Tuesday , 18 June 2019
Breaking News
You are here: Home » Editororial Page » ਗਦਰ ਲਹਿਰ ਦੇ ਮੋਢੀ : ਬਾਬਾ ਸੋਹਨ ਸਿੰਘ ਭਕਨਾ

ਗਦਰ ਲਹਿਰ ਦੇ ਮੋਢੀ : ਬਾਬਾ ਸੋਹਨ ਸਿੰਘ ਭਕਨਾ

ਭਾਰਤ ਦੀ ਆਜ਼ਾਦੀ ਦੀ ਲਹਿਰ ਵਿਚ ਪੰਜਾਬੀਆਂ ਅਤੇ ਬੰਗਾਲੀਆਂ ਦਾ ਯੋਗਦਾਨ ਸਭ ਤੋਂ ਵਧੇਰੇ ਰਿਹਾ ਹੈ। ਪੰਜਾਬੀ ਅਜ਼ਾਦੀ ਦੀ ਲਹਿਰ ਵਿਚ ਸਭ ਤੋਂ ਅੱਗੇ ਹੋ ਕੇ ਲੜਾਈ ਲੜਦੇ ਰਹੇ ਹਨ। ਆਜ਼ਾਦੀ ਦੀ ਜਦੋਜਹਿਦ ਵਿਚ ਗਦਰ ਪਾਰਟੀ ਨੇ ਅਹਿਮ ਭੂਮਿਕਾ ਨਿਭਾਈ ਸੀ। ਇਸ ਲਹਿਰ ਨੂੰ ਲਾਮਬੰਦ ਕਰਕੇ ਸੁਚੱਜੇ ਢੰਗ ਨਾਲ ਚਲਾਉਣ ਵਿਚ ਬਾਬਾ ਸੋਹਣ ਸਿੰਘ ਭਕਨਾ ਦਾ ਯੋਗਦਾਨ ਮਹੱਤਵਪੂਰਨ ਰਿਹਾ, ਜਿਸਨੂੰ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਵੇਗਾ। ਦੇਸ ਵਾਸੀ ਕਦੀਂ ਵੀ ਇਸ ਆਜ਼ਾਦੀ ਘੁਲਾਟੀਏ ਨੂੰ ਭੁਲਾ ਨਹੀਂ ਸਕਦੇ। ਬਾਬਾ ਸੋਹਣ ਸਿੰਘ ਭਕਨਾ ਦਾ ਜਨਮ 4 ਜਨਵਰੀ 1870 ਨੂੰ ਪਿਤਾ ਭਾਈ ਕਰਮ ਸਿੰਘ ਅਤੇ ਮਾਤਾ ਰਾਮ ਕੌਰ ਦੇ ਘਰ ਉਸਦੇ ਨਾਨਕੇ ਪਿੰਡ ਖ਼ੁਤਰਾਏ ਖੁਰਦ ਵਿਖੇ ਲਾਹੌਰ ਨੇੜੇ ਵਿਚ ਹੋਇਆ। ਸੋਹਣ ਸਿੰਘ ਭਕਨਾ ਦਾ ਸਮੁੱਚਾ ਜੀਵਨ ਜਦੋਜਹਿਦ ਅਤੇ ਅਨੇਕਾਂ ਮੁਸ਼ਕਲਾਂ ਅਤੇ ਦੁਸ਼ਾਵਰੀਆਂ ਭਰਿਆ ਸੀ ਕਿਉਂਕਿ ਉਸਦੇ ਪਿਤਾ ਦੀ ਮੌਤ ਉਸ ਸਮੇਂ ਹੋ ਗਈ ਸੀ ਜਦੋਂ ਉਹ ਅਜੇ ਇੱਕ ਸਾਲ ਦੇ ਹੀ ਸਨ। ਉਸਦੀ ਮਾਤਾ ਰਾਮ ਕੌਰ ਨੇ ਦਲੇਰੀ ਅਤੇ ਸਾਹਸ ਨਾਲ ਸੋਹਣ ਸਿੰਘ ਦੀ ਪਾਲਣ ਪੋਸ਼ਣ ਕੀਤੀ ਪ੍ਰੰਤੂ ਉਹ ਉਸਨੂੰ ਬਹੁਤਾ ਪੜ੍ਹਾ ਨਹੀਂ ਸਕੀ ਕਿਉਂਕਿ ਆਰਥਿਕ ਮਜ਼ਬੂਰੀਆਂ ਪਹਾੜ ਦੀ ਤਰ੍ਹਾਂ ਖੜ੍ਹੀਆਂ ਸਨ। ਉਸਨੇ ਪਿੰਡ ਦੇ ਗੁਰਦੁਆਰੇ ਵਿਚ ਹੀ ਪੜ੍ਹਾਈ ਕੀਤੀ। 16 ਸਾਲ ਦੀ ਉਮਰ ਵਿਚ ਹੀ ਉਸਨੇ ਆਪਣੀ ਪੜ੍ਹਾਈ ਖ਼ਤਮ ਕਰ ਲਈ। ਫਿਰ ਰੋਜੀ ਰੋਟੀ ਲਈ ਸੋਹਣ ਸਿੰਘ ਆਪਣੀ ਮਾਤਾ ਦੇ ਨਾਲ ਕੰਮ ਕਾਰ ਕਰਦਾ ਰਿਹਾ। ਸੋਹਨ ਸਿੰਘ ਭਕਨਾ ਦਾ ਵਿਆਹ ਬਚਪਨ ਵਿਚ ਹੀ 10 ਸਾਲ ਦੀ ਉਮਰ ਵਿਚ ਹੀ ਬੀਬੀ ਬਿਸ਼ਨ ਕੌਰ ਨਾਲ ਕਰ ਦਿੱਤਾ ਗਿਆ। ਬਿਸ਼ਨ ਕੌਰ ਦਾ ਪਿਤਾ ਖ਼ੁਸ਼ਹਾਲ ਸਿੰਘ ਇਕ ਸਰਮਾਏਦਾਰ ਜ਼ਿਮੀਦਾਰ ਸੀ। ਆਜ਼ਾਦੀ ਦੀ ਲੜਾਈ ਸ਼ੁਰੂ ਹੋ ਚੁੱਕੀ ਸੀ। ਸੋਹਣ ਸਿੰਘ ਦੀ ਰੁਚੀ ਆਜ਼ਾਦੀ ਦੀ ਲੜਾਈ ਵਿਚ ਹਿੱਸਾ ਲੈਣ ਦੀ ਪੈਦਾ ਹੋ ਗਈ ਪ੍ਰੰਤੂ ਪਰਿਵਾਰਿਕ ਮਜ਼ਬੂਰੀਆਂ ਕਰਕੇ ਉਹ ਬਹੁਤਾ ਯੋਗਦਾਨ ਨਾ ਪਾ ਸਕਿਆ। ਜਦੋਂ ਅੰਗਰੇਜਾਂ ਨੇ 1906-7 ਵਿਚ ਐਂਟੀ ਕਾਲੋਨਾਈਜੇਸ਼ਨ ਬਿਲ ਪੇਸ਼ ਕੀਤਾ ਤਾਂ ਆਪਨੇ ਆਪਣੇ ਸਾਥੀਆਂ ਨਾਲ ਉਸਦਾ ਵਿਰੋਧ ਕੀਤਾ। ਫਰਵਰੀ 1909 ਵਿਚ ਅਮਰੀਕਾ ਲਈ ਰਵਾਨਾ ਹੋ ਗਿਆ ਅਤੇ ਦੋ ਮਹੀਨੇ ਬਾਅਦ 39 ਸਾਲ ਦੀ ਉਮਰ ਵਿਚ ਉਹ ਅਮਰੀਕਾ ਦੇ ਸਿਆਟਲ ਸ਼ਹਿਰ ਵਿਚ 4 ਅਪ੍ਰੈਲ 1909 ਨੂੰ ਪਹੁੰਚ ਗਿਆ। ਇਨ੍ਹਾਂ ਦੇਸਾਂ ਦੀਆਂ ਸਰਕਾਰਾਂ ਨੇ ਬਾਹਰੋਂ ਆਏ ਪਰਵਾਸੀਆਂ ਦੇ ਹਿੱਤਾਂ ਦੇ ਵਿਰੁਧ ਕਾਨੂੰਨ ਬਣਾ ਲਏ। ਇਸ ਕਰਕੇ ਪਰਵਾਸੀਆਂ ਵਿਚ ਅਸੰਤੋਸ਼ ਦੀ ਲਹਿਰ ਪੈਦਾ ਹੋ ਗਈ। ਇਸ ਸਮੇਂ ਦੌਰਾਨ ਉਸਦਾ ਉਥੇ ਵਸ ਰਹੇ ਮਜ਼ਦੂਰਾਂ ਨਾਲ ਗਹਿਰਾ ਤਾਲਮੇਲ ਹੋ ਗਿਆ। ਇਹ ਮਜ਼ਦੂਰ ਆਪਣੇ ਹਿੱਤਾਂ ਦੀ ਰਾਖੀ ਲਈ ਆਪਸ ਵਿਚ ਸਲਾਹ ਮਸ਼ਵਰਾ ਮੀਟਿੰਗਾਂ ਕਰਕੇ ਕਰਦੇ ਰਹਿੰਦੇ ਸਨ। ਆਜ਼ਾਦੀ ਦੀ ਚਿਣਗ ਪਹਿਲਾਂ ਹੀ ਸੋਹਣ ਸਿੰਘ ਭਕਨਾ ਵਿਚ ਉਸਲਵੱਟੇ ਲੈ ਰਹੀ ਸੀ, ਇਸ ਲਈ ਉਨ੍ਹਾਂ ਨੇ ਇਸ ਮੌਕੇ ਦਾ ਲਾਭ ਉਠਾਉਂਦਿਆਂ ਆਪਣੇ ਸਾਥੀਆਂ ਦੀ ਸਹਿਮਤੀ ਨਾਲ ਪੋਰਟਲੈਂਡ ਵਿਖੇ 1912 ਵਿਚ ਇੱਕ ਭਾਰਤੀ ਮਜ਼ਦੂਰਾਂ ਦਾ ਜਲਸਾ ਰੱਖ ਲਿਆ। ਪੋਰਟਲੈਂਡ ਦੇ ਨਾਲ ਲੱਗਦੇ ਇਲਾਕਿਆਂ ਵਿਚਲੇ ਮਜ਼ਦੂਰਾਂ ਨੂੰ ਜਾਣਕਾਰੀ ਦੇਣ ਅਤੇ ਇਕੱਠੇ ਕਰਨ ਦੀ ਜ਼ਿੰਮੇਵਾਰੀ ਸੋਹਣ ਸਿੰਘ ਭਕਨਾ ਨੇ ਆਪ ਲੈ ਲਈ। ਜਿਸ ਵਿਚ ਆਲੇ ਦੁਆਲੇ ਦੇ ਸ਼ਹਿਰਾਂ ਤੋਂ ਮਜ਼ਦੂਰ ਇਕੱਠੇ ਹੋਏ, ਜਿਨ੍ਹਾਂ ਵਿਚ ਵਿਸ਼ੇਸ ਤੌਰ ਤੇ ਪੰਡਿਤ ਕਾਂਸੀ ਰਾਮ ਸੇਂਟ ਜੌਹਨ ਤੋਂ, ਹਰਨਾਮ ਸਿੰਘ ਟੁੰਡੀਲਾਟ ਬਰਾਈਡਲ ਵਿਲ ਤੋਂ ਅਤੇ ਊਧਮ ਸਿੰਘ ਕਸੇਲ ਪੋਰਟਲੈਂਡ ਤੋਂ ਸ਼ਾਮਲ ਹੋਏ। ਇਥੇ ਪਹਿਲਾਂ ਹੀ ਅਮਰੀਕਾ ਦੀ ਯੂਨੀਵਰਸਿਟੀ ਆਫ ਕੈਲੇਫੋਰਨੀਆਂ ਬਰਕਲੇ ਦੇ ਵਿਦਿਆਰਥੀ ਹਰਦਿਆਲ, ਤਰਕ ਨਾਥ ਦਾਸ, ਕਰਤਾਰ ਸਿੰਘ ਸਰਾਭਾ, ਪੀ ਐਸ ਖੋਨਖੋਜੇ ਅਤੇ ਵੀ ਜੀ ਪਿੰਗਲੇ ਸਰਗਰਮ ਸਨ। ਕਰਤਾਰ ਸਿੰਘ ਭਕਨਾ ਨੇ ਇਨ੍ਹਾਂ ਨਾਲ ਭਰਪੂਰ ਵਿਚਾਰ ਵਟਾਂਦਰੇ ਤੋਂ ਬਾਅਦ ਇੱਕ ‘ ਪੈਸੇਫਿਕ ਕੋਸਟ ਆਫ ਹਿੰਦੁਸਤਾਨ ਐਸੋਸੀਏਸ਼ਨ ’ ਨਾਂ ਦੀ ਸੰਸਥਾ ਸਟਾਕਟਨ ਵਿਖੇ ਮੀਟਿੰਗ ਕਰਕੇ ਬਣਾਉਣ ਦਾ ਫ਼ੈਸਲਾ 1913 ਵਿਚ ਕੀਤਾ। ਬਾਬਾ ਸੋਹਣ ਸਿੰਘ ਭਕਨਾ ਨੂੰ ਇਸ ਸੰਸਥਾ ਦਾ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਗਿਆ। ਬਾਬਾ ਸੋਹਣ ਸਿੰਘ ਭਕਨਾ ਦੀ ਸੂਝ ਬੂਝ ਅਤੇ ਸੰਗਠਨਾਤਮਿਕ ਕਾਰਜਕੁਸ਼ਲਤਾ ਕਰਕੇ ਇਹ ਸੰਸਥਾ ਸੰਗਠਿਤ ਢੰਗ ਨਾਲ ਕੰਮ ਕਰਨ ਲੱਗ ਪਈ। ਆਪਣੀ ਲਹਿਰ ਨੂੰ ਸਫਲ ਬਣਾਉਣ ਲਈ ਪ੍ਰਚਾਰ ਸਮਗਰੀ ਪ੍ਰਕਾਸ਼ਤ ਕਰਨ ਲਈ ਸਨਫਰਾਂਸਿਸਕੋ ਵਿਖੇ 1913 ਵਿਚ ਯੁਗਾਂਤਰ ਪ੍ਰੇਸ ਸਥਾਪਤ ਕਰ ਲਈ। ਇਸ ਕੰਮ ਲਈ ਬਰਕਤ ਉਲਾਹ ਵੀ ਆਪਦਾ ਸਾਥ ਦਿੰਦਾ ਰਿਹਾ। ਫਿਰ ਇਸ ਸੰਸਥਾ ਨੇ ‘ਹਿੰਦੋਸਤਾਨ ਗਦਰ’ ਨਾਂ ਦਾ ਉਰਦੂ ਦਾ ਸਪਤਾਹਿਕ ਅਖ਼ਬਾਰ 1 ਨਵੰਬਰ 1913 ਤੋਂ ਪ੍ਰਕਾਸ਼ਤ ਕਰਨਾ ਸ਼ੁਰੂ ਕਰ ਦਿੱਤਾ। ਬਾਬਾ ਸੋਹਣ ਸਿੰਘ ਭਕਨਾ ਨੇ ਬਾਕੀ ਰਾਜਾਂ ਦੇ ਭਾਰਤੀਆਂ ਨੂੰ ਆਪਣੀ ਸੰਸਥਾ ਦਾ ਮੰਤਵ ਦੱਸਣ ਅਤੇ ਜੋੜਨ ਲਈ ਗਦਰ ਅਖ਼ਬਾਰ ਉਰਦੂ ਤੋਂ ਇਲਾਵਾ ਪੰਜਾਬੀ, ਗੁਜਰਾਤੀ, ਬੰਗਾਲੀ, ਨਿਪਾਲੀ ਅਤੇ ਪਸ਼ਤੋ ਭਾਸ਼ਾਵਾਂ ਵਿਚ ਪ੍ਰਕਾਸ਼ਤ ਕਰਨ ਦਾ ਫੈਸਲਾ ਕਰ ਲਿਆ, ਜਿਸਦੇ ਸਿੱਟੇ ਵਜੋਂ ਪਰਵਾਸ ਵਿਚ ਰਹਿ ਰਹੇ ਭਾਰਤੀ ਇੱਕ ਮੰਚ ਤੇ ਇਕੱਠੇ ਹੋ ਗਏ। ਇਸੇ ਅਖ਼ਬਾਰ ਦੇ ਨਾਂ ਉਪਰ ਪਹਿਲੀ ਸੰਸਥਾ ਦਾ ਨਾਂ ਬਦਲਕੇ ‘ਗਦਰ ਪਾਰਟੀ’ ਰੱਖ ਦਿੱਤਾ ਗਿਆ। ਬਾਬਾ ਸੋਹਨ ਸਿੰਘ ਭਕਨਾ ਦੀ ਪ੍ਰੇਰਨਾ ਅਤੇ ਅਗਵਾਈ ਵਿਚ ਗਦਰ ਪਾਰਟੀ ਦੇ ਨੇਤਾਵਾਂ ਨੇ ਫ਼ੈਸਲਾ ਕੀਤਾ ਕਿ ਉਹ ਆਜ਼ਾਦੀ ਦੀ ਲੜਾਈ ਦਾ ਮੁੱਖ ਦਫਤਰ ਭਾਰਤ ਵਿਚ ਸਥਾਪਤ ਕਰਨ ਤਾਂ ਜੋ ਭਾਰਤੀਆਂ ਨੂੰ ਆਜ਼ਾਦੀ ਦੀ ਲੜਾਈ ਵਿਚ ਸ਼ਾਮਲ ਕੀਤਾ ਜਾ ਸਕੇ। ਜਦੋਂ ਜੁਲਾਈ 1914 ਵਿਚ ਕਾਮਾਗਾਟਾ ਮਾਰੂ ਜਹਾਜ ਯੋਕੋਹਾਮਾ ਵਿਖੇ ਅਟਕਿਆ ਹੋਇਆ ਸੀ ਤਾਂ ਬਾਬਾ ਜੀ ਨੇ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਨਾਲ ਗਲਬਾਤ ਕਰਕੇ ਉਨ੍ਹਾਂ ਨੂੰ ਅਸਲਾ ਅਤੇ ਮਾਇਆ ਭੇਜੀ। ਭਾਰਤ ਵਿਚ ਆਜ਼ਾਦੀ ਦੇ ਸੰਗਰਾਮ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਆਪਣੇ ਗਦਰੀ ਸਾਥੀਆਂ ਨਾਲ ਬਾਬਾ ਸੋਹਣ ਸਿੰਘ ਭਕਨਾ 13 ਅਕਤੂਬਰ 1914 ਨੂੰ ਸਮੁੰਦਰੀ ਜਹਾਜ ਰਾਹੀਂ ਕਲਕੱਤੇ ਪਹੁੰਚ ਗਏ। ਇਥੇ ਗਦਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬਾਬਾ ਸੋਹਣ ਸਿੰਘ ਭਕਨਾ ਨੂੰ ਪਹਿਲਾਂ ਲੁਧਿਆਣਾ ਅਤੇ ਬਾਅਦ ਵਿਚ ਮੁਲਤਾਨ ਜੇਲ੍ਹ ਵਿਚ ਭੇਜ ਦਿੱਤਾ ਗਿਆ। ਲਾਹੌਰ ਸ਼ਾਜਸ ਕੇਸ ਨਾਂ ਦਾ ਮੁਕੱਦਮਾ ਚਲਾਇਆ ਗਿਆ ਜਿਸ ਵਿਚ ਆਪਨੂੰ ਮੌਤ ਦੀ ਸਜਾ ਸੁਣਾਈ ਗਈ ਅਤੇ ਆਪਦੀ ਸਾਰੀ ਜਾਇਦਾਦ ਜਬਤ ਕਰਨ ਦੇ ਆਦੇਸ ਦਿੱਤੇ ਗਏ। 10 ਦਸੰਬਰ 1915 ਵਿਚ ਅੰਡੇਮਾਨ ਸੈਲੂਲਰ ਜੇਲ੍ਹ ਕਾਲੇਪਾਣੀ ਵਿਖੇ ਤਬਦੀਲ ਕਰ ਦਿੱਤਾ ਗਿਆ। ਆਪ ਨੂੰ 1921 ਵਿਚ ਕੋਇੰਬਟੂਰ ਜੇਲ੍ਹ ਵਿਚ ਬਦਲ ਦਿੱਤਾ ਗਿਆ। ਜਦੋਂ ਗਦਰੀਆਂ ਨੇ 1955 ਵਿਚ ‘ਦੇਸ਼ ਭਗਤ ਯਾਦਗਾਰ ਕਮੇਟੀ’ ਬਣਾਈ ਤਾਂ ਸੋਹਣ ਸਿੰਘ ਭਕਨਾ ਨੂੰ ਉਸਦਾ ਪ੍ਰਧਾਨ ਬਣਾਇਆ ਗਿਆ। ਬਾਬਾ ਸੋਹਣ ਸਿੰਘ ਭਕਨਾ ਅਖ਼ਬਾਰਾਂ ਵਿਚ ਚ¦ਤ ਮਾਮਲਿਆਂ ਉਪਰ ਲੇਖ ਵੀ ਲਿਖਦੇ ਰਹਿੰਦੇ ਸਨ। ਉਨ੍ਹਾਂ ਨੇ 6 ਪੁਸਤਕਾਂ ਜੀਵਨ ਸੰਗਰਾਮ (ਆਪਣੀ ਜੀਵਨੀ) , ਦੁੱਖ, ਜੀਵਨ ਕਰਤਵ, ਇਨਕਲਾਬੀ ਲਹਿਰ, ਗ਼ਰੀਬੀ ਅਤੇ ਭਾਰਤ ਵਿਚ ਇਸਤਰੀ ਜਾਤੀ ਲਿਖੀਆਂ। ਬਾਬਾ ਸੋਹਣ ਸਿੰਘ ਭਕਨਾ 99 ਸਾਲ ਦੀ ਉਮਰ ਭੋਗ ਕੇ 20 ਦਸੰਬਰ 1968 ਨੂੰ ਸਵਰਗ ਸਿਧਾਰ ਗਏ। ਉਨ੍ਹਾਂ ਦੀ ਸਮਾਧ ਪਿੰਡ ਭਕਨਾ ਕਲਾਂ ਵਿਖੇ ਬਣੀ ਹੋਈ ਹੈ।

Comments are closed.

COMING SOON .....


Scroll To Top
11