Monday , 17 June 2019
Breaking News
You are here: Home » Editororial Page » ਚਾਲੀ ਮੁਕਤਿਆਂ ਦਾ ਸ਼ਹੀਦੀ ਅਸਥਾਨ ਸ੍ਰੀ ਮੁਕਤਸਰ ਸਾਹਿਬ

ਚਾਲੀ ਮੁਕਤਿਆਂ ਦਾ ਸ਼ਹੀਦੀ ਅਸਥਾਨ ਸ੍ਰੀ ਮੁਕਤਸਰ ਸਾਹਿਬ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਸਥਾਨ ਹੈ ‘ਸ੍ਰੀ ਮੁਕਤਸਰ ਸਾਹਿਬ’। ਮੁਕਤਾ ਦਾ ਅਰਥ ਹੈ ਬੰਧਨ ਰਹਿਤ, ਅਜ਼ਾਦ ਹੋਣਾ, ਮੁਕਤੀ ਨੂੰ ਪ੍ਰਾਪਤ ਹੋਣਾ। ਮੁਕਤਸਰ ਸਾਹਬ ਦਾ ਉਸ ਸਮੇਂ ਇਹ ਇਲਾਕਾ ‘ਖਿਦਰਾਣੇ ਦੀ ਢਾਬ’ ਦੇ ਨਾਂ ਨਾਲ ਮਸ਼ਹੂਰ ਸੀ। ਪੁਰਾਤਨ ਇਤਹਾਸ ਅਨੁਸਾਰ ਮੁਕਤਸਰ ਜਿਲ੍ਹਾ ਫਿਰੋਜ਼ਪੁਰ ਵਿੱਚ ਪ੍ਰਸਿੱਧ ਨਗਰ ਦੇ ਕਸਬੇ ਜਲਾਲਾਬਾਦ ਦੇ ਤਿੰਨ ਖੱਤਰੀ ਭਰਾ ਸਨ। ਉਹ ਅਮੀਰ ਸਨ ਤੇ ਪ੍ਰਮਾਤਮਾ ਦੀ ਬੰਦਗੀ ਵਾਲੇ ਇਨਸਾਨ ਸਨ। ਇੰਨ੍ਹਾਂ ਦੇ ਨਾਂਅ ਖਿਦਰਾਣਾ, ਧਿਗਾਣਾ, ਤੇ ਰੁਪਾਣਾ ਸਨ। ਇਸ ਇਲਾਕੇ ਵਿੱਚ ਪਾਣੀ ਦੀ ਹਮੇਸ਼ਾ ਕਮੀ ਰਹਿੰਦੀ ਸੀ। ਰੇਤਲਾ ਇਲਾਕਾ ਹੋਣ ਕਾਰਨ ਅਤੇ ਪਾਣੀ ਦੀ ਥੁੜ੍ਹ ਰਹਿਣ ਕਾਰਨ ਤਿੰਨ੍ਹੇ ਭਰਾਵਾਂ ਨੇ ਤਿੰਨ ਢਾਬਾਂ ਖੁਦਵਾਈਆਂ। ਹਰ ਸਾਲ ਸਾਉਣ ਦੇ ਮਹੀਨੇ ਮੀਂਹ ਪੈਣ ਕਾਰਨ ਇਹ ਢਾਬਾਂ ਪਾਣੀ ਨਾਲ ਭਰ ਜਾਂਦੀਆਂ ਸਨ। ਇੱਥੇ ਇਤਨਾ ਪਾਣੀ ਜਮ੍ਹਾਂ ਹੋ ਜਾਂਦਾ ਸੀ ਕਿ ਪੂਰਾ ਸਾਲ ਆਦਮੀ ਅਤੇ ਪਸ਼ੂ ਪੰਛੀ ਪਾਣੀ ਪੀਣ ਲਈ ਆਉਂਦੇ ਰਹਿੰਦੇ ਸਨ।ਇੰਨ੍ਹਾਂ ਤਿੰਨਾਂ ਢਾਬਾਂ ਕਰਕੇ ਹੀ ਆਲੇ-ਦੁਆਲੇ ਤਿੰਨੇ ਭਰਾਵਾਂ ਦੇ ਨਾਂ ਤੇ ਤਿੰਨ ਪਿੰਡ ਖਿਦਰਾਣਾ, ਰੁਪਾਣਾ ਤੇ ਧਿੰਗਾਣਾ ਵੱਸ ਗਏ। ਮੁਕਤਸਰ ਦੇ ਇਤਹਾਸ ਦਾ ਸਬੰਧ ਦਸਮ ਪਿਤਾ ਨਾਲ ਜੁੜਦਾ ਹੈ। ਇਸ ਥਾਂ ਪਰ ਦਸ਼ਮੇਸ਼ ਪਿਤਾ ਜੀ ਨੇ ਮੁਗਲ ਹਕੂਮਤ ਵਿਰੁੱਧ ਆਖਰੀ ਜੰਗ ਕੀਤਾ ਤੇ ਮੁਗਲ ਹਕੂਮਤ ਦੀਆਂ ਜੜ੍ਹਾਂ ਪੁੱਟ ਕੇ ਰੱਖ ਦਿੱਤੀਆਂ। ਇਸ ਪਾਵਨ ਪਵਿੱਤਰ ਸਥਾਨ ਤੇ ਗੁਰੂ ਜੀ ਨੇ ਆਪਣੇ ਤੋਂ ਬੇਮੁੱਖ ਹੋ ਕੇ ਗਏ ਮਾਝੇ ਦੇ ਚਾਲੀ ਸਿੰਘਾਂ ਨੂੰ ਜਨਮ ਮਰਨ ਤੋਂ ਮੁਕਤ ਕਰਕੇ ਟੁੱਟੀ ਗੰਢੀ ਗੁਰੂ ਜੀ ਨੇ ਹਮੇਸ਼ਾ ਹੱਕ ਸੱਚ ਲਈ ਧਰਮ ਯੁੱਧ ਕੀਤੇ। ਇਹ ਆਖਰੀ ਲੜਾਈ ਸੀ।ਜਦ ਗੁਰੂ ਜੀ ਨੇ ਮਾਤਾ ਗੁਜਰੀ ਜੀ ਤੇ ਸਿੰਘਾਂ ਦੇ ਕਹਿਣ ਤੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤਾਂ ਉਹ ਕੀਰਤਪੁਰ, ਰੋਪੜ, ਕੋਟਲਾ ਨਿਹੰਗ, ਕਾਂਗੜ, ਦੀਨਾ ਰੁਖਾਲਾ, ਗੁਰੂਸਰ, ਭਾਈ ਭਗਤਾ, ਬਰਗਾੜ੍ਹੀ, ਬਹਿਬਲ, ਸਰਾਵਾਂ, ਪੱਤੋ, ਜੈਤ ਦੱਭ ਵਾਲੀ, ਮਲੂਕ ਦਾ ਕੋਟ ਤੇ ਕੋਟਕਪੂਰੇ ਪਹੁੰਚੇ। ਉਥੇ ਗੁਰੂ ਜੀ ਕੋਟਕਪੂਰੇ ਦੇ ਚੌਧਰੀ ਕਪੂਰੇ ਨੂੰ ਮਿਲੇ ਤੇ ਉਸ ਕੋਲੋਂ ਪਿੱਛਾ ਕਰ ਰਹੇ ਮੁਗਲਾਂ ਦਾ ਖਾਤਮਾ ਕਰਨ ਲਈ ਉਸਦਾ ਕਿਲ੍ਹਾ ਮੰਗਿਆ ਤਾਂ ਮੁਗਲਾਂ ਦੇ ਡਰ ਤੋਂ ਉਸਨੇ ਗੁਰੂ ਜੀ ਨੂੰ ਕਿਲਾ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਗੁਰੂ ਜੀ ਖਿਦਰਾਣੇ ਦੀ ਢਾਬ ਵੱਲ ਚੱਲ ਪਏ।