋਕ ਆਪਣੀ ਹਊਮੈ ਦਾ ਸ਼ਿਕਾਰ ਹੋ ਕੇ ਲੋਕਾਂ ਨਾਲੋਂ ਟੁੱਟ ਜਾਂਦੇ ਹਨ। ਭਾਈਚਾਰੇ ਦੇ ਹੋਰ ਲੋਕਾਂ ਬਾਰੇ ਤਾਂ ਛੱਡੇ ਉਨ੍ਹਾਂ ਦੇ ਆਪਣੇ ਸਕੇ ਭੈਣ ਭਰਾ ਵੀ ਕਿਨਾਰਾ ਕਰ ਜਾਂਦੇ ਹਨ। ਜ਼ਿੰਦਗੀ ਵਿੱਚ ਅਨੇਕਾਂ ਉਦਾਹਰਨਾਂ ਮਿਲ ਜਾਣਗੀਆਂ ਜਿਥੇ ਤੁਸੀਂ ਵੇਖੋਗੇ ਕਿ ਅਮੀਰੀ ਬੰਦਿਆਂ ਦੇ ਸਿਰ ਚੜ੍ਹ ਬੋਲਣ ਲਗ ਪੈਂਦੀ ਹੈ ਜਾਂ ਫਿਰ ਸੱਤਾ ਬੰਦੇ ਦੇ ਪੈਰ ਚੁੱਕ ਦਿੰਦੀ ਹੈ। ਅਜਿਹੇ ਲੋਕਾਂ ਨੂੰ ਸਮਾਜ ਨਾਪਸੰਦ ਕਰਦਾ ਹੈ। ਸਮਾਜ ਜ਼ਮੀਨ ਨਾਲ ਜੁੜੇ ਲੋਕਾਂ ਨੂੰ ਹੀ ਚੰਗੇ ਸਮਝਦਾ ਹੈ। ਸੋ, ਚੰਗੇ ਲੱਗਣ ਦੀ ਕਲਮ ਦਾ ਇਕ ਅਸੂਲ ਇਹ ਵੀ ਹੈ ਕਿ ਅਭਿਮਾਨ ਤੋਂ ਬਚੋ ਅਤੇ ਜ਼ਮੀਨ ਨਾਲ ਜੁੜੇ ਰਹੋ। ਬਹੁਤੇ ਅਭਿਮਾਨੀ ਲੋਕ ਜ਼ਿੰਦਗੀ ਵਿੱਚ ਇਕੱਲ ਭੋਗਣ ਲਈ ਮਜ਼ਬੂਰ ਹੁੰਦੇ ਹਨ ਭਾਵੇਂ ਕਿ ਉਹ ਹਊਮੈ ਵੱਸ ਇਸ ਦਾ ਪ੍ਰਗਟਾਵਾ ਨਹੀਂ ਕਰਦੇ।
ਜੋ ਵੀ ਚੰਗਾ ਲੱਗਣ ਦੇ ਹੁਨਰ ਵਿੱਚ ਮਾਹਿਰ ਹੋਣਾ ਚਾਹੁੰਦਾ ਹੈ ਉਹ ਹਮੇਸ਼ਾਂ ਚੰਗੀ ਪੁਸ਼ਾਕ ਪਹਿਨੇਗਾ। ਚੰਗੀ ਪੁਸ਼ਾਕ ਦਾ ਮਤਲਬ ਮਹਿੰਗੀ ਨਹੀਂ ਸਗੋਂ ਸਮੇਂ ਅਤੇ ਸਥਾਨ ਦੇ ਮੁਤਾਬਿਕ ਸਾਫ ਸੁਥਰੀ। ਜ਼ਰੂਰੀ ਨਹੀਂ ਕਿ ਤੁਹਾਡੇ ਕੱਪੜੇ ਮਹਿੰਗੇ ਹੋਣ ਜਾਂ ਤੁਸੀਂ ਆਧੁਨਿਕ ਫੈਸ਼ਨ ਮੁਤਾਬਿਕ ਪੁਸ਼ਾਕ ਮਿਲਦੀ ਹੋਵੇ। ਬਲਕਿ ਬਹੁਤ ਵਾਰ ਲੋਕ ਫੈਸ਼ਨ ਦੇ ਨਾਂ ’ਤੇ ਮਜ਼ਾਕ ਦਾ ਕੇਂਦਰ ਬਣਦੇ ਵੇਖੇ ਹਨ। ਮੌਸਮ, ਸਮਾਂ ਅਤੇ ਸਥਾਨ ਮੁਤਾਬਿਕ ਪਹਿਲੀ ਸਾਫ ਸੁਥਰੀ ਪੁਸ਼ਾਕ ਤੁਹਾਨੂੰ ਹਮੇਸ਼ਾਂ ਪ੍ਰਭਾਵਸ਼ਾਲੀ ਬਣਾਉਂਦੀ ਹੈ। ਚੰਗੇ ਦਿਸ ਰਹੇ ਚਿਹਰੇ ’ਤੇ ਫੈਲੀ ਮੁਸਕਰਾਹਟ ਉਸ ਪ੍ਰਭਾਵ ਵਿੱਚ ਵਾਧਾ ਕਰਦੀ ਹੈ। ਸੋ, ਜਦੋਂ ਵੀ ਕਿਸੇ ਨੂੰ ਮਿਲੋ ਤਾਂ ਮੁਸਕਰਾ ਕੇ ਮਿਲੋ, ਦਿਲੋਂ ਮੁਸਕਰਾ ਕੇ ਮਿਲੋ। ਫੁੱਲ ਹਰ ਹਰ ਕਿਸੇ ਨੂੰ ਖਿੱਚਦੇ ਹਨ ਅਤੇ ਮੁਸਕਰਾਹਟ ਵਿੱਚ ਵੀ ਆਕਰਸ਼ਕ ਦੀ ਸ਼ਕਤੀ ਹੁੰਦੀ ਹੈ। ਜੋ ਮੁਸਕਰਾ ਕੇ ਨਹੀਂ ਮਿਲਦੇ ਲੋਕ ਉਨ੍ਹਾਂ ਨੂੰ ਹੰਕਾਰੀ ਕਹਿੰਦੇ ਹਨ ਅਤੇ ਅਭਿਮਾਨੀ ਲੋਕਾਂ ਨੂੰ ਚੰਗੇ ਨਹੀਂ ਲਗਦੇ।
ਮੁਸਕਰਾਹਟ ਅਤੇ ਨਿੱਘੀ ਹੱਥ ਮਿਲਣੀ ਇਸ ਹੁਨਰ ਦਾ ਪਹਿਲਾ ਅਤੇ ਅਹਿਮ ਸਬਕ ਹੈ। ਮਿਲਨੀ ਤੋਂ ਬਾਅਦ ਜੋ ਤੁਹਾਡੇ ਮੂੰਹੋਂ ਸ਼ਬਦ ਨਿਕਲਣ, ਉਨ੍ਹਾਂ ਵਿੱਚ ਸਤਿਕਾਰ ਅਤੇ ਅਦਬ ਦਾ ਝਲਕਾਰਾ ਮਿਲੇ ਅਤੇ ਬੱਚਿਆਂ ਨਾਲ ਗੱਲ ਕਰਦੇ ਸਮੇਂ ਪਿਆਰ ਪ੍ਰਗਟ ਹੋਵੇ। ਤੁਹਾਡੀ ਪਹਿਲੀ ਮਿਲਣੀ ਕਿਸੇ ਨੂੰ ਦੋਸਤ ਬਣਾਉਣ ਦੀ ਸਮਰੱਥਾ ਰੱਖਦੀ ਹੋਵੇ। ਤੁਹਾਡੇ ਮੂੰਹੋਂ ਨਿਕਲੇ ਲਫਜ਼ ਸੁਣਨ ਵਾਲੇ ਦੇ ਦਿਲ ’ਤੇ ਅਸਰ ਕਰਨ। ਮਿਲਣ ਵਾਲੇ ਨੂੰ ਅਹਿਸਾਸ ਹੋਵੇ ਕਿ ਤੁਸੀਂ ਉਸ ਨੂੰ ਮਿਲਕੇ ਖੁਸ਼ ਹੋ। ਤੁਹਾਡੀ ਪ੍ਰਸੰਨਤਾ ਦਾ ਝਲਕਾਰਾ ਤੁਹਾਡੇ ਚਿਹਰੇ ਤੋਂ ਨਜ਼ਰ ਆਵੇ। ਅਸਲ ਵਿੱਚ ਕੁਦਰਤ ਦਾ ਨਿਯਮ ਹੈ ਕਿ ਪ੍ਰਸੰਨਤਾ ਵਿੱਚ ਅਭਿਮਾਨ ਬਿਲਕੁਲ ਨਹੀਂ ਹੁੰਦਾ ਅਤੇ ਕੋਈ ਵੀ ਅਭਿਮਾਨੀ ਦਿਲੋਂ ਪ੍ਰਸੰਨ ਨਹੀਂ ਹੁੰਦਾ। ਚੰਗਾ ਲੱਗਣ ਦੀ ਚਾਹਤ ਵੀ ਤਾਂ ਪ੍ਰਸੰਨਤਾ ਦੀ ਚਾਹਤ ਹੁੰਦੀ ਹੈ ਅਤੇ ਪ੍ਰਸੰਨਤਾ ਦੋਸਤ ਮੰਗਦੀ ਹੈ। ਅੱਜ ਕੱਲ੍ਹ ਹਜ਼ਾਰਾਂ ਲੋਕ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਵੇਖੇ ਜਾ ਸਕਦੇ ਹਨ, ਕਾਰਨ ਹੁੰਦਾ ਹੈ ਇਕੱਲਤਾ, ਦੋਸਤਾਂ ਮਿੱਤਰਾਂ ਦੀ ਕਮੀ, ਮਿਲਣ-ਗਿੱਲਣ ਦੀ ਕਮੀ। ਸੋ ਚੰਗਾ ਲੱਗਣ ਦਾ ਹੁਨਰ ਅਸਲ ਵਿੱਚ ਦੋਸਤ ਬਣਾਉਣ ਦਾ ਹੁਨਰ ਹੈ। ਨਵੇਂ-ਨਵੇਂ ਦੋਸਤ ਬਣਾਉਣ ਲਈ ਤੁਹਾਨੂੰ ਆਪਣੀ ਵਾਕਫੀ ਦਾ ਦਾਇਰਾ ਵਧਾਉਣਾ ਪਵੇਗਾ। ਦਾਇਰਾ ਵਧਾਉਣ ਲਈ ਸਮਾਜ ਸੇਵਾ, ਸੈਰ, ਖੇਡਾਂ, ਕਾਵਿ ਮਹਿਫਲਾਂ, ਸੰਗੀਤ, ਕਿਤਾਬਾਂ, ਸਭਿਆਚਾਰਕ ਮੇਲੇ ਆਦਿ ਕਈ ਵਸੀਲੇ ਵਰਤੇ ਜਾ ਸਕਦੇ ਹਨ। ਮੇਰੇ ਇਕ ਮਿੱਤਰ ਫਿਲਮ ਨਗਰੀ ਮੁੰਬਈ ਵਿੱਚ ਰਹਿੰਦੇ ਸਨ। ਇਸ ਦੁਨੀਆਂ ਤੋਂ ਰੁਖਸਤ ਹੋਣ ਤੋਂ ਪਹਿਲਾਂ ਉਨ੍ਹਾਂ ਇਕ ਕਿਤਾਬ ਲਿਖੀ ਜਿਸ ਦਾ ਟਾਇਟਲ ਸੀ ‘ਏਕ ਭੀ ਦੋਸਤ ਉਮਰ ਭਰ ਕਾ, ਉਮਰ ਭਰ ਨਾ ਮਿਲਾ।’ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਦੋਸਤੀ ਸਿਰਫ ਲਫਜ਼ਾਂ ਨਾਲ ਨਹੀਂ ਹੁੰਦੀ, ਇਹ ਪਿਆਰ ਮੰਗਦੀ ਹੈ, ਕੁਰਬਾਨੀ ਮੰਗਦੀ ਹੈ, ਸਮਾਂ ਮੰਗਦੀ ਹੈ, ਧਿਆਨ ਮੰਗਦੀ ਹੈ। ਜੇ ਇਹ ਮਿਲ ਜਾਵੇ ਤਾਂ ਸਮਝੋ ਬਾਦਸ਼ਾਹਤ ਮਿਲ ਗਈ। ਦੋਸਤਾਂ ਨੂੰ ਦੋਸਤ ਹਮੇਸ਼ਾਂ ਚੰਗੇ ਲਗਦੇ ਹੀ ਹਨ। ਤੁਹਾਡੇ ਚੰਗੇ ਲੱਗਣ ਦੀ ਚਾਹਤ ਪੂਰੀ ਹੋ ਜਾਵੇਗੀ। ਚੰਗਾ ਲੱਗਣ ਦੇ ਮੰਤਰਾਂ ਵਿੱਚੋਂ ਇਕ ਮੰਤਰ ਦੂਜਿਆਂ ਦੇ ਕੰਮਾਂ, ਹੁਨਰਾਂ ਅਤੇ ਚੰਗੀਆਂ ਗੱਲਾਂ ਦੀ ਦਿਲੋਂ ਪ੍ਰਸੰਸਾ ਕਰਨਾ ਵੀ ਹੈ। ਪ੍ਰਸੰਨ ਕਰਨ ਲਈ ਅਤੇ ਪ੍ਰਸੰਨ ਰਹਿਣ ਲਈ ਸਿਰਫ ਕਰ ਸਕਣ ਦੀ ਜਾਚ ਆਉਣੀ ਵੀ ਜ਼ਰੂਰੀ ਹੈ। ਚਾਪਲੂਸੀ ਅਤੇ ਪ੍ਰਸੰਸਾ ਦਾ ਫ਼ਰਕ ਵੀ ਪਤਾ ਹੋਣਾ ਚਾਹੀਦਾ ਹੈ। ਲੋਕ ਹਮੇਸ਼ਾਂ ਆਪਣੇ ਲਈ ਚੰਗੇ-ਚੰਗੇ ਸ਼ਬਦਾਂ ਦੀ ਆਸ ਰੱਖਦੇ ਹਨ। ਜੇਕਰ ਤੁਸੀਂ ਉਨ੍ਹਾਂ ਦੇ ਲਈ ਚੰਗੇ ਬੋਲ ਬੋਲ ਦਿੰਦੇ ਹੋ ਤਾਂ ਉਹ ਨਾ ਸਿਰਫ਼ ਵਕਤੀ ਤੌਰ ’ਤੇ ਖੁਸ਼ ਹੁੰਦੇ ਹਨ ਬਲਕਿ ਤੁਹਾਡੇ ਚੰਗੇ ਬੋਲਾਂ ਨੂੰ ਜ਼ਿੰਦਗੀ ਭਰ ਲਈ ਸਾਂਭ ਕੇ ਰੱਖ ਲੈਂਦੇ ਹਨ। ਇਸ ਦੇ ਉਲਟ ਜਦੋਂ ਵੀ ‘‘ਕੋਈ ਕਿਸੇ ਦੀ ਆਲੋਚਨਾ ਕਰਦਾ ਹੈ, ਨਿੰਦਾ ਚੁਗਲੀ ਕਰਦਾ ਹੈ ਤਾਂ ਉਹ ਲੋਕਾਂ ਦੇ ਮਨਾਂ ’ਚੋਂ ਉ¤ਤਰ ਜਾਂਦਾ ਹੈ। ਨਿੰਦਾ ਚੁਗਲੀ ਤੋਂ ਜਿੰਨਾ ਵੀ ਬਚਿਆ ਜਾਵੇ ਬਚਣਾ ਜ਼ਰੂਰੀ ਹੈ। ਜੇ ਕਰਨੀ ਹੈ ਤਾਂ ਸਿਫਤ ਕਰੋ, ਪ੍ਰਸੰਸਾ ਕਰੋ, ਚੰਗੇ ਬੋਲ ਬੋਲੋ ਨਹੀਂ ਤਾਂ ਚੁੱਪ ਰਹਿਣਾ ਠੀਕ ਹੈ। ਚੰਗਾ ਲੱਗਣ ਦੀ ਜਾਚ ਵਿੱਚ ਦੂਜਿਆਂ ਪ੍ਰਤੀ ਚੰਗਾ ਵਤੀਰਾ ਰੱਖਣਾ ਜ਼ਰੂਰੀ ਹੁੰਦਾ ਹੈ। ਜਿਥੇ ਸਿਫਤ ਕਰਨ ਦੀ ਲੋੜ ਹੋਵੇ, ਸਿਫਤ ਕਰੋ ਜਿਥੇ ਸ਼ੁਕਰੀਆ ਜਾਂ ਧੰਨਵਾਦ ਕਰਨ ਦੀ ਲੋੜ ਹੋਵੇ ਉ¤ਥੇ ਧੰਨਵਾਦ ਕਰੋ। ਉਕਤ ਲਿਖੀਆਂ ਗੱਲਾਂ ਨੂੰ ਅਮਲ ਵਿੱਚ ਲਿਆ ਕੇ ਚੰਗਾ ਲੱਗਣ ਦੀ ਤਾਂਘ ਪੂਰੀ ਕੀਤੀ ਜਾ ਸਕਦੀ ਹੈ।

Comments are closed.

COMING SOON .....


Scroll To Top
11