Sunday , 19 January 2020
Breaking News
You are here: Home » Editororial Page » ਖਿਦਰਾਣੇ ਦੀ ਢਾਬ ਦੇ ਸ਼ਹੀਦਾਂ ਦੀ ਦਾਸਤਾਨ ਦਿਲਜੀਤ ਸਿੰਘ ਬੇਦੀ

ਖਿਦਰਾਣੇ ਦੀ ਢਾਬ ਦੇ ਸ਼ਹੀਦਾਂ ਦੀ ਦਾਸਤਾਨ ਦਿਲਜੀਤ ਸਿੰਘ ਬੇਦੀ

ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਨੇ ਜਦ ਸਿੱਖ ਧਰਮ ਪ੍ਰਗਟ ਕੀਤਾ ਤਾਂ ਸਿੱਖੀ ਮਹਿਲ ਦੀ ਪਹਿਲੀ ਇੱਟ ਕੁਰਬਾਨੀ ਦੀ ਹੀ ਰੱਖੀ। ਧਰਮ ਪ੍ਰਤੀ ਕੁਰਬਾਨੀ, ਬਲੀਦਾਨ ਤੇ ਸ਼ਹਾਦਤ ਦਾ ਸੰਕਲਪ ਉਨ੍ਹਾਂ ਨੇ ਹੀ ਰੋਸ਼ਨ ਕੀਤਾ। ਸ਼ਹੀਦੀ ਦੇ ਇਤਿਹਾਸ ਵਿਚ ਸਿੱਖ ਕੌਮ ਦਾ ਸਥਾਨ ਬਹੁਤ ਉੱਚਾ ਤੇ ਮਹਾਨ ਹੈ। ਪੰਜਵੇਂ, ਨੌਵੇਂ ਤੇ ਦਸਵੇਂ ਜਾਮੇ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਸ਼ਹੀਦੀਆਂ ਦੇ ਕੇ ਸ਼ਹੀਦੀ ਪਰੰਪਰਾ ਨੂੰ ਅਮੀਰ ਕਰ ਦਿੱਤਾ। 30 ਮਈ 1606 ਨੂੰ ਸਿੱਖ ਧਰਮ ਦੇ ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦ ਹੋਏ। 1621 ਵਿਚ ਸਿੱਖਾਂ ਨੇ ਸ੍ਰੀ ਹਰਿਗੋਬਿੰਦਪੁਰ ਸਾਹਿਬ ਵਾਲੀ ਧਰਤੀ ਤੇ ਪਹਿਲੀ ਜੰਗ ਲੜੀ। ਉਸ ਸਮੇਂ ਤੋਂ ਹੁਣ ਤੀਕ ਲੱਖਾਂ ਹੀ ਸਿੱਖ ਤਲੀ ‘ਤੇ ਸੀਸ ਰੱਖ ਕੌਮੀ ਅਣਖ ਤੇ ਅਜ਼ਾਦੀ, ਇਨਸਾਫ, ਹੱਕ, ਸੱਚ ਦੇ ਧਰਮ ਲਈ ਜੂਝੇ ਤੇ ਸ਼ਹੀਦ ਹੋਏ ਹਨ। ਸ਼ਹਾਦਤ ਦਾ ਸਿਧਾਂਤ ਤੇ ਪਰੰਪਰਾ ਸਿੱਖ ਇਤਿਹਾਸ ਤੇ ਸਭਿਆਚਾਰ ਦੀ ਇਕ ਨਿਵੇਕਲੀ ਪਹਿਚਾਣ ਹੈ। ਸ਼ਹੀਦੀ ਅਕਾਲ ਪੁਰਖ ਦੇ ਨੇੜੇ ਹੋਣ ਦਾ ਮੁਕਾਮ ਹੈ। ਸ਼ਹੀਦੀ ਨਿਡਰਤਾ ਦੀ ਨਿਸ਼ਾਨੀ ਹੈ। ਇਹ ਖੁਦਦਾਰੀ ਦਾ ਇਜ਼ਹਾਰ ਹੈ। ਸ਼ਹੀਦ ਸਬਰ ਤੇ ਸਿਦਕ ਦਾ ਮੁਜੱਸਮਾ ਹੈ। ਇਹ ਅਣਖ ਦਾ ਐਲਾਨਨਾਮਾ ਹੈ। ‘ਸ਼ਹੀਦ’ ਲਫ਼ਜ਼ ਦਾ ਅਧਾਰ ਸ਼ਾਹਦੀ ਗਵਾਹੀ ਹੈ, ਭਾਵ ਮਕਸਦ, ਨਿਸ਼ਾਨੇ ਵਾਸਤੇ ਦ੍ਰਿੜਤਾ ਨਾਲ ਖੜ੍ਹੇ ਹੋ ਕੇ ਮਿਸਾਲ ਬਣਨਾ ਹੈ। ਜ਼ੁਅਰਤ ਤੇ ਗ਼ੈਰਤ ਵਾਲੇ ਲੋਕ ਹੀ ਆਪਣੇ ਅਸੂਲ ਤੇ ਪਹਿਰਾ ਦਿੰਦੇ ਹਨ।
ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ
ਸਿੱਖ ਕੌਮ ਦਲੇਰ ਯੋਧਿਆਂ, ਜੁਝਾਰੂਆਂ, ਮਰਜੀਵੜਿਆਂ, ਸ਼ਹੀਦਾਂ, ਮੁਰੀਦਾਂ, ਹਠੀਆਂ, ਤਪੀਆਂ ਦੀ ਕੌਮ ਹੈ। ਸਿੱਖ ਧਰਮ ‘ਚ ਸਿੱਖ ਦਾ ਦਾਖਲਾ ਹੀ ਸੀਸ ਭੇਟ ਨਾਲ ਹੋਇਆ। ਜਦੋਂ ਵੀ ਧਰਮ ਦੀ ਰੱਖਿਆ ਲਈ ਸਿੱਖ ਦੀ ਪਰਖ ਹੋਈ ਤਾਂ ਉਦੋਂ ਹੀ ਗੁਰੂ ਦੇ ਸਿੱਖ ਨੇ ਆਪਣਾ ਸਭ ਕੁਝ ਨਿਛਾਵਰ ਕਰਕੇ ਬਿਨਾਂ ਝਿਜਕ ਗੁਰੂ ਮੂਹਰੇ ਹੋ ਆਪਣਾ ਸਿਰ ਹਾਜ਼ਰ ਕੀਤਾ ਹੈ। ਇਤਿਹਾਸਕ ਹਵਾਲੇ ਦੱਸਦੇ ਹਨ ਕਿ ਇਕ ਦਿਨ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਧਰਮ ਤੋਂ ਕੁਰਬਾਨ ਹੁੰਦੇ ਰਹੇ ਹਨ, ਜੰਗਾਂ, ਯੁੱਧਾਂ ਦਾ ਤਾਂ ਇਤਿਹਾਸ ਹੀ ਅਦੁੱਤੀ ਤੇ ਵੱਖਰਾ ਹੈ। ਇਸ ਜਜ਼ਬੇ ਭਰਪੂਰ ਕੌਮ ਨੇ ਕਦੀ ਹਾਰ ਨਹੀਂ ਮੰਨੀ। ਪਰਿਵਾਰਾਂ ਦੇ ਪਰਿਵਾਰ ਸ਼ਹੀਦ ਹੋਏ, ਫਿਰ ਅਗਲੇ ਦਿਨ ਜੰਗੇ ਮੈਦਾਨ ਵਿਚ ਡਟੇ, ਭਾਈ ਬੱਲੂ- ਭਾਈ ਮਨੀ ਸਿੰਘ, ਪਰਮਾਰ- ਰਾਜਪੂਤ ਪਰਿਵਾਰ ਹੈ। ਜਿਸ ਦੇ 51 ਤੋਂ ਵੱਧ ਜੀਅ ਸ਼ਹੀਦ ਹੋਏ। ਭਾਈ ਸੁਖੀਆ ਮਾਂਡਨ ਰਾਠੌਰ-ਰਾਜਪੂਤ ਪਰਿਵਾਰ ਦੇ 26, ਚੌਹਾਨ ਪਰਿਵਾਰ ਦੇ 14 ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ। ਇਨ੍ਹਾਂ ਤੋਂ ਇਲਾਵਾ 20 ਤੋਂ ਵੱਧ ਬ੍ਰਾਹਮਣ ਵੀ ਗੁਰੂ ਘਰ ਵਾਸਤੇ ਕੁਰਬਾਨ ਹੋਏ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ 40 ਸਿੰਘ ਅਜਿਹੇ ਸਨ, ਜਿਨ੍ਹਾਂ ਨੇ ਗੁਰੂ ਜੀ ਨਾਲ ਹੀ ਜੀਣ ਮਰਨ ਦਾ ਪ੍ਰਣ ਕੀਤਾ। ਇਨ੍ਹਾਂ ਵਿਚ ਪੰਜ ਪਿਆਰੇ, ਪੰਜ ਮੁਕਤੇ, ਭਾਈ ਮਨੀ ਸਿੰਘ ਦੇ ਪੰਜ ਪੁੱਤਰ ਤੇ ਦੋ ਭਰਾ, ਭਾਈ ਆਲਿਮ ਸਿੰਘ ਨੱਚਣਾ ਪਰਿਵਾਰ ਦੇ ਦੋ ਮੈਂਬਰ, ਘੋੜਿਆਂ ਦੀ ਸੇਵਾ ਕਰਨ ਵਾਲੇ ਦੋ ਸਿੱਖ, ਦਿੱਲੀ ਦੇ ਦੋ ਸਿੱਖ, ਤਿੰਨ ਬ੍ਰਾਹਮਣ ਪਰਿਵਾਰਾਂ ਦੇ ਮੈਂਬਰ ਤੇ 12 ਹੋਰ ਸਿਰੜੀ ਸਿਦਕੀ ਸਿੱਖ ਸਨ।