ਉਧਰ ਮਾਤਾ ਭਾਗੋ ਜੀ ਨੇ ਗੁਰੂ ਤੋਂ ਬੇਮੁੱਖ ਹੋ ਕੇ ਗਏ ਮਾਝੇ ਦੇ ਚਾਲੀ ਸਿੰਘਾਂ ਨੂੰ ਪ੍ਰੇਰ ਕੇ ਆਪਣੀ ਅਗਵਾਈ ਵਿੱਚ ਇਸ ਯੁੱਧ ਵਿੱਚ ਸ਼ਾਮਿਲ ਹੋਣ ਲਈ ਆਪਣੇ ਪਤੀ ਤੇ ਭਰਾਵਾਂ ਸਮੇਤ ਚੱਲ ਪਈ। ਉਧਰ ਗੁਰੂ ਜੀ ਨੂੰ ਇੱਕ ਸਿੱਖ ਨੇ ਦੱਸਿਆ ਕਿ ਮੁਗਲ ਫੌਜਾਂ ਵਾਹੋ-ਦਾਹੀ ਕਰਦੀਆਂ ਨੇੜੇ ਹੀ ਪਹੁੰਚ ਗਈਆ ਹਨ ਤਾਂ ਗੁਰੂ ਜੀ ਨੇ ਸਿੰਘਾਂ ਨੂੰ ਮੋਰਚੇ ਸੰਭਾਲਣ ਲਈ ਕਿਹਾ। ਇੰਨ੍ਹੀ ਦੇਰ ਤੱਕ ਮਾਤਾ ਭਾਗੋ ਜੀ ਵੀ ਖਿਦਰਾਣੇ ਪਹੁੰਚ ਚੁੱਕੇ ਸਨ।ਗੁਰੂ ਜੀ ਨੇ ਉਚੀ ਟਿੱਬੀ ਤੋਂ ਮੋਰਚੇ ਦੀ ਕਮਾਨ ਸੰਭਾਲੀ। ਮਾਤਾ ਭਾਗੋ ਤੇ ਚਾਲੀ ਸਿੰਘਾਂ ਨੇ ਉਸ ਢਾਬ ਤੇ ਕਬਜਾ ਕਰ ਲਿਆ। ਵੈਰੀਆਂ ਨੂੰ ਭੁਲੇਖਾ ਪਾਉਣ ਲਈ ਨੇੜੇ ਝਾੜੀਆਂ ਤੇ ਕੱਪੜੇ ਪਾ ਕੇ ਜ਼ਿਆਦਾ ਸਿੱਖ ਫੌਜ ਦੀ ਸੰਖਿਆ ਦਿਖਾਉਣ ਲਈ ਮੋਰਚੇ ਸੰਭਾਲ ਲਏ। ਮੁਗਲਾਂ ਨਾਲ ਯੁੱਧ ਸ਼ੁਰੂ ਹੋ ਗਿਆ। ਉਧਰ ਉਚੀ ਟਿੱਬੀ ਤੋਂ ਸਤਿਗੁਰੂ ਜੀ ਤੀਰਾਂ ਦੀ ਬਰਸਾਤ ਕਰ ਰਹੇ ਸਨ ਤੇ ਨਾਲ ਦੀ ਨਾਲ ਬੇਮੁੱਖ ਹੋ ਕੇ ਗਏ ਸਿੰਘਾਂ ਨੂੰ ਮੁਗਲ ਫੌਜ ਨਾਲ ਡੱਟ ਕੇ ਲੜਦਾ ਹੋਇਆ ਦੇਖ ਕੇ ਖੁਸ਼ ਹੋ ਰਹੇ ਸਨ।ਘਮਸਾਨ ਦਾ ਯੁੱਧ ਹੋਇਆ ਮੁਗਲਾਂ ਦੇ ਪੈਰ ਉਖੜ ਗਏ ਤੇ ਮੁਗਲ ਫੌਜਾਂ ਮੈਦਾਨ ਛੱਡ ਕੇ ਪਿਛਾਂਹ ਹਟ ਗਈਆਂ। ਲੜਾਈ ਖਤਮ ਹੋਣ ਤੇ ਗੁਰੂ ਜੀ ਉਚੀ ਟਿੱਬੀ ਤੋਂ ਹੇਠਾਂ ਆਏ ਤੇ ਸਿੰਘਾਂ ਨੂੰ ਸ਼ਾਬਾਸ਼ ਦਿੱਤੀ।ਜਖਮੀ ਸਿੰਘਾਂ ਦੇ ਜਖਮ ਸਾਫ ਕੀਤੇ ਤੇ ਕਈ ਖਿਤਾਬਾਂ ਨਾਲ ਨਿਵਾਜਿਆ। ਮਾਤਾ ਭਾਗੋ ਵੀ ਆਪਣੇ ਜਖ਼ਮ ਧੋ ਰਹੀ ਤਾਂ ਗੁਰੂ ਜੀ ਨੇ ਮਾਤਾ ਭਾਗੋ ਦੇ ਜਖ਼ਮ ਸਾਫ ਕਰਕੇ ਮਰਹਮ ਪੱਟੀ ਕੀਤੀ। ਮਹਾਨ ਕੋਸ਼ ਦੇ ਲੇਖਕ ਭਾਈ ਕਾਨ੍ਹ ਸਿੰਘ ਨਾਭਾ ਇਸਦਾ ਜ਼ਿਕਰ ਕਰਦੇ ਹਨ ਕਿ ਵੈਸਾਖ ਸੰਮਤ 1762 ਵਿੱਚ ਸਰਹੰਦ ਦਾ ਸੂਬਾ ਵਜ਼ੀਰ ਖਾਂ ਜਦ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦਾ ਤਾਕੁਬ ਕਰਦਾ ਮਾਲਵੇ ਆਇਆ, ਤਦ ਸਿੰਘਾਂ ਨੇ ਇਸ ਤਾਲ ਨੂੰ ਕਬਜੇ ਕਰਕੇ ਵੈਰੀ ਦਾ ਮੁਕਾਬਲਾ ਕੀਤਾ, ਸਭ ਤੋਂ ਪਹਿਲਾਂ ਮਾਈ ਭਾਗੋ ਅਰ ਉਸਦੇ ਸਾਥੀ ਸਿੰਘਾਂ ਦਾ ਸ਼ਾਹੀ ਫੌਜ ਨਾਲ ਟਾਕਰਾ ਹੋਇਆ ਅਰ ਵੱਡੀ ਵੀਰਤਾ ਨਾਲ ਸ਼ਹੀਦੀ ਪਾਈ। ਭਾਈ ਮਹਾਂ ਸਿੰਘ ਨੇ ਦਸ਼ਮੇਸ਼ ਪਿਤਾ ਤੋਂ ਬੇਦਾਵਾ ਪੱਤਰ ਚਾਕ ਕਰਵਾ ਕੇ ਇੱਥੇ ਟੁੱਟੀ ਸਿੱਖੀ ਗੰਢੀ ਹੈ, ਕਲਗੀਧਰ ਨੇ ਸ਼ਹੀਦ ਸਿੰਘਾਂ ਨੂੰ ਮੁਕਤ ਪਦਵੀ ਬਖਸ਼ ਕੇ ਤਾਲ ਦਾ ਨਾਮ ‘ਮੁਕਤਸਰ’ ਰੱਖਿਆ ਅਰ ਆਪਣੇ ਹੱਥੀਂ ਸ਼ਹੀਦਾਂ ਦੇ ਦੇਹ ਸਸਕਾਰੇ, ਸ਼ਹੀਦ ਗੰਜ਼ ਤਾਲ ਦੇ ਕਿਨਾਰੇ ਵਿਦਯਮਾਨ ਹੈ। ਲੋਹੜੀ ਤੋਂ ਅਗਲੇ ਦਿਨ ਮੱਘਰ ਦੀ ਸੰਗਰਾਂਦ ਵਾਲੇ ਦਿਨ ਮਾਘੀ ਦੇ ਪਵਿੱਤਰ ਤਿਉਹਾਰ ਤੇ ਚਾਲੀ ਮੁਕਤਿਆਂ ਨੂੰ ਯਾਦ ਕੀਤਾ ਜਾਂਦਾ ਹੈ। ਇਸ ਜੰਗ ਵਿੱਚ ਜੋ ਚਾਲੀ ਸਿੰਘ ਸ਼ਹੀਦ ਹੋਏ। ਉਹਨਾਂ ਚਾਲੀ ਮੁਕਤਿਆ ਦੇ ਨਾਂ ਇਸ ਪ੍ਰਕਾਰ ਹਨ: ਸਮੀਰ ਸਿੰਘ, ਸਾਧੂ ਸਿੰਘ, ਸਰਜਾ ਸਿੰਘ, ਸੁਹੇਲ ਸਿੰਘ, ਸੁਲਤਾਨ ਸਿੰਘ, ਸੋਭਾ ਸਿੰਘ, ਸੰਤ ਸਿੰਘ, ਹਰਸ਼ਾ ਸਿੰਘ, ਹਰੀ ਸਿੰਘ, ਕਰਨ ਸਿੰਘ, ਕਰਮ ਸਿੰਘ, ਕਾਲਾ ਸਿੰਘ, ਮੈਯ ਸਿੰਘ, ਕੀਰਤ ਸਿੰਘ, ਕ੍ਰਿਪਾਲ ਸਿੰਘ, ਖੁਸ਼ਹਾਲ ਸਿੰਘ, ਗੁਲਾਬ ਸਿੰਘ, ਗੰਗਾ ਸਿੰਘ, ਗੰਡਾ ਸਿੰਘ, ਘਰਬਾਰਾ ਸਿੰਘ, ਚੰਬਾ ਸਿੰਘ, ਜਾਦੋ ਸਿੰਘ, ਜੋਗਾ ਸਿੰਘ, ਜੰਗ ਸਿੰਘ, ਦਿਆਲ ਸਿੰਘ, ਦਰਬਾਰਾ ਸਿੰਘ, ਦਿਲਬਾਗ ਸਿੰਘ, ਧਰਮ ਸਿੰਘ, ਧੰਨਾ ਸਿੰਘ, ਨਿਹਾਲ ਸਿੰਘ, ਨਿਧਾਨ ਸਿੰਘ, ਬੂੜ ਸਿੰਘ, ਭਾਗ ਸਿੰਘ, ਭੋਲਾ ਸਿੰਘ, ਭੰਗਾ ਸਿੰਘ, ਮਹਾਂ ਸਿੰਘ, ਮੱਜਾ ਸਿੰਘ, ਮਾਨ ਸਿੰਘ, ਰਾਇ ਸਿੰਘ ਤੇ ਲਛਮਣ ਸਿੰਘ ਆਦਿ ਸਨ। ਭਾਈ ਮਹਾਂ ਸਿੰਘ ਤੇ ਹੋਰ ਸਿੰਘ ਜੋ ਸੰਮਤ 1762 ਵਿੱਚ ਸ਼ਾਹੀ ਫੌਜ ਨਾਲ ਮੁਕਤਸਰ ਦੀ ਜੰਗ ਸਮੇਂ ਲੜੇ, ਜਦ ਕਲਗੀਧਰ ਜੀ ਨੇ ਮੈਦਾਨ-ਏ-ਜੰਗ ਵਿੱਚ ਆ ਕੇ ਸ਼ਹੀਦਾਂ ਦੇ ਸਰੀਰ ਉਠਵਾਏ ਤਦ ਮਹਾਂ ਸਿੰਘ ਜੀ ਵਿੱਚ ਕੁਝ ਪ੍ਰਾਣ ਸਨ, ਦਸ਼ਮੇਸ਼ ਜੀ ਨੇ ਆਪਣੇ ਰੁਮਾਲ ਨਾਲ ਮਹਾਂ ਸਿੰਘ ਦਾ ਮੁੱਖ ਸਾਫ ਕੀਤਾ ਤੇ ਜਲ ਛਕਾਇਆ, ਤਦ ਮਹਾਂ ਸਿੰਘ ਜੀ ਦੀ ਮੂਰਛਾ ਖੁੱਲੀ ਤਾਂ ਕਲਗੀਧਰ ਜੀ ਨੇ ਫੁਰਮਾਇਆ, ਵਰ ਮੰਗੋ, ਮਹਾਂ ਸਿੰਘ ਨੇ ਅਰਜ਼ ਗੁਜ਼ਾਰੀ ਕਿ ਜੇ ਆਪ ਤੁੱਠੇ ਹੋ, ਤਾਂ ਸੰਗਤ ਦਾ ‘ਬੇਦਾਵਾ ਪੱਤਰ’ ਪਾੜ ਕੇ ਟੁੱਟੀ ਗੰਢੋ, ਹੋਰ ਕੋਈ ਵਾਸਨਾ ਨਹੀ, ਜਗਤ ਗੁਰੂ ਨੇ ਧੰਨ ਸਿੱਖ-2 ਕਹਿੰਦੇ ਹੋਏ ਬੇਦਾਵਾ ਪੱਤਰ ਮਹਾਂ ਸਿੰਘ ਨੂੰ ਦਿਖਾ ਕੇ ਚਾਕ ਕਰ ਦਿੱਤਾ, ਮਹਾਂ ਸਿੰਘ ਜੀ ਗੁਰੂ ਜੀ ਦਾ ਦਰਸ਼ਨ ਕਰਦੇ ਹੋਏ ਗੁਰਪੁਰੀ ਨੂੰ ਪਧਾਰੇ, ਕਲਗੀਧਰ ਜੀ ਨੇ ਆਪਣੇ ਹੱਥੀਂ ਮੁਕਤੇ ਵੀਰਾਂ ਦਾ ਸਸਕਾਰ ਕੀਤਾ, ਸ਼ਹੀਦਗੰਜ ਮੁਕਤਸਰ ਦੇ ਕਿਨਾਰੇ ਵਿਦਯਮਾਨ ਹੈ, ਪਹਿਲਾਂ ਇਸ ਤਾਲ ਦਾ ਨਾਮ ਖਿਦਰਾਣਾ ਸੀ।

Comments are closed.

COMING SOON .....


Scroll To Top
11