Monday , 9 December 2019
Breaking News
You are here: Home » HEALTH » ਗੁਰੂ ਨਾਨਕ ਦੇਵ ਹਸਪਤਾਲ ‘ਚ ਡਾ.ਓਬਰਾਏ ਵੱਲੋਂ ਥੈਲੇਸੀਮੀਆ ਤੇ ਗੁਰਦੇ ਦੀ ਬਿਮਾਰੀ ਦੇ ਮਰੀਜ਼ਾਂ ਲਈ ਵੱਡੇ ਐਲਾਨ

ਗੁਰੂ ਨਾਨਕ ਦੇਵ ਹਸਪਤਾਲ ‘ਚ ਡਾ.ਓਬਰਾਏ ਵੱਲੋਂ ਥੈਲੇਸੀਮੀਆ ਤੇ ਗੁਰਦੇ ਦੀ ਬਿਮਾਰੀ ਦੇ ਮਰੀਜ਼ਾਂ ਲਈ ਵੱਡੇ ਐਲਾਨ

ਅੰਮ੍ਰਿਤਸਰ, 3 ਨਵੰਬਰ (ਰਾਜੇਸ਼ ਡੈਨੀ)-ਨਿਰੰਤਰ ਕਾਰਜਸ਼ੀਲ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐਸ.ਪੀ. ਸਿੰਘ ਓਬਰਾਏ ਨੇ ਅੰਮ੍ਰਿਤਸਰ ਦੇ ਨਾਂਮਵਰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਗੁਰਦੇ ਦੀ ਬਿਮਾਰੀ ਤੋਂ ਪੀੜਤ ਮਰੀਜ਼ਾਂ,ਥੈਲਾਸੀਮੀਆ ਤੋਂ ਪੀੜਤ ਬੱਚਿਆਂ ਨੂੰ ਆਰਥਿਕ ਮਦਦ ਦੇਣ ਤੋਂ ਇਲਾਵਾ ਹਸਪਤਾਲ ਦੇ ਪ੍ਰਬੰਧਕਾਂ ਦੀ ਇੱਛਾ ਮੁਤਾਬਕ ਨਾ-ਮਾਤਰ ਕੀਮਤ ਤੇ ਮਰੀਜ਼ਾਂ ਦੇ ਟੈਸਟ ਕਰਨ ਵਾਸਤੇ ਇੱਕ ਲੈਬਾਰਟਰੀ ਦੇਣ ਦਾ ਐਲਾਨ ਕੀਤਾ ਹੈ। ਸਥਾਨਕ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਅਤੇ ਗੁਰੂ ਨਾਨਕ ਦੇਵ ਹਸਪਤਾਲ ਦੇ ਵੱਖ-ਵੱਖ ਵਿਭਾਗਾਂ ਦੇ ਸਮੁੱਚੇ ਸਟਾਫ਼ ਵੱਲੋਂ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਸਪਤਾਲ ਅੰਦਰ ਅੱਜ ਕਰਵਾਏ ਗਏ ਇੱਕ ਧਾਰਮਿਕ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਡਾ.ਐੱਸ.ਪੀ. ਸਿੰਘ ਓਬਰਾਏ ਨੇ ਕਿਹਾ ਕੇ ਗੁਰੂ ਨਾਨਕ ਹਸਪਤਾਲ ਵਿੱਚ ਥੈਲੇਸੀਮੀਆ ਬਿਮਾਰੀ ਤੋਂ ਪੀੜਤ 170 ਦੇ ਕਰੀਬ ਬੱਚੇ ਹਨ। ਜਿਨ੍ਹਾਂ ਵਿੱਚੋਂ 25 ਅੱਤ ਲੋੜੀਂਦੇ ਪਰਿਵਾਰਾਂ ਨਾਲ ਸਬੰਧਿਤ ਬੱਚਿਆਂ ਨੂੰ ਸਰਬੱਤ ਦਾ ਭਲਾ ਟਰੱਸਟ ਵੱਲੋਂ ਹਰ ਮਹੀਨੇ 3000 ਹਜ਼ਾਰ ਰੁਪਏ ਆਰਥਿਕ ਮਦਦ ਦਿੱਤੀ ਜਾਵੇਗੀ । ਇਸ ਤੋਂ ਇਲਾਵਾ ਹਸਪਤਾਲ ਵਿੱਚ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਮਰੀਜ਼ ਜੋ ਡਾਇਲਸਿਸ ਵਾਸਤੇ ਰੋਜ਼ਾਨਾ ਆਉਂਦੇ ਹਨ, ਉਨ੍ਹਾਂ ਵਾਸਤੇ ਡਾਇਲਸਿਸ ਕਿੱਟਾਂ ਵੀ ਟਰੱਸਟ ਵੱਲੋਂ ਮੁਫ਼ਤ ਮੁਹੱਈਆ ਕੀਤੀਆਂ ਜਾਣਗੀਆਂ ਅਤੇ ਮਰੀਜ਼ਾਂ ਨੂੰ ਮਹਿੰਗੇ ਭਾਅ ਦੀਆਂ ਇਹ ਕਿੱਟਾਂ ਬਾਹਰੋਂ ਬਾਜ਼ਾਰ ਵਿੱਚੋਂ ਖ਼ਰੀਦ ਕੇ ਲਿਆਉਣ ਦੀ ਜ਼ਰੂਰਤ ਨਹੀਂ ਰਹੇਗੀ। ਡਾ. ਓਬਰਾਏ ਨੇ ਇਹ ਵੀ ਕਿਹਾ ਕਿ ਜੇਕਰ ਹਸਪਤਾਲ ਦੇ ਪ੍ਰਬੰਧਕ ਚਾਹੁਣ ਤਾਂ ਟਰੱਸਟ ਹਸਪਤਾਲ ਦੇ ਵਿੱਚ ਇੱਕ ਮੈਡੀਕਲ ਟੈਸਟ ਕਰਨ ਵਾਲੀ ਲੈਬਾਰਟਰੀ ਅਤੇ ਡਾਇਗਨੋਸਟਿਕ ਸੈਂਟਰ ਵੀ ਸਥਾਪਿਤ ਕਰਨ ਲਈ ਤਿਆਰ ਹੈ, ਇਸ ਲੈਬਾਰਟਰੀ ਵਿੱਚ ਬਹੁਤ ਹੀ ਘੱਟ ਕੀਮਤ ਤੇ ਦਿਨ ਰਾਤ ਲੋੜਵੰਦ ਮਰੀਜ਼ਾਂ ਦੇ ਲੋੜੀਂਦੇ ਟੈਸਟ ਕੀਤੇ ਜਾ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਅੰਦਰ 50 ਕਫਾਇਤੀ ਲੈਬਾਰਟਰੀਆਂ ਅਤੇ ਡਾਇਗਨੋਸਟਿਕ ਸੈਂਟਰ ਖੋਲ੍ਹੇ ਜਾ ਰਹੇ ਹਨ, ਜਿਨ੍ਹਾਂ ਵਿੱਚੋਂ 8 ਸੈਂਟਰ ਖੁੱਲ੍ਹ ਚੁੱਕੇ ਹਨ ਅਤੇ ਬਹੁਤ ਵਧੀਆ ਢੰਗ ਨਾਲ ਚੱਲ ਰਹੇ ਜਦ ਕਿ 5 ਲੈਬਾਰਟਰੀਆਂ ਅਤੇ ਡਾਇਗਨੋਸਟਿਕ ਸੈਂਟਰ ਇਸ ਹਫ਼ਤੇ ਹੋਰ ਖੁੱਲ੍ਹ ਜਾਣਗੇ। ਇਸ ਧਾਰਮਿਕ ਸਮਾਗਮ ‘ਚ ਜਿੱਥੇ ਕੈਬਨਿਟ ਮੰਤਰੀ ਮੈਡੀਕਲ ਸਿੱਖਿਆ ਅਤੇ ਰਿਸਰਚ ਸ੍ਰੀ ਓ.ਪੀ.ਸੋਨੀ ਨੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਉੱਥੇ ਹੀ ਇਸ ਦੌਰਾਨ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ੍ਰੀ ਸ਼ਿਵਦੁਲਾਰ ਸਿੰਘ ਢਿੱਲੋਂ,ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ,ਮੈਡੀਕਲ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਸ੍ਰੀਮਤੀ ਸੁਜਾਤਾ ਸ਼ਰਮਾ, ਮੈਡੀਕਲ ਸੁਪਰਡੈਂਟ ਡਾ. ਜੇ.ਐਸ. ਕੁਲਾਰ,ਡਾ.ਤੇਜਬੀਰ ਸਿੰਘ,ਮੁਲਾਜ਼ਮ ਆਗੂ ਬਾਬਾ ਸਮਸ਼ੇਰ ਸਿੰਘ ਕੋਹਰੀ,ਟਰੱਸਟ ਦੇ ਮੀਡੀਆ ਐਡਵਾਈਜ਼ਰ ਰਵਿੰਦਰ ਸਿੰਘ ਰੋਬਿਨ,ਮਾਝਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਜਨਰਲ ਸਕੱਤਰ ਸੁਖਦੀਪ ਸਿੱਧੂ, ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ, ਜੁਆਇੰਟ ਸੈਕਟਰੀ ਨਵਜੀਤ ਸਿੰਘ ਘਈ, ਐਕਸੀਅਨ ਜਗਦੇਵ ਸਿੰਘ ਛੀਨਾ, ਇੰਜੀਨੀਅਰ ਹਰਦੀਪ ਸਿੰਘ ਖਲਚੀਆਂ,ਡਾ.ਵੀਨਾ ਚਤਰਥ, ਜਸਵਿੰਦਰਜੀਤ ਕੌਰ ਡਾ.ਹਰਦਾਸ ਸਿੰਘ, ਡਾ. ਬੀ.ਬੀ.ਗੋਇਲ, ਡਾ.ਮਰੀਦੂ ਗਰੋਵਰ,ਡਾ ਗੁਰਪ੍ਰੀਤ ਕੌਰ ਰੰਧਾਵਾ, ਡਾ.ਨਿਰਮਲ ਕਾਜਲ,ਡਾ. ਅੰਮ੍ਰਿਤਪਾਲ ਕੌਰ, ਡਾ.ਢਿੱਲੋਂ, ਡਾ.ਅਜੇ ਛਾਬੜਾ,ਪਰਮੀਤ ਬੱਗਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿਹਤ ਵਿਭਾਗ ਨਾਲ ਸਬੰਧਤ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

Comments are closed.

COMING SOON .....


Scroll To Top
11