ਅਨੰਦਪੁਰ ਤੋਂ ਤਲਵੰਡੀ ਸਾਬੋ ਦਮਦਮਾ ਸਾਹਿਬ ਦੇ ਰਸਤੇ ਤੀਕ ਮਾਤਾ ਗੁਜਰੀ ਜੀ ਤੇ ਚਹੁੰ ਸਾਹਿਬਜ਼ਾਦਿਆਂ ਸਮੇਤ ਅਨੇਕਾਂ ਸਿੱਖ ਸ਼ਹੀਦ ਹੋਏ। ਗੁਰਬਾਣੀ ਦਾ ਫੁਰਮਾਨ ਹੈ ‘ਬਾਬਾਣੀਆ ਕਹਾਣੀਆਂ ਪੁਤ ਸਪੁਤ ਕਰੇਨਿ’। ਕੌਮ ਦੇ ਵਾਰਸਾਂ ਦਾ ਆਪਣੇ ਵਿਰਸੇ ਨਾਲ ਜੁੜੇ ਰਹਿਣਾ ਲਾਜ਼ਮੀ ਹੈ। ਵਿਰਾਸਤ ਦੀ ਚੇਤਨਾ ਹੀ ਪੁੱਤਰ ਨੂੰ ਸਪੁੱਤਰ ਹੋਣ ਦੀ ਜੁਗਤਿ ਪ੍ਰਦਾਨ ਕਰਦੀ ਹੈ। ਸਮੁੱਚੇ ਸੰਸਾਰ ਦੇ ਸਿੱਖਾਂ ਵੱਲੋਂ ਰੋਜ਼ਾਨਾ ਅਰਦਾਸ ਵਿਚ ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲ੍ਹੀਆਂ ਮੁਕਤਿਆਂ, ਹਠੀਆਂ, ਜਪੀਆਂ, ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ‘ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਸੰਗ ਨਿਬਾਹੀ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ।ਖਿਦਰਾਣੇ ਦੀ ਢਾਬ ਵਿਚ ਮੁਗ਼ਲਾਂ ਨਾਲ ਲੋਹਾ ਲੈਂਦੇ ਸ਼ਹੀਦ ਹੋਣ ਵਾਲੇ ਗੁਰੂ ਦੇ ਸ਼ੇਰਾਂ ਦਾ ਇਹ ਇਤਿਹਾਸਕ ਕਾਂਡ ਬਹੁਤ ਹੀ ਮਹੱਤਵਪੂਰਨ ਹੈ, ਇਸ ਸ਼ਹੀਦੀ ਦਿਹਾੜੇ ਨਾਲ ਗੁਰਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਇਸ ਸਮੇਂ ਸਮੁੱਚਾ ਸਿੱਖ ਸੰਸਾਰ ਬਹੁਤ ਹੀ ਗੰਭੀਰ ਭਿਆਨਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਨਸ਼ਿਆਂ ਦੀ ਮਾਰੂ ਬੀਮਾਰੀ ਸਿੱਖ ਨੌਜਵਾਨੀ ਨੂੰ ਬਹੁਤ ਹੀ ਬੁਰੀ ਤਰ੍ਹਾਂ ਆਪਣੀ ਗ੍ਰਿਫਤ ਵਿਚ ਫਸਾਈ ਜਾ ਰਹੀ ਹੈਤੇ ਇਸੇ ਤਰ੍ਹਾਂ ਸਿੱਖ ਸਮਾਜ ਵਿਚ ਪਤਿਤਪੁਣੇ ਦੀ ਬੀਮਾਰੀ ਪਲ ਰਹੀ ਹੈ, ਜਿਸ ਕਰਕੇ ਨੌਜਵਾਨ ਲੜਕੇ-ਲੜਕੀਆਂ ਫੈਸ਼ਨ ਪ੍ਰਸਤੀ ਦੇ ਮਗਰ ਲੱਗ ਕੇ ਸਿੱਖੀ ਦੀ ਮੋਹਰ ਕੇਸਾਂ ਨੂੰ ਤਿਲਾਂਜਲੀ ਦੇ ਰਹੇ ਹਨ।
ਗੁਰੂ ਦੀ ਸਿੱਖੀ ਨਾਲ ਪਿਆਰ ਕਰਨ ਵਾਲੀਆਂ ਸਾਰੀਆਂ ਧਿਰਾਂ ਚਿੰਤਤ ਤਾਂ ਹਨ ਪਰ ਰਾਜਸੀ ਲੋਕ ਅਖਬਾਰੀ ਬਿਆਨਾਂ ਤੀਕ ਸੀਮਤ ਹਨ।ਸਰਕਾਰਾਂ ਵੀ ਬੇਵੱਸ ਤੇ ਫੇਲ੍ਹ ਨਜ਼ਰ ਆ ਰਹੀਆਂ ਹਨ।ਸ਼ਹੀਦੀ ਸਭਾ ਮੌਕੇ ਚਮਕੌਰ ਸਾਹਿਬ ਤੇ ਫਤਹਿਗੜ੍ਹ ਸਾਹਿਬ ਨਵਾਬ ਮਲੇਰਕੋਟਲਾ ਸ਼ੇਰ ਖਾਂ, ਦੀਵਾਨ ਟੋਡਰ ਮੱਲ, ਬਾਬਾ ਮੋਤੀ ਰਾਮ ਮਹਿਰਾ, ਬਾਬਾ ਸੰਗਤ ਸਿੰਘ ਅਤੇ ਬੀਬੀ ਹਰਸ਼ਰਨ ਕੌਰ ਦੀਆਂ ਇਨ੍ਹਾਂ ਸਾਕਿਆਂ ਨਾਲ ਸੰਬੰਧਿਤ ਸੇਵਾਵਾਂ ਅਤੇ ਕੁਰਬਾਨੀਆਂ ਨੂੰ ਹਾਰਦਿਕ ਅਕੀਦਤ ਨਾਲ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦੀਆਂ ਮਹਾਨ ਸੇਵਾਵਾਂ ਅਤੇ ਕੁਰਬਾਨੀਆਂ ਨੂੰ ਯਾਦ ਰੱਖਣ ਲਈ ਸਾਰਥਿਕ ਯਤਨ ਆਰੰਭ ਵੀ ਕੀਤੇ ਗਏ ਹਨ। ਸ਼ਹੀਦੀ ਜੋੜ ਮੇਲ ਸਮੇਂ ਜੇਕਰ ਅਸੀਂ ਸਿੱਖ ਨੌਜਵਾਨੀ ਨੂੰ ਆਪਣੇ ਗੌਰਵਮਈ ਵਿਰਸੇ ਪ੍ਰਤੀ ਚੇਤਨ ਕਰ ਸਕੀਏ ਤਾਂ ਇਹ ਸਮਾਗਮ ਮਨਾਉਣੇ ਸਾਰਥਿਕ ਹੋਣਗੇ। 21ਵੀਂ ਸਦੀ ਵਿਚ ਹੋਰ ਵੀ ਬਹੁਤ ਮਹੱਤਵਪੂਰਨ ਸ਼ਤਾਬਦੀਆਂ ਆਉਂਦੀਆਂ ਹਨ, ਸਿੱਖ ਕੌਮ ਦਾ ਇਤਿਹਾਸ ਕੁਰਬਾਨੀਆਂ ਭਰਪੂਰ ਅਹਿਮ ਇਤਿਹਾਸਕ ਘਟਨਾਵਾਂ ਨਾਲ ਭਰਿਆ ਪਿਆ ਹੈ।
ਦਸਮ ਪਿਤਾ ਦੇ 40 ਮੁਕਤਿਆਂ ਸ਼ਹੀਦਾਂ ਦੇ ਨਾਵਾਂ ਬਾਰੇ ਵਿਦਵਾਨ ਇਕ ਮਤ ਨਹੀਂ ਹਨ ਪਰ ਇਸ ਸਬੰਧੀ ਨਿਰਯੈਨਾਇਕ ਖੋਜ ਵੀ ਹੋਣੀ ਚਾਹੀਦੀ ਹੈ। ਪੰਥ ਦੇ ਵਿਦਵਾਨ ਭਾਈ ਸੰਤੋਖ ਸਿੰਘ ਜੀ, ਗਿਆਨੀ ਗਿਆਨ ਸਿੰਘ ਜੀ ਤੇ ਭਾਈ ਕਾਹਨ ਸਿੰਘ ਜੀ ਨਾਭਾ ਵੱਲੋਂ ਅੰਕਤ 40 ਮੁਕਤਿਆਂ ਦੇ ਨਾਮ ਵੀ ਇਕ ਸੂਤਰ ਨਹੀਂ ਹਨ, ਇਨ੍ਹਾਂ ਮੁਕਤਿਆਂ ਦੇ ਜੀਵਨ ਸਬੰਧੀ ਬਹੁਤੀ ਜਾਣਕਾਰੀ ਨਹੀਂ ਮਿਲਦੀ। ਪਰ ਡਾ. ਹਰਜਿੰਦਰ ਸਿੰਘ ਦਿਲਗੀਰ ਆਪਣੀ ਪੁਸਤਕ ‘ਗੁਰੂ ਦੇ ਸ਼ੇਰ’ ਵਿਚ ਭੱਟ ਵਹੀਆਂ ਨੂੰ ਸਰੋਤ ਬਣਾ ਕੇ ਚਮਕੌਰ ਸਾਹਿਬ, ਮੁਕਤਸਰ ਸਾਹਿਬ ਦੇ 40 ਮੁਕਤਿਆਂ ਦੇ ਨਾਮ ਵੀ ਦਿੰਦੇ ਹਨ ਤੇ ਉਨ੍ਹਾਂ ਬਾਰੇ ਸੰਖੇਪ ਜੀਵਨ ਵੀ ਬਿਆਨ ਕਰਦੇ ਹਨ। ਇਨ੍ਹਾਂ ਨੇ ਚਮਕੌਰ ਸਾਹਿਬ, ਆਲੋਵਾਲ ਤੇ ਮੁਕਤਸਰ ਦੇ ਸ਼ਹੀਦਾਂ ਦੀ ਗਿਣਤੀ ਵੀ ਚਾਲੀ ਦੱਸੀ ਹੈ।ਚਮਕੌਰ ਸਾਹਿਬ ਵਿਚ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਤੋਂ ਇਲਾਵਾ 40 ਮੁਕਤੇ ਸ਼ਹੀਦ ਹੋਏ, ਜਿਨ੍ਹਾਂ ਵਿਚ 1. ਭਾਈ ਹਿੰਮਤ ਸਿੰਘ, 2. ਭਾਈ ਮੋਹਕਮ ਸਿੰਘ, 3. ਭਾਈ ਸਾਹਿਬ ਸਿੰਘ (ਤਿੰਨੇ ਪਿਆਰੇ), 4. ਭਾਈ ਦੇਵਾ ਸਿੰਘ, 5. ਭਾਈ ਰਾਮ ਸਿੰਘ, 6. ਭਾਈ ਟਹਿਲ ਸਿੰਘ, 7. ਭਾਈ ਈਸ਼ਰ ਸਿੰਘ, 8. ਭਾਈ ਫਤਿਹ ਸਿੰਘ (ਪੰਜ ਮੁਕਤੇ), 9. ਭਾਈ ਅਨਕ ਸਿੰਘ, 10. ਭਾਈ ਅਜਬ ਸਿੰਘ, 11. ਭਾਈ ਅਜਾਇਬ ਸਿੰਘ (ਭਾਈ ਮਨੀ ਸਿੰਘ ਦੇ ਤਿੰਨ ਪੁੱਤਰ), 12. ਭਾਈ ਦਾਨ ਸਿੰਘ (ਭਾਈ ਮਨੀ ਸਿੰਘ ਦਾ ਭਰਾ), 13. ਭਾਈ ਆਲਮ ਸਿੰਘ ਨੱਚਣਾ, 14. ਭਾਈ ਵੀਰ ਸਿੰਘ (ਉਸ ਦਾ ਭਰਾ), 15. ਭਾਈ ਮੋਹਰ ਸਿੰਘ, 16. ਭਾਈ ਅਮੋਲਕ ਸਿੰਘ (ਭਾਈ ਆਲਮ ਸਿੰਘ ਨੱਚਣਾ ਦੇ ਦੋ ਪੁੱਤਰ), 17. ਭਾਈ ਮਦਨ ਸਿੰਘ, 18. ਭਾਈ ਕਾਠਾ ਸਿੰਘ, 19. ਭਾਈ ਨਾਹਰ ਸਿੰਘ, 20. ਭਾਈ ਸ਼ੇਰ ਸਿੰਘ, 21. ਭਾਈ ਕਿਰਪਾ ਸਿੰਘ ਦੱਤ (ਦੇ ਉਸਦੇ ਭਰਾ), 22. ਭਾਈ ਮਨਮੁੱਖ ਸਿੰਘ, 23. ਭਾਈ ਨਾਨੂੰ ਸਿੰਘ ਦਿਲਵਾਲੀ, 24. ਭਾਈ ਬਖਸ਼ਿਸ਼ ਸਿੰਘ, 25. ਭਾਈ ਗੁਰਬਖਸ਼ੀਸ਼ ਸਿੰਘ, 26. ਭਾਈ ਮੁਕੰਦ ਸਿੰਘ, 27. ਭਾਈ ਮੁਕੰਦ ਸਿੰਘ ਦੂਜਾ, 28. ਭਾਈ ਖਜਾਨ ਸਿੰਘ, 29. ਭਾਈ ਲਾਲ ਸਿੰਘ, 30. ਭਾਈ ਜਵਾਹਰ ਸਿੰਘ, 31. ਭਾਈ ਕਿਰਤ ਸਿੰਘ, 32. ਭਾਈ ਸ਼ਾਮ ਸਿੰਘ, 33. ਭਾਈ ਹੁਕਮ ਸਿੰਘ, 34. ਭਾਈ ਕੇਸਰਾ ਸਿੰਘ, 35. ਭਾਈ ਧੰਨਾ ਸਿੰਘ, 36. ਭਾਈ ਸੁੱਖਾ ਸਿੰਘ, 37. ਭਾਈ ਬੁੱਢਾ ਸਿੰਘ, 38. ਭਾਈ ਅਨੰਦ ਸਿੰਘ, 39. ਭਾਈ ਸੰਤ ਸਿੰਘ ਬੰਗੇਸ਼ਰੀ, 40. ਭਾਈ ਸੰਗਤ ਸਿੰਘ ਅਰੋੜਾ।
11 ਅਕਤੂਬਰ 1711 ਨੂੰ ਲਾਹੌਰ ਦੇ ਪਿੰਡ ਆਲੋਵਾਲ ਵਿਚ ਬਹਾਦਰ ਸ਼ਾਹ ਵੱਲੋਂ 40 ਸਿੰਘ ਜਿਉਂਦੇ ਜ਼ਮੀਨ ‘ਚ ਗੱਡ ਕੇ ਸ਼ਹੀਦ ਕੀਤੇ ਗਏ, ਇਨ੍ਹਾਂ 40 ਸਿੰਘਾਂ ‘ਚੋਂ ਕੇਵਲ 19 ਨਾਮ ਹੀ ਮਿਲਦੇ ਹਨ। 1. ਭਾਈ ਸਹਿਜ ਸਿੰਘ, 2. ਭਾਈ ਡੋਗਰ ਸਿੰਘ, 3. ਭਾਈ ਹੀਰਾ ਸਿੰਘ, 4. ਭਾਈ ਦਿਆਲ ਸਿੰਘ, 5. ਭਾਈ ਕੇਸੋ ਸਿੰਘ, 6. ਭਾਈ ਹਰੀ ਸਿੰਘ, 7. ਭਾਈ ਦੇਸਾ ਸਿੰਘ, 8. ਭਾਈ ਨਰਬਦ ਸਿੰਘ, 9. ਭਾਈ ਤਾਰਾ ਸਿੰਘ, 10. ਭਾਈ ਸੇਵਾ ਸਿੰਘ, 11. ਭਾਈ ਦੇਵਾ ਸਿੰਘ (ਸੱਤੇ ਭੱਟ), 12. ਭਾਈ ਜੇਠਾ ਸਿੰਘ (ਪੁੱਤਰ ਭਾਈ ਛਬੀਲਾ ਸਿੰਘ), 13. ਭਾਈ ਜੇਠਾ ਸਿੰਘ (ਭਾਈ ਮਨੀ ਸਿੰਘ ਦਾ ਭਰਾ), 14. ਭਾਈ ਰੂਪ ਸਿੰਘ (ਭਾਈ ਮਨੀ ਸਿੰਘ ਦਾ ਭਰਾ), 15. ਭਾਈ ਹਰੀ ਸਿੰਘ ਪੁੱਤਰ ਭਾਈ ਰੂਪ ਸਿੰਘ ਭਾਈ ਮਨੀ ਸਿੰਘ ਦਾ ਭਤੀਜਾ, 16. ਭਾਈ ਪ੍ਰਸੰਨ ਸਿੰਘ, 17. ਭਾਈ ਅਨੂਪ ਸਿੰਘ, 18. ਭਾਈ ਕੇਹਰ ਸਿੰਘ, 19. ਭਾਈ ਚੰਨਣ ਸਿੰਘ ਅਤੇ 21 ਹੋਰ ਸਿੰਘ ਸਨ, ਜਿਨ੍ਹਾਂ ਦੇ ਨਾਮ ਪ੍ਰਾਪਤ ਨਹੀਂ ਹੋਏ।
ਮੁਕਤਸਰ ਦੇ 40 ਮੁਕਤਿਆਂ ਦੇ ਨਾਮ ਮਹਾਨ ਕੋਸ਼ ਦੇ ਪੰਨਾ 981 ਅਨੁਸਾਰ ਹੇਠ ਲਿਖੇ ਹਨ- 1. ਭਾਈ ਸਮੀਰ ਸਿੰਘ, 2. ਭਾਈ ਸਰਜਾ ਸਿੰਘ, 3. ਭਾਈ ਸਾਧੂ ਸਿੰਘ, 4. ਭਾਈ ਸੁਹੇਲ ਸਿੰਘ, 5. ਭਾਈ ਸੁਲਤਾਨ ਸਿੰਘ, 6. ਭਾਈ ਸੋਭਾ ਸਿੰਘ, 7. ਭਾਈ ਸੰਤ ਸਿੰਘ, 8. ਭਾਈ ਹਰਸਾ ਸਿੰਘ, 9. ਭਾਈ ਹਰੀ ਸਿੰਘ, 10. ਭਾਈ ਕਰਨ ਸਿੰਘ, 11. ਭਾਈ ਕਰਮ ਸਿੰਘ, 12. ਭਾਈ ਕਾਲਾ ਸਿੰਘ, 13. ਭਾਈ ਕੀਰਤਿ ਸਿੰਘ, 14. ਭਾਈ ਕ੍ਰਿਪਾਲ ਸਿੰਘ, 15. ਭਾਈ ਖੁਸਾਲ ਸਿੰਘ, 16. ਭਾਈ ਗੁਲਾਬ ਸਿੰਘ, 17. ਭਾਈ ਗੰਗਾ ਸਿੰਘ, 18. ਭਾਈ ਗੰਡਾਸਿੰਘ, 19. ਭਾਈ ਘਰਬਾਰਾ ਸਿੰਘ, 20. ਭਾਈ ਚੰਬਾ ਸਿੰਘ, 21. ਭਾਈ ਜਾਦੋ ਸਿੰਘ, 22. ਭਾਈ ਜੋਗਾ ਸਿੰਘ, 23. ਭਾਈ ਜੰਗ ਸਿੰਘ, 24. ਭਾਈ ਦਯਾਲ ਸਿੰਘ, 25. ਭਾਈ ਦਰਬਾਰ ਸਿੰਘ, 26. ਭਾਈ ਦਿਲਬਾਗ ਸਿੰਘ, 27. ਭਾਈ ਧਰਮ ਸਿੰਘ, 28. ਭਾਈ ਧੰਨਾ ਸਿੰਘ, 29. ਭਾਈ ਨਿਹਾਲ ਸਿੰਘ, 30. ਭਾਈ ਨਿਸ਼ਾਨ ਸਿੰਘ, 31. ਭਾਈ ਬੂੜ ਸਿੰਘ, 32. ਭਾਈ ਭਾਗ ਸਿੰਘ, 33. ਭਾਈ ਭੋਲਾ ਸਿੰਘ, 34. ਭਾਈ ਭੰਗਾ ਸਿੰਘ, 35. ਭਾਈ ਮਹਾਂ ਸਿੰਘ, 36. ਭਾਈ ਲਛਮਣ ਸਿੰਘ, 37. ਭਾਈ ਮੱਜਾ ਸਿੰਘ, 38. ਭਾਈ ਮਾਨ ਸਿੰਘ, 39. ਭਾਈ ਮੈਯਾ ਸਿੰਘ, 40. ਭਾਈ ਰਾਇ ਸਿੰਘ।ਪਰ ਗੁਰੂ ਦੇ ਸ਼ੇਰ ਨਾਮੀ ਪੁਸਤਕ ਵਿਚ ਖਿਦਰਾਣੇ ਦੀ ਢਾਬ ਵਿਚ ਸ਼ਹੀਦ ਹੋਣ ਵਾਲੇ ਮੁਕਤਿਆਂ ਦੇ ਨਾਮ ਇਸ ਪ੍ਰਕਾਰ ਹਨ- 1. ਭਾਈ ਰਾਏ ਸਿੰਘ ਮੁਲਤਾਨੀ, 2. ਭਾਈ ਮਹਾਂ ਸਿੰਘ, 3. ਭਾਈ ਸੀਤਲ ਸਿੰਘ, 4. ਭਾਈ ਸੁੰਦਰ ਸਿੰਘ ਝੱਲੀਆਂ ਵਾਲਾ, 5. ਭਾਈ ਬੂੜ ਸਿੰਘ, 6. ਭਾਈ ਭਾਗ ਸਿੰਘ ਝਬਾਲ, 7. ਭਾਈ ਦਿਲਬਾਗ ਸਿੰਘ, 8. ਭਾਈ ਘਰਬਾਰਾ ਸਿੰਘ, 9. ਭਾਈ ਗੰਡਾ ਸਿੰਘ, 10. ਭਾਈ ਨਿਧਾਨ ਸਿੰਘ ਵੜੈਚ, 11. ਭਾਈ ਸੁਲਤਾਨ ਸਿੰਘ ਵੜੈਚ, 12. ਭਾਈ ਖੁਸ਼ਹਾਲ ਸਿੰਘ ਭੰਗਾ, 13. ਭਾਈ ਦਰਬਾਰੀ ਸਿੰਘ, 14. ਭਾਈ ਘਰਬਾਰੀ ਸਿੰਘ, 15. ਭਾਈ ਜਾਦੋ ਸਿੰਘ, 16. ਭਾਈ ਕੇਸੋ ਸਿੰਘ, 17. ਭਾਈ ਮਾਨ ਸਿੰਘ ਰਠੋਰ, 18. ਪਲਿਤ ਜੋਰਾਵਰ ਸਿੰਘ, 19. ਭਾਈ ਨਗਾਹੀਆ ਸਿੰਘ, 20. ਭਾਈ ਹਾਠੂ ਸਿੰਘ, 21. ਭਾਈ ਕਰਨ ਸਿੰਘ, 22. ਭਾਈ ਮੋਹਰ ਸਿੰਘ, 23. ਭਾਈ ਛਬੀਲ ਸਿੰਘ, 24. ਭਾਈ ਗੁਰਮੁਖ ਸਿੰਘ, 25. ਭਾਈ ਜੀਤ ਸਿੰਘ, 26. ਭਾਈ ਸੰਗਰਾਮ ਸਿੰਘ, 27. ਭਾਈ ਮਹਿਬੂਬ ਸਿੰਘ, 28. ਭਾਈ ਫਤਹਿ ਸਿੰਘ, 29. ਭਾਈ ਬਜਰ ਸਿੰਘ, 30. ਭਾਈ ਸੁੱਖਾ ਸਿੰਘ ਬੰਗੇਸ਼, 31. ਭਾਈ ਲਾਲ ਸਿੰਘ, 32. ਭਾਈ ਮਾਹੀ ਸਿੰਘ, 33. ਭਾਈ ਦਰਗਾਹੀ ਸਿੰਘ, ਬਾਕੀ 7 ਦੇ ਨਾਮ ਨਹੀਂ ਮਿਲਦੇ।