Monday , 16 December 2019
Breaking News
You are here: Home » Carrier » ਚੁਣੌਤੀਆਂ ਦੇ ਬਾਵਜੂਦ ਪੰਜਾਬੀ ਭਾਸ਼ਾ ਦੇ ਪਸਾਰ ਲਈ ਬਹੁਤ ਸੰਭਾਵਨਾਵਾਂ : ਡਾ. ਖੀਵਾ

ਚੁਣੌਤੀਆਂ ਦੇ ਬਾਵਜੂਦ ਪੰਜਾਬੀ ਭਾਸ਼ਾ ਦੇ ਪਸਾਰ ਲਈ ਬਹੁਤ ਸੰਭਾਵਨਾਵਾਂ : ਡਾ. ਖੀਵਾ

ਮਾਨਸਾ, 17 ਫਰਵਰੀ (ਨਛੱਤਰ ਬਰੇਟਾ)- ਪੰਜਾਬੀ ਭਾਸ਼ਾ ਨੂੰ ਲੈ ਕੇ ਹੇਠਾਂ ਤੋਂ ਲੈ ਕੇ ਵਿਸ਼ਵ ਪੱਧਰ ਤੱਕ ਅਨੇਕਾਂ ਚੁਣੌਤੀਆਂ ਹਨ, ਅਨੇਕਾਂ ਸੰਕਟ ਹਨ। ਇਸ ਦੇ ਬਾਵਜੂਦ ਪੰਜਾਬੀ ਭਾਸ਼ਾ ਦਾ ਇਕ ਗੌਰਵਸ਼ਾਲੀ ਇਤਿਹਾਸ ਹੈ ਅਤੇ ਇਸ ਵਿਚ ਵਿਸ਼ਵ ਪੱਧਰ ’ਤੇ ਬਹੁ-ਪਸਾਰ ਲਈ ਬਹੁਤ ਸਾਰੀਆਂ ਸੰਭਾਵਾਨਾਵਾਂ ਹਨ। ਇਨ੍ਹਾਂ ਸੰਭਾਵਨਾਵਾਂ ’ਤੇ ਚੱਲਦਿਆਂ ਪੰਜਾਬੀਆਂ ਨੂੰ ਆਪਣੇ ਘਰ ਤੋਂ ਲੈ ਕੇ ਵਿਸ਼ਵ ਪੱਧਰ ਤੱਕ ਪੂਰੇ ਉਤਸ਼ਾਹ ਅਤੇ ਹੌਸਲੇ ਨਾਲ ਅੱਗੇ ਵਧਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਵਲੋਂ ਅਕਾਦਮੀ ਪ੍ਰਧਾਨ ਡਾ: ਸਰਬਜੀਤ ਕੌਰ ਸੋਹਲ ਦੀ ਅਗਵਾਈ ’ਚ ਸਥਾਨਕ ਬੱਚਤ ਭਵਨ ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਉਘੇ ਭਾਸ਼ਾ ਮਾਹਿਰ ਡਾ: ਲਾਭ ਸਿੰਘ ਖੀਵਾ ਅਤੇ ਡਾ: ਜਲੌਰ ਸਿੰਘ ਖੀਵਾ ਨੇ ਸਾਂਝੇ ਤੌਰ ’ਤੇ ਕੀਤਾ। ਸਮਾਗਮ ਦੇ ਸ਼ੁਰੂ ਵਿਚ ਹਾਜ਼ਰ ਲੇਖਕਾਂ, ਪਾਠਕਾਂ, ਵਿਦਵਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਸਮਾਗਮ ਦੇ ਕਨਵੀਨਰ ਸ਼ਾਇਰ ਬਲਵੰਤ ਭਾਟੀਆ ਨੇ ਕਿਹਾ ਕਿ ਪੰਜਾਬੀ ਭਾਸ਼ਾ ਸਾਡੀ ਮਾਂ ਹੈ, ਇਸ ਦੀ ਬਿਹਤਰੀ ਲਈ ਅਕਾਦਮੀ ਵਲੋਂ ਲਗਾਤਾਰ ਯਤਨ ਕੀਤੇ ਜਾਂਦੇ ਰਹਿਣਗੇ। 