Friday , 24 May 2019
Breaking News
You are here: Home » Editororial Page » ਚੜ੍ਹਦੇ-ਲਹਿੰਦੇ ਪੰਜਾਬ ਦਾ ਮਾਣ : ਬਾਬੂ ਰਜਬ ਅਲੀ

ਚੜ੍ਹਦੇ-ਲਹਿੰਦੇ ਪੰਜਾਬ ਦਾ ਮਾਣ : ਬਾਬੂ ਰਜਬ ਅਲੀ

ਬਾਬੂ ਰਜਬ ਅਲੀ ਪੰਜਾਬੀ ਕਿੱਸਾ-ਕਾਵਿ ਦਾ ਉਹ ਮਾਣਮੱਤਾ ਹਸਤਾਖਰ ਹੈ,ਜਿਸ ਨੇ ਪੰਜਾਬੀ ਜਨ-ਜੀਵਨ ਨੂੰ ਬੜੀ ਡੂੰਘਾਈ ਤੇ ਆਪਣੀ ਮਹੀਨ ਸੂਝ ਨਾਲ ਵੇਖਿਆ ਹੀ ਨਹੀਂ ਸਗੋਂ ਇਸ ਨੂੰ ਆਪਣੀਆਂ ਕਾਵਿ ਰਚਨਾਵਾਂ ਰਾਹੀ ਪੇਸ਼ ਕਰਕੇ ਚੜਦੇ ਤੇ ਲਹਿੰਦੇ ਪੰਜਾਬ ਦੀ ਸਾਂਝੀ ਵਿਰਾਸਤ ਬਣਾ ਦਿੱਤਾ। ਬਾਬੂ ਰਜਬ ਅਲੀ ਦੇ ਵੱਡੇ-ਵਡੇਰੇ ਪੰਜਾਬ ’ਚ ਬਠਿੰਡਾ ਜ਼ਿਲ੍ਹੇ ਦੇ ਕਸਬਾ ਰਾਮਪੁਰਾ ਫੂਲ ਦੇ ਮੂਲ ਨਿਵਾਸੀ ਸਨ। ਬਾਅਦ ਵਿੱਚ ਕੁਝ ਕਾਰਨਾਂ ਕਰਕੇ ਜ਼ਿਲ੍ਹਾ ਮੋਗਾ ਦੇ ਪਿੰਡ ਸ਼ਾਹੋਕੇ ਵਿੱਚ ਇੰਨ੍ਹਾਂ ਨੇ ਆਪਣੀ ਪੱਕੀ ਰਿਹਾਇਸ਼ ਬਣਾ ਲਈ ਸੀ। ਇਥੇ ਹੀ ਬਾਬੂ ਰਜਬ ਅਲੀ ਖਾਨ ਦਾ ਜਨਮ 10 ਅਗਸਤ 1894 ਨੂੰ ਮਾਤਾ ਜਿਉਣੀ ਦੀ ਕੁਖੋ ਮੀਆਂ ਧਮਾਲੀ ਖਾਨ ਦੇ ਘਰ ਹੋਇਆ। ਬਾਬੂ ਰਜਬ ਅਲੀ ਖਾਨ ਚਾਰ ਭੈਣਾਂ ਦਾ ਛੋਟਾ ਲਾਡਲਾ ਭਰਾ ਸੀ। ਬਾਬੂ ਰਜਬ ਅਲੀ ਨੇ ਆਪਣੀ ਮੁੱਢਲੀ ਵਿੱਦਿਆ ਆਪਣੇ ਨੇੜਲੇ ਪਿੰਡ ਬੰਬੀਹਾ ਭਾਈ ਦੇ ਡੀ ਬੀ ਪ੍ਰਇਮਰੀ ਸਕੂਲ ਤੋਂ ਅਤੇ ਦਸਵੀਂ ਦਾ ਇਮਤਿਹਾਨ ਬਰਜਿੰਦਰਾ ਹਾਈ ਸਕੂਲ ਫਰੀਦਕੋਟ ਤੋਂ ਪਾਸ ਕੀਤਾ,ਜੋ ਅੱਜਕੱਲ ਬਰਜਿੰਦਰਾ ਕਾਲਜ ਵਜੋਂ ਜਾਣਿਆਂ ਜਾਂਦਾ ਹੈ। ਬਾਬੂ ਜੀ ਨੇ ਪਹਿਲੀ ਸ੍ਰੈਣੀ ’ਚ ਦਸਵੀਂ ਪਾਸ ਕਰਨ ਤੋਂ ਬਾਅਦ ਗੁਜਰਾਤ ਦੇ ਇੱਕ ਅਦਾਰੇ ਤੋਂ ਓਵਰਸੀਅਰ ਦਾ ਡਿਪਲੋਮਾ ਪਾਸ ਕੀਤਾ। ਬਾਬੂ ਜੀ ਖੇਡਾਂ ਵਿੱਚ ਵੀ ਦਿਲਚਸਪੀ ਰੱਖਦੇ ਸਨ ਅਤੇ ਆਪਣੇ ਸਕੂਲ ਦੀ ਕ੍ਰਿਕਟ ਅਤੇ ਫੁੱਟਬਾਲ ਦੀ ਟੀਮ ਦੇ ਖਿਡਾਰੀ ਵੀ ਸਨ। ਉਨ੍ਹਾਂ ਓਵਰਸੀਅਰ ਦਾ ਡਿਪਲੋਮਾ ਕਰਨ ਤੋਂ ਬਾਅਦ ਨਹਿਰੀ ਮਹਿਕਮੇ ’ਚ ਨੌਕਰੀ ਮਿਲ ਗਈ । ਆਪ ਲੋਕਾਂ ਵਿੱਚ ਆਪਣੀ ਵਿਲੱਖਣ ਸ਼ਖਸੀਅਤ ਕਰਕੇ ਬੇਹੱਦ ਹਰਮਨ ਪਿਆਰੇ ਸਨ। ਬਾਬੂ ਜੀ ਨਹਿਰੀ ਮਹਿਕਮੇ ਦੇ ਓਵਰਸੀਅਰ ਹੁੰਦਿਆਂ ਕਿਸਾਨਾਂ ਦੇ ਕੰਮ-ਧੰਦੇ ਪਹਿਲ ਦੇ ਅਧਾਰ ਤੇ ਕਰਦੇ ਕਿਉਂਕਿ ਉਹ ਪਹਿਲਾ ਹੀ ਕਿਸਾਨੀ ਨਾਲ ਸਬੰਧਤ ਹੋਣ ਕਰਕੇ ਕਿਸਾਨਾਂ ਨੂੰ ਆ ਰਹੀ ਮੁਸ਼ਕਿਲਾਂ ਤੋਂ ਜਾਣੂ ਹੁੰਦੇ ਸਨ। ਬਾਬੂ ਜੀ ਪੜ੍ਹੇ ਲਿਖੇ ਹੋਣ ਕਰਕੇ ਅੰਗਰੇਜ਼ਾਂ ਦੀ ਭਾਸ਼ਾ ਸਮਝਦੇ ਸਨ ਇਸ ਕਰਕੇ ਉਹ ਅੰਗਰੇਜ਼ ਅਫਸਰਾਂ ਅਤੇ ਕਿਸਾਨਾਂ ਵਿਚਕਾਰ ਕੜੀ ਦਾ ਕੰਮ ਵੀ ਕਰਦੇ ਸਨ। ਬਾਬੂ ਰਜਬ ਅਲੀ ਨੂੰ ਸ਼ਾਇਰੀ ਦਾ ਸ਼ੌਕ ਆਪਣੇ ਖਾਨਦਾਨ ਚੋਂ ਆਪਣੇ ਚਾਚਾ ਹਾਜ਼ੀ ਰਤਨ ਖਾਨ ਤੋਂ ਜਾਗਿਆ। ਬਾਬੂ ਜੀ ਨੇ ਆਪਣੀ ਪਹਿਲੀ ਰਚਨਾ ਆਪਣੇ ਚਾਚਾ ਦੀ ਦੇਖਰੇਖ ਵਿੱਚ ਲੋਕਾਂ ਦੇ ਸਾਹਮਣੇ ਪੇਸ਼ ਕੀਤੀ ਸੀ। ਬਾਬੂ ਨੇ ਆਪਣੀ ਨੌਕਰੀ ਦਾ ਬਹੁਤਾ ਸਮਾਂ ਗਿੱਦੜਬਾਹਾ ਅਤੇ ਰਾਏਕੇ ਕਲਾਂ ਪਿੰਡਾਂ ਦੇ ਨੇੜੇ-ਤੇੜੇ ਬਿਤਾਇਆ। ਇਸ ਕਰਕੇ ਬਾਬੂ ਜੀ ਨੇ ਮਾਲਵੇ ਇਲਾਕੇ ਦੇ ਸੁਭਾਅ ਨੂੰ ਪ੍ਰਗਟਾਉਦੀ ਆਪਣੀ ਪ੍ਰਸਿੱਧ ਰਚਨਾ ਪੇਸ਼ ਕੀਤੀ
‘ਮਾਂ ਦੇ ਮਖਣੀ ਖਾਣਿਉਂ ਵੇ ਸੂਰਮਿਉਂ ਪੁੱਤਰੋ,
ਚੁਬਾਰਿਉਂ ਉਤਰੋ ਫਰਕਦੇ ਬਾਜੂ ਜਵਾਨੀ ਚੜਗੀ’
ਇਸ ਤਰ੍ਹਾਂ ਉਨ੍ਹਾਂ ਦੀਆਂ ਰਚਨਾਵਾਂ ਲੋਕਾਂ ਲਈ ਅਖਾਣ ਬਣ ਗਏ। ਰਜਬ ਅਲੀ ਨੇ ਆਪਣੀ ਉਮਰ ’ਚ ਚਾਰ ਨਿਕਾਹ ਭਾਗੋ ਬੇਗਮ,ਫਾਤਿਮਾਂ ਬੇਗਮ,ਬੀਬੀ ਰਹਿਮਤਾ ਅਤੇ ਨੂਰਾਂ ਨਾਲ ਕਰਵਾਏ। ਬਾਬੂ ਜੀ ਦੇ ਘਰ ਚਾਰ ਪੁੱਤਰਾਂ ਅਦਾਲਤ ਖਾਨ,ਅਕਾਲਤ ਖਾਨ,ਸਰਦਾਰ ਅਲੀ ਅਤੇ ਸਮਸ਼ੇਰ ਖਾਨ ਅਤੇ ਦੋ ਪੁੱਤਰੀਆਂ ਸਮਸ਼ਾਦ ਬੇਗਮ ਤੇ ਗੁਜ਼ਾਰ ਬੇਗਮ ਨੇ ਜਨਮ ਲਿਆ। ਬਾਬੂ ਜੀ ਦੀ ਮਾਲਵੇ ਤੋਂ ਦੂਰ ਬਦਲੀ ਹੋਣ ਕਰਕੇ ਉਨ੍ਹਾਂ ਨੇ 1940 ਵਿੱਚ ਨੌਕਰੀ ਤੋਂ ਰਿਟਾਇਰਮੈਂਟ ਲੈ ਲਈ ਅਤੇ ਆਪਣੀ ਰਹਾਇਸ਼ ਪਿੰਡ ਕਾਲਾ ਟਿੱਬਾ ’ਚ ਕਰ ਲਈ। ਕਾਲਾ ਟਿੱਬਾ ’ਚ ਉਹ 1947 ਤੱਕ ਰਹੇ। ਸੰਨ 1947 ਦੀ ਦੇਸ਼ ਵੰਡ ਅਣ-ਸੁਖਾਵੇਂ ਹਾਲਤਾਂ ਨੇ ਬਾਬੂ ਜੀ ਦੀ ਆਤਮਾ ਨੂੰ ਬੁਰੀ ਤਰ੍ਹਾਂ ਝੰਜ਼ੋੜ ਕੇ ਰੱਖ ਦਿੱਤਾ। ਬਾਬੂ ਜੀ ਨੂੰ ਉਸ ਸਮੇਂ ਲੁਕਾ-ਛੁਪਾ ਕੇ ਰੱਖਣ ਵਾਲੇ ਅਨੇਕਾਂ ਹੀ ਪਾਠਕ ਸਨ ਅਤੇ ਬਾਬੂ ਜੀ ਵੀ ਮਾਲਵੇ ਨੂੰ ਛੱਡ ਕੇ ਜਾਣਾ ਨਹੀਂ ਚਾਹੁੰਦੇ ਸਨ ਪਰ ਉਨ੍ਹਾਂ ਦਾ ਪਰਿਵਾਰ ਮਾੜੇ ਹਾਲਾਤ ਨੂੰ ਵੇਖਕੇ ਪਾਕਿਸਤਾਨ ਜਾਣਾ ਚਾਹੁੰਦਾ ਸੀ। ਬਾਬੂ ਜੀ ਨੂੰ ਮਜ਼ਬੂਰੀ ਬੱਸ ਪਰਿਵਾਰ ਨਾਲ ਪਾਕਿਸਤਾਨ ਜਾਣ ਪਿਆ ਪਰ ਉਨਾਂ ਦੀ ਸੁਰਤੀ ਅਤੇ ਆਤਮਾ ਅੰਤਿਮ ਸਮੇਂ ਤੱਕ ਆਪਣੀ ਜਨਮ ਤੇ ਕਰਮ ਭੂਮੀ ਲਈ ਤੜਪਦੀ ਰਹੀ। ਦੇਸ਼ ਵੰਡ ਤੋਂ ਬਾਅਦ ਦੀਆਂ ਰਚਨਾਵਾਂ ਵਿੱਚ ਆਪਣਾ ਵਤਨ ਛੱਡਣ ਦਾ ਅਹਿਸਾਸ ਝਲਕਦਾ ਹੈ। ਇਸ ਹੇਰਵੇ ਨੂੰ ਦਰਸਾਉਦੀ ਇੱਕ ਕਵਿਤਾ
‘ਆਵੇ ਵਤਨ ਪਿਆਰਾ ਚੇਤੇ ਜਦ
ਖਿੱਚ ਪਾਉਣ ਮੁਹੱਬਤਾਂ ਜੀ’।
ਦੇਸ਼ ਦੀ ਵੰਡ ਹੋਣ ਨਾਲ ਮੱਚੀ ਹਫੜਾ ਦਫੜੀ ਦੌਰਾਨ ਉਨ੍ਹਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਇਧਰ ਹੀ ਰਹਿ ਗਈਆਂ। ਉਨ੍ਹਾਂ ਦੇ ਵਤਨ ਛੱਡ ਜਾਣ ਮਗਰੋਂ ਬਾਬੂ ਜੀ ਦੇ ਸ਼ਗਿਰਦਾਂ ਅਤੇ ਪਿੰਡ ਵਾਸੀਆਂ ਨੇ ਧਨ ਰਾਸ਼ੀ ਇੱਕਠੀ ਕਰਕੇ ਉਨ੍ਹਾਂ ਦੀਆਂ ਰਚਨਾ ਨੂੰ ਕਿਤਾਬੀ ਰੂਪ ਹੀ ਨਹੀਂ ਦਿੱਤਾ ਸਗੋਂ ਉਹ ਇਨ੍ਹਾਂ ਪੁਸਤਕਾਂ ਨੂੰ ਕਈ ਸਾਲਾਂ ਬਾਅਦ ਪਾਕਿਸਤਾਨ ਜਾਕੇ ਬਾਬੂ ਰਜਬ ਅਲੀ ਨੂੰ ਭੇਂਟ ਕਰਕੇ ਆਏ। ਪਿੰਡ ਸ਼ਾਹੋਕੇ ਦੇ ਵਾਸੀ ਅਜੇ ਤੱਕ ਵੀ ਬਾਬੂ ਜੀ ਦੇ ਜਨਮ ਦਿਨ ਵਾਲੇ ਦਿਨ ਉਸ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਕਵੀਸ਼ਰੀ ਦਾ ਕੁੰਭ ਰਚਾਉਂਦੇ ਆ ਰਹੇ ਹਨ। ਪਾਕਿਸਤਾਨ ਚਲੇ ਜਾਣ ਤੋਂ ਬਾਅਦ ਬਾਬੂ ਜੀ ਆਪਣੀ ਜਨਮ ਭੂਮੀ ਤੇ ਜਨਮ ਦਿਨ ਮਨਾਉਣ ਲਈ ਆਏੇ ਸਨ ਅਤੇ ਆਪਣੇ ਨਜ਼ਦੀਕੀਆਂ ਨਾਲ ਦੁੱਖ ਸੁੱਖ ਸਾਂਝਾ ਕੀਤਾ। ਬਾਬੂ ਜੀ ਨੇ ਮਲਵਈ ਜਨ ਜੀਵਨ, ਮੇਲੇ, ਸਾਹਿਤਕਾਰਾਂ, ਇਤਿਹਾਸਕ ਘਟਨਾਵਾਂ,ਸ਼ੁਰਬੀਰਾਂ ਅਤੇ ਦੇਸ਼ ਭਗਤਾਂ ਤੋਂ ਇਲਾਵਾ ਸਿੱਖ ਧਰਮ ਤੇ ਹਿੰਦੂ ਧਰਮ ਨੂੰ ਵੀ ਕਲਮਬੰਦ ਕੀਤਾ। ਪੰਜਾਬੀ ਕਿੱਸਾ-ਕਾਵਿ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਬਾਬੂ ਜੀ ਰਚਨਾ ਉੱਪਰ ਬਹੁਤ ਸਾਰੇ ਬੁੱਧੀਜੀਵੀਆਂ ਨੇ ਖੋਜ ਕਰਦਿਆਂ ਐਮਫਿਲ, ਪੀ.ਐਚ.ਡੀ. ਦੀਆਂ ਡਿਗਰੀਆਂ ਵੀ ਹਾਸ਼ਿਲ ਕੀਤੀਆਂ ਹਨ। ਬਾਬੂ ਜੀ ਦੀਆਂ ਰਚਨਾਵਾਂ ਵਿੱਚੋਂ ਪੰਜਾਬੀਅਤ ਅਤੇ ਖਾਸ ਕਰਕੇ ਮਾਲਵੇ ਦੀ ਰੂਹ ਝਲਕਦੀ ਹੈ। ਕਵੀਸ਼ਰੀ ਦਾ ਇਹ ਬਾਬਾ ਬੋਹੜ ਪਾਕਿਸਤਾਨ ਦੀ ਧਰਤੀ ਤੇ ਜ਼ਿਲ੍ਹਾ ਮਿੰਟਗੁਜ਼ਰੀ,ਤਹਿ: ਓਕਾੜਾ,ਪਿੰਡ ਬੱਤੀ ਚੱਕ ਵਿਚ 6 ਮਈ 1979 ਨੂੰ ਆਪਣੇ ਖੁਦਾ ਦੀ ਕਚਹਿਰੀ ਵਿੱਚ ਜਾ ਹਾਜ਼ਰ ਹੋਇਆ।

Comments are closed.

COMING SOON .....


Scroll To Top
11