Friday , 24 May 2019
Breaking News
You are here: Home » Editororial Page » ਖੂਬਸੂਰਤ ਤੋਹਫ਼ਾ : ਜ਼ਿੰਦਗੀ

ਖੂਬਸੂਰਤ ਤੋਹਫ਼ਾ : ਜ਼ਿੰਦਗੀ

ਵੈਸੇ ਤਾਂ ਜ਼ਿੰਦਗੀ ਦੇ ਬਾਰੇ ਵਿਚ ਕੋਈ ਨਿਰਧਾਰਿਤ ਵਿਆਖਿਆ ਨਹੀਂ ਕੀਤੀ ਜਾ ਸਕਦੀ ; ਕਿਉਂਕਿ ਹਰ ਇਕ ਬੰਦੇ ਦੀ ਨਜ਼ਰ ਵਿਚ ਜ਼ਿੰਦਗੀ ਦੀ ਅਲਗ – ਅਲਗ ਪਰਿਭਾਸ਼ਾ ਹੈ । ਪਰ ਇਕ ਗਲ ਜ਼ਰੂਰ ਹੈ ਕਿ ਸਾਡੀ ਜ਼ਿੰਦਗੀ ਪਰਮਾਤਮਾ ਦਾ ਇਕ ਬਹੁਤ ਹੀ ਖ਼ੂਬਸੂਰਤ ਤੋਹਫ਼ਾ ਹੈ ਅਤੇ ਅਦਭੁਤ ਰਚਨਾ ਹੈ। ਇਸ ਮਨੁਖੀ ਜੀਵਨ ਦੀ ਅਦਭੁਤ ਪ੍ਰਾਪਤੀ ਸਾਨੂੰ ਪਤਾ ਨਹੀਂ ਕਿਹੜੇ – ਕਿਹੜੇ ਚੰਗੇ ਕਰਮਾਂ , ਨਾਮ ਬੰਦਗੀ ਜਾਂ ਪ੍ਰਭੂ ਦੀ ਕਿਸ ਕ੍ਰਿਪਾ ਸਦਕਾ ਪ੍ਰਾਪਤ ਹੋਈ ਹੈ। ਇਸ ਲਈ ਇਸ ਜੀਵਨ ਵਿਚ ਚੰਗੇ ਕਰਮਾਂ , ਸਹੀ ਸੋਚ, ਪਰਉਪਕਾਰ ਦੇ ਕੰਮਾਂ ਅਤੇ ਪ੍ਰਮਾਤਮਾ ਦੀ ਬੰਦਗੀ ਕਰਨ ਲਈ ਸਾਨੂੰ ਤਤਪਰ ਰਹਿਣ ਦੀ ਲੋੜ ਹੈ । ਇਸ ਸਭ ਦੇ ਲਈ ਜ਼ਰੂਰਤ ਹੈ ਕਿ ਅਸੀਂ ਕਿਸੇ ਦੇਵੀਯ ਚਮਤਕਾਰ ਦੀ ਆਸ ਜਾਂ ਹਮੇਸ਼ਾ ਕਲਪਨਾ ਭਰੀ ਜ਼ਿੰਦਗੀ ‘ਚ ਰਹਿਣ ਤੋਂ ਬਾਹਰ ਨਿਕਲੀਏ ਅਤੇ ਜ਼ਿੰਦਗੀ ਦੀ ਅਸਲੀਅਤ , ਮਿਹਨਤ , ਸੰਘਰਸ਼ , ਸਿਦਕ , ਸਿਰੜ ਤੋਂ ਜਾਣੂ ਹੋ ਕੇ ਇਸ ਉਤੇ ਚਲੀਏ ।ਜ਼ਿੰਦਗੀ ਨੂੰ ਸਾਰਥਕ ਬਣਾਉਣ ਲਈ ਜ਼ਰੂਰਤ ਹੈ ਕਿ ਅਸੀਂ ਬੁਰਾਈਆਂ , ਊਚ – ਨੀਚ , ਅੰਧਵਿਸ਼ਵਾਸਾਂ , ਚੋਰੀ ਚੁਗਲੀ ਆਦਿ ਕੁਕਰਮਾਂ ਤੋਂ ਆਪਣੇ ਆਪ ਨੂੰ ਬਚਾ ਕੇ ਰਖੀਏ ਅਤੇ ਪਰਮਾਤਮਾ ‘ਤੇ ਭਰੋਸਾ ਕਰਕੇ ਮਿਹਨਤ ਦਾ ਪਲਾ ਫੜੀ ਰਖੀਏ । ਕਿਉਂਕਿ ਕਈ ਇਨਸਾਨ ਔਖੀਆਂ ਘੜੀਆਂ ਵਿਚ ਥਿੜਕ ਕੇ ਆਤਮ ਹਤਿਆ ਦਾ ਰਸਤਾ ਅਖ਼ਤਿਆਰ ਕਰ ਲੈਂਦੇ ਹਨ , ਜੋ ਕਿ ਕਿਸੇ ਵੀ ਸਮਸਿਆ ਦਾ ਹਲ ਨਹੀਂ ਹੁੰਦਾ ਅਤੇ ਇਸ ਖੂਬਸੂਰਤ ਤੋਹਫੇ ਦਾ ਘੋਰ ਅਪਮਾਨ ਹੈ। ਸਮਾਂ ਅਤੇ ਸਥਿਤੀਆਂ ਕਦੇ ਵੀ ਕਿਸੇ ਦੀਆਂ ਇਕੋ ਜਿਹੀਆਂ ਨਹੀਂ ਰਹੀਆਂ ਤੇ ਨਾ ਹੀ ਰਹਿੰਦੀਆਂ ਹਨ , ਇਹ ਇਕ ਠਅਟਲ ਸਚਾਈਠ ਹੈ । ਹਰ ਹਨੇਰੀ ਰਾਤ ਤੋਂ ਬਾਅਦ ਖੂਬਸੂਰਤ ਦਿਨ ਦਾ ਆਗਾਜ਼ ਜ਼ਰੂਰ ਹੁੰਦਾ ਹੈ। ਕਹਿੰਦੇ ਵੀ ਹਨ ਕਿ ਪਰਮਾਤਮਾ ਜੋ ਕਰਦਾ ਹੈ ਉਹ ਸਾਡੇ ਲਈ ਠੀਕ ਹੀ ਕਰਦਾ ਹੈ । ਇਸ ਦਾ ਪਤਾ ਸਾਨੂੰ ਕੁਝ ਦੇਰ ਬਾਅਦ ਲਗਦਾ ਹੈ । ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜੀਵਨ ਨੂੰ ਕਰਮਸ਼ੀਲ ਰਖੀਏ, ਮਨ ਨੂੰ ਕਿਸੇ ਚੰਗੇ ਪਾਸੇ ਲਾਈ ਰਖਣਾ ਅਤੇ ਸਹੀ ਤੇ ਉਸਾਰੂ ਸੋਚ ਸੋਚਣੀ ਜ਼ਿੰਦਗੀ ਜਿਉੂਣ ਲਈ ਬਹੁਤ ਜ਼ਰੂਰੀ ਹੈ। ਸਮਾਂ ਮਿਲੇ ਤਾਂ ਅਖ਼ਬਾਰਾਂ , ਚੰਗੀਆਂ ਪੁਸਤਕਾਂ , ਪ੍ਰੇਰਕ ਪ੍ਰਸੰਗ , ਜੀਵਨੀਆਂ ਆਦਿ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ ।ਚੰਗੇ ਦੋਸਤਾਂ ਦਾ ਸਾਥ ਰਖਣ ਨਾਲ ਵੀ ਜ਼ਿੰਦਗੀ ਦੀ ਉਜਾੜ ਤੇ ਬੰਜਰ ਜ਼ਮੀਨ ਵੀ ਖ਼ੁਸ਼ੀਆਂ ਖੇੜੇ ਬਿਖੇਰਨ ਲਗ ਪੈਂਦੀ ਹੈ ।ਬਹੁਤ ਜ਼ਿਆਦਾ ਮੋਬਾਈਲ ਫੋਨਾਂ ਜਾਂ ਟੈਲੀਵਿਜ਼ਨ ਪ੍ਰੋਗਰਾਮਾਂ ਵਿਚ ਉਲਝੇ ਰਹਿਣਾ ਵੀ ਸਾਨੂੰ ਆਪਣੇ – ਆਪ ਤੇ ਆਪਣਿਆਂ ਤੋਂ ਦੂਰ ਕਰਦਾ ਹੈ । ਇਸ ਲਈ ਆਪਣੇ ਅਤੇ ਆਪਣਿਆਂ ਲਈ ਵੀ ਸਮਾਂ ਦਿਓ , ਉਨ੍ਹਾਂ ਦੀਆਂ ਭਾਵਨਾਵਾਂ ਉਮੰਗਾਂ , ਵਿਚਾਰਾਂ ਅਤੇ ਖਵਾਹਿਸ਼ਾਂ ਨੂੰ ਜਾਣੋ ਅਤੇ ਉਨ੍ਹਾਂ ਦੀ ਕਦਰ ਕਰੋ । ਜ਼ਿੰਦਗੀ ਵਿਚ ਪਰਿਵਾਰ ਦਾ ਸਾਥ, ਬਚਿਆਂ ਦਾ ਪਿਆਰ , ਬਜ਼ੁਰਗਾਂ ਦਾ ਸਤਿਕਾਰ ਅਤੇ ਇਕ ਦੂਜੇ ਦਾ ਸਹਿਯੋਗ ਜ਼ਰੂਰ ਕਰਨਾ ਤੇ ਲੈਣਾ ਚਾਹੀਦਾ ਹੈ ਤੇ ਹੈ ਵੀ ਜ਼ਰੂਰੀ । ਸਾਦਾ ਜੀਵਨ ਹੀ ਅਸਲ ਖੁਸ਼ੀ ਦਿੰਦਾ ਹੈ। ਇਸ ਲਈ ਦੁਨੀਆ ਦੇ ਡਰੋਂ ਜਾਂ ਝੂਠੇ ਦਿਖਾਵੇ ਤੋਂ ਅਸੀਂ ਜ਼ਿੰਦਗੀ ਵਿਚ ਜਿੰਨਾ ਬਚ ਕੇ ਰਹਾਂਗੇ , ਉਨਾ ਹੀ ਜ਼ਿਆਦਾ ਵਧੀਆ ਜੀਵਨ ਗੁਜ਼ਰ ਸਕਦਾ ਹੈ । ਜਿਸ ਨੇ ਵੀ ਬੇਲੋੜੇ ਲੋਭ – ਲਾਲਚ ਅਤੇ ਫੋਕੀ ਸ਼ੋਹਰਤ ਤੋਂ ਆਪਣੇ ਆਪ ਨੂੰ ਬਚਾ ਲਿਆ, ਉਹ ਹੀ ਵਧੀਆ ਰਿਹਾ । ਠਲੋਕ ਕੀ ਕਹਿਣਗੇਠ ਜਾਂ ਠਲੋਕ ਕੀ ਸੋਚਣਗੇਠ ਆਦਿ ਆਦਿ ਭਰਮ ਭੁਲੇਖੇ ਬਾਰੇ ਕਦੀ ਵੀ ਵਿਚਾਰ ਨਾ ਕਰੋ।ਕਿਉਂਕਿ ਦੁਨੀਆਂ ਦੀ ਪ੍ਰਵਾਹ ਜਾਂ ਲੋਕਾਚਾਰ ਨੂੰ ਮੰਨਣ ਤੇ ਮਾਨਤਾ ਦੇਣ ਵਾਲਾ ਕਦੇ ਵੀ ਸਫ਼ਲ, ਸ਼ਾਂਤੀ ਅਤੇ ਸਕੂਨ ਵਾਲੀ ਜ਼ਿੰਦਗੀ ਬਤੀਤ ਨਹੀਂ ਕਰ ਸਕਿਆ । ਸੋ ਖੁਸ਼ੀਆਂ ਵੰਡਣ , ਦੂਜਿਆਂ ਦੇ ਦੁਖ ਘਟਾਉਣ ਤੇ ਵੰਡਾਉਣ , ਭਲਾ ਸੋਚਣ ਅਤੇ ਭਲਾ ਕਰਨ ਵਿਚ ਹੀ ਜ਼ਿੰਦਗੀ ਦਾ ਅਸਲ ਆਨੰਦ ਹੈ । ਜ਼ਿੰਦਗੀ ਨੂੰ ਜੀਓ , ਜੀਅ ਭਰਕੇ ਜੀਓ ਅਤੇ ਪ੍ਰਮਾਤਮਾ ਨੂੰ ਯਾਦ ਰਖੋ ; ਕਿਉਂਕਿ ਸਚਮੁਚ ਹੀ ਜ਼ਿੰਦਗੀ ਇਕ ਖੂਬਸੂਰਤ ਅਤੇ ਅਨਮੋਲ ਤੋਹਫ਼ਾ ਹੈ ਤੇ ਇਸ ਦੇ ਹਰ ਇਕ ਦਿਨ ਅਤੇ ਹਰ ਇਕ ਪਲ ਨੂੰ ਵਿਅਰਥ ਨਾ ਗਵਾਓ ।

Comments are closed.

COMING SOON .....


Scroll To Top
11