21 ਫਰਵਰੀ ਨੂੰ ਅਕਾਦਮੀ ਦੇ ਅਹੁਦੇਦਾਰ, ਸਲਾਹਕਾਰ ਬੋਰਡ ਦੇ ਮੈਂਬਰ ਅਤੇ ਐਸੋਸੀਏਟ ਮੈਂਬਰ ਪੰਜਾਬ ਦੇ ਕੋਨੇ-ਕੋਨੇ ਵਿਚ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਉਣਗੇ। ਸਮਾਗਮ ਦੇ ਮੁੱਖ ਮਹਿਮਾਨ ਧਰਮਪਾਲ ਗੁਪਤਾ ਡਿਪਟੀ ਕਮਿਸ਼ਨਰ ਮਾਨਸਾ ਨੇ ਆਪਣੇ ਸੰਬੋਧਨ ਵਿਚ ਅਕਾਦਮੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸੇ ਵੀ ਭਾਸ਼ਾ ਦਾ ਬਿੰਬ ਉਸ ਭਾਸ਼ਾ ਵਿਚ ਰਚੇ ਗਏ ਸਾਹਿਤ ’ਚੋਂ ਦੇਖਿਆ ਜਾ ਸਕਦਾ ਹੈ। ਪੰਜਾਬੀ ਸਾਹਿਤ ਕੋਲ ਵੀ ਬਹੁਤ ਅਮੀਰ ਵਿਰਾਸਤ ਹੈ ਜੋ ਭਾਸ਼ਾ ਨੂੰ ਹਰ ਹਾਲਤ ਵਿਚ ਬੁ¦ਦ ਰੱਖੇਗੀ। ਸਮਾਗਮ ਦਾ ਸੰਚਾਲਨ ਸ਼ਾਇਰ ਗੁਰਪ੍ਰੀਤ ਅਤੇ ਧੰਨਵਾਦ ਪ੍ਰਿੰਸੀਪਲ ਦਰਸ਼ਨ ਸਿੰਘ ਨੇ ਕੀਤਾ।
ਸਮਾਗਮ ਵਿਚ ਸ਼ਾਇਰ ਕੰਵਲਜੀਤ ਭੁੱਲਰ, ਬਲਜਿੰਦਰ ਸੰਗੀਲਾ, ਜਗਦੀਸ਼ ਰਾਏ ਕੂਲਰੀਆਂ, ਕੁਲਵਿੰਦਰ ਬੱਛੋਆਣਾ, ਗੁਰਨੈਬ ਮਘਾਣੀਆਂ, ਸਤਿੰਦਰਪਾਲ ਸਿੰਘ ਮਿੱਤਲ, ਰਾਜਿੰਦਰ ਗਰਗ, ਬਲਵਿੰਦਰ ਬੁਢਲਾਡਾ, ਰਾਜਿੰਦਰ ਕੌਰ ਢਿੱਲੋਂ, ਲਖਵਿੰਦਰ ਲਖਣਪਾਲ, ਹਰਪ੍ਰੀਤ ਹੈਪੀ, ਜਸਵੀਰ ਢੰਡ, ਹਰਭਜਨ ਸਿੱਧੂ, ਪ੍ਰੋ: ਪਰਮਜੀਤ ਕੌਰ, ਪ੍ਰੋ: ਅਮਰਜੀਤ ਸਿੰਘ, ਪ੍ਰੋ: ਅਮਨਦੀਪ ਕੌਰ, ਜਸਪਾਲ ਮਾਨਖੇੜਾ, ਰਣਬੀਰ ਰਾਣਾ, ਗੁਰਚੇਤ ਸਿੰਘ ਫੱਤੇਵਾਲੀਆ, ਬਲਵਿੰਦਰ ਸਿੰਘ ਧਾਲੀਵਾਲ ਤੋਂ ਇਲਾਵਾ ਲੇਖਕ, ਪੰਜਾਬੀ ਅਧਿਆਪਕ, ਵਕੀਲ ਅਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਸ਼ਾਮਿਲ ਸਨ।

Comments are closed.

COMING SOON .....


Scroll To Top
11