ਮਾਛੀਵਾੜਾ ਸਾਹਿਬ, 10 ਜੁਲਾਈ (ਭਵਨੇਸ਼ ਖੇੜਾ)- ਨੇੜ੍ਹਲੇ ਪਿੰਡ ਧਨੂੰਰ ਵਿਖੇ ਕੱਲ ਰਾਤ ਗਰੀਬੀ ਕਾਰਨ ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ ਮਜ਼ਦੂਰ ਬਲਿਹਾਰ ਸਿੰਘ ਨੇ ਗਲ ਫ਼ਾਹਾ ਲੈ ਕੇ ਆਤਮ-ਹੱਤਿਆ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਬਲਿਹਾਰ ਸਿੰਘ ਜੋ ਕਿ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ ਅਤੇ ਪਤਨੀ ਤੋਂ ਇਲਾਵਾ 3 ਬੱਚੇ ਹਨ। ਅੱਤ ਦੀ ਗਰੀਬੀ ਹੋਣ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗ ਪਿਆ। ਬੀਤੀ ਰਾਤ ਕਰੀਬ 10 ਵਜੇ ਉਸਨੇ ਘਰ ਦੇ ਸਾਹਮਣੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਦਰਵਾਜ਼ੇ ਨਾਲ ਆਪਣੇ ਪਰਨੇ ਦਾ ਫ਼ਾਹਾ ਬਣਾ ਗਲ ’ਚ ਪਾ ਕੇ ਆਤਮ-ਹੱਤਿਆ ਕਰ ਲਈ। ਪਰਿਵਾਰਕ ਮੈਂਬਰਾਂ ਵਲੋਂ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਅੱਜ ਪੋਸਟ ਮਾਰਟਮ ਕਰਵਾਉਣ ਉਪਰੰਤ ਲਾਸ਼ ਨੂੰ ਵਾਰਿਸ਼ਾਂ ਨੂੰ ਸੌਂਪ ਦਿੱਤਾ ਗਿਆ। ਬਲਿਹਾਰ ਸਿੰਘ ਦੀ ਮੌਤ ਕਾਰਨ ਪਿੰਡ ਵਿਚ ਸੋਗ ਦਾ ਮਾਹੌਲ ਹੈ ਅਤੇ ਲੋਕਾਂ ਨੇ ਮੰਗ ਕੀਤੀ ਕਿ ਸਰਕਾਰ ਉਸਦੇ ਪਰਿਵਾਰ ਦੀ ਆਰਥਿਕ ਸਹਾਇਤਾ ਕਰੇ।