ਦਸਮ ਪਾਤਸ਼ਾਹ ਨੂੰ ਬੇਦਾਵਾ ਦੇ ਆਏ ਸਿੰਘਾਂ ਨੇ ਮੁੜ ਖਿਦਰਾਣੇ ਦੀ ਢਾਬ ਵਿਚ ਮਹਾਨ ਕੁਰਬਾਨੀ ਦੇ ਆਪਣੀ ਭੁੱਲ ‘ਚ ਸੋਧ ਕੀਤੀ ਤੇ ਗੁਰੂ ਵੱਲੋਂ ਵੱਖ-ਵੱਖ ਖਿਤਾਬਾਂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਉਸ ਯਾਦ ਦੇ ਇਤਿਹਾਸਕ ਕਾਂਡ ਨੂੰ ਸੰਗਤਾਂ ਵਿਚ ਵੱਖ-ਵੱਖ ਮਾਧਿਅਮ ਰਾਹੀਂ ਪ੍ਰਚਾਰਨ ਦੀ ਲੋੜ ਹੈ ਅਤੇ ਉਨ੍ਹਾਂ ਸ਼ਹੀਦ ਸਿੰਘਾਂ ਦੇ ਜੀਵਨ ਬਾਰੇ ਵਿਸਥਾਰਤ ਖੋਜ ਦੀ ਲੋੜ ਹੈ। ਇਹ ਸਮਾਗਮ ਨਿਰੇ ਸਿਆਸੀ ਅਖਾੜੇ ਹੀ ਨਾ ਬਨਣ, ਅਸਲ ਉਦੇਸ਼ ਵੀ ਸੰਗਤਾਂ ਤੀਕ ਪਹੁੰਚਾਉਣਾ ਚਾਹੀਦਾ ਹੈ।ਸਿੱਖ ਸੂਰਬੀਰ ਸ਼ਹੀਦਾਂ ਦਾ ਇਕ ਇਨਸਾਈਕਲੋਪੀਡੀਆ ਤਿਆਰ ਹੋਣਾ ਚਾਹੀਦਾ ਹੈ ਜਿਸ ਤੋਂ ਕੌਮ ਦੀ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਪ੍ਰਤੀ ਜਾਣਕਾਰੀ ਪ੍ਰਾਪਤ ਕਰ ਸਕੇ।40 ਮੁਕਤਿਆਂ ਦੀ ਤੀਸਰੀ ਸ਼ਹੀਦੀ ਸ਼ਤਾਬਦੀ ਸਮੇਂ ਸ਼੍ਰੋਮਣੀ ਕਮੇਟੀ ਨੇ ਗਜਵੱਜ ਕੇ ਐਲਾਨ ਕੀਤਾ ਸੀ ਕਿ 40 ਸ਼ਹੀਦਾਂ ਦੀ ਯਾਦ ਵਿੱਚ ਸਪੀਕਿੰਗ ਅਧੁਨਿਕ ਮਿਊਜ਼ੀਅਮ ਅਤੇ ਵਿਦਵਾਨਾਂ ਦੇ ਸਹਿਯੋਗ ਨਾਲ ਇਨਸਾਈਕਲੋਪੀਡੀਆ ਤਿਆਰ ਹੋਵੇਗਾ।ਅੱਜ ਤੀਕ ਇਸ ਪਾਸੇ ਕੋਈ ਕੰਮ ਨਹੀਂ ਹੋ ਸਕਿਆ।ਮਤਿਆਂ ਤੇ ਐਲਾਨਾਂ ਤੀਕ ਸ਼੍ਰੋਮਣੀ ਕਮੇਟੀ ਸੀਮਤ ਨਾ ਹੋਵੇ ਸਗੋਂ ਅਮਲੀ ਤੌਰ ਤੇ ਕਾਰਜ਼ ਨੂੰ ਨਵਿਆਇਆ ਜਾਵੇ।ਕੇਵਲ 40 ਮੁਕਤਿਆਂ ਸ਼ਹੀਦਾਂ ਦੀ ਤ੍ਰੈ-ਸ਼ਤਾਬਦੀ ਨੂੰ ਸਮਰਪਿਤ ਮੁਕਤਸਰ ਸਾਹਿਬ ਨਾਲ ਜੁੜਨ ਵਾਲੇ ਮਾਰਗਾਂ ਤੇ ਜਲਾਲਾਬਾਦ, ਅਬੋਹਰ ਤੇ ਸ੍ਰੀ ਗੁਰੂ ਹਰ ਸਹਾਏ ਸੜਕਾਂ ‘ਤੇ ਕਾਰ ਸੇਵਾ ਵਾਲੇ ਬਾਬਾ ਹਰਬੰਸ ਸਿੰਘ ਨੇ ਤਿੰਨ ਯਾਦਗਾਰੀ ਗੇਟ ਬਣਾਏ ਗਏ ਹਨ।

Comments are closed.

COMING SOON .....


Scroll To Top
11