Monday , 16 December 2019
Breaking News
You are here: Home » Religion » ਗੁਰੂ ਸਾਹਿਬਾਨ ਤੇ ਸਿੱਖ ਸ਼ਖਸੀਅਤਾਂ ਬਾਰੇ ਭੱਦੀ ਸ਼ਬਦਾਵਲੀ ਨਾਲ ਸਿੱਖ ਜਗਤ ’ਚ ਰੋਸ ਤੇ ਰੋਹ

ਗੁਰੂ ਸਾਹਿਬਾਨ ਤੇ ਸਿੱਖ ਸ਼ਖਸੀਅਤਾਂ ਬਾਰੇ ਭੱਦੀ ਸ਼ਬਦਾਵਲੀ ਨਾਲ ਸਿੱਖ ਜਗਤ ’ਚ ਰੋਸ ਤੇ ਰੋਹ

ਸੋਸ਼ਲ ਮੀਡੀਆ ’ਤੇ ਸਿੱਖਾਂ ਦੀਆਂ ਧਾਰਮਿਕ ਭਾਨਵਾਨਾਂ ਦਾ ਕਤਲ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕਰੇਗੀ ਸ਼ੋਮਣੀ ਕਮੇਟੀ

ਅੰਮ੍ਰਿਤਸਰ, 11 ਸਤੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼ੋਸਲ ਮੀਡੀਆ ’ਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਸਰਕਾਰ ਪਾਸੋਂ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਅਜਿਹੇ ਲੋਕਾਂ ਨੂੰ ਸਬਕ ਸਿਖਾਉਣ ਲਈ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਵੀ ਆਖੀ ਹੈ। ਉਨ੍ਹਾਂ ਕਿਹਾ ਕਿ ਬੀਤੇ ਕੁਝ ਦਿੱਨਾਂ ਤੋਂ ਫੇਸਬੁੱਕ ’ਤੇ ‘ਕੱਬਾ ਚਮਾਰ’ ਨਾਂ ਦੇ ਇੱਕ ਖਾਤੇ ਰਾਹੀਂ ਸਿੱਖ ਗੁਰੂ ਸਾਹਿਬਾਨ ਅਤੇ ਸਤਿਕਾਰਤ ਸਿੱਖ ਸ਼ਖਸੀਅਤਾਂ ਨੂੰ ਮਜਾਕ ਦਾ ਪਾਤਰ ਬਣਾਇਆ ਜਾ ਰਿਹਾ ਹੈ, ਜਿਸ ਦੀਆਂ ਤਸਵੀਰਾਂ ਵਾਇਰਲ ਹੋਣ ਕਾਰਨ ਸਿੱਖ ਜਗਤ ਵਿਚ ਭਾਰੀ ਰੋਸ ਤੇ ਰੋਹ ਹੈ। ਪਰੰਤੂ ਦੁਖ ਦੀ ਗੱਲ ਹੈ ਕਿ ਅਜਿਹੇ ਲੋਕਾਂ ਨੂੰ ਨਕੇਲ ਪਾਉਣ ਵਿਚ ਪੰਜਾਬ ਸਰਕਾਰ ਬਿਲਕੁਲ ਹੀ ਅਸਫਲ ਰਹੀ ਹੈ। ਭਾਈ ਲੌਂਗੋਵਾਲ ਕੇ ਆਖਿਆ ਕਿ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਨ ਵਾਲੇ ਲੋਕਾਂ ਨਾਲ ਸਰਕਾਰ ਦੀ ਨਰਮੀ ਚੰਗੀ ਨਹੀਂ ਹੈ ਅਤੇ ਇਸ ਸਬੰਧੀ ਸਰਕਾਰ ਦੇ ਅਵੇਸਲੇਪਨ ਨਾਲ ਪੰਜਾਬ ਦਾ ਮਾਹੌਲ ਵਿਗੜ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਕਤਲ ਕਰਨ ਵਾਲੇ ਲੋਕਾਂ ਵਿਰੁੱਧ ਸ਼੍ਰੋਮਣੀ ਕਮੇਟੀ ਹਾਈ ਕੋਰਟ ਤੱਕ ਪਹੁੰਚ ਕਰੇਗੀ। ਉਨ੍ਹਾਂ ਪੰਜਾਬ ਦੀ ਸਰਕਾਰ ਵੱਲੋਂ ਅਜਿਹੇ ਮਾਮਲਿਆਂ ’ਚ ਦਿਖਾਈ ਜਾ ਰਹੀ ਢਿੱਲ ਨੂੰ ਆੜੇ ਹੱਥੀਂ ਲੈਂਦਿਆਂ ਆਖਿਆ ਕਿ ਜੇਕਰ ਪੰਜਾਬ ਸਰਕਾਰ ਦੀ ਨਾਕਾਮੀ ਕਾਰਨ ਬਦਚੈਨੀ ਫੈਲਦੀ ਹੈ ਤਾਂ ਇਸ ਦੀ ਸਿੱਧੇ ਤੌਰ ’ਤੇ ਜਿੰਮੇਵਾਰ ਵੀ ਸਰਕਾਰ ਹੀ ਹੋਵੇਗੀ। ਭਾਈ ਲੌਂਗੋਵਾਲ ਨੇ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ ਪੁਲਿਸ ਵਿਭਾਗ ਦਾ ਸਾਈਬਰ ਕਰਾਈਮ ਸੈੱਲ ਆਪਣੇ ਆਪ ਸੋਸ਼ਲ ਮੀਡੀਆ ਤੇ ਨਜ਼ਰ ਰੱਖੇ ਪਰ ਦੁੱਖ ਦੀ ਗੱਲ ਹੈ ਕਿ ਸ਼ਿਕਾਇਤਾਂ ਤੋਂ ਬਾਅਦ ਵੀ ਅਜਿਹੇ ਲੋਕ ਪੁਲਿਸ ਦੀ ਪਹੁੰਚ ਤੋਂ ਪਰ੍ਹੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਤੰਤਰ ਦੀ ਨਾਕਾਮੀ ਨਾਲ ਫਿਰਕਾਪ੍ਰਸਤ ਲੋਕਾਂ ਦੇ ਹੌਸਲੇ ਹੋਰ ਵੱਧ ਰਹੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਉਕਤ ਫੇਸਬੁੱਕ ਖਾਤੇ ਤੋਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਬੇਹੱਦ ਘਟੀਆ ਕਿਸਮ ਦੀ ਬੇਹੂਦਾ ਹਰਕਤ ਕੀਤੀ ਗਈ ਹੈ। ਇਸ ਤੋਂ ਇਲਾਵਾ ਇਸੇ ਖਾਤੇ ਤੋਂ ਹੀ ਸਿੱਖੀ ਵਿਰੁੱਧ ਹੋਰ ਵੀ ਅਤਿ ਨੀਵੇਂ ਦਰਜੇ ਦੀਆਂ ਪੋਸਟਾਂ ਪਾਈਆਂ ਗਈਆਂ ਹਨ। ਭਾਈ ਲੌਂਗੋਵਾਲ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇਕਰ ਅੱਜ ਦੇਸ਼ ਦਾ ਸਭਿਆਚਾਰ ਬਚਿਆ ਹੋਇਆ ਹੈ ਤਾਂ ਉਹ ਸਿੱਖ ਗੁਰੂ ਸਾਹਿਬਾਨ ਅਤੇ ਸਿੱਖ ਸੂਰਬੀਰ ਯੋਧਿਆਂ ਦੀ ਬਦੌਲਤ ਹੀ ਹੈ। ਨਹੀਂ ਤਾਂ ਅੱਜ ਦੇਸ਼ ਦੀ ਕੀ ਹਾਲਤ ਹੋਣੀ ਸੀ ਉਹ ਸਭ ਜਾਣਦੇ ਹਨ। ਭਾਈ ਲੌਂਗੋਵਾਲ ਨੇ ਪੰਜਾਬ ਸਰਕਾਰ, ਪੰਜਾਬ ਦੇ ਪੁਲਿਸ ਵਿਭਾਗ ਤੇ ਸਾਈਬਰ ਕਰਾਈਮ ਸੈਲ ਨੂੰ ਸਾਫ ਲਫਜਾਂ ਵਿਚ ਕਿਹਾ ਕਿ ਇਸ ਘਟੀਆ ਵਿਅਕਤੀ ਦੀ ਤੁਰੰਤ ਭਾਲ ਕੀਤੀ ਜਾਵੇ ਅਤੇ ਅਜਿਹੀ ਸਜਾ ਦਿੱਤੀ ਜਾਵੇ ਜਿਸ ਨੂੰ ਵੇਖ ਕੇ ਅੱਗੇ ਤੋਂ ਕੋਈ ਸਿਰਫਿਰਾ ਵਿਅਕਤੀ ਕਿਸੇ ਵੀ ਧਰਮ ਪ੍ਰਤੀ ਮੰਦੀ ਸੋਚ ਦਾ ਪ੍ਰਗਟਾਵਾ ਕਰਨ ਦੀ ਹਿੰਮਤ ਨਾ ਕਰੇ।
ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਹੈ ਕਿ ਗੁਰੂ ਸਾਹਿਬਾਨ ਪ੍ਰਤੀ ਘਟੀਆ ਸੋਚ ਦਾ ਪ੍ਰਗਟਵਾ ਕਰਨ ਵਾਲੇ ਵਿਅਕਤੀ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਸਾਈਬਰ ਕਰਾਈਮ ਸੈੱਲ ਨੂੰ ਲਿਖਤੀ ਸ਼ਿਕਾਇਤ ਵੀ ਭੇਜੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਇਸ ਤੋਂ ਪਹਿਲਾਂ ਵੀ ਕਈ ਮਾਮਲਿਆਂ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਪੁਲਿਸ ਪ੍ਰਸ਼ਾਸਨ ਤੇ ਸਾਈਬਰ ਕਰਾਈਮ ਵਿਭਾਗ ਨੂੰ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ ਪਰ ਜੋ ਕਾਰਵਾਈ ਹੋਣੀ ਚਾਹੀਦੀ ਸੀ ਉਹ ਸਾਹਮਣੇ ਨਹੀਂ ਆਈ। ਡਾ. ਰੂਪ ਸਿੰਘ ਨੇ ਕਿਹਾ ਕਿ ਹਾਈ ਕੋਰਟ ਵਿਚ ਵੀ ਜਲਦ ਹੀ ਸ਼੍ਰੋਮਣੀ ਕਮੇਟੀ ਵੱਲੋਂ ਕੇਸ ਦਾਇਰ ਕੀਤਾ ਜਾਵੇਗਾ ਅਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਕਤਲ ਕਰਨ ਵਾਲੇ ਲੋਕਾਂ ਨੂੰ ਕਿਸੇ ਕੀਮਤ ’ਤੇ ਵੀ ਬਖਸ਼ਿਆ ਨਹੀਂ ਜਾਵੇਗਾ।

Comments are closed.

COMING SOON .....


Scroll To Top
11