ਦਿੱਲੀ ‘ਚ ਪ੍ਰਦੂਸ਼ਣ ‘ਤੇ ਸੁਪਰੀਮ ਕੋਰਟ ਵੱਲੋਂ ਪੰਜਾਬ-ਹਰਿਆਣਾ ਨੂੰ ਝਾੜ
ਦਿੱਲੀ, 25 ਨਵੰਬਰ- ਦਿੱਲੀ ‘ਚ ਵਧ ਰਹੇ ਪ੍ਰਦੂਸ਼ਣ ਸਬੰਧੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਪਰਾਲੀ ਸਾੜਨ ਦੇ ਮਾਮਲੇ ‘ਚ ਪੰਜਾਬ ਅਤੇ ਹਰਿਆਣਾ ਨੂੰ ਝਾੜ ਪਾਈ ਹੈ। ਅਦਾਲਤ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਫਟਕਾਰ ਲਾਉਂਦਿਆਂ ਕਿਹਾ ਹੈ ਕਿ ਪਰਾਲੀ ਸਾੜਨ ਦੇ ਮਾਮਲੇ ਸਬੰਧੀ ਰੋਕ ਲਾਉਣ ‘ਚ ਪੰਜਾਬ ਨਾਕਾਮ ਸਾਬਿਤ ਹੋਇਆ ਹੈ। ਅਦਾਲਤ ਨੇ ਕਿਹਾ ਕਿ ਰੋਕ ਦੇ ਬਾਵਜੂਦ ਵੀ ਪੰਜਾਬ ‘ਚ ਪਰਾਲੀ ਧੜੱਲੇ ਨਾਲ ਸਾੜੀ ਜਾ ਰਹੀ ਹੈ। ਅਦਾਲਤ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਪ੍ਰਦੂਸ਼ਣ ਕਾਰਨ ਮਰਨ ਲਈ ਨਹੀਂ ਛੱਡਿਆ ਜਾ ਸਕਦਾ। ਪੰਜਾਬ ਸਰਕਾਰ ਨੂੰ ਫਟਕਾਰ ਲਾਉਂਦਿਆਂ ਸੁਪਰੀਮ ਕੋਰਟ ਨੇ ਪੁੱਛਿਆ ਕਿ ਤੁਸੀਂ ਲੋਕਾਂ ਨਾਲ ਇਸ ਤਰੀਕੇ ਦਾ ਵਰਤਾਅ ਕਿਵੇਂ ਕਰ ਸਕਦੇ ਹੋ ਅਤੇ ਦਿੱਲੀ ‘ਚ ਲੋਕਾਂ ਨੂੰ ਪ੍ਰਦੂਸ਼ਣ ਕਾਰਨ ਮਰਨ ਲਈ ਕਿਵੇਂ ਛੱਡ ਸਕਦੇ ਹੋ। ਸੁਪਰੀਮ ਕੋਰਟ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਕਿਹਾ ਕਿ ਅਦਾਲਤ ਸੂਬੇ ਦੀ ਹਰ ਮਸ਼ੀਨਰੀ ਨੂੰ ਇਸ ਦੇ ਲਈ ਜ਼ਿੰਮੇਵਾਰ ਠਹਿਰਾਵੇਗੀ। ਸੁਪਰੀਮ ਕੋਰਟ ਨੇ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਸਖ਼ਤ ਸ਼ਬਦਾਂ ‘ਚ ਕਿਹਾ- ‘ਲੋਕਾਂ ਨੂੰ ਗੈਸ ਚੈਂਬਰ ‘ਚ ਰਹਿਣ ਲਈ ਕਿਉਂ ਮਜ਼ਬੂਰ ਕੀਤਾ ਜਾ ਰਿਹਾ ਹੈ? ਇਸ ਨਾਲੋਂ ਬਿਹਤਰ ਉਨ੍ਹਾਂ ਨੂੰ ਇੱਕੋ ਵਾਰ ਮਾਰ ਦਿੱਤਾ ਜਾਵੇ। ਲੋਕਾਂ ਨੂੰ ਧਮਾਕੇ ਨਾਲ ਉਡਾ ਦੇਣਾ ਬਿਹਤਰ ਹੈ। ਆਮ ਜਨਤਾ ਇਹ ਸਭ ਕੁਝ ਬਰਦਾਸ਼ਤ ਕਿਉਂ ਕਰੇ? ਦਿੱਲੀ ‘ਚ ਦੁਸ਼ਣਬਾਜ਼ੀ ਦਾ ਦੌਰ ਜਾਰੀ ਹੈ, ਅਸੀਂ ਹੈਰਾਨ ਹਾਂ।’ ਉੱਧਰ ਦਿੱਲੀ ਦੀ ਹਵਾ ਨੂੰ ਪ੍ਰਦੂਸ਼ਿਤ ਕਰ ਰਹੇ ਵਾਹਨਾਂ ਪ੍ਰਤੀ ਸਖ਼ਤ ਰਵੱਈਆ ਵਰਤਦਿਆਂ ਡੀ.ਪੀ.ਸੀ.ਸੀ. ਨੇ ਪਿਛਲੇ 8 ਦਿਨਾਂ ‘ਚ ਛੋਟੇ-ਵੱਡੇ 63 ਵਾਹਨਾਂ ਤੋਂ 49 ਲੱਖ 15,000 ਰੁਪਏ ਦਾ ਐਨਵਾਇਰਮੈਂਟਲ ਕੰਪਨਸੇਸ਼ਨ ਵਸੂਲ ਕੀਤਾ ਹੈ।