Friday , 24 May 2019
Breaking News
You are here: Home » Editororial Page » ਕੰਮ ਹੀ ਪੂਜਾ ਹੈ

ਕੰਮ ਹੀ ਪੂਜਾ ਹੈ

ਸਾਨੂੰ ਜਨਮ ਤੋਂ ਲੈ ਕੇ ਮਰਨ ਤਕ ਅਨੇਕਾਂ ਜੁੰਮੇਵਾਰੀਆਂ ਨਾਲ ਵਾਹ ਪੈਂਦਾ ਹੈ ਅਤੇ ਕਈ ਹਸ ਕੇ ਜਾਂ ਕਈ ਮਜ਼ਬੂਰੀ ਵਸ ਜ਼ਿੰਮੇਵਾਰੀਆਂ ਨਿਭਾਉਣੀਆਂ ਹੀ ਪੈਂਦੀਆਂ ਹਨ । ਇਹ ਜ਼ਿੰਮੇਵਾਰੀਆਂ ਆਪਣੇ ਮਾਤਾ – ਪਿਤਾ , ਆਪਣੇ ਪ੍ਰਤੀ , ਆਪਣੇ ਸਮਾਜ, ਭਾਈਚਾਰੇ , ਅਪਣੀ ਪਤਨੀ , ਆਪਣੇ ਬਚਿਆਂ ਆਪਣੇ ਕਿਤੇ ਪ੍ਰਤੀ ਅਤੇ ਆਪਣੇ ਪਰਿਵਾਰ ਪ੍ਰਤੀ ਹੋ ਸਕਦੀਆਂ ਹਨ। ਇਨ੍ਹਾਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਸਾਨੂੰ ਕਰਮ ਭਾਵ ਕੰਮ ਕਾਰਜ ਕਰਨਾ ਹੀ ਪੈਣਾ ਹੁੰਦਾ ਹੈ । ਭਾਵੇਂ ਪੜ੍ਹਾਈ ਕਰਨ ਦਾ ਕੰਮ ਹੋਵੇ , ਮਿਹਨਤ ਮਜ਼ਦੂਰੀ ਕਰਨ ਦਾ ਕੰਮ ਹੋਵੇ , ਆਪਣੀ ਡਿਊਟੀ ਦਾ ਕੰਮ ਹੋਵੇ ਜਾਂ ਕੋਈ ਵੀ ਹੋਰ ਕੰਮਕਾਜ ਹੋਵੇ । ਠੀਕ , ਸਹੀ ਅਤੇ ਸਚ ਦੇ ਰਸਤੇ ‘ਤੇ ਚਲਦਿਆਂ ਅਤੇ ਕਰਮ ਕਰਦਿਆਂ ਹੀ ਸਫਲਤਾ , ਖ਼ੁਸ਼ੀਆਂ ਅਤੇ ਤਰਕੀ ਮਿਲਣੀ ਸੰਭਵ ਹੋ ਸਕਦੀ ਹੈ । ਬਿਨਾਂ ਕਰਮ ਕੀਤਿਆਂ ਹੋਰ ਕੋਈ ਅਜਿਹਾ ਰਸਤਾ ਜਾਂ ਸ਼ਾਰਟ ਕਟ ਨਹੀਂ ਹੋ ਸਕਦਾ ਜਿਸ ਨਾਲ ਕੇ ਅਸੀਂ ਜਿੰਦਗੀ ਵਿਚ ਕਾਮਯਾਬ ਹੋ ਸਕੀਏ ।ਪ੍ਰੀਖਿਆ ਵਿਚ ਚੰਗੇ ਅੰਕ ਪ੍ਰਾਪਤ ਕਰਨ ਲਈ ਹਰ ਕਿਸੇ ਨੂੰ ਵਧ ਤੋਂ ਵਧ ਦਿਨ – ਰਾਤ ਪੜ੍ਹਨਾ ਪਵੇਗਾ , ਸਫਲ ਹੋਣ ਦੇ ਲਈ ਉਸ ਕੰਮ ਪ੍ਰਤੀ ਸਮਰਪਿਤ ਹੋ ਕੇ ਮਿਹਨਤ ਕਰਨੀ ਪਵੇਗੀ ।ਇਕਲੇ ਕਿਸਮਤ ਦੇ ਭਰੋਸੇ ਜਾਂ ਕਿਸੇ ਚਮਤਕਾਰ ਦੇ ਭਰੋਸੇ ਬੈਠੇ ਰਹਿਣਾ ਬਹੁਤ ਵਡੀ ਮੂਰਖਤਾ ਜਾਂ ਆਪਣੇ ਆਪ ਨਾਲ ਧੋਖਾ ਕਰਨਾ ਹੀ ਹੋ ਸਕਦਾ ਹੈ ; ਕਿਉਂਕਿ ਅਜ ਤਕ ਦੁਨੀਆ ਵਿਚ ਜਿੰਨੇ ਵੀ ਕਾਮਯਾਬ ਵਿਦਵਾਨ , ਮਹਾਂਪੁਰਖ ਹੋਏ ਉਨ੍ਹਾਂ ਦੀ ਸਫ਼ਲਤਾ ਤੇ ਉਨ੍ਹਾਂ ਦੀ ਮਹਾਨਤਾ ਦਾ ਇਕੋ – ਇਕ ਕਾਰਨ ਸੀ ਕਿ ਉਨ੍ਹਾਂ ਨੇ ਕੰਮ ਕਰਨ ਨੂੰ ਭਾਵ ਕਰਮ ਕਰਨ ਨੂੰ , ਕਰਮ ਨੂੰ ਪ੍ਰਧਾਨਤਾ ਤੇ ਕਰਮ ਨੂੰ ਪਹਿਲ ਦਿਤੀ ਅਤੇ ਕੰਮ ਕੀਤਾ , ਬਿਨਾਂ ਕਿਸੇ ਭਰਮ ਭੁਲੇਖਿਆਂ ਵਿਚ? ਪੈ ਕੇ । ਇਸ ਲਈ ਸ਼ਾਇਦ ਕਰਮ ਕਰਨ ਵਾਲੇ ਅਤੇ ਮਿਹਨਤ ਕਰਨ ਵਾਲੇ ‘ਤੇ ਅਤੇ ਅਨੁਸ਼ਾਸਿਤ ਵਿਅਕਤੀ ‘ਤੇ ਹੀ ਪ੍ਰਮਾਤਮਾ ਰਬ ਦੀ ਮਿਹਰ ਕਿਰਪਾ ਹੁੰਦੀ ਹੈ ਅਤੇ ਉਹ ਵਿਅਕਤੀ ਜ਼ਰੂਰ ਇਕ ਨਾ ਇਕ ਦਿਨ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਕੇ ਚਮਕਦਾ ਤਾਰਾ ਬਣਦਾ ਹੈ । ਸਾਨੂੰ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਇਕ – ਇਕ ਪਲ ਨਾ ਗਵਾਉਂਦੇ ਹੋਏ ਇਸ ਦੀ ਸਹੀ ਢੰਗ ਨਾਲ ਵਿਉਂਤਬੰਦੀ ਕਰ ਕੇ ਹਰ ਤਰ੍ਹਾਂ ਦੇ ਘਰੇਲੂ, ਸਮਾਜਿਕ ਜਾਂ ਹੋਰ ਕਾਰਜ ਨੂੰ ਵਿਧੀਵਧ ਢੰਗ ਨਾਲ਼ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ, ਇਹ ਹੀ ਸਾਡੇ ਲਈ ਸਭ ਤੋਂ ਵਡੀ ਪੂਜਾ , ਸਭ ਤੋਂ ਵਡੀ ਭਗਤੀ ਹੋ ਸਕਦੀ ਹੈ ; ਕਿਉਂਕਿ ਜਿਥੇ ਕਰਮ ਹੈ ਉਥੇ ਹੀ ਪ੍ਰਮਾਤਮਾ ਦੀ ਅਸਲ ਪੂਜਾ ਹੈ , ਪ੍ਰਮਾਤਮਾ ਦੀ ਅਸਲ ਭਗਤੀ , ਅਸਲ ਆਰਾਧਨਾ ਹੈ। ਕਰਮ ਹੀ ਭਗਤੀ ਹੈ । ਕਿਉਂਕਿ ਕਰਮਹੀਣ ਵਿਅਕਤੀ ਦਰ – ਦਰ ‘ਤੇ ਠੋਕਰਾਂ , ਦਰ ਦਰ ਦੇ ਠਡੇ ਖਾਣ ਲਈ ਮਜਬੂਰ ਹੋ ਜਾਂਦਾ ਹੈ ਅਤੇ ਬਿਨ ਕਰਮਾਂ ਤੋਂ ਬਿਨਾਂ ਕੁਝ ਕੀਤਿਆਂ ,ਬਿਨਾਂ ਸਖਤ ਮਿਹਨਤ ਤੋਂ ਆਪਣੀ ਕਿਸਮਤ ਨੂੰ ਅਤੇ ਆਪਣੀ ਜ਼ਿੰਦਗੀ ਨੂੰ ਕੋਸਣ ਜੋਗਾ ਹੀ ਰਹਿ ਜਾਂਦਾ ਹੈ ਜਾਂ ਫਿਰ ਦੂਸਰਿਆਂ ਦੀਆਂ ਦੂਸਰਿਆਂ ਵਿਚ ਕਮੀਆਂ ਕਢਣਾ ਤੇ ਆਪਣੀ ਅਸਫ਼ਲਤਾ ਪਿਛੇ ਦੂਜਿਆਂ ਨੂੰ ਦੋਸ਼ ਦੇਣਾ ਉਸ ਦੀ ਪ੍ਰਵਿਰਤੀ ਬਣ ਜਾਂਦੀ ਹੈ । ਜਦਕਿ ਜ਼ਰੂਰਤ ਹੁੰਦੀ ਹੈ ਸਾਨੂੰ ਆਪਣੇ – ਆਪ ਖੁਦ ਤੋਂ ਕੰਮ ਕਰਨ ਦੀ , ਯੋਜਨਾਬਧ ਤਰੀਕੇ ਨਾਲ ਕੰਮ ਕਰਨ ਦੀ ਅਤੇ ਉਸ ਕੰਮ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੋਣ ਦੀ । ਤਦ ਹੀ ਉਸ ਕੀਤੇ ਗਏ ਕੰਮ ਵਿਚੋਂ ਸਫਲਤਾ ਦਾ ਪੌਦਾ ਪੈਦਾ ਹੋ ਸਕਦਾ ਹੈ।ਜੇਕਰ ਅਸੀਂ ਕੰਮ ਨੂੰ , ਕਰਮ ਕਰਨ ਨੂੰ ਤੇ ਮਿਹਨਤ ਕਰਨ ਨੂੰ ਤਰਜੀਹ ਦੇਣੀ ਛਡ ਦੇਈਏ , ਕਰਮ ਹੀ ਨਾ ਕਰੀਏ ਅਤੇ ਕੇਵਲ ਭਗਤੀ ਵਲ ਹੀ ਲਗ ਜਾਵਾਂਗੇ , ਤਾਂ ਵੀਂ ਕਾਮਯਾਬੀ ਕਿਸ ਤਰ੍ਹਾਂ ਮਿਲੇਗੀ? ਮਹਾਂਪੁਰਖਾਂ ਨੇ ਤਾਂ ਕਰਮ ਕਰਦੇ – ਕਰਦੇ , ਮਿਹਨਤ ਮਜ਼ਦੂਰੀ ਕਰਦੇ – ਕਰਦੇ , ਸਚ ਦੇ ਰਸਤੇ ‘ਤੇ ਚਲਦੇ – ਚਲਦੇ ਪਰਮਾਤਮਾ ਦਾ ਨਾਮ ਲੈਣ ਦੀ ਸਿਖਿਆ ਦਿਤੀ । ਜੋ ਕਿ ਹੈ ਵੀ ਸਚ ਅਤੇ ਰਹੇਗੀ ਵੀ ਸਚ। ਪਰਮਾਤਮਾ ਦਾ ਨਾਮ ਲੈਣਾ ਅਤੇ ਪਰਮਾਤਮਾ ਨੂੰ ਯਾਦ ਰਖਣਾ ਬਹੁਤ ਚੰਗੀ ਗਲ ਹੈ ,ਪਰ ਕਰਮ ਕਰਨਾ ਅਤੇ ਕੰਮ ਪ੍ਰਤੀ ਜ਼ਿੰਮੇਵਾਰੀ ਸਮਝਣਾ ਬਹੁਤ ਵਡੀ ਜ਼ਰੂਰਤ ਹੈ। ਇਸ ਲਈ ਜ਼ਿੰਦਗੀ ਵਿਚ ਸਫ਼ਲ ਹੋਣ ਲਈ ਜ਼ਿੰਦਗੀ , ਜਿਉਣ ਲਈ, ਜ਼ਿੰਦਗੀ ਨੂੰ ਸਹੀ ਢੰਗ ਦੇ ਨਾਲ ਚਲਾਉਣ ਦੇ ਲਈ ਅਤੇ ਦੂਜਿਆਂ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਦੇ ਲਈ ਕਰਮ ਨੂੰ ਹੀ ਪਹਿਲ ਦੇਣੀ ਚਾਹੀਦੀ ਹੈ ਅਤੇ ਕਰਮ ਨੂੰ ਹੀ ਪਹਿਲ ਦੇਣੀ ਬਣਦੀ ਹੈ ; ਕਿਉਕਿ ਇਹ ਅਟਲ ਸਚਾਈ ਹੈ ਕਿ ਠਕੰਮ ਹੀ ਪੂਜਾ ਹੈ।’’

Comments are closed.

COMING SOON .....


Scroll To Top
11