Sunday , 5 April 2020
Breaking News
You are here: Home » PUNJAB NEWS » ਗਵਰਨਰ ਜੰਮੂ ਕਸ਼ਮੀਰ ਦੇ ਸਲਾਹਕਾਰ ਸ੍ਰੀ ਫਾਰੂਕ ਖਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਗਵਰਨਰ ਜੰਮੂ ਕਸ਼ਮੀਰ ਦੇ ਸਲਾਹਕਾਰ ਸ੍ਰੀ ਫਾਰੂਕ ਖਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਭਾਈ ਲੌਂਗੋਵਾਲ ਨੇ ਸਿੱਖਾਂ ਨੂੰ ਘੱਟਗਿਣਤੀ ਦਰਜ਼ਾ ਦੇਣ ਤੇ ਸਿੱਖ ਮਿਸ਼ਨ ਲਈ ਜਗ੍ਹਾ ਦੇਣ ਸਬੰਧੀ ਮੰਗ ਪੱਤਰ ਦਿੱਤਾ

ਅੰਮ੍ਰਿਤਸਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਗਵਰਨਰ ਜੰਮੂ ਕਸ਼ਮੀਰ ਦੇ ਸਲਾਹਕਾਰ ਸ੍ਰੀ ਫਾਰੂਕ ਖਾਨ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵਿਸ਼ਵ ਦੇ ਸਾਂਝੇ ਰਹਿਬਰ ਹਨ ਅਤੇ ਉਨ੍ਹਾਂ ਦੀ ਸਿੱਖਿਆਵਾਂ ਸ਼ਾਂਤੀ ਤੇ ਭਾਈਚਾਰਕ ਸਾਂਝ ਨਾਲ ਜੋੜਦੀਆਂ ਹਨ। ਗੁਰੂ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਬੇਹੱਦ ਖ਼ਾਸ ਮੌਕਾ ਹੈ, ਜਿਸ ’ਤੇ ਜੰਮੂ ਕਸ਼ਮੀਰ ’ਚ ਵੀ ਸਮਾਗਮ ਕਰਵਾਏ ਜਾਣਗੇ। ਉਨ੍ਹਾਂ ਆਖਿਆ ਕਿ ਉਹ ਜੰਮੂ ਯੂਨੀਵਰਸਿਟੀ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ ਚੇਅਰ ਸਥਾਪਿਤ ਕਰਨ ਲਈ ਵੀ ਯਤਨ ਕਰਨਗੇ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ੍ਰੀ ਫਾਰੂਕ ਖਾਨ ਨੂੰ ਜੀ-ਆਇਆਂ ਕਿਹਾ। ਭਾਈ ਲੌਂਗੋਵਾਲ ਨੇ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਸੱਤਿਆਪਾਲ ਮਲਿਕ ਗਵਰਨਰ ਜੰਮੂ ਕਸ਼ਮੀਰ ਦੇ ਨਾਂ ’ਤੇ ਉਨ੍ਹਾਂ ਨੂੰ ਇਕ ਮੰਗ ਪੱਤਰ ਵੀ ਦਿੱਤਾ। ਭਾਈ ਲੌਂਗੋਵਾਲ ਨੇ ਕਿਹਾ ਕਿ ਜੰਮੂ ਕਸ਼ਮੀਰ ’ਚ ਸਿੱਖਾਂ ਪਾਸ ਘਟਗਿਣਤੀ ਦਾ ਦਰਜ਼ਾ ਨਹੀਂ ਹੈ, ਇਸ ਕਾਰਨ ਉਥੇ ਸਿੱਖਾਂ ਨੂੰ ਕਈ ਅਧਿਕਾਰਾਂ ਤੋਂ ਵਾਂਝੇ ਰਹਿਣਾ ਪੈ ਰਿਹਾ ਹੈ। ਸਰਕਾਰੀ ਨੌਕਰੀਆਂ ਅਤੇ ਕਈ ਸਕੀਮਾਂ ਵੀ ਪ੍ਰਾਪਤ ਨਹੀਂ ਹੁੰਦੀਆਂ। ਇਸ ਲਈ ਸਿੱਖਾਂ ਨੂੰ ਜੰਮੂ ਕਸ਼ਮੀਰ ਵਿਚ ਸਿੱਖਾਂ ਨੂੰ ਘੱਟਗਿਣਤੀ ਦਾ ਦਰਜ਼ਾ ਦਿੱਤਾ ਜਾਵੇ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਨੇ ਜੰਮੂ ਕਸ਼ਮੀਰ ਵਿਚ ਸਿੱਖ ਮਿਸ਼ਨ ਲਈ ਜ਼ਮੀਨ ਦੇਣ ਲਈ ਵੀ ਕਿਹਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਜੰਮੂ ਕਸ਼ਮੀਰ ’ਚ ਧਰਮ ਪ੍ਰਚਾਰ ਲਈ ਸਿੱਖ ਮਿਸ਼ਨ ਚਲਾਇਆ ਜਾ ਰਿਹਾ ਹੈ ਅਤੇ ਜੇਕਰ ਸਰਕਾਰ ਇਸ ਲਈ ਜ਼ਮੀਨ ਦਿੰਦੀ ਹੈ ਤਾਂ ਉਥੇ ਇਕ ਵਿਸ਼ਾਲ ਇਮਾਰਤ ਤਿਆਰ ਕਰਕੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਹੋਰ ਸਰਗਰਮੀ ਨਾਲ ਪ੍ਰਚਾਰਨ ਲਈ ਕਾਰਜ ਕੀਤੇ ਜਾਣਗੇ। ਸ੍ਰੀ ਫਾਰੂਕ ਖਾਨ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਦੋਵਾਂ ਮਾਮਲਿਆਂ ਸਬੰਧੀ ਮਾਨਯੋਗ ਗਵਰਨਰ ਨਾਲ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਇਹ ਦੋਵੇਂ ਮਾਮਲੇ ਯਕੀਨਨ ਹੱਲ ਕਰਨ ਵੱਲ ਵਧਿਆ ਜਾਵੇਗਾ। ਇਸ ਮੌਕੇ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਲੌਂਗੋਵਾਲ, ਮੁੱਖ ਸਕੱਤਰ ਡਾ. ਰੂਪ ਸਿੰਘ, ਮੈਂਬਰ ਸ. ਸੁਖਵਰਸ਼ ਸਿੰਘ ਪੰਨੂ, ਸਕੱਤਰ ਸ. ਮਨਜੀਤ ਸਿੰਘ ਬਾਠ, ਸ. ਮਹਿੰਦਰ ਸਿੰਘ ਆਹਲੀ, ਸ. ਸੁਖਦੇਵ ਸਿੰਘ ਭੂਰਾਕੋਹਨਾ ਤੇ ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ ਨੇ ਸਾਂਝੇ ਤੌਰ ’ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੂਚਨਾ ਅਧਿਕਾਰੀ ਸ. ਜਸਵਿੰਦਰ ਸਿੰਘ ਜੱਸੀ, ਸ. ਦਰਸ਼ਨ ਸਿੰਘ ਪੀ.ਏ., ਸ. ਅਜੀਤ ਸਿੰਘ ਜੰਮੂ, ਸ. ਜਗਤਾਰ ਸਿੰਘ, ਸ. ਨਰਿੰਦਰ ਸਿੰਘ, ਸ. ਜਸਪਾਲ ਸਿੰਘ ਆਦਿ ਮੌਜੂਦ ਸਨ।

Comments are closed.

COMING SOON .....


Scroll To Top
11